ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਸਤੰਬਰ
ਡਾਬਾ ਰੋਡ ਦੇ ਨਿਰਮਲ ਪੈਲੇਸ ਕੋਲ ਨੌਜਵਾਨਾਂ ਨੇ ਕਰੇਟਾ ਕਾਰ ’ਚ ਸਵਾਰ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਤੇ ਉਸ ਤੋਂ 35 ਹਜ਼ਾਰ ਕੈਸ਼ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਸ਼ਿਮਲਾਪੁਰੀ ਵਾਸੀ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਰੇਟਾ ਕਾਰ ’ਚ ਦੋਸਤ ਨਾਲ ਮੁਹਾਲੀ ਤੋਂ ਵਾਪਸ ਲੁਧਿਆਣਾ ਆਇਆ ਸੀ। ਜਿਵੇਂ ਹੀ ਉਹ ਨਿਰਮਲ ਪੈਲੇਸ ਨੇੜੇ ਪੁੱਜਿਆ ਤਾਂ ਉਥੇਂ ਮੌਜੂਦ ਜੇਸੀਬੀ ਚਾਲਕ ਨੇ ਕਾਰ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ। ਜਦੋਂ ਉਹ ਥੱਲੇ ਉਤਰ ਕੇ ਆਪਣੇ ਦੋਸਤ ਨੂੰ ਕਾਰ ਅੱਗੇ ਲਿਜਾਣ ਦਾ ਕਹਿ ਕੇ ਜੇਸੀਬੀ ਚਾਲਕ ਨਾਲ ਗੱਲਬਾਤ ਕਰਨ ਲੱਗਿਆ ਤਾਂ ਇਸ ਦੌਰਾਨ ਜੇਸੀਬੀ ਚਾਲਕ ਨਾਲ ਉਸ ਦੀ ਬਹਿਸ ਸ਼ੁਰੂ ਹੋ ਗਈ। ਉਸੇ ਜਗ੍ਹਾ ’ਤੇ ਕੁਝ ਪਲਾਂ ’ਚ ਅੱਧਾ ਦਰਜਨ ਦੇ ਕਰੀਬ ਨੌਜਵਾਨ ਆਏ ਅਤੇ ਉਸ ਨਾਲ ਹੱਥੋਪਾਈ ਕਰਦੇ ਹੋਏ ਕੱਪੜੇ ਪਾੜ ਦਿੱਤੇ। ਉਨ੍ਹਾਂ ਨੇ ਕੁੱਟਮਾਰ ਕੀਤੀ ਤੇ ਜੇਬ੍ਹ ’ਚੋਂ ਲਗਭਗ 35 ਹਜ਼ਾਰ ਦੀ ਨਗਦੀ ਕੱਢ ਕੇ ਫ਼ਰਾਰ ਹੋ ਗਏ। ਇਸ ਘਟਾਨਕ੍ਰਮ ’ਚ ਪ੍ਰਿਤਪਾਲ ਸਿੰਘ ਜ਼ਖਮੀ ਹੋ ਗਿਆ। ਐਸ.ਐਚ.ਓ. ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਆਈ ਹੈ। ਹਾਲੇ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਮਾਮੂਲੀ ਟੱਕਰ ਤੋਂ ਬਾਅਦ ਦੋਹਾਂ ਧਿਰਾਂ ’ਚ ਕੁੱਟਮਾਰ ਹੋਈ ਹੈ। ਪ੍ਰਿਤਪਾਲ ਸਿੰਘ ਨੇ ਪੈਸੇ ਲੁੱਟਣ ਦੇ ਦੋਸ਼ ਲਾਏ ਹਨ। ਬਾਕੀ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਜਾਂਚ ਤੋਂ ਬਾਅਦ ਕਾਰਵਾਈ ਕਰ ਦਿੱਤੀ ਜਾਵੇਗੀ।