ਗਗਨਦੀਪ ਅਰੋੜਾ
ਲੁਧਿਆਣਾ, 2 ਨਵੰਬਰ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਅੱਜ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨਾਲ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਅਚਾਨਕ ਚੈਕਿੰਗ ਕੀਤੀ। ਡੀਸੀ ਪਾਰਕਿੰਗ ਦੇ ਕੋਲ ਹੀ ਉੱਤਰ ਗਈ ਤੇ ਚੈਕਿੰਗ ਸ਼ੁਰੂ ਕਰ ਦਿੱਤੀ। ਉਹ ਜਦੋਂ ਮਹਿਲਾ ਡਾਕਟਰ ਦੇ ਕੈਬਿਨ ’ਚ ਗਈ ਤਾਂ ਉੱਥੇ ਭੀੜ ਸੀ। ਇਸ ਦੌਰਾਨ ਉੱਥੇ ਗੱਲਾਂ ਗੱਲਾਂ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਮਹਿਲਾ ਡਾਕਟਰ ਵਿਚਕਾਰ ਬਹਿਸ ਹੋ ਗਈ। ਡੀਸੀ ਸੁਰਭੀ ਮਲਿਕ ਨੇ ਡਾਕਟਰ ਨੂੰ ਇੱਥੋਂ ਤੱਕ ਆਖ ਦਿੱਤਾ ਕਿ ਉਹ ਇੱਕ ਅਧਿਕਾਰੀ ਨਾਲ ਕਿਵੇਂ ਗੱਲ ਕਰ ਰਹੀ ਹੈ ਤਾਂ ਆਮ ਲੋਕਾਂ ਨਾਲ ਉਹ ਕਿਵੇਂ ਗੱਲ ਕਰਦੀ ਹੋਵੇਗੀ। ਇਸ ’ਤੇ ਡਾਕਟਰ ਨੇ ਜਵਾਬ ਦਿੱਤਾ ਕਿ ਸਟਾਫ਼ ਦੀ ਘਾਟ ਕਾਰਨ ਕੰਮ ਤੇਜ਼ੀ ਨਾਲ ਨਹੀਂ ਹੋ ਸਕਦਾ, ਭੀੜ ਇਸੇ ਤਰ੍ਹਾਂ ਹੀ ਰਹੇਗੀ।
ਸ਼ਹਿਰ ਦਾ ਵੱਡਾ ਸਿਵਲ ਹਸਪਤਾਲ ਹਲਕਾ ਕੇਂਦਰੀ ’ਚ ਹੈ। ਕੁਝ ਦਿਨ ਪਹਿਲਾਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਥੇ ਦੌਰਾ ਕੀਤਾ ਤਾਂ ਕਈ ਖਾਮੀਆਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਲੋਕ ਸਭਾ ਮੈਂਬਰ ਬਿੱਟੂ ਨੇ ਦੋਸ਼ ਲਾਇਆ ਸੀ ਕਿ ਕਰੋਨਾ ਕਾਲ ’ਚ ਲਈ ਲੋਕਾਂ ਦਾ ਇਲਾਜ ਕਰਨ ਵਾਲੇ ਸਿਵਲ ਹਸਪਤਾਲ ਦੀ ਦਰਦਨਾਕ ਹਾਲਤ ਦੇਖ ਕੇ ਉਹ ਪ੍ਰੇਸ਼ਾਨ ਹਨ।
ਮੰਗਲਵਾਰ ਨੂੰ ਪੁਲੀਸ ਕਮਿਸ਼ਨਰ ਨਾਲ ਪੱਤਰਕਾਰ ਮਿਲਣੀ ਖ਼ਤਮ ਕਰਨ ਤੋਂ ਬਾਅਦ ਡੀਸੀ ਵਿਧਾਇਕ ਪੱਪੀ ਨਾਲ ਸਿਵਲ ਹਸਪਤਾਲ ਪੁੱਜ ਗਈ। ਉਹ ਜਿਵੇਂ ਹੀ ਹਸਪਤਾਲ ਦਾਖ਼ਲ ਹੋਏ ਲੋਕਾਂ ਨੇ ਸ਼ਿਕਾਇਤਾਂ ਦਾ ਢੇਰ ਲਾ ਦਿੱਤਾ। ਡੀਸੀ ਜਦੋਂ ਮਹਿਲਾ ਡਾਕਟਰ ਦੇ ਕਮਰੇ ’ਚ ਪੁੱਜੇ ਤਾਂ ਉੱਥੇ ਕਾਫ਼ੀ ਭੀੜ ਸੀ। ਇਸ ਬਾਰੇ ਪੁਛਣ ’ਤੇ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਸਟਾਫ ਦੀ ਵੱਡੀ ਘਾਟ ਹੈ, ਉਹ ਆਪਣੀ ਸਮਰੱਥਾ ਅਨੁਸਾਰ ਕੰਮ ਕਰ ਰਹੇ ਹਨ। ਇਸੇ ਗੱਲ ਤੋਂ ਡੀਸੀ ਤੇ ਮਹਿਲਾ ਡਾਕਟਰ ’ਚ ਬਹਿਸ ਹੋ ਗਈ। ਇਸ ਮਗਰੋਂ ਡਾਕਟਰ ਨੇ ਉਨ੍ਹਾਂ ਤੋਂ ਮਾਫ਼ੀ ਮੰਗੀ ਤੇ ਉਨ੍ਹਾਂ ਨੂੰ ਬੈਠਣ ਲਈ ਵੀ ਕਿਹਾ। ਡਾਕਟਰ ਨੇ ਕਿਹਾ ਕਿ ਸਟਾਫ ਬਿਨਾਂ ਕੰਮ ਨਹੀਂ ਹੋ ਸਕਦਾ। ਇਸ ਸਮੱਸਿਆ ਬਾਰੇ ਉਹ ਕਈ ਵਾਰ ਉੱਪਰ ਆਖ ਚੁੱਕੇ ਹਨ ਪਰ ਉਨ੍ਹਾਂ ਉੱਪਰ ਕੰਮ ਦੇ ਬੋਝ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮਗਰੋਂ ਡੀਸੀ ਉੱਥੋਂ ਚਲੇ ਗਏ।
ਕਰੋਨਾ ਮੌਕੇ ਕਿਤੇ ਨਜ਼ਰ ਨਹੀਂ ਆਏ ਬਿੱਟੂ: ਵਿਧਾਇਕ ਪੱਪੀ
‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੋਕ ਸਭਾ ਮੈਂਬਰ ਕਰੋਨਾ ਕਾਲ ’ਚ ਲੁਧਿਆਣਾ ’ਚ ਦਿਖਾਈ ਨਹੀਂ ਦਿੱਤੇ। ਕਰੋਨਾ ਕਾਲ ’ਚ ਸਿਵਲ ਹਸਪਤਾਲ ਨੂੰ ਐਮਪੀ ਫੰਡ ’ਚੋਂ 2 ਕਰੋੜ ਤੋਂ ਉਪਰ ਦਾ ਸਾਮਾਨ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਥੋਂ ਗ਼ੈਰਹਾਜ਼ਰ ਬਿੱਟੂ ਸਾਮਾਨ ਕਿਵੇਂ ਲੈ ਕੇ ਦੇ ਗਏ। ਉਨ੍ਹਾਂ ਕਿਹਾ ਕਿ ਉਸ ਸਮੇਂ ਉਹ ਕਾਂਗਰਸ ’ਚ ਹੀ ਸਨ ਤੇ ਉਨ੍ਹਾਂ ਦੇ ਪਰਿਵਾਰ ਦੇ 14 ਮੈਂਬਰ ਕਰੋਨਾ ਪੀੜਤ ਹੋਏ ਸਨ, ਪਰ ਬਿੱਟੂ ਉੱਥੇ ਨਹੀਂ ਆਏ। ਹੁਣ ਜਦੋਂ ‘ਆਪ’ ਨੇ ਮੁਹੱਲਾ ਕਲੀਨਿਕ ਦਾ ਵਾਅਦਾ ਪੂਰਾ ਕੀਤਾ ਹੈ ਤਾਂ ਬਿੱਟੂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।