ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਮਾਰਚ
ਸਨਅਤੀ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਜਵਾਹਰ ਨਗਰ ਕੈਂਪ ਵਿੱਚ ਸੜਕ ’ਤੇ ਇੱਕ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਦਾ ਮਾਲਕ ਕਾਰ ਖੜ੍ਹੀ ਕਰ ਕੇ ਸਾਮਾਨ ਖਰੀਦਣ ਲਈ ਗਿਆ ਸੀ। ਇਸ ਦੌਰਾਨ ਲੋਕਾਂ ਨੇ ਰੌਲਾ ਪਾਇਆ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਫੋਨ ਕੀਤਾ। ਜਿਸ ਕਾਰ ਨੂੰ ਅੱਗ ਲੱਗੀ, ਉਸਦੇ ਨਾਲ ਹੋਰ ਵੀ ਕਈ ਕਾਰਾਂ ਖੜ੍ਹੀਆਂ ਸਨ, ਜਿਨ੍ਹਾਂ ਨੂੰ ਲੋਕਾਂ ਨੇ ਧੱਕੇ ਮਾਰ ਕੇ ਪਾਸੇ ਕੀਤਾ। ਮੌਕੇ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪੁੱਜ ਅੱਗ ’ਤੇ ਕਾਬੂ ਪਾਇਆ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਜਵਾਹਰ ਨਗਰ ਕੈਂਪ ਵਿੱਚ ਅੱਜ ਦੁਪਹਿਰ ਵੇਲੇ ਕਾਰ ਚਾਲਕ ਆਪਣੀ ਕਾਰ ਖੜ੍ਹੀ ਕਰ ਕੇ ਸਾਮਾਨ ਖਰੀਦਣ ਲਈ ਗਿਆ ਸੀ। ਸੜਕ ’ਤੇ ਇੱਕ ਸਾਈਡ ਖੜ੍ਹੀ ਉਸਦੀ ਕਾਰ ਨੂੰ ਅਚਾਨਕ ਹੀ ਅੱਗ ਲੱਗ ਗਈ, ਲੋਕਾਂ ਨੇ ਅੱਗ ਦੇਖ ਕੇ ਰੌਲਾ ਪਾਇਆ ਪਰ ਜਦੋਂ ਕਾਰ ਮਾਲਕ ਨਹੀਂ ਆਇਆ ਤਾਂ ਉਥੇ ਆਸ ਪਾਸ ਖੜ੍ਹੇ ਲੋਕਾਂ ਨੇ ਖ਼ੁਦ ਹੀ ਫਾਇਰ ਬ੍ਰਿਗੇਡ ਦਫ਼ਤਰ ਫੋਨ ਕਰ ਦਿੱਤਾ ਤੇ ਅੱਗ ਬੁਝਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਨਾਲ ਖੜ੍ਹੀਆਂ ਬਾਕੀ ਕਾਰਾਂ ਨੂੰ ਧੱਕੇ ਮਾਰਕੇ ਸਾਈਡ ’ਤੇ ਕੀਤਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਪਾਣੀ ਪਾ ਕੇ ਅੱਗ ਬੁਝਾਈ। ਕਾਰ ਮਾਲਕ ਦਾ ਕਹਿਣਾ ਸੀ ਕਿ ਉਹ ਕੁੱਝ ਦੇਰ ਪਹਿਲਾਂ ਹੀ ਕਾਰ ਨੂੰ ਖੜ੍ਹੀ ਕਰਕੇ ਸਾਮਾਨ ਖਰੀਦਣ ਗਿਆ ਸੀ। ਇਸ ਦੌਰਾਨ ਕਿਵੇਂ ਅੱਗ ਲੱਗੀ ਉਸ ਨੂੰ ਇਸ ਬਾਰੇ ਪਤਾ ਨਹੀਂ, ਉਹ ਜਦੋਂ ਵਾਪਸ ਆਇਆ ਤੇ ਉਸਨੂੰ ਪਤਾ ਲੱਗਿਆ ਕਿ ਉਸ ਦੀ ਕਾਰ ਸੜ ਕੇ ਸੁਆਹ ਹੋ ਗਈ ਹੈ। ਉਹ ਇਕੱਲਾ ਹੀ ਕਾਰ ਵਿੱਚ ਆਇਆ ਸੀ।