ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਗਸਤ
ਸਨਅਤੀ ਸ਼ਹਿਰ ’ਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਸਮੇਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ। ਲੁਟੇਰਿਆਂ ਨੇ ਸਨਅਤੀ ਸ਼ਹਿਰ ਦੇ ਜੁੱਤਾ ਵਪਾਰੀ ਦੇ ਕਰਿੰਦੇ ਤੋਂ ਦੇਰ ਰਾਤ ਨੂੰ ਐਕਟਿਵਾ ਲੁੱਟੀ ਤੇ ਉਸੇ ਐਕਟਿਵਾ ਦੀ ਡਿੱਗੀ ’ਚ ਕਰੀਬ ਸਾਢੇ 12 ਲੱਖ ਰੁਪਏ ਦਾ ਕੈਸ਼ ਸੀ। ਦੇਰ ਰਾਤ ਨੂੰ ਹੋਈ ਵਾਰਦਾਤ ਤੋਂ ਬਾਅਦ ਪੁਲੀਸ ਨੇ ਇਲਾਕੇ ’ਚ ਨਾਕਾਬੰਦੀ ਕਰਵਾਈ ਗਈ, ਪਰ ਲੁਟੇਰਿਆਂ ਦਾ ਕੁਝ ਪਤਾ ਨਹੀਂ ਲੱਗਿਆ।
ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਅਤੇ ਥਾਣਾ ਦਰੇਸੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜੁੱਤਾ ਵਪਾਰੀ ਆਸ਼ੀਸ਼ ਦੇ ਕੋਲ ਕੰਮ ਕਰਨ ਵਾਲੇ ਸੁਖਵਿੰਦਰ ਦੀ ਸ਼ਿਕਾਇਤ ’ਤੇ ਜਾਂਚ ਆਰੰਭ ਦਿੱਤੀ ਹੈ। ਥਾਣਾ ਦਰੇਸੀ ਦੇ ਐੱਸਐੱਚਓ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਪੁਲੀਸ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਮਾਲਕ ਆਸ਼ੀਸ਼ ਨੂੰ ਕਿਚਲੂ ਨਗਰ ਉਨ੍ਹਾਂ ਦੇ ਘਰ ਛੱਡ ਕੇ ਵਾਪਸ ਆ ਰਿਹਾ ਸੀ। ਉਸ ਨੇ ਰਸਤੇ ’ਚ 2 ਲੋਕਾਂ ਨੂੰ ਕਰੀਬ 12 ਲੱਖ ਰੁਪਏ ਦੀ ਪੇਮੈਂਟ ਦੇਣੀ ਸੀ ਅਤੇ ਉਹ ਪੈਸੇ ਬੈਂਕ ’ਚ ਜਮ੍ਹਾਂ ਕਰਵਾਉਣਗੇ ਸਨ, ਪਰ ਜਦੋਂ ਉਹ ਐਕਟਿਵਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ’ਚ ਕਾਰਾਬਾਰਾ ਚੌਕ ਕੋਲ ਚਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕਰ ਉਸ ਦੇ ਕਬਜ਼ੇ ’ਚੋਂ ਐਕਟਿਵਾ ਲੁੱਟ ਲਈ।
ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਲੁੱਟ ਵਾਲੀ ਥਾਂ ’ਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ, ਜੇਕਰ ਕੋਈ ਸਬੂਤ ਮਿਲਿਆ ਤਾਂ ਅੱਗੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਬਾਕੀ ਸੁਖਵਿੰਦਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਸ ਦੇ ਫੋਨ ਕਾਲ ਵੀ ਚੈੱਕ ਕੀਤੇ ਜਾ ਰਹੇ ਹਨ।