ਪਰਦੀਪ ਮਹਿਤਾ
ਤ੍ਰਿੰਜਣ, ਤੀਆਂ ਸ਼ਬਦ ਸੁਣਦਿਆਂ ਹੀ ਕੁੜੀਆਂ ਦੇ ਝੁਰਮਟ, ਗੀਤ, ਬੋਲੀਆਂ, ਤਾੜੀਆਂ, ਅੱਡੀ-ਟੱਪਾ… ਪਤਾ ਨਹੀਂ ਕੀ ਕੀ ਚੇਤੇ ਆਉਣ ਲੱਗਦਾ ਹੈ ਸੰਗੀਤ ਭਰਪੂਰ! ਮੈਨੂੰ ਮਾੜ੍ਹੀ ਜਿਹੀ ਸੁਰਤ ਹੈ, ਜਦੋਂ ਸਾਡੇ ਘਰ ਕਿੰਨੇ ਸਾਰੇ ਚਰਖਿਆਂ ਦਾ ਅਲੌਕਿਕ ਨਾਦ ਸੁਣਿਆ। ਮੇਰੀ ਮਾਂ, ਭੈਣ ਸਮੇਤ ਸਾਰੀਆਂ ਚਾਚੀਆਂ, ਤਾਈਆਂ, ਦਾਦੀਆਂ ਦੁਆਰਾ ਗਾਏ ਗੀਤਾਂ ਦੀ ਸਮਝ ਭਾਵੇਂ ਘੱਟ ਸੀ, ਪਰ ਜਦੋਂ ਉਹ ਮੂੰਹ ਜੋੜ ਹੇਕਾਂ ਲਾਉਂਦੀਆਂ ਤਾਂ ਦਿਲ ਨੂੰ ਧੂਹ ਪੈਂਦੀ।
ਦਾਲ ਦਲਦੀਆਂ ਚੱਕੀਆਂ ਦੀ ਕਰੜ ਕਰੜ, ਮਾਮ-ਜਿਸਤਿਆਂ ਵਿੱਚ ਮਿਰਚਾਂ ਕੁੱਟਣ ਵੇਲੇ ਦੀ ‘ਠੱਕ-ਠੱਕ ਠੋਸ ਠੈਂ’, ਛੱਜ ਵਿੱਚ ਛੱਟਣ ਲਈ ਦਾਲਾਂ ਜਾਂ ਕਣਕ ਦੇ ਅੱਗੇ ਪਿੱਛੇ ਹੁੰਦੇ ਦਾਣਿਆਂ ਦੀ ਆਵਾਜ਼, ਕੂੰਡੇ ਘੋਟਿਆਂ ਵਿਚ ਚਟਨੀ-ਮਸਾਲੇ ਰਗੜਣ ਵੇਲੇ ਘਰਾਂ ਵਿੱਚੋਂ ਪੱਥਰ ਅਤੇ ਲੱਕੜ ਦੀ ਰਗੜ ਦੀਆਂ ਰਲਵੀਆਂ ਮਿਲਵੀਆਂ ਸੰਗੀਤਮਈ ਧੁਨਾਂ। ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਦੀ ਨੀਂਦ ਲਿਆਉਣ ਵਾਲੀ ਮੰਦ ਮੰਦ ਧੁਨ! ਟਿਕੀਆਂ ਗਰਮੀਆਂ ਦੀਆਂ ਦੁਪਹਿਰਾਂ ਨੂੰ ਦਰੀ ਬੁਣਨ ਲਈ ਵਰਤੇ ਜਾਂਦੇ ਹੱਥਿਆਂ ਦੀ ਠੱਕ ਠੱਕ ਦੀ ਲੈਅ, ਨਿਰੀਆਂ ਮਾਂ ਦੀਆਂ ਲੋਰੀਆਂ।
ਚੁੱਲ੍ਹੇ ਵਿੱਚ ਅੱਗ ਮਚਾਉਣ ਲਈ ਵਰਤੀ ਜਾਂਦੀ ਫੂਕਣੀ ਦੀ ਸੁਰ ਕ੍ਰਿਸ਼ਨ ਭਗਵਾਨ ਦੀ ਬੰਸਰੀ ਨਾਲੋਂ ਘੱਟ ਨਹੀਂ ਸੀ ਜਾਪਦੀ। ਘਰਾਂ ’ਚ ਗਿੜਦੇ ਨਲਕਿਆਂ ਦੀ ਤਾਲ ਧੜਕਦੀ ਜ਼ਿੰਦਗੀ ਦੀ ਹਾਮੀ ਭਰਦੀ ਸੀ।
ਆਥਣ ਉੱਗਣ ਪਿੱਤਲ ਦੀ ਬਾਲਟੀ ਵਿੱਚ ਦੁੱਧ ਦੀਆਂ ਧਾਰਾਂ ਦੇ ਸ਼ਾਂਤ ਝਰਨਿਆਂ ਦੀ ਛਣ ਛਣ ਮੰਤਰ ਮੁਗਧ ਕਰ ਦਿੰਦੀ।
ਕੱਪੜੇ ਧੋਣ ਵੇਲੇ ਥਾਪੀ ਦੀ ਥਪਥਪ, ਵਿਹੜਾ ਸੁੰਭਰਦੇ ਸਮੇਂ ਬਹੁਕਰ ਜਾਂ ਜੂੜੀ ਦੀ ਛੇਹ ਛੇਹ; ਆਟਾ ਛਾਣਦੇ, ਪਾਥੀਆਂ ਪੱਥਦੇ, ਰੋਟੀਆਂ ਵੇਲਦੇ, ਬੱਕਲੀਆਂ, ਖਲ੍ਹ ਕੁੱਟਦੇ ਸਮੇਂ ਵੰਗਾਂ ਦੀ ਛਣਕਾਰ ਸੰਗੀਤ ਦੇ ਤਲਿਸਮੀ ਸੰਸਾਰ ਵਿੱਚ ਲੈ ਜਾਂਦੀ।
ਕੱਚੀਆਂ-ਪੱਕੀਆਂ ਗਲੀਆਂ ਵਿੱਚੋਂ ਲੰਘਦੇ ਸਾਈਕਲਾਂ ਦੇ ਚੈਨ ਕਵਰ, ਮਡਗਾਰਡ ਤੇ ਸੁੱਕੀਆਂ ਗੋਲੀਆਂ ਦੀ ਚੀਂ-ਚੀਂ, ਖੜ-ਖੜ। ਦੁਪਹਿਰੇ ਡਾਕੀਏ ਦੀ ਕਨਸੋਅ ਦਿੰਦੀ ਖੜਕਦੀ ਨਵੀਂ ਨਕੋਰ ਘੰਟੀ ਅਲੌਕਿਕ ਤਾਲ ਪੈਦਾ ਕਰਦੀ। ਠੰਢੀ ਠਾਰ ਕੁਲਫ਼ੀ, ਬੁੱਢੀ ਮਾਈ ਦਾ ਝਾਟਾ, ਝੰਡੀ ਵਾਲੀ ਬਰੀਕ ਕਾਨੀ ਤੇ ਖੰਡ ਦੀਆਂ ਰੰਗ ਬਰੰਗੀਆਂ ਪੱਟੀਆਂ ਲਪੇਟ ਕੇ ਵੇਚਣ ਵਾਲੇ ਦੀ ਟਨ ਟਨ ਕੰਨਾਂ ਵਿੱਚ ਸ਼ਹਿਦ ਘੋਲਦੀ।
ਮਦਾਰੀ ਦੀ ਡੁਗਡੁਗੀ, ਕੰਨੀ ਮੁੰਦਰਾਂ ਗਲ ਸੱਪ ਲਟਕਾਈ ਦਰ ਦਰ ਅਲਖ ਜਗਾਉਦੇਂ ਸਪੇਰਿਆਂ ਦੇ ਬੀਨ ਦਾ ਅਲਾਪ, ਆਟਾ/ਕਣਕ ਬਦਲੇ ਫ਼ਿਲਮ ਦਿਖਾਉਣ ਵਾਲੇ ਟੁੰਡੇ ਦੀ ਘੰਟੀ ਬਾਲ ਮਨਾਂ ਅੰਦਰ ਸੰਗੀਤਕ ਛੂਹ ਛੇੜਦੇ।
ਦਿਨ ਛਿਪਣ ਵੇਲੇ ਇੱਜੜਾਂ ਦੇ ਗਲਾਂ ਵਿੱਚ ਪਾਏ ਘੁੰਗਰੂਆਂ ਦੀ ਟੁਣਕਾਰ ਕਿਸੇ ਅਲੋਕਾਰ ਸੰਸਾਰ ਵਿੱਚ ਲੈ ਤੁਰਦੇ।
ਤੇ ਮੰਗਤਿਆਂ ਜਾਂ ਫੇਰੀ ਵਾਲਿਆਂ ਦੀ ਹੋਕਰੇ ਵੀ ਘੱਟ ਨਹੀਂ ਸਨ, ਖ਼ਾਸਕਰ ਸਾਡੇ ਵਾਲੇ ਪਾਸੇ ‘ਬੈਂਗਲ…..ਚੂਅਅਅਅੜੀ…’ ਦਾ ਹੋਕਾ ਦਿੰਦਾ ਵਣਜਾਰਾ।
ਆਲ੍ਹਣਿਆਂ ਨੂੰ ਪਰਤਦੀਆਂ ਡਾਰਾਂ ਦੀ ਚਹਿਚਹਾਟ, ਬੈਠਕ ਵਿੱਚ ਲੱਗੀਆਂ ਅੱਗੇ ਵੱਲ ਝੁਕ ਧਾਰਮਿਕ ਫੋਟੋ ਫਰੇਮ ’ਤੇ ਬੈਠੇ ਚਿੜੀਆਂ ਦੇ ਜੋੜਿਆਂ ਦੇ ਗੁਰਮਤੇ, ਪ੍ਰਾਹੁਣਿਆਂ ਦੇ ਆਉਣ ਦੀ ਭਵਿੱਖਬਾਣੀ ਕਰਦੇ ਕਾਵਾਂ ਦੀ ਕਾਂ ਕਾਂ, ਮਿੱਠੀ ਨੀਦੋਂ ਜਗਾਉਂਦੇ ਮੁਰਗੇ ਦੀ ਬਾਂਗ, ਸ਼ਾਮ ਵੇਲੇ ਦੂਰ ਦੁਰਾਡੇ ਦਰੱਖਤਾਂ ਵਿੱਚੋਂ ਆਉਂਦੀਆਂ ਮੋਰਾਂ ਦੀਆਂ ਕੂਕਾਂ, ਕੋਇਲ ਦੀ ਬਿਰਹੋਂ ਕੁੰਠੀ ਕੂ ਕੂ, ਡੱਡਾਂ, ਬੀਂਡਿਆਂ, ਟਿੱਡਿਆਂ ਦੀ ਦੂਰ ਦੂਰ ਤੱਕ ਜਾਂਦੀ ਟ੍ਰੈਂ ਟ੍ਰੈਂ, ਟੀਂ ਟੀਂ, ਸਾਂ ਸਾਂ, ਟਟੀਹਰੀ ਦੀ ‘ਧੀਦਿਉਂ- ਧੀਦਿਉਂ’ ਜਾਂ ਛੱਟੀ ਕਰੋ ਛੱਟੀ ਦੀ ਧੁਨ ਕਿਸ ਨੂੰ ਪਿਆਰੀ ਨਾ ਲੱਗੇ।
ਖੇਡਦੇ ਬੱਚਿਆਂ ਦੀਆਂ ਕੋਕਲੀਆਂ, ਕਿਲਕਾਰੀਆਂ, ਚੀਕਾਂ ਕੂਕਾਂ। ਮੇਲਿਓਂ ਮੁੜਦੀ ਭੀੜ ਦੀਆਂ ਸੀਟੀਆਂ, ਪੀਪਣੀਆਂ, ਬੁਘਦੂਆਂ ਦੀਆਂ ਆਵਾਜ਼ਾਂ ਦਾ ਜਾਦੂ।
ਸੰਧਿਆ ਸਮੇਂ ਮੰਦਰ ’ਚ ਵਜਦੇ ਘੜਿਆਲ ,ਘਰਾਂ ’ਚ ਆਰਤੀ ਕਰਦਿਆਂ ਟੱਲੀਆਂ ਦੀ ਟਨ ਟਨ, ਹਨੇਰੀ ਝੱਖੜ ਵੇਲੇ ਖੜਕਦੇ ਬੂਹੇ ਬਾਰੀਆਂ ਅਤੇ ਪੱਤਿਆਂ ਦੀ ਖੜ ਖੜ, ਸੀਟੀਆਂ ਵਜਾਉਂਦੀ ਹਵਾ ਦੀਆਂ ਡਰਾਉਣੀਆਂ ਆਵਾਜ਼ਾਂ, ਅੱਖਾਂ ਚੁੰਧਿਆਉਂਦੀ ਚਮਕ ਪਿੱਛੋਂ ਗੜਗੜਾਹਟ ਤੇ ਠਾਹ ਕਰਦੀ ਜਾਨ ਕੱਢਦੀ ਬਿਜਲੀ ਦੀ ਆਵਾਜ਼ ਵੀ ਕੁਦਰਤੀ ਸੰਗੀਤ ਦੇ ਸਰੋਤ ਸਨ। ਰੇਡੀਓ ਤੇ ਸਵੇਰ ਤੋਂ ਸ਼ਾਮ ਤੱਕ ਚੱਲਦੇ ਫਰਮਾਇਸ਼ੀ, ਬਿਨਾਕਾ ਫਿਰ ਸਬਿਾਕਾ ਗੀਤਮਾਲਾ, ਤਾਮੀਰੇ-ਸ਼ਾਦ ਪ੍ਰੋਗਰਾਮਾਂ ਅਧੀਨ ਵੱਜਦੇ ਮਿੱਠੇ ਮਿੱਠੇ ਪੰਜਾਬੀ ਅਤੇ ਹਿੰਦੀ ਗੀਤ। ਗਰਮੀਆਂ ਰੁੱਤੇ ਹਵਾ ਦੀ ਭਾਲ ਵਿੱਚ ਘਸੀਟ ਕੇ ਇੱਧਰ ਉੱਧਰ ਕਰਦੇ ਸੂਤ ਜਾਂ ਵਾਣ ਦੇ ਮੰਜੇ, ਭਲੂੰਗੜੀਆਂ ਦੀ ਘਸਾਹਟ ਸਕੂਨ ਪ੍ਰਦਾਨ ਕਰਦੇ। ਰਾਤ ਨੂੰ ਪਹਿਰੇਦਾਰ ਦੀ ਸੀਟੀ ਅਤੇ ਡਾਂਗ ਦੇ ਤਾਲਮੇਲ ਤੋਂ ਪੈਦਾ ਹੋਇਆ ‘ਸਵੀਅ … ਫੱਟਕ… ਫੱਟਕ … ਜਾਗਦੇ ਰਹੋ…’ ਦਾ ਹੋਕਰਾ।
ਮਨ ਸ਼ਾਂਤ ਸਨ। ਹੋੜ੍ਹ ਰਹਿਤ ਜੀਵਨ ਸੀ, ਸਭ ਕੁਝ ਸੰਗੀਤਮਈ ਸੀ। ਸ਼ੋਰ ਸ਼ਰਾਬੇ ਤੇ ਧੱਕੀ-ਮੁੱਕੇ ਦੇ ਇਸ ਯੁੱਗ ਵਿੱਚ ਸੰਗੀਤ ਵੀ ਕੰਨਾਂ ਨੂੰ ਖਾ ਰਿਹਾ ਹੈ।
ਸੰਪਰਕ: 94645-87013