ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 8 ਅਕਤੂਬਰ
ਅਨਾਜ ਮੰਡੀਆਂ ਵਿੱਚ ਕੰਮ ਕਰਦੇ ਗੱਲਾ ਮਜ਼ਦੂਰਾਂ ਨੇ ਪੰਜਾਬ ਸਰਕਾਰ ਵੱਲੋਂ ਇਸ ਸੀਜ਼ਨ ਲਈ ਮਾਤਰ ਅੱਠ ਪੈਸੇ ਪ੍ਰਤੀ ਨਗ ਦੇ ਕੀਤੇ ਵਾਧੇ ਨੂੰ ਨਿਗੂਣਾ ਤੇ ਕੋਝਾ ਮਜ਼ਾਕ ਕਰਾਰ ਦਿੰਦਿਆਂ ਘੱਟੋ-ਘੱਟ ਪੱਚੀ ਫ਼ੀਸਦੀ ਵਾਧੇ ਦੀ ਮੰਗ ਕੀਤੀ ਹੈ। ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਦੇਵਰਾਜ, ਰਾਜਪਾਲ ਬਾਬਾ, ਜਗਤਾਰ ਸਿੰਘ ਤਾਰੀ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਜਥੇਬੰਦੀ ਦਾ ਇਕ ਵਫ਼ਦ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਸੀ ਅਤੇ ਪੰਜਾਬ ਸਰਕਾਰ ਸਾਹਮਣੇ ਆਪਣੀਆਂ ਹੱਕੀ ਮੰਗਾਂ ਰੱਖੀਆਂ ਸਨ। ਇਹੋ ਮੰਗਾਂ ਚਾਰ ਅਕਤੂਬਰ ਨੂੰ ਜਗਰਾਉਂ ਅਨਾਜ ਮੰਡੀ ਵਿੱਚ ਪੁੱਜੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ-ਪੱਤਰ ਸੌਂਪ ਕੇ ਵੀ ਕੀਤੀਆਂ ਸਨ। ਉਨ੍ਹਾਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਨਿਗੂਣੇ ਵਾਧੇ ਨੇ ਸਾਫ ਕਰ ਦਿੱਤਾ ਹੈ ਕਿ ਸੂਬਾ ਸਰਕਾਰ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੱਕੀ ਮੰਗਾਂ ਲਈ ਹੀ ਮਜ਼ਦੂਰਾਂ ਨੇ ਕਈ ਦਿਨ ਲੰਬੀ ਹੜਤਾਲ ਕੀਤੀ ਸੀ ਜੋ ਸਰਕਾਰ ਦੇ ਭਰੋਸੇ ਤੋਂ ਬਾਅਦ ਵਾਪਸ ਲਈ ਗਈ। ਆਗੂਆਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਜਥੇਬੰਦੀ ਪੰਜਾਬ ਪੱਧਰ ’ਤੇ ਮੁੜ ਹੜਤਾਲ ਕਰਨ ਲਈ ਮਜਬੂਰ ਹੋਵੇਗੀ। ਸਥਾਨਕ ਦਾਣਾ ਮੰਡੀ ‘ਚ ਇਕੱਤਰ ਗੱਲਾ ਮਜ਼ਦੂਰ ਯੂਨੀਅਨ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਰਾਜਪਾਲ ਬਾਬਾ, ਕੰਵਲਜੀਤ ਖੰਨਾ, ਮਹਿੰਦਰ ਸਿੰਘ ਕਮਾਲਪੁਰਾ ਤੇ ਹੋਰਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਅਜਿਹੇ ‘ਚ ਹੜਤਾਲ ਹੋਣ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਸਿਰ ਹੋਵੇਗੀ।