ਜਸਬੀਰ ਸ਼ੇਤਰਾ
ਜਗਰਾਉਂ, 19 ਜੂਨ
ਤਿੰਨ ਖੇਤੀ ਕਾਨੂੰਨਾਂ ਵਾਂਗ ਕੇਂਦਰ ਸਰਕਾਰ ਨੂੰ ਅਗਨੀਪਥ ਯੋਜਨਾ ਵੀ ਵਾਪਸ ਲੈਣੀ ਪਵੇਗੀ ਕਿਉਂਕਿ ਖੇਤੀ ਕਾਨੂੰਨ ਕਿਸਾਨਾਂ ਲਈ ਘਾਤਕ ਸਨ ਤੇ ਇਹ ਯੋਜਨਾ ਨੌਜਵਾਨਾਂ ਲਈ। ਇਹ ਪ੍ਰਗਟਾਵਾ ਅੱਜ ਪਿੰਡ ਭੂੰਦੜੀ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਡੈਲੀਗੇਟ ਇਜਲਾਸ ਦੌਰਾਨ ਬੁਲਾਰਿਆਂ ਨੇ ਕੀਤਾ। ਇਸ ਮੌਕੇ ਕਾਮਰੇਡ ਭਰਪੂਰ ਸਿੰਘ, ਅਜੀਤ ਸਿੰਘ ਤੇ ਬਲਜੀਤ ਸਿੰਘ ਗਰੇਵਾਲ ਨੇ ਸੰਬੋਧਨ ਕੀਤਾ। ਸੂਬਾ ਵਿੱਤ ਸਕੱਤਰ ਬਲਦੇਵ ਸਿੰਘ ਲਤਾਲਾ ਨੇ ਕਿਹਾ ਕਿ ਕਿਸਾਨਾਂ ਦੀ ਦੇਸ਼ ਦੀ ਸਭ ਤੋਂ ਵੱਡੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਕੌਮੀ ਪੱਧਰ ’ਤੇ ਕਿਸਾਨਾਂ ਦੀ ਲੜਾਈ ਸ਼ਿੱਦਤ ਨਾਲ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਮੂੰਗੀ ’ਤੇ ਐੱਮਐੱਸਪੀ ਦੇਣ ਦੀ ਗੱਲ ਕਰਕੇ ਫੇਲ੍ਹ ਸਾਬਤ ਹੋਈ ਹੈ ਅਤੇ ਕਿਸਾਨਾਂ ਨੂੰ ਮੰਡੀਆਂ ’ਚ ਖੁਆਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਰਕਾਰ ਪਾਸੋਂ ਐੱਮਐੱਸਪੀ ’ਤੇ ਮੂੰਗੀ ਦੀ ਖਰੀਦ ਫੌਰੀ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਇਸ ਮੁੱਦੇ ’ਤੇ ਵੱਡਾ ਐਕਸ਼ਨ ਵਿੱਢੇਗੀ। ਇਸ ਸਮੇਂ ਡੈਲੀਗੇਟ ਇਜਲਾਸ ’ਚ ਗੁਰਦੀਪ ਸਿੰਘ ਕੋਟਉਮਰਾ ਨੂੰ ਸਕੱਤਰ, ਕਰਨੈਲ ਸਿੰਘ ਭੂੰਦੜੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜੀਤ ਸਿੰਘ ਘਮਣੇਵਾਲ ਤੇ ਪ੍ਰਕਾਸ਼ ਸਿੰਘ ਲੀਲਾਂ ਨੂੰ ਮੀਤ ਪ੍ਰਧਾਨ, ਮਲਕੀਤ ਸਿੰਘ ਭੰਮੀਪੁਰਾ ਖਜ਼ਾਨਚੀ ਚੁਣੇ ਗਏ।