ਜੇਰੋਮ ਕੇ. ਜੇਰੋਮ
ਤੁਸੀਂ ਪੂਰੀ ਜ਼ਿੰਦਗੀ ’ਚ ਸਾਰੇ ਘਰ ’ਚ ਐਨੀ ਖਲਬਲੀ ਮਚਦੀ ਕਦੀ ਨਹੀਂ ਦੇਖੀ ਹੋਵੇਗੀ ਜਿੰਨੀ ਉਦੋਂ ਮਚਦੀ ਐ ਜਦ ਮੇਰਾ ਚਾਚਾ ਪੋਜਰ ਕੋਈ ਕੰਮ ਕਰ ਰਿਹਾ ਹੁੰਦੈ। ਫੋਟੋ ਜੜਨ ਵਾਲੇ ਤੋਂ ਕੰਧ ਉੱਪਰ ਟੰਗਣ ਲਈ ਇਕ ਫੋਟੋ ਆਈ ਹੋਊ ਤੇ ਖਾਣੇ ਵਾਲੇ ਕਮਰੇ ’ਚ ਪਈ ਹੋਊ। ਚਾਚੀ ਪੋਜਰ ਪੁੱਛੂ ਕਿ ਇਸ ਫੋਟੋ ਦਾ ਕੀ ਕਰਨੈ? ਚਾਚਾ ਪੋਜਰ ਦਾ ਜਵਾਬ ਹੁੰਦਾ: ‘ਇਸ ਨੂੰ ਮੇਰੇ ’ਤੇ ਛੱਡ ਦਿਉ। ਤੁਹਾਡੇ ’ਚੋਂ ਕੋਈ ਜਣਾ ਵੀ ਇਸ ਦਾ ਫ਼ਿਕਰ ਨਾ ਕਰੋ। ਮੈਂ ਸਭ ਆਪੇ ਕਰ ਲਊਂ।’
ਫਿਰ ਉਹ ਆਪਣਾ ਕੋਟ ਉਤਾਰ ਕੇ ਕੰਮ ਸ਼ੁਰੂ ਕਰ ਦਿੰਦਾ। ਉਹ ਲੜਕੀ ਨੂੰ ਛੇ ਪੈਸਿਆਂ ਦੀਆਂ ਮੇਖਾਂ ਲੈਣ ਭੇਜਦਾ। ਉਸ ਨੂੰ ਮੇਖਾਂ ਦਾ ਆਕਾਰ ਦੱਸਣ ਲਈ ਉਸ ਮਗਰ ਇਕ ਲੜਕਾ ਦੌੜਾਉਂਦਾ ਤੇ ਫਿਰ ਉਹ ਕੰਮ ਸ਼ੁਰੂ ਕਰਦਾ ਅਤੇ ਪੂਰਾ ਘਰ ਸਿਰ ’ਤੇ ਚੁੱਕ ਲੈਂਦਾ।
ਉਹ ਚਿੱਲਾ ਕੇ ਵਿੱਲ ਨਾਮ ਦੇ ਲੜਕੇ ਨੂੰ ਹਥੌੜਾ ਲਿਆਉਣ ਲਈ ਕਹਿੰਦਾ ਅਤੇ ਟੌਮ ਨੂੰ ਫੁੱਟਾ ਲੈਣ ਘਲਦਾ। ਫਿਰ ਉਹ ਦੁਵੱਲੇ ਪੌਡਿਆਂ ਵਾਲੀ, ਮੁੜਵੀਂ, ਚੁੱਕਵੀਂ ਪੌੜੀ ਮੰਗਦਾ ਅਤੇ ਨਾਲ ਹੀ ਉੱਚੀ ਕੁਰਸੀ ਲਈ ਕਹਿੰਦਾ। ਫਿਰ ਜਿੰਮ ਨਾਮ ਦੇ ਲੜਕੇ ਨੂੰ ਕਹਿੰਦਾ ਕਿ ‘ਤੂੰ ਭੱਜ ਕੇ ਸ੍ਰੀਮਾਨ ਗੋਗਲਜ਼ ਦੇ ਘਰ ਜਾਹ ਤੇ ਮੇਰੇ ਵੱਲੋਂ ਉਸ ਨੂੰ ਫ਼ਤਹਿ ਬੁਲਾਈਂ ਤੇ ਕਹੀਂ ਕਿ ਪਾਪਾ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਲੱਤ ਹੁਣ ਬਿਹਤਰ ਹੋ ਗਈ ਹੋਵੇਗੀ ਤੇ ਫਿਰ ਤੂੰ ਉਨ੍ਹਾਂ ਕੋਲੋਂ ਗੁਣੀਆਂ ਉਧਾਰਾ ਮੰਗ ਲਈਂ’। ਮਾਰੀਆ ਨੂੰ ਆਖੂ, ‘‘ਤੂੰ ਕਿਧਰੇ ਨਾ ਜਾਈਂ ਕਿਉਂਕਿ ਮੇਰੇ ਕੋਲ ਕੋਈ ਜਣਾ ਰੌਸ਼ਨੀ ਦਿਖਾਲਣ ਲਈ ਵੀ ਚਾਹੀਦੈ।’’ ਜਦੋਂ ਲੜਕੀ ਮੇਖਾਂ ਲੈ ਕੇ ਮੁੜ ਆਵੇ ਤਾਂ ਉਸ ਨੂੰ ਦੁਬਾਰਾ ਭੇਜਿਉ ਕਿ ਉਹ ਫੋਟੋ ਟੰਗਣ ਲਈ ਰੱਸੀ ਲੈ ਆਵੇ। ‘‘ਟੌਮ… ਭਲਾ ਟੌਮ ਕਿਧਰ ਮਰ ਗਿਐੈ? ਟੌਮ, ਤੂੰ ਇਧਰ ਆ ਤੇ ਤੂੰ ਮੈਨੂੰ ਫੋਟੋ ਪਕੜਾਈਂ।’’
ਫਿਰ ਚਾਚਾ ਫੋਟੋ ਚੁੱਕਦਾ ਤੇ ਨਾਲ ਹੀ ਭੁੰਜੇ ਸੁੱਟ ਦਿੰਦਾ। ਫੋਟੋ ਚੌਖਟੇ ’ਚੋਂ ਬਾਹਰ ਆ ਜਾਂਦੀ। ਸ਼ੀਸ਼ਾ ਟੁੱਟਣੋਂ ਬਚਾਉਂਦਾ ਬਚਾਉਂਦਾ ਉਹ ਆਪਣੇ ਸ਼ੀਸ਼ਾ ਚੁਭਵਾ ਬਹਿੰਦਾ। ਫਿਰ ਰੁਮਾਲ ਲੱਭਣ ਲਈ ਉਹ ਸਾਰੇ ਕਮਰੇ ’ਚ ਟਪੂਸੀਆਂ ਮਾਰਦਾ ਫਿਰਦਾ। ਉਹਨੂੰ ਰੁਮਾਲ ਨਾ ਲੱਭਦਾ ਕਿਉਂਕਿ ਰੁਮਾਲ ਉਸ ਕੋਟ ਦੀ ਜੇਬ੍ਹ ਵਿਚ ਸੀ ਜੋ ਉਸ ਨੇ ਲਾਹਿਆ ਸੀ ਤੇ ਉਸ ਨੂੰ ਚੇਤਾ ਨਹੀਂ ਸੀ ਕਿ ਉਸ ਨੇ ਕੋਟ ਕਿੱਥੇ ਰੱਖਿਆ ਹੈ। ਤੇ ਸਾਰਾ ਘਰ ਸੰਦਾਂ ਦੀ ਸੰਭਾਲ ਛੱਡ ਕੇ ਉਸ ਦੇ ਕੋਟ ਨੂੰ ਲੱਭਣ ਲੱਗ ਪੈਂਦਾ ਤੇ ਉਹ ਏਧਰ ਓਧਰ ਭੁੜਕ ਭੁੜਕ ਕੇ ਉਨ੍ਹਾਂ ਦੇ ਮੂਹਰੇ ਆ ਆ ਕੇ ਭਾਲ ਵਿਚ ਅੜਿੱਕਾ ਬਣਦਾ।
‘‘ਕੀ ਸਾਰੇ ਘਰ ’ਚ ਕੋਈ ਵੀ ਨਹੀਂ ਜਾਣਦਾ ਕਿ ਮੇਰਾ ਕੋਟ ਕਿੱਥੇ ਹੈ? ਸਾਰੇ ਜੀਵਨ ਵਿੱਚ ਮੈਂ ਐਦਾਂ ਦਾ ਟੱਬਰ ਨਹੀਂ ਦੇਖਿਆ, ਸੱਚ ਜਾਣਿਉਂ ਵਾਕਈ ਨਹੀਂ ਦੇਖਿਆ। ਤੁਸੀਂ ਛੇ ਜਣੇ ਤੇ ਤੁਸੀਂ ਸਿਰਫ਼ ਪੰਜ ਮਿੰਟ ਪਹਿਲਾਂ ਰੱਖੇ ਮੇਰੇ ਕੋਟ ਨੂੰ ਨਹੀਂ ਲੱਭ ਸਕਦੇ!’’ ਫਿਰ ਉਹ ਉੱਠਦਾ ਤੇ ਦੇਖਦਾ ਕਿ ਉਹ ਆਪ ਹੀ ਕੋਟ ਉਪਰ ਬੈਠਾ ਸੀ। ਤੇ ਫਿਰ ਉਹ ਕਹਿੰਦਾ, ‘‘ਓ, ਲੱਭਣਾ ਛੱਡੋ, ਮੈਂ ਆਪੇ ਈ ਲੱਭ ਲਿਐ। ਤੁਹਾਡੇ ਨਾਲੋਂ ਤਾਂ ਕਿਸੇ ਬਿੱਲੀ ਨੂੰ ਕਹਿ ਦਿੰਦਾ ਲੱਭਣ ਲਈ ਉਸ ਨੇ ਲੱਭ ਲੈਣਾ ਸੀ।’’
ਅੱਧਾ ਘੰਟਾ ਉਸ ਦੀ ਸ਼ੀਸ਼ੇ ਨਾਲ ਜ਼ਖ਼ਮੀ ਉਂਗਲ ’ਤੇ ਪੱਟੀ ਬੰਨ੍ਹਣ, ਨਵਾਂ ਸ਼ੀਸ਼ਾ ਅਤੇ ਬਾਕੀ ਸਾਜ਼ੋ-ਸਾਮਾਨ ਲਿਆਉਣ ਉੱਪਰ ਲੱਗਣ ਉਪਰੰਤ ਚਾਚਾ ਇਕ ਵਾਰੀ ਫਿਰ ਤੋਂ ਕੰੰਮ ਸ਼ੁਰੂ ਕਰਦਾ। ਲੜਕੀ ਅਤੇ ਕੰਮ ਵਾਲੀ ਬਾਈ ਸਹਾਇਤਾ ਕਰਨ ਲਈ ਉਸ ਕੋਲ ਅਰਧ ਚੱਕਰ ਬਣਾ ਕੇ ਖੜ੍ਹ ਜਾਂਦੀਆਂ। ਦੋ ਜਣੇ ਕੁਰਸੀ ਫੜਦੇ, ਇਕ ਹੋਰ ਚਾਚੇ ਨੂੰ ਕੁਰਸੀ ਉਪਰ ਚੜ੍ਹਨ ਅਤੇ ਉੱਥੇ ਚੜ੍ਹੇ ਰਹਿਣ ਵਿੱਚ ਮਦਦ ਕਰਦਾ, ਚੌਥਾ ਉਸ ਨੂੰ ਮੇਖ ਤੇ ਪੰਜਵਾਂ ਹਥੌੜਾ ਫੜਾਉਂਦਾ। ਉਹ ਮੇਖ ਫੜਦਾ ਤੇ ਨਾਲ ਹੀ ਮੇਖ ਉਸ ਹੱਥੋਂ ਹੇਠਾਂ ਡਿੱਗ ਪੈਂਦੀ।
‘‘ਲਉ, ਹੁਣ ਮੇਖ ਭੁੰਜੇੇ ਡਿੱਗ ਪਈ,’’ ਉਹ ਦੁਖੀ ਲਹਿਜੇ ’ਚ ਕਹਿੰਦਾ।
ਅਸੀਂ ਸਾਰੇ ਦੇ ਸਾਰੇ ਗੋਡਿਆਂ ਭਾਰ ਹੋ ਕੇ ਮੇਖ ਲੱਭਣ ਲੱਗ ਪੈਂਦੇ। ਉਹ ਕੁਰਸੀ ’ਤੇ ਖੜ੍ਹਾ ਖੜ੍ਹਾ ਗੁੱਸੇ ’ਚ ਦੰਦੀਆਂ ਕਰੀਚਦਾ ਰਹਿੰਦਾ ਅਤੇ ਪੁੱਛਦਾ ਕਿ ਕੀ ਉਸ ਨੂੰ ਸਾਰੀ ਰਾਤ ਕੁਰਸੀ ’ਤੇ ਹੀ ਬਿਤਾਉਣੀ ਪਵੇਗੀ?
ਜਦ ਤਕ ਮੇਖ ਲੱਭਦੀ, ਚਾਚੇ ਦਾ ਹਥੌੜਾ ਗੁਆਚ ਜਾਂਦਾ। ਹਥੌੜਾ ਕਿੱਥੇ ਐ? ਹਥੌੜੇ ਦਾ ਮੈਂ ਕੀ ਕੀਤਾ? ਓ ਮੇਰਿਆ ਰੱਬਾ! ਤੁਸੀਂ ਸੱਤ ਜਣੇ, ਆਲੇ ਦੁਆਲੇ ਮੂੰਹ ਅੱਡੀ ਖੜ੍ਹੇ ਓ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਮੇਰਾ ਹਥੌੜਾ ਕਿੱਥੇ ਐ?
ਅਸੀਂ ਸਾਰੇ ਉਸ ਲਈ ਹਥੌੜਾ ਲੱਭਦੇ। ਫਿਰ ਉਸ ਨੂੰ ਕੰਧ ਉਪਰਲਾ ਉਹ ਨਿਸ਼ਾਨ ਨਾ ਮਿਲਦਾ ਜਿੱਥੇ ਉਸ ਨੇ ਮੇਖ ਗੱਡਣ ਲਈ ਲਗਾਇਆ ਸੀ। ਇੱਕ ਇੱਕ ਕਰ ਕੇ ਅਸੀਂ ਉਹ ਨਿਸ਼ਾਨ ਭਾਲਣ ਲਈ ਉਸ ਕੁਰਸੀ ਉਪਰ ਚੜ੍ਹਦੇ ਜਿੱਥੇ ਚਾਚਾ ਪਹਿਲਾਂ ਹੀ ਚੜ੍ਹਿਆ ਬੈਠਾ ਸੀ। ਸਾਨੂੰ ਹਰੇਕ ਨੂੰ ਉਹ ਨਿਸ਼ਾਨ ਵੱਖਰੀ ਵੱਖਰੀ ਥਾਂ ’ਤੇ ਦਿਸਦਾ ਤੇ ਚਾਚਾ ਸਾਨੂੰ ਸਭ ਨੂੰ ਮੂਰਖ ਸੱਦਦਾ ਅਤੇ ਸਾਨੂੰ ਹੇਠਾ ਉਤਰਨ ਲਈ ਕਹਿੰਦਾ। ਉਹ ਫਿਰ ਫੁੱਟਾ ਫੜ ਦੁਬਾਰਾ ਮਿਣਤੀ ਕਰਨ ਲੱਗਦਾ। ਮਨੋ-ਮਨੀਂ ਕੰਧ ਦੇ ਕੋਨੇ ਤੋਂ ਮੱਧ ਦੀ ਗਿਣਤੀ-ਮਿਣਤੀ ਕਰਦਿਆਂ ਉਸ ਤੋਂ ਹਿਸਾਬ ਕਿਤਾਬ ਨਾ ਲੱਗਦਾ ਤੇ ਉਸ ਦੀ ਖੋਪੜੀ ਘੁੰਮ ਜਾਂਦੀ।
ਅਸੀਂ ਵੀ ਮਨੋ-ਮਨੀਂ ਨਿਸ਼ਾਨ ਵਾਲੀ ਥਾਂ ਦਾ ਹਿਸਾਬ ਲਗਾਉਂਦੇ ਤੇ ਸਭ ਵੱਖ ਵੱਖ ਨਤੀਜੇ ਉੱਪਰ ਪੁੱਜਣ ਕਾਰਨ ਇਕ ਦੂਸਰੇ ਦਾ ਮਖੌਲ ਉਡਾਉਂਦੇ। ਇਸ ਸ਼ੋਰ ਸ਼ਰਾਬੇ ਦੌਰਾਨ ਪਹਿਲਾ ਨਿਸ਼ਾਨ ਵੀ ਭੁੱਲ ਜਾਂਦਾ ਅਤੇ ਚਾਚਾ ਪੋਜਰ ਮੁੜ ਤੋਂ ਮਿਣਤੀ ਕਰਨ ਲੱਗ ਪੈਂਦਾ।
ਇਸ ਵਾਰ ਉਹ ਨਿਸ਼ਾਨ ਲਗਾਉਣ ਲਈ ਇੱਕ ਡੋਰੀ ਦੀ ਵਰਤੋਂ ਕਰਦਾ। ਤੇ ਐਨ ਨਾਜ਼ੁਕ ਮੌਕੇ ’ਤੇ, ਜਦੋਂ ਬੁੱਢਾ ਖੂਸਟ ਕੁਰਸੀ ਉਪਰ 45 ਡਿਗਰੀ ਕੋਣ ’ਤੇ ਝੁਕਿਆ ਹੋਇਆ ਸੀ ਅਤੇ ਆਪਣੀ ਪਹੁੰਚ ਨਾਲੋਂ ਤਿੰਨ ਇੰਚ ਹੋਰ ਅੱਗੇ ਝੁਕਣਾ ਚਾਹੁੰਦਾ ਸੀ ਤਾਂ ਡੋਰ ਖਿਸਕ ਜਾਂਦੀ ਤੇ ਚਾਚਾ ਧੜੰਮ ਦੇਣੀ ਪਿਆਨੋਂ ਉਪਰ ਡਿੱਗ ਪੈਂਦਾ। ਅਚਾਨਕ ਉਸ ਦਾ ਸਰੀਰ ਅਤੇ ਸਿਰ ਪਿਆਨੋਂ ਦੇ ਸੁਰਾਂ (ਨੋਟਾਂ) ਉਪਰ ਇੱਕੋ ਸਮੇਂ ਵੱਜਣ ਕਾਰਨ ਬੜਾ ਸ਼ਾਨਦਾਰ ਸੰਗੀਤ ਉਤਪੰਨ ਹੁੰਦਾ।
ਚਾਚੀ ਮਾਰੀਆ ਕਹਿੰਦੀ ਕਿ ਉਹ ਹੁਣ ਬੱਚਿਆਂ ਨੂੰ ਉਸ ਦੇ ਦੁਆਲੇ ਖੜ੍ਹਨ ਅਤੇ ਅਜਿਹੀ (ਮਾੜੀ) ਭਾਸ਼ਾ ਸੁਣਨ ਦੀ ਇਜਾਜ਼ਤ ਨਹੀਂ ਦੇਵੇਗੀ।
ਆਖ਼ਰਕਾਰ ਚਾਚਾ ਪੋਜਰ ਨਿਸ਼ਾਨ ਲਗਾ ਹੀ ਲੈਂਦਾ। ਉਹ ਖੱਬੇ ਹੱਥ ਨਾਲ ਮੇਖ ਦਾ ਤਿੱਖਾ ਸਿਰਾ ਇਸ ਉਪਰ ਟਿਕਾਉਂਦਾ ਅਤੇ ਸੱਜੇ ਹੱਥ ਵਿਚ ਹਥੌੜਾ ਫੜਦਾ। ਹਥੌੜੇ ਦੀ ਪਹਿਲੀ ਸੱਟ ’ਤੇ ਹੀ ਉਹ ਆਪਣੇ ਹੱਥ ਦਾ ਅੰਗੂਠਾ ਫੇਂਹ ਲੈਂਦਾ ਤੇ ਲੇਰ ਮਾਰ ਕੇ ਉਹ ਕਿਸੇ ਦੇ ਪੈਰ ਦੇ ਪੰਜੇ ਉਪਰ ਹਥੌੜਾ ਸੁੱਟ ਦਿੰਦਾ।
ਚਾਚੀ ਮਾਰੀਆ ਹਲੀਮੀ ਨਾਲ ਕਹਿੰਦੀ ਕਿ ਅਗਲੀ ਵਾਰ ਜਦ ਚਾਚੇ ਪੋਜਰ ਨੇ ਦੀਵਾਰ ਵਿੱਚ ਕੋਈ ਮੇਖ ਠੋਕਣੀ ਹੋਵੇ ਤਾਂ ਉਹ ਉਸ ਨੂੰ ਸਮੇਂ ਸਿਰ ਦੱਸ ਦੇਵੇ ਤਾਂ ਕਿ ਉਹ ਬੱਚਿਆਂ ਸਮੇਤ ਇਕ ਹਫ਼ਤੇ ਲਈ ਪੇਕੇ ਚਲੀ ਜਾਵੇ।
‘‘ਓ! ਤੁਸੀਂ ਔਰਤਾਂ! ਤੁਸੀਂ ਤਾਂ ਹਰ ਗੱਲ ’ਤੇ ਝਮੇਲਾ ਖੜ੍ਹਾ ਕਰ ਦਿੰਦੀਆਂ ਹੋ,’’ ਚਾਚਾ ਪੋਜਰ ਹੇਠੋਂ ਉੱਠਦਾ ਹੋਇਆ ਕਹਿੰਦਾ। ਮੈਂ ਇਹੋ ਜਿਹੇ ਕੰਮ ਆਪ ਕਰਨੇ ਪਸੰਦ ਕਰਦਾ ਹਾਂ।
ਫਿਰ ਉਹ ਇੱਕ ਹੋਰ ਯਤਨ ਕਰਦਾ। ਹਥੌੜੇ ਦੀ ਦੂੁਜੀ ਸੱਟ ਨਾਲ ਮੇਖ ਪਲਸਤਰ (ਲੇਅ) ਦੇ ਆਰ-ਪਾਰ ਖੁੱਭ ਜਾਂਦੀ। ਅੱਧਾ ਕੁ ਹਥੌੜਾ ਵੀ ਅੰਦਰ ਧਸ ਜਾਂਦਾ ਤੇ ਚਾਚਾ ਕੰਧ ਵੱਲ ਐਨੇ ਜ਼ੋਰ ਨਾਲ ਮੂੰਹ ਭਾਰ ਅੱਗੇ ਨੂੰ ਵੱਜਦਾ ਕਿ ਉਸ ਦਾ ਨੱਕ ਫਿੱਸਣ ਤੋਂ ਮਸੀਂ ਬਚਦਾ।
ਅਸੀਂ ਫਿਰ ਤੋਂ ਫੁੱਟਾ ਤੇ ਡੋਰੀ ਲੱਭੀ, ਕੰਧ ’ਚ ਨਵੀਂ ਮੋਰੀ ਕੀਤੀ ਗਈ ਤੇ ਅੱਧੀ ਰਾਤ ਤੀਕਰ ਫੋਟੋ ਕੰਧ ਉਪਰ ਟੰਗੀ ਗਈ। ਉਹ ਵੀ ਬਹੁਤ ਟੇਢੀ-ਮੇਢੀ ਅਤੇ ਡਿੱਗੂੰ ਡਿੱਗੂੰ ਕਰਦੀ! ਕੰਧ ਦਾ ਹਾਲ ਇਹ ਸੀ ਕਿ ਜਿਵੇਂ ਇਸ ਉਪਰ ਕਿਸੇ ਨੇ ਕਰੰਡੀ ਫੇਰ ਦਿੱਤੀ ਹੋਵੇ। ਸਿਵਾਏ ਚਾਚਾ ਪੋਜਰ ਤੋਂ ਅਸੀਂ ਸਾਰੇ ਥੱਕੇ ਮਰੇ ਪਏ ਸਾਂ।
‘‘ਬਈ ਵਾਹ! ਕਿਆ ਕਿੱਲ ਠੁਕੀ ਹੈ!’’ ਚਾਚਾ ਕਹਿੰਦਾ ਤੇ ਨਾਲ ਹੀ ਪੌੜੀ ਤੋਂ ਏਦਾਂ ਠਾਹ ਦੇਣੀ ਹੇਠਾਂ ਉਤਰਦਾ ਕਿ ਕੰਮ ਵਾਲੀ ਬਾਈ ਦੇ ਘਮੋੜੀਆਂ ਵਾਲੇ ਪੈਰ ਉਪਰ ਆਪਣਾ ਭਾਰਾ ਪੈਰ ਰੱਖ ਕੇ ਉਸ ਦਾ ਪੈਰ ਮਿੱਧ ਦਿੰਦਾ। ਉਹ ਬੜੇ ਮਾਣ ਨਾਲ ਆਪਣੇ ਪਾਏ ਉਸ ਬੇਤਰਤੀਬ ਬਖੇੜੇ ਵੱਲ ਤੱਕਦਾ।
‘‘ਬਈ ਕਿਉਂ ਨਹੀਂ! ਘਰ ਵਿੱਚ ਮੇਰੇ ਵਰਗਾ ਬੰਦਾ ਚਾਹੀਦੈ ਜੋ ਇਹੋ ਜਿਹਾ ਨਿੱਕਾ-ਮੋਟਾ ਕੰਮ ਕਰ ਸਕੇ।’’
ਪੰਜਾਬੀ ਰੂਪ: ਪ੍ਰੋ. ਜਸਵੰਤ ਸਿੰਘ ਗੰਡਮ
ਸੰਪਰਕ: 98766-55055