ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜਨਵਰੀ
ਇੱਥ ਅੱਜ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਤੇ ਸਰਪੰਚ ਯੂਨੀਅਨ ਦੇ ਇੱਕ ਸਾਂਝੇ ਵਫਦ ਨੇ ਸਰਪੰਚ ਬਲਵੀਰ ਸਿੰਘ ਝੱਮਟ ਦੀ ਅਗਵਾਈ ਵਿੱਚ ਗਡਵਾਸੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਮੁਲਾਕਾਤ ਕੀਤੀ। ਗੁਰੂ ਅੰਗਦ ਦੇਵ ਐਨੀਮਲ ਅਤੇ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵਿੱਚ ਕੰਮ ਕਰ ਰਹੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਹੋ ਰਹੀ ਗੈਰ ਸੰਵਿਧਾਨਿਕ ਧੱਕੇਸ਼ਾਹੀ ਅਤੇ ਇੱਕ ’ਵਰਸਿਟੀ ਦੇ ਕੇਵੀਕੇ ਦੇ ਡਾਇਰੈਕਟਰ ਵੱਲੋ ਕਥਿਤ ਤੌਰ ’ਤੇ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਹਾਸਲ ਕੀਤੀ ਨੌਕਰੀ ਤੇ ਚੱਲ ਰਹੀ ਜਾਂਚ ਨੂੰ ਜਾਂਚ ਅਧਿਕਾਰੀਆਂ ਵੱਲੋਂ ਜਾਣ ਬੁੱਝ ਕੇ ਲਮਕਾਉਣ ਕਾਰਨ ਵਫ਼ਦ ਵਾਈਸ ਚਾਂਸਲਰ ਨੂੰ ਮਿਲਿਆ। ਮੁਲਾਕਾਤ ਦੌਰਾਨ ਜਸਵੀਰ ਸਿੰਘ ਪਮਾਲੀ ਮੈਂਬਰ ਕੋਰ ਕਮੇਟੀ ਨੇ ਵਾਈਸ ਚਾਂਸਲਰ ਦੇ ਧਿਆਨ ਵਿੱਚ ਲਿਆਂਦਾ ਕਿ ਕਿਸ ਤਰ੍ਹਾਂ ਸਬੰਧਤ ਡਾਇਰੈਕਟਰ ਨੇ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀ ਹੈ। ਉਸ ਦੀ ਜਾਂਚ ਕਰਵਾਉਣ ਵਾਲੇ ਡਾਕਟਰ ਦੀ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਰੋਕੀ ਗਈ ਹੈ ਅਤੇ ਉਚੇਰੀ ਵਿਦਿਆ ਹਾਸਲ ਕਰਨ ਲਈ ਮਿਲਣ ਵਾਲੀ ਛੁੱਟੀ ਵੀ ਰੱਦ ਕਰ ਦਿੱਤੀ ਗਈ ਹੈ। ਜਾਅਲੀ ਸਰਟੀਫਿਕੇਟ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਵੱਲੋਂ ਜਾਣ ਬੁੱਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਵਫ਼ਦ ਨੇ ਵਾਈਸ ਚਾਂਸਲਰ ਨੂੰ ਇਨ੍ਹਾਂ ਮੰਗਾਂ ਦੇ ਹੱਲ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ ਕਰਨ ਲਈ ਵੀ ਅਗਾਹ ਕੀਤਾ। ਪਮਾਲੀ ਨੇ ਦੱਸਿਆਂ ਕਿ ਵਾਈਸ ਚਾਂਸਲਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਫਦ ਦੇ ਮੈਂਬਰ ਅਤੇ ਸਰਪੰਚ ਯੂਨੀਅਨ ਦੇ ਚੇਅਰਮੈਨ ਸਰਪੰਚ ਕੁਲਦੀਪ ਸਿੰਘ ਬਾਰਨਹਾੜਾ, ਸਰਪੰਚ ਜਸਵਿੰਦਰ ਸਿੰਘ ਰਾਣਾ ਸਿੰਘਪੁਰਾ, ਮਨਜੀਤ ਸਿੰਘ ਸਰਪੰਚ ਲਲਤੋਂ ਕਲਾਂ ਹਾਜ਼ਰ ਸਨ।