ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਜੁਲਾਈ
ਦਿ ਇਕੋਲਾਹਾ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਇਕੋਲਾਹਾ ਦੀ ਪ੍ਰਬੰਧਕੀ ਕਮੇਟੀ ’ਤੇ ਆਮ ਆਦਮੀ ਪਾਰਟੀ ਕਾਬਜ਼ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਸਭਾ ਦੀ 11 ਮੈਂਬਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਵਿੱਚ ਪੰਜ ਪਿੰਡਾਂ ਇਕੋਲਾਹਾ, ਰਸੂਲੜਾ, ਮਾਜਰੀ, ਕੋਟਲਾ ਢੱਕ ਤੇ ਬੀਜਾਪੁਰ ਕੋਠੇ ਨਾਲ ਸਬੰਧਤ ਮੈਂਬਰ ਸਨ। ਸਹਿਕਾਰੀ ਸਭਾ ਵਿੱਚ ਕਾਂਗਰਸ ਤੇ ‘ਆਪ’ ਦੇ ਤਿੰਨ ਤਿੰਨ ਅਤੇ ਅਕਾਲੀ ਦਲ ਦੇ ਪੰਜ ਮੈਂਬਰ ਹੋਣ ਦਾ ਦਾਅਵਾ ਹੈ। ਅਹੁਦੇਦਾਰਾਂ ਦੀ ਹੋਈ ਚੋਣ ਵਿਚ ‘ਆਪ’ ਦੇ ਹਰਪ੍ਰੀਤ ਸਿੰਘ ਡੀਸੀ ਇਕੋਲਾਹਾ ਪ੍ਰਧਾਨ, ਗੁਰਲਬਿਾਸ ਕੌਰ ਰਸੂਲੜਾ ਸੀਨੀਅਰ ਮੀਤ ਪ੍ਰਧਾਨ, ਸੁਖਵੀਰ ਸਿੰਘ ਕੋਟਲਾ ਢੱਕ ਮੀਤ ਪ੍ਰਧਾਨ, ਜਗਵੰਤ ਸਿੰਘ ਇਕੋਲਾਹਾ, ਕੁਲਦੀਪ ਸਿੰਘ ਰਸੂਲੜਾ, ਬਲਵਿੰਦਰ ਸਿੰਘ ਮਾਜਰੀ ਕਮੇਟੀ ਮੈਂਬਰ ਚੁਣੇ ਗਏ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਭਾ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਸਭਾ ਨਾਲ ਜੁੜੇ ਮੈਬਰਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ।