ਗਗਨਦੀਪ ਅਰੋੜਾ
ਲੁਧਿਆਣਾ, 9 ਅਗਸਤ
ਜਮਾਲਪੁਰ ਇਲਾਕੇ ’ਚ ਕਾਂਗਰਸੀ ਕੌਂਸਲਰ ਪਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਬੀਤੀ ਰਾਤ ਪੀਸੀਆਰ ਮੁਲਾਜ਼ਮਾਂ ਦੇ ਨਾਲ ਧੱਕਾਮੁੱਕੀ ਕੀਤੀ। ਇੰਨਾ ਹੀ ਨਹੀਂ ਕਾਂਗਰਸੀ ਕੌਂਸਲਰ ਦੇ ਪਤੀ ਨੇ ਮੁਲਾਜ਼ਮ ਦਾ ਮੋਬਾਈਲ ਫੋਨ ਫੜਿਆ ਤੇ ਤੋੜ ਦਿੱਤਾ। ਜਿਸ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਮੋਤੀ ਨਗਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਮੁਲਾਜ਼ਮਾਂ ਨੇ ਦੋਸ਼ ਲਗਾਏ ਕਿ ਕੌਂਸਲਰ ਆਪਣਾ ਰੌਹਬ ਦਿਖਾਉਂਦੇ ਹੋਏ ਉਨ੍ਹਾਂ ਦੀ ਵਰਦੀ ਫਾੜੀ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਏਐਸਆਈ ਬਲਦੇਵ ਸਿੰਘ ਦੇ ਬਿਆਨਾਂ ’ਤੇ ਕਾਂਗਰਸੀ ਕੌਂਸਲਰ ਦੇ ਪਤੀ ਦੀਪਕ ਉੱਪਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਬੀਤੀ ਰਾਤ ਉਸਦਾ ਮੈਡੀਕਲ ਕਰਵਾਇਆ ਤੇ ਅਦਾਲਤ ਵਿੱਚ ਪੇਸ਼ ਕਰ ਕੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ। ਦਰਜ ਹੋਈ ਐਫਆਈਆਰ ਮੁਤਾਬਕ ਏਐਸਆਈ ਬਲਦੇਵ ਸਿੰਘ ਨੇ ਬਿਆਨ ਦਿੱਤੇ ਹਨ ਕਿ ਬੀਤੀ ਰਾਤ ਉਹ ਪੀਸੀਆਰ ਦੇ ਮੋਟਰਸਾਈਕਲ ਨੰਬਰ 69 ’ਤੇ ਤਾਇਨਾਤ ਸੀ ਤੇ ਜਮਾਲਪੁਰ ਇਲਾਕੇ ਵਿੱਚ ਡਿਊਟੀ ਕਰ ਰਿਹਾ ਸੀ। ਕਾਂਗਰਸੀ ਕੌਂਸਲਰ ਦੀਪਕ ਉੱਪਲ ਜਮਾਲਪੁਰ ’ਚ ਦੇਰ ਰਾਤ ਨੂੰ ਖੜ੍ਹੇ ਸਨ। ਏਐਸਆਈ ਬਲਦੇਵ ਸਿੰਘ ਦੱਸਿਆ ਕਿ ਉਹ ਆਪਣੇ ਸਾਥੀ ਏਐੱਸਆਈ ਰਾਮ ਕ੍ਰਿਸ਼ਨ ਦੇ ਨਾਲ ਉਥੇਂ ਸੇਠੀ ਆਈਸਕ੍ਰੀਮ ਦੇ ਬਾਹਰ ਆਈਸਕ੍ਰੀਮ ਖਾ ਰਹੇ ਸਨ, ਉਸ ਦੌਰਾਨ ਇਸ ਗੱਡੀ ਨੇ ਲਗਾਤਾਰ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਉਹ ਪੁੱਛਣ ਗਏ ਤਾਂ ਉਨ੍ਹਾਂ ਦੀ ਬਹਿਸ ਹੋਣ ਲੱਗੀ। ਗੱਡੀ ਵਿੱਚੋਂ ਇੱਕ ਦੀਪਕ ਉਪਲ ਨਿਕਲਿਆ ਤੇ ਉਸਨੇ ਆਉਂਦੇ ਹੀ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ। ਕੌਂਸਲਰ ਪਤੀ ਦਾ ਕਹਿਣਾ ਸੀ ਕਿ ਇਹ ਉਸ ਪੀਸੀਆਰ ਟੀਮ ਦਾ ਇਲਾਕਾ ਨਹੀਂ ਹੈ। ਉਸਨੇ ਦੱਸਿਆ ਕਿ ਜਦੋਂ ਗਾਲਾਂ ਕੱਢਦੇ ਹੋਏ ਦੀਪਕ ਉਪਲ ਦੀ ਉਸਦੇ ਸਾਥੀ ਨੇ ਵੀਡੀਓ ਬਣਾਈ ਤਾਂ ਉਸਨੇ ਗੁੱਸੇ ਵਿੱਚ ਆ ਕੇ ਉਸਦਾ ਮੋਬਾਈਲ ਫੋਨ ਫੜ੍ਹ ਕੇ ਤੋੜ ਦਿੱਤਾ। ਇਸ ਤੋਂ ਬਾਅਦ ਹੱਥੋਪਾਈ ਵੀ ਹੋਈ। ਪਤਾ ਲੱਗਦੇ ਹੀ ਥਾਣਾ ਮੋਤੀ ਨਗਰ ਦੀ ਪੁਲੀਸ ਤੇ ਏਸੀਪੀ ਸਿਮਰਨਜੀਤ ਮੌਕੇ ’ਤੇ ਪੁੱਜ ਗਏ। ਜਿਸ ਤੋਂ ਬਾਅਦ ਪੁਲੀਸ ਨੇ ਦੀਪਕ ਉਪਲ ਖ਼ਿਲਾਫ਼ ਐਫਆਈਆਰ ਦਰਜ ਕਰ ਦਿੱਤੀ ਹੈ।