ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਅਗਸਤ
ਕੰਪਨੀ ਦੇ ਨਾਲ ਧੋਖਾਧੜੀ ਦੇ ਇੱਕ ਮਾਮਲੇ ’ਚ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਮ੍ਰਿਤਕ ਦੇ ਖ਼ਿਲਾਫ਼ ਹੀ ਧੋਖਾਧੜੀ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇੱਕ ਫੈਕਟਰੀ ’ਚ ਲੱਖਾਂ ਰੁਪਏ ਦਾ ਉਲਟ ਫੇਰ ਕਰਨ ਦੇ ਨਾਲ-ਨਾਲ ਕੰਪਨੀ ਦੇ ਕਾਗਜ਼ਾਤ ਵੀ ਗਾਇਬ ਕਰ ਦਿੱਤੇ। ਇਸ ਦੌਰਾਨ ਅਚਾਨਕ ਮੁਲਜ਼ਮ ਗਾਇਬ ਹੋ ਗਿਆ। ਜਦੋਂ ਫੈਕਟਰੀ ਮਾਲਕਾਂ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਮੁਲਜ਼ਮ ਮਰ ਚੁੱਕਿਆ ਹੈ। ਫੈਕਟਰੀ ਮਾਲਕ ਮਾਡਲ ਟਾਊਨ ਵਾਸੀ ਦਕਸ਼ ਪਾਹਵਾ ਨੇ ਇਸਦੀ ਸ਼ਿਕਾਇਤ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਤਾਂ ਪੁਲੀਸ ਨੇ ਤਾਜਪੁਰ ਰੋਡ ਭਾਮੀਆਂ ਖੂਰਦ ਰਾਮਦਾਸ ਨਗਰ ਵਾਸੀ ਦੀਪਕ ਕੁਮਾਰ ਦੇ ਖਿਲ਼ਾਫ਼ ਕੇਸ ਦਰਜ ਕਰ ਲਿਆ। ਪੁਲੀਸ ਦਾ ਕਹਿਣਾ ਹੈ ਕਿ ਦੀਪਕ ਪੁਲੀਸ ਦੇ ਰਿਕਾਰਡ ’ਚ ਮ੍ਰਿਤਕ ਨਹੀਂ ਹੈ। ਜੇਕਰ ਪਰਿਵਾਰ ਵਾਲੇ ਕੋਈ ਦਸਤਾਵੇਜ਼ ਪੇਸ਼ ਕਰਨਗੇ ਤਾਂ ਮੰਨ ਲਿਆ ਜਾਵੇਗਾ ਕਿ ਉਹ ਮਰ ਚੁੱਕਿਆ ਹੈ।ਦਕਸ਼ ਪਾਹਵਾ ਵੱਲੋਂ ਪੁਲੀਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਜਦੋਂ ਉਸਦੇ ਮੋਬਾਈਲ ’ਤੇ ਫੋਨ ਕੀਤਾ ਤਾਂ ਪਿਤਾ ਨੇ ਦੱਸਿਆ ਕਿ 31 ਜਨਵਰੀ ਦੀ ਰਾਤ ਨੂੰ ਹੀ ਦੀਪਕ ਦਿਲ ਦਾ ਦੌਰਾ ਪੈਣ ਕਾਰਨ ਡੀਐੱਮਸੀ ਹਸਪਤਾਲ ’ਚ ਦਾਖਲ ਹੈ। ਜਿੱਥੇ ਉਸਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਰਿਕਾਰਡ ਚੈਕ ਕਰਨ ’ਤੇ ਪਤਾ ਲੱਗਿਆ ਕਿ ਨਗਦੀ ਵਾਊਚਰ, ਜਨਰਲ, ਜੀਐਸਟੀ, ਪੀਐੱਫ਼, ਈਐੱਸਆਈ ਦੇ ਚਲਾਨ ਵੀ ਗਾਇਬ ਸਨ। ਮੁਲਜ਼ਮ ਨੇ 19 ਜਨਵਰੀ ਦੇ ਦਿਨ ਪੰਜਾਬ ਨੈਸ਼ਨਲ ਬੈਂਕ ’ਚ ਚੈੱਕ ਲਾ ਕੇ ਉਸ ’ਚੋਂ 5.87 ਲੱਖ ਰੁਪਏ ਕੱਢਵਾ ਲਏ ਸਨ। ਥਾਣਾ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਦੀਪਕ ਦੀ ਮੌਤ ਸਬੰਧੀ ਕੋਈ ਕਾਗਜ਼ਾਤ ਜਾਂ ਮੌਤ ਦਾ ਸਰਟੀਫਿਕੇਟ ਸਾਹਮਣੇ ਨਹੀਂ ਆਇਆ ਹੈ। ਉਸ ਦਾ ਪਤਾ ਵੀ ਗਲਤ ਹੈ। ਉਸਦੇ ਪਿਤਾ ਦਾ ਪਤਾ ਤੋਂ ਪੁੱਛਗਿਛ ਕੀਤੀ ਜਾਵੇਗੀ।