ਗਗਨਦੀਪ ਅਰੋੜਾ
ਲੁਧਿਆਣਾ, 9 ਜੁਲਾਈ
ਗਰਮੀ ਤੋਂ ਪ੍ਰੇਸ਼ਾਨ ਸਮਾਰਟ ਸਿਟੀ ਦੇ ਲੋਕਾਂ ਦੇ ਲਈ ਮੀਂਹ ਗਰਮੀ ਤੋਂ ਤਾਂ ਰਾਹਤ ਲੈ ਕੇ ਆਇਆ ਪਰ ਪੂਰਾ ਦਿਨ ਵਰ੍ਹਦਾ ਰਿਹਾ ਮੀਂਹ ਲੋਕਾਂ ਲਈ ਮੁਸੀਬਤ ਵੀ ਬਣ ਗਿਆ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੜਕਾਂ ’ਤੇ ਪਾਣੀ ਖੜ੍ਹ ਗਿਆ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ’ਚ ਕਾਫ਼ੀ ਪ੍ਰੇਸ਼ਾਨੀ ਹੋਈ। ਸਵੇਰ ਤੋਂ ਸ਼ੁਰੂ ਹੋਏ ਮੀਂਹ ਕਾਰਨ ਪਹਿਲਾਂ ਤਾਂ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਮੀਂਹ ਦੇ ਅੱਗੇ ਨਗਰ ਨਿਗਮ ਦੇ ਪਾਣੀ ਨਿਕਾਸੀ ਦੇ ਸਾਰੇ ਪ੍ਰਬੰਧ ਫੇਲ੍ਹ ਸਾਬਤ ਹੋਏ। ਕੁਝ ਘੰਟਿਆਂ ਦੇ ਮੀਂਹ ’ਚ ਹੀ ਸ਼ਹਿਰ ਦੀਆਂ ਸੜਕਾਂ ’ਤੇ ਕਾਫ਼ੀ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਖੱਜਲ ਖੁਆਰੀ ਹੋਈ ਤੇ ਸੜਕਾਂ ’ਤੇ ਜਾਮ ਲੱਗ ਗਿਆ। ਉਧਰ ਮੌਸਮ ਵਿਭਾਗ ਅਨੁਸਾਰ ਹਾਲੇ 24 ਘੰਟੇ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦੇ ਕਾਰਨ ਤਾਪਮਾਨ ’ਚ ਵੀ ਗਿਰਾਵਟ ਆਈ ਹੈ।
ਇਨ੍ਹਾਂ ਇਲਾਕਿਆਂ ਦਾ ਜ਼ਿਆਦਾ ਬੁਰਾ ਹਾਲ
ਮੌਸਮ ਠੰਢਾ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਜ਼ਿਆਦਾ ਪ੍ਰੇਸ਼ਾਨੀ ਵਿਜੈ ਨਗਰ, ਜਨਕਪੁਰੀ, ਟਰਾਂਸਪੋਰਟ ਨਗਰ, ਪੁਰਾਣੀ ਜੀਟੀ ਰੋਡ, ਰਾਹੋ ਰੋਡ, ਬਸਤੀ ਜੋਧੇਵਾਲ, ਹੈਬੋਵਾਲ, ਸਰਦਾਰ ਨਗਰ, ਬਾਜਵਾ ਨਗਰ, ਗੁਰਦੇਵ ਨਗਰ, ਦੀਪਕ ਹਸਪਤਾਲ ਵਾਲਾ ਸਰਾਭਾ ਨਗਰ ਰੋਡ, ਕਿਚਲੂ ਨਗਰ, ਜੱਸੀਆ ਰੋਡ, ਜਵਾਲਾ ਸਿੰਘ ਚੌਕ, ਚੂਹੜਪੁਰ ਰੋਡ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਥਾਣਾ ਡਿਵੀਜ਼ਨ ਨੰ. 8 ਦੇ ਇਲਾਕੇ, ਬਾਲ ਸਿੰਘ ਨਗਰ, ਸੁੰਦਰ ਨਗਰ, ਮਾਧੋਪੁਰੀ, ਗਊਸ਼ਾਲਾ ਰੋਡ, ਕਿਦਵਈ ਨਗਰ ਇਲਾਕਿਆਂ ’ਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਢੋਲੇਵਾਲ ਤੇ ਗਿੱਲ ਰੋਡ ’ਤੇ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਖੜ੍ਹ ਗਿਆ। ਮੀਂਹ ਕਾਰਨ ਕਈ ਇਲਾਕਿਆਂ ’ਚ ਬਿਜਲੀ ਵੀ ਬੰਦ ਰਹੀ।
ਮਾੜੇ ਪ੍ਰਬੰਧਾਂ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਕੱਢੀ ਭੜਾਸ
ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਸਿਰਫ਼ ਨਾਮ ਦਾ ਸਮਾਰਟ ਹੈ। ਨਿਗਮ ਅਧਿਕਾਰੀ ਜਾਂ ਮੇਅਰ ਕੋਈ ਸੜਕ ’ਤੇ ਆ ਕੇ ਮੀਂਹ ਕਾਰਨ ਵਿਗੜੇ ਹਾਲਾਤਾਂ ਨੂੰ ਦੇਖਣ ਜਾਂ ਸਮਝਣ ਦੀ ਲੋੜ ਮਹਿਸੂਸ ਨਹੀਂ ਕਰਦਾ। ਜੇਕਰ ਇਹ ਅਧਿਕਾਰੀ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਤਾਂ ਲੁਧਿਆਣਾ ਸ਼ਹਿਰ ਸਿਰਫ਼ ਨਾਮ ਦਾ ਸਮਾਰਟ ਨਾ ਹੁੰਦਾ। ਮੀਂਹ ਤੋਂ ਪਹਿਲਾਂ ਸਿਰਫ਼ ਖਾਨਾਪੂਰਤੀ ਲਈ ਨਿਗਮ ਅਧਿਕਾਰੀ ਮੀਟਿੰਗਾਂ ਕਰਦੇ ਹਨ ਪਰ ਜ਼ਮੀਨੀ ਪੱਧਰ ਨਾਲ ਇਨ੍ਹਾਂ ਮੀਟਿੰਗਾਂ ਦਾ ਕੋਈ ਲੈਣ-ਦੇਣ ਨਹੀਂ ਹੁੰਦਾ।