ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਪਰੈਲ
ਸਨਅਤੀ ਸ਼ਹਿਰ ਦੀ ਨਗਰ ਨਿਗਮ ਨੇ ਅੱਜ ਮਾਡਲ ਗ੍ਰਾਮ ਤੇ ਜਵਾਹਰ ਕੈਂਪ ਨੇੜੇ ਸਵੇਰੇ ਸਵੇਰੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਮਾਡਲ ਗ੍ਰਾਮ ’ਚ ਕਬਜ਼ਾਧਾਰੀਆਂ ਨੇ ਰੇਲਵੇ ਲਾਈਨ ਦੇ ਨਾਲ ਲੱਗਦੀ ਨਿਗਮ ਦੀ ਜ਼ਮੀਨ (ਜੋ ਕਿ ਗਰੀਨ ਬੈਲਟ ਅਧੀਨ ਆਉਂਦੀ ਹੈ) ਨੂੰ ਢਹਿ-ਢੇਰੀ ਕਰ ਦਿੱਤਾ। ਨਿਗਮ ਕਈ ਵਾਰ ਇਨ੍ਹਾਂ ਕਬਜ਼ਾਧਾਰੀਆਂ ਨੂੰ ਨੋਟਿਸ ਜਾਰੀ ਕਰ ਚੁੱਕਿਆ ਸੀ, ਇਸ ਦੇ ਬਾਵਜੂਦ ਲੋਕਾਂ ਨੇ ਕਬਜ਼ੇ ਖਾਲੀ ਨਹੀਂ ਕੀਤੇ ਸਨ। ਬੁੱਧਵਾਰ ਦੀ ਸਵੇਰੇ ਨਿਗਮ ਜ਼ੋਨ-ਡੀ ਦੀ ਬਿਲਡਿੰਗ ਬਰਾਂਚ ਨੇ ਐੱਮਟੀਪੀ ਸੁਰਿੰਦਰ ਸਿੰਘ ਬਿੰਦਰਾ ਦੀ ਅਗਵਾਈ ਵਿਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਨਿਗਮ ਨੇ ਇੱਥੇ ਕਰੀਬ ਪੱਕੇ ਤੌਰ ’ਤੇ ਬਣੇ ਕਬਜ਼ਿਆਂ ’ਤੇ ਪੀਲਾ ਪੰਜਾ ਚਲਾਇਆ। ਕਬਜ਼ਾਧਾਰੀਆਂ ਨੇ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ ਪਰ ਨਿਗਮ ਅਫ਼ਸਰਾਂ ਨੇ ਕਿਸੇ ਦੀ ਇੱਕ ਨਾ ਸੁਣੀ। ਲੋਕਾਂ ਦਾ ਕਹਿਣਾ ਹੈ ਕਿ ਉਹ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਤੇ ਨਿਗਮ ਨੇ ਸਵੇਰੇ ਆ ਕੇ ਉਨ੍ਹਾਂ ਦੇ ਘਰ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਕੋਈ ਵੀ ਨੋਟਿਸ ਵੀ ਜਾਰੀ ਨਹੀਂ ਕੀਤਾ ਗਿਆ। ਜਦਕਿ ਨਗਰ ਨਿਗਮ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਕਬਜ਼ਾਧਾਰਕਾਂ ਨੇ ਕੋਈ ਜਵਾਬ ਨਹੀਂ ਦਿੱਤਾ। ਪਹਿਲਾਂ ਕਬਜ਼ਾਧਾਰਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣਾ ਸਾਮਾਨ ਚੁੱਕ ਲੈਣ।