ਗੁਰੂਸਰ ਸੁਧਾਰ: ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਮਨਸੂਰਾਂ ਵਿੱਚ ਨੌਜਵਾਨਾਂ ਨੇ ਮਸ਼ਾਲ ਮਾਰਚ ਕੀਤਾ। ਸਾਥੀ ਮਨਪਿੰਦਰ ਸਿੰਘ, ਸੁਖਵਿੰਦਰ ਸਿੰਘ ਕਾਕਾ ਅਤੇ ਸਿਕੰਦਰ ਸਿੰਘ ਦੀ ਅਗਵਾਈ ਹੇਠ ਕੱਢੇ ਗਏ ਮਸ਼ਾਲ ਮਾਰਚ ਦੌਰਾਨ ਨੌਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਪਿੰਡ ਵਾਸੀਆਂ ਨੂੰ ਇਨਕਲਾਬ ਦਾ ਸੰਦੇਸ਼ ਦਿੱਤਾ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਹਾਇਕ ਸੂਬਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਡਾਕਟਰ ਪ੍ਰਦੀਪ ਜੋਧਾਂ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਰੋਕਣ ਲਈ ਉਪਰਾਲੇ ਤੇਜ਼ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਪਿੰਡ ਦੇ ਮੁੱਖ ਚੌਰਾਹਿਆਂ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਉੱਪਰ ਉਂਗਲ ਉਠਾਉਣ ਵਾਲਿਆਂ ਨੂੰ ਸਾਮਰਾਜੀ ਸ਼ਕਤੀਆਂ ਦੇ ਦਲਾਲ ਦੱਸਿਆ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਿਚਾਰਾਂ ਦੇ ਹਾਮੀ ਲੋਕ ਫ਼ਿਰਕੂ ਤਾਕਤਾਂ ਨੂੰ ਕਿਸੇ ਸੂਰਤ ਵਿੱਚ ਸਫ਼ਲ ਨਹੀਂ ਹੋਣ ਦੇਣਗੇ। -ਪੱਤਰ ਪ੍ਰੇਰਕ