ਪੱਤਰ ਪ੍ਰੇਰਕ
ਜਗਰਾਉਂ, 6 ਅਕਤੂਬਰ
ਸੀਨੀਅਰ ਪੁਲੀਸ ਕਪਤਾਨ ਲੁਧਿਆਣਾ (ਦਿਹਾਤੀ) ਦੇ ਹੁਕਮਾਂ ’ਤੇ ਝਗੜੇ ਵਾਲੀ ਇੱਕ ਜ਼ਮੀਨ ਜਿਸਦਾ ਅਦਾਲਤ ਵਿੱਚ ਕੇਸ ਚੱਲਦਾ ਹੈ, ਦਾ ਸੌਦਾ ਕਰ ਕੇ 25 ਲੱਖ ਰੁਪਏ ਹੜੱਪਣ ਦੇ ਦੋਸ਼ ਹੇਠ ਪਾਵਰ ਆਫ਼ ਅਟਾਰਨੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਏਐੱਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਰਣਵੀਰ ਕੌਰ ਗਰੇਵਾਲ ਨੇ ਆਪਣੇ ਪਰਿਵਾਰ ਭਰਾ ਅਮਰਜੀਤ ਸਿੰਘ, ਮਾਤਾ ਸਤਵੰਤ ਕੌਰ ਅਤੇ ਭੈਣ ਅੰਮ੍ਰਿਤ ਕੌਰ ਦੀ ਸਾਂਝੇ ਖਾਤੇ ਦੀ ਪੈਲੀ ਵਿੱਚੋਂ ਪੰਜ ਕਨਾਲ ਦਾ ਸੌਦਾ ਲੁਧਿਆਣਾ ਦੇ ਵਪਾਰੀ ਯਸ਼ਪਾਲ ਪੁੱਤਰ ਹੀਰਾ ਸਿੰਘ ਨਾਲ 1.65 ਕਰੋੜ ਪ੍ਰਤੀ ਕਿੱਲਾ ਦੇ ਹਿਸਾਬ ਆਪਣੇ ਪਾਵਰ ਆਫ਼ ਅਟਾਰਨੀ ਬਲਜੀਤ ਸਿੰਘ ਸਿੰਘ ਸੇਖੋਂ ਪੁੱਤਰ ਸੋਹਣ ਸਿੰਘ ਵਾਸੀ ਈਸੇਵਾਲ ਰਾਹੀਂ ਕੀਤਾ।
ਸੌਦਾ ਕਰਨ ਸਮੇਂ ਬਤੌਰ ਬਿਆਨਾ ਬਲਜੀਤ ਸਿੰਘ ਸੇਖੋਂ ਨੇ 25 ਲੱਖ ਰੁਪਏ ਵਸੂਲੇ ਸਨ ਪਰ ਤ੍ਰਾਸਦੀ ਇਹ ਰਹੀ ਕਿ ਰਣਵੀਰ ਕੌਰ ਗਰੇਵਾਲ ਦੇ ਹਿੱਸੇ ਦੀ ਜ਼ਮੀਨ ਵਾਲੇ ਸਾਰੇ ਰਕਬੇ ਦਾ ਕੇਸ ਅਦਾਲਤ ’ਚ ਚੱਲਦਾ ਸੀ ਜਿਸ ਬਾਰੇ ਬਲਜੀਤ ਸਿੰਘ ਸੇਖੋਂ ਨੂੰ ਪਤਾ ਸੀ ਫਿਰ ਵੀ ਉਸਨੇ ਯਸ਼ਪਾਲ ਨਾਲ 25 ਲੱਖ ਰੁਪਏ ਦੀ ਠੱਗੀ ਮਾਰੀ। ਇਸ ਦਾ ਖੁਲਾਸਾ ਹੋਣ ’ਤੇ ਧੋਖਾਧੜੀ ’ਚ ਬਲਜੀਤ ਸਿੰਘ ਸੇਖੋਂ ਦੀ ਸ਼ਮੂਲੀਅਤ ਮਿਲਣ ’ਤੇ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏਐੱਸਆਈ ਨਰਿੰਦਰ ਕੁਮਾਰ ਨੇ ਆਖਿਆ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।