ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜੁਲਾਈ
ਮੁੱਲਾਂਪੁਰ ਦੇ ਮਾਡਲ ਥਾਣਾ ਦਾਖਾ ’ਚ ਦੋ ਹੋਰ ਪੁਲੀਸ ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਏ ਗਏ। ਥਾਣਾ ਦਾਖਾ ਦੇ ਹੁਣ ਤੱਕ 8 ਮੁਲਾਜ਼ਮ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਸ ਕਾਰਨ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ 12 ਹੋਰ ਮੁਲਾਜ਼ਮਾਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਪੁਲੀਸ ਨੇ ਥਾਣੇ ’ਚ ਬਿਨਾਂ ਕੰਮਕਾਜ ਦੇ ਆਉਣ ਵਾਲੇ ਲੋਕਾਂ ’ਤੇ ਪਾਬੰਦੀ ਲਾ ਦਿੱਤੀ ਹੈ। ਡੀਐੱਸਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਜ਼ਰੂਰੀ ਹੈ ਤਾਂ ਲੋਕ ਥਾਣੇ ਆਊਣ। ਥਾਣਾ ਦਾਖਾ ’ਚ ਪਹਿਲਾਂ 6 ਪੁਲੀਸ ਮੁਲਾਜ਼ਮ ਕਰੋਨਾ ਪਾਜ਼ੇਟਿਵ ਆਏ ਸਨ। ਸ਼ਨਿੱਚਰਵਾਰ ਨੂੰ ਦੋ ਹੋਰ ਪੁਲੀਸ ਮੁਲਾਜ਼ਮ ਪਾਜ਼ੇਟਿਵ ਆਉਣ ਤੋ ਬਾਅਦ ਵਿਭਾਗ ’ਚ ਭਾਜੜਾਂ ਪੈ ਗਈਆਂ। ਹੁਣ ਪੁਲੀਸ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਹੋਰ ਲੋਕਾਂ ਦਾ ਵੀ ਪਤਾ ਲਾਉਣ ’ਚ ਲੱਗੀ ਹੋਈ ਹੈ ਤੇ ਥਾਣੇ ਨੂੰ ਸੈਨੇਟਾਈਜ਼ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕੇ ’ਚ ਅਫ਼ਵਾਹ ਫੈਲ ਗਈ ਕਿ ਸਿਹਤ ਵਿਭਾਗ ਵੱਲੋਂ ਥਾਣਾ ਦਾਖਾ ਨੂੰ ਸੀਲ ਕਰ ਦਿੱਤਾ ਗਿਆ ਹੈ। ਡੀਐੱਸਪੀ ਨੇ ਕਿਹਾ ਕਿ ਥਾਣਾ ਸੀਲ ਨਹੀਂ ਕੀਤਾ ਗਿਆ ਹੈ, ਸਗੋਂ ਥਾਣੇ ’ਚ ਬਿਨਾਂ ਵਜ੍ਹਾ ਆਉਣ ਵਾਲੇ ਲੋਕਾਂ ’ਤੇ ਪਾਬੰਦੀ ਲਾਈ ਗਈ ਹੈ।
ਐੱਸਡੀਐੱਮ ਦੇ ਕਲਰਕ ਦੀ ਰਿਪੋਰਟ ਆਈ ਪਾਜ਼ੇਟਿਵ
ਪਾਇਲ (ਦੇਵਿੰਦਰ ਸਿੰਘ ਜੱਗੀ): ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਦ ਦਫਤਰ ਦੇ ਸਾਰੇ ਅਮਲੇ ਦੇ ਕਰੋਨਾ ਟੈਸਟ ਸਬੰਧੀ ਸੈਂਪਲ ਲਏ ਗਏ ਸਨ। ਇਸ ਵਿੱਚ ਐੱਸਡੀਐੱਮ ਦੇ ਕਲਰਕ ਪਰਮਜੀਤ ਸਿੰਘ ਸੁੱਖਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਹੋਰ ਮੁਲਾਜ਼ਮਾਂ ਦੀ ਰਿਪੋਰਟ ਆਉਣੀ ਬਾਕੀ ਹੈ। ਊਸ ਨੂੰ ਲੁਧਿਆਣਾ ਦੇ ਮੈਰੀਟੋਰੀਅਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।