ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਗਸਤ
ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਜਣਿਆਂ ਨੂੰ ਥਾਣਾ ਜਮਾਲਪੁਰ ਅਧੀਨ ਆਉਂਦੀ ਚੌਕੀ ਮੁੰਡੀਆਂ ਕਲਾਂ ਦੀ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਮੁਲਜ਼ਮ ਇਲਾਕੇ ’ਚ ਚੋਰੀ ਦੀ ਤਿਆਰੀ ਕਰ ਰਹੇ ਸਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ 10 ਦੋ ਪਹੀਆ ਵਾਹਨ ਤੇ 6500 ਰੁਪਏ ਨਕਦੀ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਪੁਲੀਸ ਨੇ ਜੀਵਨ ਨਗਰ ਵਾਸੀ ਫਿਰੋਜ਼ ਖਾਨ, ਸਾਈਕਲ ਮਾਰਕੀਟ ਵਾਸੀ ਮੁਹੰਮਦ ਕਲੀਮ, ਮਾਲੇਰਕੋਟਲਾ ਦੇ ਪਿੰਡ ਨਸ਼ੌਹਰਾ ਵਾਸੀ ਮਿੱਠੂ, ਜਨਤਾ ਨਗਰ ਵਾਸੀ ਅਮਰਪ੍ਰੀਤ ਸਿੰਘ ਉਰਫ਼ ਵਿੱਕੀ ਤੇ ਪ੍ਰਦੀਪ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਏਡੀਸੀਪੀ-4 ਰੁਪਿੰਦਰ ਕੌਰ ਸਰਾਓ ਨੇ ਦੱਸਿਆ ਕਿ ਪੁਲੀਸ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਇਸ ਵੇਲੇ ਇਲਾਕੇ ’ਚ ਲੁੱਟਖੋਹ ਤੇ ਚੋਰੀ ਦੀ ਯੋਜਨਾ ਬਣਾ ਰਹੇ ਹਨ। ਮੁਲਜ਼ਮਾਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਪੁਲੀਸ ਨੇ ਮੁਲਜ਼ਮਾਂ ਤੋਂ ਪਹਿਲਾ ਮੋਬਾਈਲ ਫੋਨ ਬਰਾਮਦ ਕੀਤੇ। ਉਸ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 10 ਦੋ ਪਹੀਆ ਵਾਹਨ ਬਰਾਮਦ ਕੀਤੇ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਮੋਬਾਈਲ ਫੋਨ ਰਾਹਗੀਰਾਂ ਤੋਂ ਲੁੱਟੇ ਹੋਏ ਸਨ। ਇਸ ਦੇ ਨਾਲ ਨਾਲ ਹੀ ਵੱਖ-ਵੱਖ ਇਲਾਕਿਆਂ ’ਚੋਂ ਵਾਹਨ ਚੋਰੀ ਕੀਤੇ ਸਨ।