ਪੱਤਰ ਪ੍ਰੇਰਕ
ਪਾਇਲ, 11 ਅਕਤੂਬਰ
ਜਿੱਥੇ ਅੱਜ ਦੇਸ਼ ਵਿੱਚ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਸਥਾਨਕ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਅੱਗੇ ਕੋਈ ਵਿਅਕਤੀ ਦੋ ਛੋਟੀਆਂ ਬੱਚੀਆਂ, ਜਿਨ੍ਹਾਂ ਦੀ ਉਮਰ ਤਕਰੀਬਨ ਤਿੰਨ ਕੁ ਸਾਲ ਦੱਸੀ ਜਾ ਰਹੀ ਹੈ, ਨੂੰ ਛੱਡ ਕੇਚਲਾ ਗਿਆ।
ਗੁਰਦੁਆਰਾ ਸਾਹਿਬ ਦੇ ਸਕਿਊਰਟੀ ਇੰਚਾਰਜ ਕੈਪਟਨ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਕਾਫੀ ਸਮੇਂ ਤੋਂ ਰੋ ਰਹੀਆਂ ਸਨ ਜਿਨ੍ਹਾਂ ਦੇ ਨੇੜੇ ਕੋਈ ਵੀ ਨਾ ਹੋਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੋਈ ਲਾਵਾਰਸ ਛੱਡ ਗਿਆ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਦੱਸਿਆ ਗਿਆ ਅਤੇ ਕੈਮਰੇ ਦੀ ਫੁਟੇਜ ਵੇਖੀ ਗਈ, ਜਿਸ ਵਿੱਚ ਪਤਾ ਲੱਗਦਾ ਹੈ ਕਿ ਇੱਕ ਮੋਨਾ ਵਿਅਕਤੀ ਸਵੇਰੇ ਤਕਰੀਬਨ ਦਸ ਵਜੇ ਇੱਕ ਮੋਟਰਸਾਈਕਲ ਤੋਂ ਬੱਚੀਆਂ ਨੂੰ ਉਤਾਰ ਕਰ ਚਲਾ ਗਿਆ ਹੈ। ਫੁਟੇਜ ਦਿਖਾਉਣ ’ਤੇ ਬੱਚੀਆਂ ਨੇ ਦੱਸਿਆ ਕਿ ਉਕਤ ਮੋਨਾ ਵਿਅਕਤੀ ਉਨ੍ਹਾਂ ਦਾ ਪਿਤਾ ਹੈ। ਬੱਚੀਆਂ ’ਚੋਂ ਇੱਕ ਬੱਚੀ ਆਪਣਾ ਨਾਮ ਜੋਤੀ ਦੱਸ ਰਹੀ ਹੈ। ਦੋਵੇਂ ਬੱਚੀਆਂ ਇੱਕ ਦਿਨ ਲਈ ਗੁਰਦੁਆਰਾ ਸਾਹਿਬ ਵਿੱਚ ਜ਼ਿੰਮੇਵਾਰ ਬੀਬੀਆਂ ਦੀ ਦੇਖ ਰੇਖ ਵਿੱਚ ਛੱਡ ਦਿੱਤੀਆਂ ਹਨ ਅਤੇ ਇਸ ਘਟਨਾ ਸਬੰਧੀ ਐੱਸ.ਡੀ.ਐੱਮ. ਪਾਇਲ ਅਤੇ ਥਾਣਾ ਪਾਇਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ।