ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਕਤੂਬਰ
ਜਰਮਨੀ ਵਿਚ ਵਸੇ ਸਬਜ਼ੀ ਵਿਗਿਆਨੀ ਅਤੇ ਪੀਏਯੂ ਦੇ ਸਾਬਕਾ ਵਿਦਿਆਰਥੀ ਡਾ. ਰਜਿੰਦਰ ਸਿੰਘ ਜੌਹਲ ਨੇ ਅੱਜ ਪੀਏਯੂ ਦੇ ਦੌਰੇ ਮੌਕੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਪੀਏਯੂ ਦੇ ਸਾਬਕਾ ਵਿਦਿਆਰਥੀ ਜਸਵਿੰਦਰ ਸਿੰਘ ਰਿਆੜ , ਅਜੇ ਪਾਲ ਸਿੰਘ ਪੂਨੀਆ ਤੇ ਲੇਖਕ ਤੇ ਕਲਾਕਾਰ ਹਰਪ੍ਰੀਤ ਸਿੰਘ ਸੰਧੂ ਵੀ ਸਨ। ਡਾ. ਜੌਹਲ ਦਾ ਸਵਾਗਤ ਕਰਦਿਆਂ ਉਪ ਕੁਲਪਤੀ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਦਾ ਇੱਥੇ ਆਉਣਾ ਮਾਣ ਵਾਲੀ ਗੱਲ ਹੈ। ਡਾ. ਜੌਹਲ ਨੇ ਭਾਰਤ-ਜਰਮਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਦੋਵਾਂ ਦੇਸ਼ਾਂ ਦੀਆਂ ਸਿੱਖਿਆ ਪ੍ਰਣਾਲੀਆਂ ਵਿੱਚ ਅੰਤਰ ਦਾ ਹਵਾਲਾ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਖੇਤਰਾਂ ਬਾਰੇ ਚਰਚਾ ਕੀਤੀ, ਜਿਨਾਂ ਲਈ ਹੁਨਰਮੰਦ ਵਿਅਕਤੀਆਂ ਦੀ ਲੋੜ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਸਮੇਂ ਦੀ ਕਸੋਟੀ ’ਤੇ ਖਰਾ ਉਤਰੇ ਹਨ। ਇਸ ਮੌਕੇ ਅਸਟੇਟ ਅਫਸਰ ਡਾ. ਰਿਸ਼ੀਇੰਦਰ ਸਿੰਘ ਗਿੱਲ ਵੀ ਮੌਜੂਦ ਸਨ। ਮਹਿਮਾਨਾਂ ਨੂੰ ਪੇਂਡੂ ਅਜਾਇਬ ਘਰ ਵੀ ਦਿਖਾਇਆ ਗਿਆ।