ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਨਵੰਬਰ
ਇੱਥੇ ਮੁੱਖ ਤਹਿਸੀਲ ਚੌਕ ਵਿਚੋਂ ਲੰਘਦੇ ਪੁਲ ਦੇ ਦੋਵੇਂ ਪਾਸੇ ਸਰਵਿਸ ਮਾਰਗ ਦੀ ਹਾਲਤ ਤਰਸਯੋਗ ਹੈ। ਪੁਲ ਦੇ ਇੱਕ ਪਾਸੇ ਅਦਾਲਤਾਂ ਤੇ ਸਿਵਲ ਪ੍ਰਸ਼ਾਸਨ ਦੇ ਦਫ਼ਤਰ ਹਨ ਜਦੋਂਕਿ ਦੂਜੇ ਪਾਸੇ ਮੁੱਖ ਬੱਸ ਅੱਡ, ਸਿਵਲ ਹਸਪਤਾਲ ਤੇ ਸੀਆਈਏ ਸਟਾਫ ਹੈ। ਪੰਜਾਬੀ ਟ੍ਰਿਬਿਊਨ ਨੇ 29 ਅਕਤੂਬਰ ਨੂੰ ਇਸ ਸਬੰਧੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਸੀ। ਨਿਯਮਾਂ ਮੁਤਾਬਕ ਟੌਲ ਵਸੂਲਣ ਵਾਲੀ ਕੰਪਨੀ ਨੇ ਹੀ ਪੁਲ ਦੇ ਦੋਵੇਂ ਪਾਸੇ ਇਹ ਸਰਵਿਸ ਮਾਰਗ ਬਣਾਉਣੇ ਹੁੰਦੇ ਹਨ। ਪਰ ਲੰਬੇ ਸਮੇਂ ਤੋਂ ਪੁਲਾਂ ਦੇ ਦੋਵੇਂ ਪਾਸੇ ਦੇ ਸਰਵਿਸ ਮਾਰਗ ਬੁਰੀ ਤਰ੍ਹਾਂ ਟੁੱਟੇ ਹੋਏ ਹਨ। ਮੀਂਹ ਪੈਣ ’ਤੇ ਸੜਕਾਂ ਵਿਚਲੇ ਖੱਡੇ ਪਾਣੀ ਤੇ ਚਿੱਕੜ ਨਾਲ ਭਰਨ ਕਰ ਕੇ ਰਾਹਗੀਰਾਂ ਲਈ ਸਮੱਸਿਆਵਾਂ ਪੈਦਾ ਕਰਦੇ ਹਨ। ਐੱਨਐੱਚਏਆਈ ਅਤੇ ਪੁਲ ਬਣਾਉਣ ਵਾਲੀ ਕੰਪਨੀ ਨੂੰ ਜਥੇਬੰਦੀਆਂ ਦੇ ਵਫ਼ਦ ਮਿਲ ਕੇ ਸੜਕਾਂ ਬਣਾਉਣ ਦੀ ਮੰਗ ਕਰ ਚੁੱਕੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕਚਹਿਰੀਆਂ ਮੂਹਰਲੀ ਬਦਤਰ ਹਾਲਤ ਸੜਕ ਤੋਂ ਟੌਲ ਵਸੂਲਣ ਵਾਲੀ ਕੰਪਨੀ ਨੂੰ ਇਕ ਤੋਂ ਵੱਧ ਵਾਰ ਜਾਣੂ ਹੀ ਨਹੀਂ ਕਰਵਾਇਆ ਸਗੋਂ ਮੌਕਾ ਵੀ ਦਿਖਾਇਆ। ਇਸ ਦੇ ਬਾਵਜੂਦ ਟੌਲ ਕੰਪਨੀ ਚੌਕੀਮਾਨ ਨੇੜੇ ਟੌਲ ਪਲਾਜ਼ੇ ’ਤੇ ਵਸੂਲੀ ਤਾਂ ਨਿਰੰਤਰ ਕਰ ਰਹੀ ਹੈ ਪਰ ਇਸ ਸਮੱਸਿਆ ਦੇ ਹੱਲ ਵੱਲ ਧਿਆਨ ਨਹੀਂ ਸੀ ਦੇ ਰਹੀ।
ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਉਦਘਾਟਨ ਲਈ ਪੁੱਜਣਾ ਸੀ ਤਾਂ ਉਸ ਤੋਂ ਪਹਿਲਾਂ ਰਾਤੋ-ਰਾਤ ਸੜਕ ਦੇ ਖੱਡੇ ਪ੍ਰੀਮਿਕਸ ਪਾ ਕੇ ਭਰ ਦਿੱਤੇ ਗਏ। ਜਿੱਥੇ ਸੜਕ ਬੁਰੀ ਤਰ੍ਹਾਂ ਟੁੱਟੀ ਸੀ ਉਥੇ ਵੀ ਪ੍ਰੀਮਿਕਸ ਪਾ ਦਿੱਤਾ ਗਿਆ। ਇਸ ਦਾ ਪਤਾ ਲੋਕਾਂ ਨੂੰ ਸਵੇਰੇ ਹੀ ਉਥੋਂ ਲੰਘਣ ’ਤੇ ਲੱਗਾ ਤਾਂ ਉਹ ਹੈਰਾਨ ਹੋਏ। ਲੋਕਾਂ ਵਿੱਚ ਇਹ ਚਰਚਾ ਹੁੰਦੀ ਰਹੀ ਕਿ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਜਲਦੀ ਜਲਦੀ ਗੇੜਾ ਮਾਰਦੇ ਰਹਿਣ ਤਾਂ ਸੜਕਾਂ ’ਤੇ ਸਫ਼ਾਈ ਦੀ ਦੁਰਦਸ਼ਾ ਨਾ ਹੋਵੇ।