ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ,13 ਅਗਸਤ
ਸੂਬੇ ਦੇ ਮੁੱਖ ਮੰਤਰੀ ਸਨਅਤੀ ਸ਼ਹਿਰ ਤੋਂ 15 ਅਗਸਤ ਨੂੰ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਨਗੇ। ਜਿਸਦਾ ਅੱਜ ਵਿਧਾਨ ਸਭਾ ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਉਦਘਾਟਨ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਨਾਲ ਵਿਧਾਇਕ ਬੱਗਾ ਅਤੇ ਡਿਪਟੀ ਕਮਿਸ਼ਨਰ ਮਲਿਕ ਨੇ ਦੱਸਿਆ ਕਿ ਕਲੀਨਿਕ ਵਿੱਚ ਬੁਨਿਆਦੀ ਢਾਂਚਾ, ਸਾਜ਼ੋ-ਸਾਮਾਨ ਅਤੇ ਹੋਰਾਂ ਤੋਂ ਇਲਾਵਾ ਸਿਹਤ ਸੁਵਿਧਾ ਨੂੰ ਚਲਾਉਣ ਲਈ ਸਟਾਫ ਦੀ ਨਿਯੁਕਤੀ ਸਮੇਤ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਸਮਰਪਿਤ ਕਰਨਗੇ। ਵਿਧਾਇਕ ਬੱਗਾ ਅਤੇ ਡਿਪਟੀ ਕਮਿਸ਼ਨਰ ਮਲਿਕ ਨੇ ਸਮਾਗਮ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ। ਜ਼ਿਕਰਯੋਗ ਹੈ ਕਿ 15 ਅਗਸਤ ਮੌਕੇ ਲੁਧਿਆਣਾ ਵਿੱਚ ਇਹ 9 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ।
ਵਿਧਾਇਕ ਮਾਣੂੰਕੇ ਵੱਲੋਂ ਇਮਾਰਤ ਦਾ ਨਿਰੀਖਣ
ਜਗਰਾਉਂ (ਪੱਤਰ ਪ੍ਰੇਰਕ): ਇੱਥੇ ਪੀਡਬਲਿਊਡੀ ਵਿਭਾਗ ਵੱਲੋਂ ਤਿਆਰ ਕੀਤੀ ਇਮਾਰਤ ਮੁਹੱਲਾ ਕਲੀਨਿਕ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਇਸ ਨਵੀਂ ਬਣਨ ਵਾਲੀ ਕਲੀਨਿਕ ਦਾ ਉਦਘਾਟਨ ਵਿਧਾਇਕ ਸਰਬਜੀਤ ਕੌਰ ਮਾਣੂੰਕੇ 15 ਅਗਸਤ ਨੂੰ ਕਰਨਗੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਮਾਰਤ ਦੀਆਂ ਚਾਬੀਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਮਹਿੰਦਰਾ ਨੂੰ ਅਗਲੇ ਪ੍ਰਬੰਧਾਂ ਲਈ ਵਿਧਾਇਕ ਦੀ ਹਾਜ਼ਰੀ ’ਚ ਸੌਂਪ ਦਿੱਤੀਆਂ ਹਨ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਡਾ. ਪ੍ਰਦੀਪ ਮਹਿੰਦਰਾ ਨੇ ਇਮਾਰਤ ਦਾ ਨਿਰੀਖਣ ਕੀਤਾ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਇਮਾਰਤ ਅਤੇ ਅਧੁਨਿਕ ਸਹੂਲਤਾਂ ਨਾਲ ਲੈਸ ਕਲੀਨਿਕ ਲੋਕਾਂ ਨੂੰ ਨੇੜੇ ਅਤੇ ਉਚ ਦਰਜ਼ੇ ਦੀਆਂ ਸਹੂਲਤਾਂ ਦੇਣ ਲਈ ਤਿਆਰ ਹੈ ਇਹ ਕਲੀਨਿਕ 15 ਅਗਸਤ ਨੂੰ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਜੇਈ ਜਸਬੀਰ ਸਿੰਘ, ਕਰਮਜੀਤ ਸਿੰਘ, ਪ੍ਰੋ. ਸੁਖਵਿੰਦਰ ਸਿੰਘ, ਕੌਂਸਲਰ ਜਗਜੀਤ ਸਿੰਘ ਜੱਗੀ, ਰਾਜ ਭਾਰਦਵਾਜ ਆਦਿ ਹਾਜ਼ਰ ਸਨ।