ਡੀਪੀਐੱਸ ਬੱਤਰਾ
ਸਮਰਾਲਾ, 18 ਨਵੰਬਰ
ਦੇਰ ਰਾਤ 12 ਵਜੇ ਨਸ਼ੇ ਦੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚੇ ਸਹਾਇਕ ਥਾਣੇਦਾਰ ਨੇ ਹੰਗਾਮਾ ਕਰਦੇ ਹੋਏ ਡਿਊਟੀ ਉੱਤੇ ਤਾਇਨਾਤ ਮਹਿਲਾ ਡਾਕਟਰ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ। ਰਾਤ ਨੂੰ ਹੀ ਏਐੱਸਆਈ ਜੋ ਕਿ ਲੁਧਿਆਣਾ ਦੇ ਕਿਚਲੂ ਨਗਰ ਚੌਕੀ ਵਿੱਚ ਇੰਚਾਰਜ ਹੈ, ਦਾ ਮੈਡੀਕਲ ਕਰਵਾਇਆ ਗਿਆ। ਘਟਨਾ ਦੇ ਰੋਸ ਵਜੋਂ ਅੱਜ ਹਸਪਤਾਲ ਦੇ ਸਮੂਹ ਸਟਾਫ਼ ਨੇ ਮੈਡੀਕਲ ਸੇਵਾਵਾਂ ਠੱਪ ਰੱਖੀਆਂ ਅਤੇ ਆਪਣੀ ਸੁਰੱਖਿਆ ਦੀ ਮੰਗ ਕਰਦੇ ਹੋਏ ਏਐੱਸਆਈ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਹਸਪਤਾਲ ਵਿੱਚ ਰਾਤ ਦੀ ਐਮਰਜੈਂਸੀ ਡਿਊਟੀ ਉੱਤੇ ਡਾ. ਓਸ਼ੋ ਬਲੱਗਣ ਅਤੇ ਹੋਰ ਮਹਿਲਾ ਸਟਾਫ਼ ਨਿਯੁਕਤ ਸੀ। ਰਾਤ ਕਰੀਬ 12 ਵਜੇ ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਆਇਆ ਅਤੇ ਖੁਦ ਨੂੰ ਘਬਰਾਹਟ ਮਹਿਸੂਸ ਹੋਣ ਦੀ ਗੱਲ ਕਹੀ। ਡਾ. ਓਸ਼ੋ ਨੇ ਦੱਸਿਆ ਕਿ ਜਿਵੇਂ ਹੀ ਉਸ ਦੀ ਜਾਂਚ ਸ਼ੁਰੂ ਕੀਤੀ ਤਾਂ ਉਹ ਗਾਲ਼ਾਂ ਕੱਢਣ ਲੱਗ ਪਿਆ ਅਤੇ ਮਹਿਲਾ ਸਟਾਫ਼ ਨਾਲ ਉਸ ਨੇ ਬਦਸਲੂਕੀ ਸ਼ੁਰੂ ਕਰ ਦਿੱਤੀ। ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਦੋ ਮਿੰਟ ਲੱਗਣੇ ਹਨ ਗੋਲੀ ਮਾਰਨ ਨੂੰ ਅਤੇ ਉਸ ਨੇ ਸਟਾਫ਼ ਨੂੰ ਬਾਹਰ ਵੀ ਨਹੀਂ ਜਾਣ ਦਿੱਤਾ। ਉੱਥੇ ਹਾਜ਼ਰ ਸਟਾਫ਼ ਮੈਂਬਰ ਨੇ ਫੋਨ ਕਰਕੇ ਥਾਣੇ ਇਤਲਾਹ ਦਿੱਤੀ ਅਤੇ ਪੁਲੀਸ ਵੱਲੋਂ ਮੌਕੇ ਉੱਤੇ ਉਸ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਮੁਲਜ਼ਮ ਉੱਥੇ ਹਾਜ਼ਰ ਸਟਾਫ਼ ਨੂੰ ਧਮਕੀਆਂ ਦਿੰਦਾ ਰਿਹਾ ਕਿ ਉਹ ਸਭ ਦੀ ਵੀਡੀਓ ਬਣਾ ਰਿਹਾ ਹੈ ਅਤੇ ਆਖ ਰਿਹਾ ਸੀ ਕਿ ਸਵੇਰੇ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਜਾ ਕੇ ਰਿਪੋਰਟ ਕਰੇਗਾ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ: ਐੱਸਐੱਚਓ
ਓਧਰ ਥਾਣਾ ਸਮਰਾਲਾ ਦੇ ਐੱਸਐੱਚਓ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਹਸਪਤਾਲ ਵਿੱਚ ਹੰਗਾਮਾ ਕਰਨ ਵਾਲੇ ਏਐੱਸਆਈ ਪਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਡਿਊਟੀ ਡਾਕਟਰ ਦੇ ਬਿਆਨਾਂ ’ਤੇ ਉਸ ਖਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਸਟਾਫ਼ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।