ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਮਈ
ਪਿੰਡ ਗੁੱਜਰਵਾਲ ਦੇ ਪਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਵੱਲੋਂ ਕਰੀਬ 100 ਸਾਲ ਪੁਰਾਣੇ ਹਸਪਤਾਲ ਨੂੰ ਮੁਰੰਮਤ ਕਰਕੇ ਅਪਗ੍ਰੇਡ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਹਸਪਤਾਲ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਭਰੋਸਾ ਦਿੱਤਾ ਕਿ ਜਲਦ ਹੀ ਸਟਾਫ਼ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ ਅਤੇ ਹਸਪਤਾਲ 24 ਘੰਟੇ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣੀ ਸ਼ੁਰੂ ਕਰ ਦੇਵੇਗਾ। ਉਨ੍ਹਾਂ ਹਸਪਤਾਲ ਦਾ ਨਾਮਕਰਨ ਡਾਕਟਰ ਅਜੈਬ ਸਿੰਘ ਮੈਮੋਰੀਅਲ ਸਰਕਾਰੀ ਹਸਪਤਾਲ ਵਜੋਂ ਕੀਤਾ। ਪਰਵਾਸੀ ਭਾਰਤੀ ਕੁਲਦੀਪ ਸਿੰਘ ਗਰੇਵਾਲ, ਹਰਦੀਪ ਸਿੰਘ ਨੰਬਰਦਾਰ, ਕੈਪਟਨ ਕੁਲਦੀਪ ਸਿੰਘ ਗਰੇਵਾਲ, ਚਰਨਜੀਤ ਸਿੰਘ ਗਰੇਵਾਲ, ਮਾਸਟਰ ਸੁਖਪਾਲ ਸਿੰਘ ਗਰੇਵਾਲ ਵੱਲੋਂ ਨਿੱਜੀ ਤੌਰ ‘ਤੇ ਲੱਖਾਂ ਰੁਪਏ ਖ਼ਰਚ ਕਰ ਕੇ ਬਿਲਡਿੰਗ ਨੂੰ ਨਵਾਂ ਰੂਪ ਦਿੱਤਾ ਹੈ ਅਤੇ ਹਸਪਤਾਲ ਲਈ ਲੋੜੀਂਦਾ ਸਮਾਨ ਦਵਾਈਆਂ, ਬੈਂਡ, ਫ਼ਰਨੀਚਰ ਆਦਿ ਖ਼ਰੀਦ ਕਿ ਦਿੱਤਾ ਹੈ। ਨਗਰ ਨਿਵਾਸੀਆਂ ਨੇ ਹਸਪਤਾਲ ਵਿੱਚ ਡਾਕਟਰ ਅਤੇ ਸਹਾਇਕ ਸਟਾਫ਼ ਚੌਵੀ ਘੰਟੇ ਹਾਜ਼ਰੀ ਅਤੇ ਮੁਫ਼ਤ ਟੈਸਟ ਕਰਨ ਦੀ ਮੰਗ ਕੀਤੀ। ਵਿਧਾਇਕ ਉੱਗੋਕੇ ਨੇ ਪਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਵੱਲੋਂ ਹਸਪਤਾਲ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ।
ਪੋਹੀੜ ਪੇਂਡੂ ਸਿਹਤ ਕੇਂਦਰ ਵਿੱਚ ਓਪੀਡੀ ਸ਼ੁਰੂ
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵੱਲੋਂ ਪਿੰਡ ਪੋਹੀੜ ਸਥਿਤ ਆਪਣੇ ਪੇਂਡੂ ਸਿਹਤ ਕੇਂਦਰ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰਾਂ ਦੀ ਓਪੀਡੀ ਸ਼ੁਰੂ ਕੀਤੀ ਗਈ ਹੈ। ਸੋਸ਼ਲ ਐਂਡ ਪ੍ਰੀਵੈਂਟਿਵ ਮੈਡੀਸਨ ਵਿਭਾਗ ਦੇ ਮੁਖੀ ਡਾ ਅਨੁਰਾਗ ਚੌਧਰੀ ਨੇ ਦਾਅਵਾ ਕੀਤਾ ਕਿ ਪੋਹੀੜ ਵਿਖੇ ਪੇਂਡੂ ਸਿਹਤ ਕੇਂਦਰ ਵਿੱਚ ਦਿਲ ਦੇ ਰੋਗ, ਮੈਡੀਸਨ, ਦਿਮਾਗੀ ਬਿਮਾਰੀਆਂ, ਸ਼ੂਗਰ ਰੋਗ, ਗੁਰਦਾ ਰੋਗ, ਪੇਟ ਦੇ ਰੋਗ ਤੇ ਕੰਨ, ਨੱਕ ਤੇ ਗਲਾ ਆਦਿ ਰੋਗਾਂ ਦੇ ਮਾਹਿਰ ਵੀ ਓਪੀਡੀ ਲਿਆ ਕਰਨਗੇ।