ਖੇਤਰੀ ਪ੍ਰਤੀਨਧ
ਲੁਧਿਆਣਾ, 30 ਸਤੰਬਰ
ਕੋਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਕੋਮਾਗਾਟਾਮਾਰੂ ਸਾਕਾ (ਸਾਕਾ ਬੱਜਬਜ ਘਾਟ ਕਲਕੱਤਾ) 1914 ਦੇ ਮਹਾਨ ਗਦਰੀ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਉਜਾਗਰ ਸਿੰਘ ਬੱਦੋਵਾਲ, ਐਡਵੋਕੇਟ ਕੁਲਦੀਪ ਸਿੰਘ, ਕਾਮਰੇਡ ਤਰਸੇਮ ਯੋਧਾਂ, ਮਾਸਟਰ ਜਸਦੇਵ ਸਿੰਘ ਲੱਲਤੋਂ, ਪ੍ਰਕਾਸ਼ ਸਿੰਘ ਹਿੱਸੋਵਾਲ ਨੇ ਕੀਤੀ। ਇਸ ਮੌਕੇ ਦੇਸ਼ ਵਿੱਚ ਘੱਟ ਗਿਣਤੀਆਂ ’ਤੇ ਵਧ ਰਹੇ ਫ਼ਾਸ਼ੀਵਾਦੀ ਹਮਲੇ ਦਾ ਟਾਕਰਾ ਕਰਨ ਦਾ ਸੱਦਾ ਦਿੱਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਕਵੀਆਂ ਤੇ ਗਾਇਕਾਂ ਨੇ ਰਚਨਾਵਾਂ ਪੇਸ਼ ਕੀਤੀਆਂ।
ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਚਰਨਜੀਤ ਹਿਮਾਂਯੁਪੁਰ, ਸ਼ਿੰਦਰ ਸਿੰਘ ਜੱਵਾਦੀ, ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ ਤੇ ਤਰਸੇਮ ਯੋਧਾਂ, ਬਲਦੇਵ ਸਿੰਘ ਪਮਾਲ, ਗੁਰਦੇਵ ਸਿੰਘ ਮੁੱਲਾਂਪੁਰ, ਬੀਬੀ ਜਸਵੀਰ ਕੌਰ ਯੋਧਾਂ ਨੇ ਗਦਰ ਲਹਿਰ ਦੇ ਇਤਿਹਾਸ ਵਿੱਚ ਕੋਮਾਗਾਟਾਮਾਰੂ ਸਾਕੇ ਦੇ ਸਥਾਨ ਤੇ ਅਹਿਮੀਅਤ ਬਾਰੇ, ਗਦਰ ਪਾਰਟੀ ਦੇ ਪ੍ਰੋਗਰਾਮ ਤੇ ਸੰਵਿਧਾਨ ਬਾਰੇ, ਗਦਰੀ ਸ਼ਹੀਦਾਂ ਦੀਆਂ ਮਹਾਨ ਘਾਲਣਾ, ਤਿਆਗ ਤੇ ਕੁਰਬਾਨੀਆਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਦੇਸ਼ ਵਿੱਚ ਦਿਨੋ- ਦਿਨ ਘੱਟ ਗਿਣਤੀ ਧਾਰਮਿਕ ਵਰਗਾਂ ’ਤੇ ਵਧ ਰਹੇ ਫਾਸ਼ੀਵਾਦੀ ਹਮਲੇ ਦੇ ਟਾਕਰੇ ਲਈ ਇਨਕਲਾਬੀ ਜਮਹੂਰੀ ਜਨਤਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ।