ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਪਰੈਲ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡ੍ਰੀਮ ਪ੍ਰਾਜੈਕਟਾਂ ਵਿੱਚੋਂ ਇੱਕ ਸਿੱਧਵਾਂ ਨਹਿਰ ’ਤੇ ਬਣੇ ਵਾਟਰ ਫਰੰਟ ਪ੍ਰਾਜੈਕਟ ਫੇਜ਼-1 ’ਤੇ ਕਾਰਵਾਈ ਕਰਦੇ ਹੋਏ ਜੰਗਲਾਤ ਮਹਿਕਮੇ ਨੇ ਪੀਲਾ ਪੰਜਾ ਚਲਾ ਦਿੱਤਾ। ਜੰਗਲਾਤ ਵਿਭਾਗ ਨੇ ਇੱਥੇ ਲੱਗੇ ਦਰੱਖ਼ਤਾਂ ਦੇ ਆਲੇ-ਦੁਆਲੇ ਲਗਾਈਆਂ ਗਈਆਂ ਟਾਈਲਾਂ ਨੂੰ ਜੇਸੀਬੀ ਮਸ਼ੀਨ ਦੇ ਨਾਲ ਢਹਿ-ਢੇਰੀ ਕਰ ਦਿੱਤਾ। ਇਸਦੇ ਪਿੱਛੇ ਕਾਰਨ ਐੱਨਜੀਟੀ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਨੂੰ ਦੱਸਿਆ ਜਾ ਰਿਹਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਸਾਢੇ ਤਿੰਨ ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਕਰਕੇ ਇਸ ਨੂੰ ਲੋਕਾਂ ਲਈ ਸੈਰ ਕਰਨ ਲਈ ਬਣਾਇਆ ਗਿਆ ਸੀ। ਜੰਗਲਾਤ ਵਿਭਾਗ ਦੀ ਕਾਰਵਾਈ ਤੋਂ ਬਾਅਦ ਅੱਜ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਤੇ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ ਅਧਿਕਾਰੀਆਂ ਦੇ ਨਾਲ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਰੋਸ ਜ਼ਾਹਿਰ ਕੀਤਾ ਕਿ ਜੰਗਲਾਤ ਵਿਭਾਗ ਵੱਲੋਂ ਗਲਤ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ। ਇਸ ਕਰਕੇ ਨਗਰ ਨਿਗਮ ਦਾ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਜੰਗਲਾਤ ਵਿਭਾਗ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦਰੱਖ਼ਤਾਂ ਦੇ ਨਾਲ ਕੰਕਰੀਟ ਦੀਆਂ ਟਾਈਲਾਂ ਲਗਾਉਣ ਦੀ ਮਨਾਹੀ ਹੈ, ਜਿਸ ਕਰਕੇ ਇਹ ਕਾਰਵਾਈ ਕੀਤੀ ਗਈ।