ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਦਸੰਬਰ
ਪੰਜਾਬ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਗਾਂਧੀ ਨਗਰ ’ਚ ਸਵੇਰੇ ਇੱਕ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਰਾਹਗੀਰਾਂ ਨੇ ਦੁਕਾਨ ’ਚ ਲੱਗੀ ਅੱਗ ਦੇਖ ਕੇ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਸੂਚਨਾ ਮਿਲਦੇ ਹੀ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ, ਜਿਨ੍ਹਾਂ ਨੇ ਕੁਝ ਸਮੇਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕੇ ਪਰ ਫਾਇਰ ਬ੍ਰਿਗੇਡ ਟੀਮ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਅੱਗ ਲੱਗਣ ਨਾਲ 20 ਤੋਂ 25 ਲੱਖ ਦਾ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗਾਂਧੀ ਨਗਰ ’ਚ ਕਰੀਬ 5000 ਦੁਕਾਨਾਂ ਹਨ। ਮਾਰਕੀਟ ’ਚ ਇਨ੍ਹੀਂ ਦਿਨੀਂ ਕੰਮ ’ਚ ਕਾਫ਼ੀ ਤੇਜ਼ੀ ਹੈ, ਜਿਸ ਨਾਲ ਸਾਰੀਆਂ ਦੁਕਾਨਾਂ ’ਚ ਮਾਲ ਭਰਿਆ ਹੁੰਦਾ ਹੈ। ਗੁਰਵਿੰਦਰ ਸਿੰਘ ਅਨੁਸਾਰ ਰਾਤ ਨੂੰ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਅਚਾਨਕ ਦੁਕਾਨ ’ਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਮਾਰਕੀਟ ਹੈ ਤੇ ਅੱਗ ’ਤੇ ਕਾਬੂ ਲਈ ਪ੍ਰਬੰਧ ਨਾ ਹੋਣ ਕਾਰਨ ਚਿੰਤਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੁਕਾਨ ’ਚ ਅੱਗ ਲੱਗਣ ਤੋਂ ਕਰੀਬ 1 ਘੰਟਾ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ, ਜੋ ਸਹੀ ਨਹੀਂ ਹੈ।