ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਮਈ
ਇੱਥੋਂ ਦੇ ਢੋਲੇਵਾਲ ਚੌਕ ਕੋਲ ਸਥਿਤ ਹੀਰੋ ਮੋਟਰਸਾਈਕਲ ਦੇ ਇੱਕ ਸ਼ੋਅਰੂਮ ’ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ ਜਿਸਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਉੱਥੇ ਖੜ੍ਹੇ ਦਰਜਨ ਦੇ ਕਰੀਬ ਨਵੇਂ ਮੋਟਰਸਾਈਕਲ ਸੜ ਗਏ। ਏਜੰਸੀ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ 7 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਏਜੰਸੀ ਪੁੱਜੇ। ਉਦੋਂ ਤੱਕ ਲੋਕਾਂ ਨੇ ਅੱਗ ਬੁਝਾਊ ਅਮਲੇ ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਸੀ। ਅੱਗ ਬੁਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ, ਪਰ ਹਾਲੇ ਇਗ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਵੇਂ ਲੱਗੀ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲੀਸ ਪੀਸੀਆਰ ਵੀ ਮੌਕੇ ’ਤੇ ਪੁੱਜ ਗਈ ਤੇ ਮਾਮਲੇ ਦੀ ਸੂਚਨਾ ਸਬੰਧਤ ਥਾਣੇ ਨੂੰ ਦੇ ਦਿੱਤੀ।