ਖੇਤਰੀ ਪ੍ਰਤੀਨਿਧ
ਲੂਧਿਆਣਾ, 3 ਅਗਸਤ
ਆਮ ਆਦਮੀ ਪਾਰਟੀ ਨੇ ਬਿਜਲੀ ਅੰਦੋਲਨ ਭਾਗ- 2 ਦੀ ਸ਼ੁਰੂਆਤ ਕਰਦੇ ਹੋਏ ਹਲਕਾ ਪੂਰਬੀ ਦੇ ਸੁਭਾਸ਼ ਨਗਰ ਦੇ ਟਾਵਰ ਨੰਬਰ-5 ਕੋਲ ਇੱਕ ‘ਜਨ ਸੰਵਾਦ’ ਦਾ ਆਯੋਜਨ ਕੀਤਾ, ਜਿਸ ਵਿੱਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਬਿਜਲੀ ਦੇ ਮੁੱਦੇ ’ਤੇ ਪਹਿਲੀ ਗਾਰੰਟੀ ਨਾਲ ਸਬੰਧਿਤ ਜਨਤਾ ਦੀ ਰਾਏ ਲਈ ਗਈ। ਇਸ ਦੌਰਾਨ ਪਾਰਟੀ ਦੇ ਹਲਕਾ ਪੂਰਬੀ ਦੇ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ , ਯੂਥ ਵਿੰਗ ਦੇ ਸੂਬਾ ਸਹਾਇਕ ਸਕੱਤਰ ਤਰਸੇਮ ਸਿੰਘ ਭਿੰਡਰ, ਗੁਰਚਰਨ ਸਿੰਘ ਛਾਬੜਾ, ਭੁਪਿੰਦਰ ਸਿੰਘ ਸੰਧੂ ਤੇ ਮਹਿਲਾ ਵਿੰਗ ਪ੍ਰਧਾਨ ਨੀਤੂ ਵੋਹਰਾ ਨੇ ਸਵਾਲਾਂ ਦੇ ਜਵਾਬ ਦੇ ਕੇ ਲੋਕਾਂ ਦੇ ਖਦਸ਼ੇ ਦੂਰ ਕੀਤੇ। ਲੋਕਾਂ ਨੇ ਪਹਿਲੀ ਗਾਰੰਟੀ ਮੁਫ਼ਤ ਬਿਜਲੀ, 24 ਘੰਟੇ ਬਿਜਲੀ ਅਤੇ ਪੁਰਾਣੇ ਬਿੱਲਾ ਦੀ ਮੁਆਫ਼ੀ ਸਬੰਧੀ ਵੱਖ-ਵੱਖ ਸਵਾਲ ਪੁੱਛੇ। ਲੋਕਾਂ ਨੇ ਇਸ ਗੱਲ ਦੀ ਸੰਤੁਸ਼ਟੀ ਪ੍ਰਗਟ ਕੀਤੀ ਕਿ ਆਮ ਆਦਮੀ ਪਾਰਟੀ ਗਾਰੰਟੀ ਲੈ ਕੇ ਆ ਰਹੀ ਹੈ, ਜਿਸ ਬਾਰੇ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਾਰਟੀ ਦੇ ਹਲਕਾ ਇੰਚਾਰਜ ਗਰੇਵਾਲ ਨੇ ਜਨ-ਸੰਵਾਦ ਵਿੱਚ ਭਾਗ ਲੈਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਮੁਫ਼ਤ ਬਿਜਲੀ ਦੀ ਗਾਰੰਟੀ ਜੋ ਦਿੱਤੀ ਗਈ ਹੈ, ਉਸ ਨੂੰ ਸਰਕਾਰ ਬਣਦੇ ਸਾਰ ਪੂਰਾ ਕੀਤਾ ਜਾਵੇਗਾ।