ਗਗਨਦੀਪ ਅਰੋੜਾ
ਲੁਧਿਆਣਾ, 23 ਜੁਲਾਈ
ਆਮ ਆਦਮੀ ਪਾਰਟੀ (ਆਪ) ਦੀ ਜ਼ਿਲ੍ਹਾ ਇਕਾਈ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ‘ਮੱਵਾਲੀ’ ਕਹਿਣ ਖਿਲਾਫ਼ ਅੱਜ ਇੱਥੇ ਧਰਨਾ ਦਿੱਤਾ ਗਿਆ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਨੇ ਕੇਂਦਰੀ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਭਾਜਪਾ ਆਗੂਆਂ ਨੇ ਕਿਸਾਨਾਂ ਦੇ ਖਿਲਾਫ਼ ਗਲਤ ਭਾਸ਼ਾ ਦੀ ਵਰਤੋਂ ਕਰਨ ਦੀ ਗੁਰੇਜ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਖਿਲਾਫ਼ ਝੂਠੇ ਬਿਆਨ ਦੇਣ ਵਾਲੇ ਆਗੂਆਂ ਦਾ ਵਿਰੋਧ ਕਰੇਗੀ।
ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਨੇ ਕਿਹਾ ਕਿ ਭਾਜਪਾ ਆਗੂ ਲਗਾਤਾਰ ਕਿਸਾਨਾਂ ਦੇ ਖਿਲਾਫ਼ ਬੇਤੁੱਕੇ ਬਿਆਨ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੰਤਰੀਆਂ ਤੇ ਆਗੂਆਂ ਨੂੰ ਕਾਬੂ ’ਚ ਰੱਖਣ। ਆਪ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਬਿਆਨਾਂ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦਾ ਮਾਨਸਿਕ ਸੰਤੁਲਨ ਹਿੱਲ ਗਿਆ ਹੈ।
ਮਦਨ ਲਾਲ ਬੱਗਾ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਜਨ ਅੰਦੋਲਨ ਨੂੰ ਬਦਨਾਮ ਕਰਨ ਦੀ ਬਜਾਏ ਲੋਕਾਂ ਦੀ ਆਵਾਜ਼ ਸੁਣ ਕੇ ਖੇਤੀ ਵਿਰੋਧੀ ਤਿੰਨੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਇਸ ਮੌਕੇ ਸਕੱਤਰ ਸ਼ਰਨਪਾਲ ਮੱਕੜ, ਪਰਮਪਾਲ ਸਿੰਘ ਬਾਵਾ, ਰਵਿੰਦਰਪਾਲ ਸਿੰਘ ਪਾਲੀ, ਸੁਖਜੀਵਨ ਸਿੰਘ ਮੋਹੀ, ਦੁਪਿੰਦਰ ਸਿੰਘ, ਗੋਬਿੰਦ ਕੁਮਾਰ, ਦਲਜੀਤ ਚੌਹਾਨ, ਪ੍ਰਦੀਪ ਸਿੰਘ ਖਾਲਸਾ, ਰਮਨ ਬੋੜੇ, ਬਲਵੰਤ ਸਿੰਘ ਨੰਦਪੁਰ, ਗੁਰਸੇਵਕ, ਕੁਲਦੀਪ, ਵਿੱਕੀ, ਰਸ਼ਪਾਲ ਉਪਲ, ਰੋਹਿਤ ਆਦਿ ਮੌਜੂਦ ਸਨ।