ਸਤਵਿੰਦਰ ਬਸਰਾ
ਲੁਧਿਆਣਾ, 22 ਜੂਨ
ਸਥਾਨਕ ਚੰਡੀਗੜ੍ਹ ਰੋਡ ’ਤੇ ਪੈਂਦੇ ਐੱਮਜੀਆਈ ਫਲੈਟਾਂ ਨੇੜੇ ਇੱਕ ਸੜਕ ’ਤੇ ਬਣੇ ਗੋਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਇਸ ਅੱਗ ਦੇ ਲੱਗਣ ਬਾਰੇ ਧੂੰਆਂ ਨਿਕਲਦਾ ਦੇਖ ਉਪਰ ਰਹਿੰਦੇ ਕਿਰਾਏਦਾਰਾਂ ਨੇ ਮਾਲਕਾਂ ਨੂੰ ਸੂਚਿਤ ਕੀਤਾ। ਮੌਕੇ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਪਹੁੰਚੇ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਤਾਜਪੁਰ ਰੋਡ ਨੂੰ ਜਾਂਦੀ ਸੜਕ ’ਤੇ ਬਣੇ ਬਿਸਕੁਟਾਂ ਆਦਿ ਦੇ ਗੋਦਾਮ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਭਾਵੇਂ ਇੰਨੀ ਜ਼ਿਆਦਾ ਨਹੀਂ ਸੀ ਪਰ ਗੋਦਾਮ ’ਚੋਂ ਧੂੰਆਂ ਬਹੁਤ ਜ਼ਿਆਦਾ ਨਿਕਲ ਰਿਹਾ ਸੀ। ਮਾਲਕ ਨਿਤਿਨ ਕੁਮਾਰ ਨੇ ਮੌਕੇ ’ਤੇ ਪਹੁੰਚ ਕਿ ਇਲਾਕੇ ਦੇ ਲੋਕਾਂ ਦੀ ਸਹਾਇਤਾਂ ਨਾਲ ਗੋਦਾਮ ਵਿੱਚ ਬਚਿਆ ਸਾਮਾਨ ਬਾਹਰ ਕਢਵਾਇਆ। ਗੋਦਾਮ ਮਾਲਕ ਦਾ ਕਹਿਣਾ ਸੀ ਕਿ ਇੱਥੇ ਬਿਸਕੁਟਾਂ ਦੇ ਪੈਕਟਾਂ ਨਾਲ ਭਰੇ ਡੱਬੇ, ਪਾਣੀ ਵਾਲੀਆਂ ਗਿਲਾਸੀਆਂ ਦੇ ਪੈਕਟ ਆਦਿ ਰੱਖੇ ਹੋਏ ਸਨ। ਉਸ ਨੇ ਕਿਹਾ ਕਿ ਭਾਵੇਂ ਅੱਗ ਲੱਗਣ ਦੇ ਕਾਰਨਾਂ ਦਾ ਪੱਕਾ ਪਤਾ ਨਹੀਂ ਲੱਗ ਸਕਿਆ ਪਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੋਦਾਮ ਵਿੱਚ ਲੱਖਾਂ ਰੁਪਏ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ ਅਤੇ ਬਚਿਆ ਸਾਮਾਨ ਖਰਾਬ ਹੋ ਗਿਆ।