ਪੱਤਰ ਪ੍ਰੇਰਕ
ਮਾਛੀਵਾੜਾ, 7 ਫਰਵਰੀ
ਠੱਗੀ ਠੋਰੀ ਮਾਰਨ ਵਾਲੇ ਗਰੋਹਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਢੰਗ ਅਪਣਾਏ ਜਾ ਰਹੇ ਹਨ। ਹੁਣ ਇਕ ਅਜਿਹਾ ਗਰੋਹ ਸਾਹਮਣੇ ਆਇਆ ਹੈ ਕਿ ਜੋ ਕਿ ਸੋਸ਼ਲ ਮੀਡੀਆ ’ਤੇ ਲੜਕੀਆਂ ਦੀ ਜਾਅਲੀ ਖਾਤੇ ਬਣਾ ਕੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰ ਪੈਸੇ ਬਟੋਰਦੇ ਹਨ। ਮਾਛੀਵਾੜਾ ਇਲਾਕੇ ’ਚ ਠੱਗ ਗਰੋਹ ਵਲੋਂ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਥੇ ਇੱਕ ਨੌਜਵਾਨ ਅਮਰ (ਕਾਲਪਨਿਕ ਨਾਂ) ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਦੇ ਕੁਝ ਨੌਜਵਾਨਾਂ ਨੇ ਇਸ ਠੱਗ ਗਰੋਹ ਦੇ ਝਾਂਸੇ ਵਿਚ ਆ ਕੇ ਉਨ੍ਹਾਂ ਦੇ ਖਾਤੇ ’ਚ ਹਜ਼ਾਰਾਂ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਤਾਂ ਜੋ ਉਨ੍ਹਾਂ ਦੀ ਬਦਨਾਮੀ ਨਾ ਹੋਵੇ ਪਰ ਇੱਕ ਨੌਜਵਾਨ ਨੇ ਹੌਸਲਾ ਕਰਦਿਆਂ ਇਹ ਮਾਮਲਾ ਧਾਰਮਿਕ ਸੰਸਥਾ ਦੇ ਪ੍ਰਧਾਨ ਅਤੇ ਆੜ੍ਹਤੀ ਮੋਹਿਤ ਕੁੰਦਰਾ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ ਨੇ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਛੀਵਾੜਾ ਥਾਣਾ ਦੇ ਮੁਖੀ ਰਾਜੇਸ਼ ਠਾਕੁਰ ਨੇ ਕਿਹਾ ਕਿ ਉਨ੍ਹਾਂ ਕੋਲ ਫੇਸਬੁੱਕ ’ਤੇ ਲੜਕੀ ਦਾ ਜਾਅਲੀ ਖਾਤਾ ਬਣਾ ਉਸ ਨੂੰ ਆਪਣੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਕੇਸ ਸਾਈਬਰ ਕ੍ਰਾਈਮ ਨੂੰ ਜਾਂਚ ਲਈ ਭੇਜਿਆ ਜਾਵੇਗਾ। ਥਾਣਾ ਮੁਖੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫੇਸਬੁੱਕ ’ਤੇ ਅਣਜਾਣ ਲੜਕੀਆਂ ਦੀ ਦੋਸਤੀ ਤੋਂ ਬਚਣ ਕਿਉਂਕਿ ਕਈ ਠੱਗ ਗਰੋਹ ਸਰਗਰਮ ਹਨ, ਜੋ ਸੋਸ਼ਲ ਮੀਡੀਆ ’ਤੇ ਵੱਖ-ਵੱਖ ਢੰਗਾਂ ਨਾਲ ਠੱਗੀ ਮਾਰ ਰਹੇ ਹਨ।