ਕੇ.ਐਲ. ਗਰਗ
ਕੰਵਰਜੀਤ ਭੱਠਲ ‘ਕਲਾਕਾਰ’ ਦਾ ਕੁਲ-ਵਕਤੀ ਤੇ ਸਿਰੜੀ ਸੰਪਾਦਕ ਹੈ ਜਿਸ ਨੂੰ ਉਹ ਪਿਛਲੇ ਕਈ ਵਰ੍ਹਿਆਂ ਤੋਂ ਬਿਨਾਂ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਇਮਦਾਦ ਦੇ ਲਗਾਤਾਰ ਕੱਢਦਾ ਆ ਰਿਹਾ ਹੈ। ਉਸ ਕੋਲ ਇਸ਼ਤਿਹਾਰਾਂ ਦੀ ਮੁਹਤਾਜ਼ੀ ਵੀ ਨਹੀਂ ਹੈ। ਇਸੇ ਮੰਚ ਤੋਂ ਉਹ ਪਿਛਲੇ ਕੋਈ ਪੰਝੀ ਕੁ ਵਰ੍ਹਿਆਂ ਤੋਂ ਆਪਣੇ ਪੜਦਾਦਾ ਕਰਨਲ ਨਰੈਣ ਸਿੰਘ ਭੱਠਲ ਦੇ ਨਾਂ ’ਤੇ ਇਕ ਕਹਾਣੀ ਮੁਕਾਬਲਾ ਵੀ ਕਰਵਾਉਂਦਾ ਰਿਹਾ ਹੈ। ਇਸ ਮੁਕਾਬਲੇ ਵਿਚ ਕੋਈ 40-50 ਦੇ ਕਰੀਬ ਕਹਾਣੀਆਂ ਸ਼ਾਮਿਲ ਹੁੰਦੀਆਂ ਸਨ ਜਿਨ੍ਹਾਂ ਦਾ ਚੰਗੇ ਪਾਰਖੂਆਂ ਤੋਂ ਮੁਲਾਂਕਣ ਕਰਵਾ ਕੇ ਉਹ ਦਸ ਕਹਾਣੀਆਂ ਨੂੰ ਇਨਾਮੀ ਕਹਾਣੀਆਂ ਘੋਸ਼ਿਤ ਕਰਦਾ ਸੀ। ਪਹਿਲੀ, ਦੂਸਰੀ ਕਹਾਣੀਆਂ ਨੂੰ ਉਹ ਨਕਦ ਇਨਾਮ ਦੇ ਕੇ ਸਨਮਾਨਿਤ ਕਰਦਾ ਸੀ ਤੇ ਉਨ੍ਹਾਂ ਦੇ ਲੇਖਕਾਂ ਦਾ ਮਾਣ-ਸਨਮਾਨ ਵੀ ਕਰਦਾ ਸੀ। ਉਹ ਸਾਰੀਆਂ ਕਹਾਣੀਆਂ ‘ਕਲਾਕਾਰ’ ’ਚ ਤਾਂ ਛਪਦੀਆਂ ਹੀ ਸਨ। ਵੱਖਰੀ ਕਿਤਾਬ ’ਚ ਵੀ ਛਪਦੀਆਂ। ਹੁਣ ਉਸ ਨੇ ਪਿਛਲੇ ਪੰਝੀ ਵਰ੍ਹਿਆਂ ’ਚ ਪਹਿਲੇ ਨੰਬਰ ’ਤੇ ਆਈਆਂ 52 ਕਹਾਣੀਆਂ ’ਚੋਂ 25 ਕਹਾਣੀਆਂ ਗੁਲਦਸਤਾ ਬਣਾ ਕੇ ‘ਢਾਈ ਦਹਾਕੇ’ (ਕੀਮਤ: 400 ਰੁਪਏ; ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ) ਦੇ ਰੂਪ ਵਿਚ ਸੰਪਾਦਤ ਕੀਤਾ ਹੈ।
ਇਨ੍ਹਾਂ ਕਹਾਣੀ ਮੁਕਾਬਲਿਆਂ ਦਾ ਕਹਾਣੀਕਾਰਾਂ ਨੂੰ ਵੀ ਵੱਡਾ ਲਾਭ ਮਿਲਿਆ। ਅਭਿਆਸੀ ਦੌਰ ਦੇ ਕਹਾਣੀਕਾਰਾਂ ਨੂੰ ਉਤਸ਼ਾਹ ਅਤੇ ਹੁਲਾਰਾ ਮਿਲਿਆ ਜਿਸ ਕਾਰਨ ਉਹ ਕਹਾਣੀਕਾਰੀ ਦੇ ਪਿੜ ਵਿਚ ਪੱਕੇ ਪੈਰੀਂ ਹੋਏ। ਚੂੰਕਿ ਇਹ ਕਹਾਣੀਆਂ ਭਾਵੇਂ ਅਭਿਆਸੀ ਦੌਰ ਦੀਆਂ ਹੀ ਸਨ, ਪਰ ਇਨ੍ਹਾਂ ਤੋਂ ਲੇਖਕਾਂ ਦੇ ਚੰਗੇ ਕਹਾਣੀਕਾਰ ਬਣਨ ਦੀ ਪਛਾਣ ਵੀ ਹੋਣੀ ਸ਼ੁਰੂ ਹੋ ਗਈ ਸੀ। ਇਨ੍ਹਾਂ ਕਹਾਣੀਆਂ ਰਾਹੀਂ ਕਹਾਣੀਕਾਰਾਂ ਦੀਆਂ ਬਾਅਦ ਦੀਆਂ ਕਹਾਣੀਆਂ ਵਿਚ ਆਈਆਂ ਸ਼ੈਲੀਗਤ, ਵਿਸ਼ਾ-ਵਸਤੂ ਅਤੇ ਬਿਰਤਾਂਤ ਦੀਆਂ ਤਬਦੀਲੀਆਂ ਨੂੰ ਵੀ ਦ੍ਰਿਸ਼ਟੀਗੋਚਰ ਕੀਤਾ ਜਾ ਸਕਦਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸਨਮਾਨ ਪ੍ਰਾਪਤ ਕਰਨ ਵਾਲੇ ਅਨੇਕਾਂ ਲੇਖਕਾਂ ਦੀਆਂ ਬਾਅਦ ਵਿਚ ਪੰਜਾਬੀ ਗਲਪ ਸੰਸਾਰ ਵਿਚ ਪ੍ਰਾਪਤੀਆਂ ਨੂੰ ਵੀ ਰੂਪਮਾਨ ਕੀਤਾ ਜਾ ਸਕਦਾ ਹੈ। ਜਿਹੜੇ ਲੇਖਕਾਂ ਨੇ ਬਾਅਦ ਵਿਚ ਕਹਾਣੀਕਾਰੀ ਵਿਚ ਆਪਣੀ ਵੱਖਰੀ ਪਛਾਣ ਅਤੇ ਕੀਰਤੀ ਬਣਾਈ ਤੇ ਹਾਲੇ ਵੀ ਇਸ ਮੈਦਾਨ ਵਿਚ ਡਟੇ ਹੋਏ ਹਨ ਉਨ੍ਹਾਂ ’ਚੋਂ ਕੁਝ ਨਾਂ ਬੜੇ ਅਦਬ ਨਾਲ ਲਏ ਜਾ ਸਕਦੇ ਹਨ। ਡਾ. ਬਲਦੇਵ ਸਿੰਘ ਧਾਲੀਵਾਲ, ਗੁਰਮੀਤ ਕੜਿਆਲਵੀ, ਜਸਵੀਰ ਸਿੰਘ ਰਾਣਾ, ਭੋਲਾ ਸਿੰਘ ਸੰਘੇੜਾ, ਮੋਹਨ ਲਾਲ ਫਿਲੌਰੀਆ, ਸੁਖਮੰਦਰ ਸੇਖੋਂ, ਗੁਰਦਿਆਲ ਦਲਾਲ, ਪਰਗਟ ਸਿੰਘ ਸਤੌਜ, ਅੰਜਨਾ ਸ਼ਿਵਦੀਪ, ਜਗਮੀਤ ਸਿੰਘ ਪੰਧੇਰ, ਡਾ. ਕਰਮਜੀਤ ਨਡਾਲਾ, ਜਸਪਾਲ ਮਾਨਖੇੜਾ, ਰਣਜੀਤ ਰਾਹੀ, ਤੇਜਿੰਦਰ ਫਰਵਾਹੀ, ਜੋਗੇ ਭੰਗਲ, ਪਰਮਜੀਤ ਸਿੰਘ ਮਾਨ, ਤਰਸੇਮ ਸਿੰਘ ਭੰਗੂ ਅਤੇ ਕਈ ਹੋਰਨਾਂ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾ ਸਕਦਾ ਹੈ। ਪੰਜਾਬੀ ਕਹਾਣੀ ਦਾ ਪਿੜ ਮਘਾਈ ਰੱਖਣ ’ਚ ਇਨ੍ਹਾਂ ਲੇਖਕਾਂ ਦਾ ਮਹੱਤਵਪੂਰਨ ਯੋਗਦਾਨ ਹੈ।
ਸੰਪਾਦਕ ਨੇ ਬਹੁਤ ਮਿਹਨਤ ਅਤੇ ਸੂਝ-ਦ੍ਰਿਸ਼ਟੀ ਨਾਲ ਇਨ੍ਹਾਂ ਕਹਾਣੀਆਂ ਦੀ ਚੋਣ ਕੀਤੀ ਪ੍ਰਤੀਤ ਹੁੰਦੀ ਹੈ। ਪੰਝੀ ਦੀਆਂ ਪੰਝੀ ਕਹਾਣੀਆਂ ਦੇ ਵਿਸ਼ੇ ਵੱਖਰੇ-ਵੱਖਰੇ ਹਨ। ਕਿਸੇ ਇਕੋ ਵਿਸ਼ੇ ਦੀਆਂ ਦੋ ਕਹਾਣੀਆਂ ਇਨ੍ਹਾਂ ਵਿਚੋਂ ਨਹੀਂ ਮਿਲਦੀਆਂ। ਇਹ ਸਾਰੇ ਵਿਸ਼ੇ ਸਾਡੇ ਸਮਾਜਿਕ, ਸੱਭਿਆਚਾਰਕ, ਆਰਥਿਕ, ਮਨੋਵਿਗਿਆਨ ਨਾਲ ਜੁੜੇ ਹੋਏ ਹਨ। ਕਿਹਾ ਜਾ ਸਕਦਾ ਹੈ ਕਿ ਇਹ ਸਭ ਕਹਾਣੀਆਂ ਨਵੇਂ-ਨਵੇਂ ਤੇ ਵੱਖਰੇ-ਵੱਖਰੇ ਵਿਸ਼ਿਆਂ ਤੇ ਸਮੱਸਿਆਵਾਂ ’ਤੇ ਉਸਾਰੀਆਂ ਹੋਈਆਂ ਹਨ। ਕਹਾਣੀਕਾਰਾਂ ਦੀਆਂ ਸ਼ੈਲੀਆਂ ਵੀ ਅਲੱਗ-ਅਲੱਗ ਹਨ। ਕਈ ਤਰ੍ਹਾਂ ਦੀਆਂ ਸ਼ੈਲੀਆਂ ਦੇ ਦਰਸ਼ਨ ਇਨ੍ਹਾਂ ਕਹਾਣੀਆਂ ਵਿਚੋਂ ਸਹਿਜੇ ਹੀ ਹੋ ਜਾਂਦੇ ਹਨ। ਇਹ ਆਮ ਲੋਕਾਂ ਦੀਆਂ ਜ਼ਮੀਨ ਨਾਲ ਜੁੜੀਆਂ ਕਹਾਣੀਆਂ ਹਨ।
‘ਹਨੀਮੂਨ’ ਕਹਾਣੀ ਵਿਚ ਦੰਪਤੀ ਜੀਵਨ ਵਿਚ ਪੈਦਾ ਹੋਏ ਸੈਕਸ ਦੀ ਨਿਜ਼ਾਤ ਲਈ ਕੋਸ਼ਿਸ਼ਾਂ ਹਨ। ‘ਸੰਸਾਰੀ’ ਧਰਮ ਦੇ ਖੋਖਲੇਪਣ ਨੂੰ ਜ਼ਾਹਿਰ ਕਰਨ ਵਾਲੀ ਕਹਾਣੀ ਹੈ ਜੋ ਆਪਣੇ ਮਕਸਦ ਦੀ ਪੂਰਤੀ ਲਈ ਕੁਝ ਵੀ ਕਰ ਸਕਦੇ ਹਨ। ‘ਚਾਦਰ’ ਕਹਾਣੀ ਪਾਤਰਾਂ ਦੇ ਗ਼ੈਰ ਇਖ਼ਲਾਕੀ ਰਿਸ਼ਤਿਆਂ ਦੀ ਤ੍ਰਾਸਦੀ ਬਿਆਨਦੀ ਹੈ। ‘ਵਾਰਿਸ’ ਦੀ ਪਾਤਰ ਪਤੀ ਦੀ ਮੌਤ ਤੋਂ ਬਾਅਦ ਬੁੱਢੇ ਜੇਠ ਦੇ ਲੜ ਲੱਗਣੋਂ ਵਿਦਰੋਹ ਕਰਦੀ ਹੈ। ‘ਮਰੀਜ਼’ ਦਾ ਪਾਤਰ ਮਨਬਚਨੀ ਵਿਧੀ ਰਾਹੀਂ ਨਾਰਮਲ ਤੇ ਐਬਨਾਰਮਲ ਹੋਣ ਦਾ ਭਰਮ ਪਾਲਦਾ ਹੈ। ‘ਜ਼ਮੀਨ’ ਕਹਾਣੀ ਭਾਈਆਂ ਵਿਚਕਾਰ ਜ਼ਮੀਨ ਦੀ ਵੰਡ ਦੇ ਮਸਲੇ ਦਾ ਦ੍ਰਿਸ਼ ਖਿਚਦੀ ਹੈ। ‘ਪਹੀਆ’ ਦੰਪਤੀ ਜੀਵਨ ਨੂੰ ਇਕ ਗੱਡੀ ਵਾਂਗ ਸਮਝਦੀ ਹੈ ਜਿਸ ਦੇ ਦੋਵੇਂ ਪਹੀਏ ਚਲਦੇ ਹੋਣੇ ਚਾਹੀਦੇ ਹਨ। ‘ਤਲਾਸ਼’ ਦਾ ਪੇਂਡੂ ਬੰਦਾ ਸ਼ਹਿਰੀ ਜੀਵਨ ’ਚੋਂ ਆਨੰਦ ਪ੍ਰਾਪਤ ਨਹੀਂ ਕਰਦਾ। ‘ਸਿਰੋਪਾ’ ਦਾ ਪਾਤਰ ਮਜਬੂਰੀ ਕਾਰਨ ਹੀ ਧਰਮ ਦੀ ਓਛਾੜ ਪਹਿਨਣ ਲਈ ਮਜਬੂਰ ਹੁੰਦਾ ਹੈ। ‘ਯੁੱਧ ਦਾ ਅੰਤ’ ਦੀ ਪਾਤਰ ਆਰਥਿਕ ਮਜਬੂਰੀ ਕਾਰਨ ਪੇਸ਼ਾ ਕਰਨ ਲਈ ਮਜਬੂਰ ਹੈ। ‘ਧੂਫ਼’ ਦਾ ਅਧਖੜ ਪਾਤਰ ਸੈਕਸ ਦੀ ਅਪੂਰਤੀ ਕਾਰਨ ਪਾਗ਼ਲਾਂ ਵਾਂਗ ਵਿਹਾਰ ਕਰਨ ਲੱਗਦਾ ਹੈ। ‘ਇਕ ਘੁੱਗੀ ਹੋਰ’ ਭਰੂਣ ਹੱਤਿਆ ’ਤੇ ਸਵਾਲ ਖੜ੍ਹੇ ਕਰਦੀ ਹੈ। ‘ਟੋਟੇ-ਟੋਟੇ ਰੂਸ’ ਅਖੌਤੀ ਕਾਮਰੇਡਾਂ ਦੇ ਖੇਖਣਾਂ ਦਾ ਪਰਦਾਫ਼ਾਸ਼ ਕਰਨ ਵਾਲੀ ਕਹਾਣੀ ਹੈ। ਪਰਮਜੀਤ ਮਾਨ ਨੇ ਸਮੁੰਦਰੀ ਜੀਵਨ ’ਤੇ ਬਹੁਤ ਸ਼ਾਨਦਾਰ ਕਹਾਣੀਆਂ ਪਹਿਲੀ ਵਾਰ ਪੰਜਾਬੀ ਵਿਚ ਲਿਖੀਆਂ ਹਨ। ‘ਸਭ ਚੱਲਦਾ ਰਹਿੰਦੈ’ ਇਸੇ ਸੰਦਰਭ ਦੀ ਕਹਾਣੀ ਇਸ ਸੰਗ੍ਰਹਿ ਵਿਚ ਸ਼ਾਮਿਲ ਹੈ। ‘ਕੁਦੇਸਣ ਦੀ ਮੜ੍ਹੀ’ ਕਹਾਣੀ ਵਿਚ ਕੁਦੇਸਣ ਤਾਈ ਦੇ ਚੰਗੇ ਵਿਹਾਰ ਕਾਰਨ ਉਸ ਦੀ ਮੌਤ ’ਤੇ ਪੇਕਿਆਂ ਵਾਂਗ ਸਤਿਕਾਰ ਕੀਤਾ ਜਾਂਦਾ ਹੈ।
ਇਸ ਸੰਗ੍ਰਹਿ ਵਿਚ ਵਿਸ਼ਿਆਂ, ਬਿਰਤਾਂਤ, ਸ਼ੈਲੀਆਂ ਦੀ ਵੰਨ-ਸੁਵੰਨਤਾ ਕਾਰਨ ਇਹ ਸੁਯੋਗ ਸੰਪਾਦਕ ਵੀ ਚੰਗੀ ਨਿਰਖ-ਪਰਖ ਦੀ ਮਿਸਾਲ ਪੇਸ਼ ਕਰਦੀ ਹੈ। ਤੁਹਾਨੂੰ ਇਸ ਸੰਗ੍ਰਹਿ ਰਾਹੀਂ ਪੰਜਾਬੀ ਕਹਾਣੀ ਦੀ ਕਥਾ ਯਾਤਰਾ ਦਾ ਵੀ ਭੇਤ ਪਤਾ ਲੱਗ ਜਾਵੇਗਾ ਤੇ ਸੰਪਾਦਨਾ ਦਾ ਚੰਗਾ ਗੁਰ ਵੀ ਸਿੱਖਣ ਨੂੰ ਮਿਲ ਸਕਦਾ ਹੈ।
ਸੰਪਰਕ: 94635-37050