ਜਸਬੀਰ ਸ਼ੇਤਰਾ
ਜਗਰਾਉਂ, 18 ਮਈ
ਚੌਕੀਮਾਨ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਧਰਨੇ ’ਚ ਅੱਜ ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ ਅਤੇ ਜ਼ਮੀਨ ਲੁਟਾਉਣੀ ਬੰਦ ਕਰੋ ਦੇ ਨਾਅਰੇ ਗੂੰਜੇ। ਆਗੂਆਂ ਨੇ ਇਸ ਸਮੇਂ ਕਿਸਾਨਾਂ ਨੂੰ ਭਾਜਪਾ ਅਤੇ ਕਾਰੋਪੋਰੇਟ ਘਰਾਣਿਆਂ ਖ਼ਿਲਾਫ਼ ਇੱਕਜੁਟ ਹੋਣ ਦਾ ਸੱਦਾ ਦਿੱਤਾ। ਇਕਤੱਰਤਾ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਚਮਕੌਰ ਸਿੰਘ ਬਰਮੀ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਤੇਜਾ ਸਿੰਘ ਪੱਬੀਆਂ, ਹਰਦੇਵ ਸਿੰਘ, ਰਣਜੀਤ ਸਿੰਘ ਗੁੜੇ, ਅਧਿਆਪਕ ਆਗੂ ਆਤਮਾ ਸਿੰਘ ਬੋਪਾਰਾਏ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸਤਨਾਮ ਸਿੰਘ ਮੋਰਕਰੀਮਾਂ, ਬਲਵੰਤ ਸਿੰਘ ਤਲਵੰਡੀ ਆਦਿ ਨੇ ਕਿਹਾ ਕਿ ਲੋਕ ਜੇਕਰ ਹੁਣ ਵੀ ਨਾ ਜਾਗੇ ਅਤੇ ਪੂੰਜੀਪਤੀਆਂ ਖ਼ਿਲਾਫ਼ ਨਾ ਡਟੇ ਤਾਂ ਦੇਸ਼ ਨੂੰ ਲੁਟਾਉਣ ’ਤੇ ਉਤਾਰੂ ਹਾਕਮ ਦੇਸ਼ ਦਾ ਸਾਰਾ ਸਰਮਾਇਆ ਅਤੇ ਕੁਦਰਤੀ ਸਰੋਤ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾ ਦੇਣਗੇ। ਉਨ੍ਹਾਂ ਕਿਹਾ ਕਿ ਹਾਕਮਾਂ ਤੋਂ ਹੁਣ ਲੋਕਾਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਅਤੇ ਆਪਣਾ ਭਵਿੱਖ ਬਚਾਉਣ ਲਈ ਖੁਦ ਹੀ ਲੜਨਾ ਪੈਣਾ ਹੈ। ਉਨ੍ਹਾਂ ਨੇ ਦੇਸ਼ ਦਾ ਜਲ, ਜੰਗਲ ਅਤੇ ਜ਼ਮੀਨ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਨਿਰਮਲ ਸਿੰਘ ਹਾਂਸ, ਗੁਰਚਰਨ ਸਿੰਘ ਮਾਨ, ਬਲਦੇਵ ਸਿੰਘ ਹਾਂਸ, ਜਸਵੰਤ ਸਿੰਘ ਮਾਨ, ਜਰਨੈਲ ਸਿੰਘ ਗੁੜੇ ਆਦਿ ਹਾਜ਼ਰ ਸਨ।