ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਨਵੰਬਰ
ਭੋਲੇ ਭਾਲੇ ਤੇ ਅਨਪੜ੍ਹ ਲੋਕਾਂ ਦਾ ਆਧਾਰ ਕਾਰਡ ਹਾਸਲ ਕਰ ਜਾਅਲੀ ਬੈਂਕ ਖਾਤੇ ਖੁੱਲ੍ਹਵਾ ਕੇ 30 ਲੱਖ ਰੁਪਏ ਦੀ ਠੱਗੀ ਕਰ ਚੁੱਕੇ ਗਰੋਹ ਦੇ ਮੈਂਬਰਾਂ ਨੂੰ ਲੁਧਿਆਣਾ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਇਸ ਗਰੋਹ ਦੇ 7 ਮੈਂਬਰਾਂ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕੋਲੋ 5.45 ਲੱਖ ਰੁਪਏ ਨਗਦ, 10 ਮੋਬਾਈਲ ਫੋਨ ਤੇ ਤਿੰਨ ਕ੍ਰੈਡਿਟ ਕਾਰਡ ਸਮੇਤ 17 ਮੋਬਾਈਲ ਸਿਮ, 8 ਲੈਪਟਾਪ, ਇੱਕ ਕਲਰ ਪ੍ਰਿੰਟਰ, ਇੱਕ ਸਕੈਨਰ, 45 ਆਧਾਰ ਕਾਰਡ, 11 ਏਟੀਐਮ ਕਾਰਡ, 6 ਮੈਮਰੀ ਕਾਰਡ ਬਰਾਮਦ ਕੀਤੇ ਹਨ। ਥਾਣਾ ਸਾਹਨੇਵਾਲ ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਖਾਸ ਗੱਲ ਹੈ ਕਿ ਇਸ ਗਰੋਹ ਦਾ ਸਰਗਨਾ ਇੱਕ ਮੋਬਾਈਲ ਕੰਪਨੀ ਦੇ ਸਿਮ ਕਾਰਡ ਵੇਚਣ ਦਾ ਕੰਮ ਪਹਿਲਾ ਕਰਦਾ ਸੀ, ਜਦੋਂ ਕਿ ਇੱਕ ਮੈਂਬਰ ਕੋਰੀਅਰ ਕੰਪਨੀ ’ਚ ਬਤੌਰ ਮੁਲਾਜ਼ਮ ਕੰਮ ਕਰ ਰਿਹਾ ਸੀ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ, ਵਿਜੈ ਕੁਮਾਰ ਉਰਫ਼ ਬਿੱਟੂਸ ਆਯੂਸ਼ਮਾਨ ਉਰਫ਼ ਅੰਸ਼ੂ, ਸੁਸ਼ੀਲ ਕੁਮਾਰ ਪਟੇਲ, ਸੂਰਜ ਕੁਮਾਰ, ਸੰਜੈ ਕੁਮਾਰ, ਰੋਹਿਤ, ਰਾਮ ਨਾਰਾਇਣ ਵੱਜੋਂ ਹੋਈ ਹੈ।
ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਥਾਣਾ ਸੀਆਈਏ ਦੀ ਟੀਮ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਦਿਲਬਾਗ ਸਿੰਘ ਬਾਠ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਸਾਂਈ ਦਾਸ ਵਾਸੀ ਬੇਗੂਆਣਾ, ਅਮਰਜੀਤ ਸਿੰਘ ਵਾਸੀ ਭਾਂਮੀਆਂ ਕਲਾਂ, ਗੁਰਵਿੰਦਰ ਸਿੰਘ ਵਾਸੀ ਉਟਾਲਾਂ, ਸੰਜੇ ਸਿੰਘ ਵਾਸੀ ਦੁਰਗਾ ਮਟੋਨੀਆਂ(ਗੋਪਾਲਪੁਰ)ਬਿਹਾਰ ਅਤੇ ਗੁਰਪ੍ਰੀਤ ਸਿੰਘ ਹਨੇਰੇ ਸਵੇਰੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਲੁੱਟ-ਖੋਹ ਕਰਨ ਲਈ ਇਨ੍ਹਾਂ ਕੋਲ ਦੇਸੀ ਪਿਸਤੌਲ 32 ਬੋਰ, 25 ਬੋਰ, ਬਰਸ਼ਾ, ਲੋਹੇ ਦਾ ਦਾਹ ਦੋ ਮੈਗਜ਼ੀਨ, 11 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।