ਪੱਤਰ ਪ੍ਰੇਰਕ
ਪਾਇਲ, 1 ਅਗਸਤ
ਦਲਿਤ ਸਮਾਜ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਪਿਛਲੇ ਲੰਮੇ ਸਮੇ ਤੋਂ ਸੰਘਰਸ਼ ਕਰਦੀ ਆ ਰਹੀ ਸਮਾਜ ਦੀ ਨੁਮਾਇੰਦਾ ਜੱਥੇਬੰਦੀ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਬਲਾਕ ਮਲੌਦ ਇਕਾਈ ਵੱਲੋਂ ਇੱਕ ਅਹਿਮ ਮੀਟਿੰਗ ਪਿੰਡ ਸਿਹੋੜਾ ਵਿੱਚ ਕਰਵਾਈ ਗਈ। ਇਸ ਮੀਟਿੰਗ ਵਿੱਚ ਸੂਬਾ ਕਾਰਜਕਾਰੀ ਪ੍ਰਧਾਨ ਭਾਈ ਰਜਿੰਦਰ ਸਿੰਘ ਜੋਧਾਂ ਅਤੇ ਦਲਜੀਤ ਸਿੰਘ ਥਰੀਕੇ ਮੈਂਬਰ ਕੋਰ ਕਮੇਟੀ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਾਈ ਰਜਿੰਦਰ ਸਿੰਘ ਜੋਧਾਂ ਨੇ ਕਿਹਾ ਕਿ ਦਲਿਤ ਭਾਈਚਾਰੇ ਦੇ ਲਾਮਬੰਦ ਨਾ ਹੋਣ ਕਾਰਨ ਹੀ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਹੀ ਵਰਤਦੀਆਂ ਹਨ ਜਦਕਿ ਕਿਸੇ ਵੀ ਸਰਕਾਰ ਨੇ ਇਸ ਭਾਈਚਾਰੇ ਦੇ ਸੰਵਿਧਾਨਿਕ ਹੱਕ ਵੀ ਨਹੀ ਦਿੱਤੇ। ਭਾਈ ਜੋਧਾਂ ਨੇ ਸਮੁੱਚੇ ਦਲਿਤ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਫੈਡਰੇਸ਼ਨ ਵੱਲੋਂ ਵਿੱਢੇ ਸੰਘਰਸ਼ ਦਾ ਹਿੱਸਾ ਬਣਨ।