ਰਕੇਸ਼ ਧਵਨ
ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਡਾਕਟਰਾਂ ਦੇ ਰੱਬ ਹੋਣ ਦੇ ਖੁੱਸੇ ਹੋਏ ਰੁਤਬੇ ਨੂੰ ਇਕ ਵਾਰੀ ਫੇਰ ਭਰਪੂਰ ਹੁੰਗਾਰਾ ਮਿਲਿਆ ਹੈ। ਇਹ ਗੱਲ ਠੀਕ ਹੈ ਕਿ ਜਨ ਸਿਹਤ ਵਰਗਾ ਸੰਜੀਦਾ ਮਸਲਾ ਕਾਰਪੋਰੇਟੀ ਹੱਥਾਂ ਵਿੱਚ ਆਉਣ ਕਾਰਨ ਇਸ ਨੂੰ ਸਰਮਾਇਆ ਇਕੱਠਾ ਕਰਨ ਦਾ ਸਾਧਨ ਸਮਝਣ ਵਾਲੇ ਡਾਕਟਰਾਂ ਕਾਰਨ ਇਸ ਰੁਤਬੇ ਨੂੰ ਕਾਫ਼ੀ ਠੇਸ ਲੱਗੀ ਸੀ। ਸਾਡਾ ਮੱਧ ਵਰਗ ਸਰਕਾਰੀ ਹਸਪਤਾਲਾਂ ਦੀ ਹਾਲਤ ਤਰਸਯੋਗ ਹੋਣ ਕਾਰਨ ਉਨ੍ਹਾਂ ਵੱਲ ਜਾਣਾ ਨਹੀਂ ਚਾਹੁੰਦਾ ਤੇ ਇਹ ਪ੍ਰਾਈਵੇਟ ਹਸਪਤਾਲ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਕੋਲੋਂ ਨੋਟ ਬਟੋਰਦੇ ਹਨ। ਪਰ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵਿੱਚ ਲੋਕ ਸੇਵਾ ਦੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਹੈ।
ਇਸੇ ਜਜ਼ਬੇ ਨਾਲ ਸਬੰਧਤ ਇਕ ਘਟਨਾ ਮੇਰੇ ਵਿਦਿਆਰਥੀ ਜੀਵਨ ਵਿੱਚ ਵਾਪਰੀ। ਮੇਰੇ ਕੰਨ ਦੇ ਨਾਲ ਲੱਗਦੀ ਹੱਡੀ ’ਚ ਦਸ ਪੰਦਰਾਂ ਦਿਨ ਤੋਂ ਕਾਫ਼ੀ ਪੀੜ ਉੱਠ ਰਹੀ ਸੀ। ਨੇੜਲੇ ਕੈਮਿਸਟ ਵਗੈਰਾ ਨੂੰ ਵਿਖਾਇਆ ਤਾਂ ਉਹ ਦਰਦ ਦੀ ਗੋਲੀ ਦੇ ਕੇ ਡੰਗ ਟਪਾਉਂਦੇ ਰਹੇ। ਫਿਰ ਇੱਕ ਦਿਨ ਕਸਬਾ ਝਬਾਲ ਵਿਖੇ ਕਿਸੇ ਨੇ ਕੰਨਾਂ ਦੇ ਹਸਪਤਾਲ ਦੀ ਦੱਸ ਪਾਈ। ਮੈਂ ਉੱਥੇ ਚਲਾ ਗਿਆ। ਉੱਥੇ ਬਾਹਰ ਹੀ ਦੋ ਜਣੇ ਖਲੋਤੇ ਸਨ ਜਿਵੇਂ ਗਾਹਕ ਘੇਰਨ ਲਈ ਖੜ੍ਹੇ ਹੋਣ। ਡਾਕਟਰ ਨੇ ਵੀ ਮਾੜਾ ਮੋਟਾ ਚੈੱਕ ਕਰ ਕੇ ਗੋਲੀਆਂ ਕੈਪਸੂਲਾਂ ਦਾ ਢੇਰ ਮੇਰੇ ਹੱਥ ਫੜਾ ਦਿੱਤਾ। ਰੁਪੱਈਆ ਪੰਜ ਸੌ ਰਖਵਾ ਲਿਆ। ਹਫ਼ਤੇ ਬਾਅਦ ਉਸ ਨੇ ਫੇਰ ਸੱਦ ਲਿਆ। ਉਸ ਨੇ ਕੋਰਸ ਫਿਰ ਰਿਪੀਟ ਕਰ ਦਿੱਤਾ ਅਤੇ ਪੈਸੇ ਰਖਵਾ ਲਏ। ਇਕ ਦਿਨ ਮੈਂ ਨਾਲ ਵਾਲੀ ਦਵਾਈਆਂ ਦੀ ਦੁਕਾਨ ਵਾਲੇ ਨੂੰ ਉਹ ਗੋਲੀਆਂ ਕੈਪਸੂਲ ਦਿਖਾਏ ਤਾਂ ਉਸ ਨੇ ਦੱਸਿਆ ਕਿ ਇਹ ਤਾਂ ਦਰਦ ਤੇ ਤਾਕਤ ਦੀ ਦਵਾਈ ਹੈ, ਹੋਰ ਕੁਝ ਨਹੀਂ। ਮੈਂ ਫਿਰ ਉਸ ਡਾਕਟਰ ਕੋਲ ਗਿਆ ਨਹੀਂ। ਪੀੜ ਦਾ ਵੀ ਨਹੀਂ ਫ਼ਰਕ ਪੈ ਰਿਹਾ ਸੀ। ਮੈਨੂੰ ਅਚਾਨਕ ਫੁਰਨਾ ਫੁਰਿਆ ਕਿ ਸਰਕਾਰੀ ਹਸਪਤਾਲ ਜਾਇਆ ਜਾਵੇ, ਪਰਿਵਾਰ ਵਾਲੇ ਇਸ ਲਈ ਤਿਆਰ ਨਹੀਂ ਸਨ ਕਿਉਂਕਿ ਉੱਥੇ ਕੋਈ ਪ੍ਰਹੇਜ਼ ਨਹੀਂ ਰੱਖਿਆ ਜਾਂਦਾ। ਪਰ ਮੈਂ ਟੈਂਪੂ ਫੜਿਆ ਅਤੇ ਮਜੀਠਾ ਰੋਡ ’ਤੇ ਈ.ਐੱਨ.ਟੀ. ਹਸਪਤਾਲ ਪਹੁੰਚ ਗਿਆ। ਉੱਥੇ ਇੱਕ ਰੁਪਏ ਦੀ ਪਰਚੀ ਕਟਾਈ ਤੇ ਵੇਖਿਆ ਕਿ ਕੰਨਾਂ ਦੇ ਡਾਕਟਰ ਡਾ. ਜਗਦੀਪਕ ਕੋਲ ਬੜੀ ਲੰਮੀ ਲਾਈਨ ਲੱਗੀ ਹੋਈ ਸੀ। ਹਰ ਵਰਗ ਦੇ ਲੋਕ ਉਸ ਲਾਈਨ ਵਿੱਚ ਲੱਗੇ ਸਨ। ਔਖਾ ਸੌਖਾ ਹੋ ਕੇ ਮੈਂ ਵੀ ਲਾਈਨ ਵਿੱਚ ਲੱਗਿਆ। ਵਾਰੀ ਆਉਣ ’ਤੇ, ਡਾਕਟਰ ਜੋ ਮੇਰੇ ਸਾਹਮਣੇ ਲਗਪਗ ਸੱਠ ਮਰੀਜ਼ਾਂ ਨੂੰ ਦੇਖ ਚੁੱਕੇ ਸੀ, ਬੜੇ ਹੀ ਸਹਿਜ ਨਾਲ ਬੋਲੇ ਕਿ ਕਾਕਾ ਪੜ੍ਹਦਾ ਲੱਗਦਾ। ਮੈਂ ਵੀ ਦੱਸਿਆ, ‘‘ਹਾਂ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਹਿੰਦੀ ਦੀ ਐਮ.ਏ. ਕਰਦਾ ਹਾਂ।’’ ਡਾ. ਜਗਦੀਪਕ ਨੇ ਵੀ ਦੋ ਤਿੰਨ ਮਾਰਕਸੀ ਹਿੰਦੀ ਲੇਖਕਾਂ ਦੇ ਨਾਮ ਮੇਰੇ ਨਾਲ ਸਾਂਝੇ ਕੀਤੇ। ਉਨ੍ਹਾਂ ਮੇਰੀ ਤਕਲੀਫ਼ ਬਾਰੇ ਦੱਸਿਆ ਕਿ ਥੋੜ੍ਹਾ ਜਿਹਾ ਰੇਸ਼ਾ ਆ ਅਤੇ ਆਹ ਇਕ ਗੋਲੀ ਦਸ ਕੁ ਦਿਨ ਖਾਓ ਸਭ ਠੀਕ ਹੋ ਜਾਊ। ਮੈਂ ਡਾਕਟਰ ਦਾ ਧੰਨਵਾਦ ਕੀਤਾ ਤੇ ਗੋਲੀਆਂ ਦਾ ਪੱਤਾ ਜੋ ਕਿ ਵੀਹ ਕੁ ਰੁਪਏ ਦਾ ਸੀ, ਲੈ ਕੇ ਘਰ ਆ ਗਿਆ। ਹਫ਼ਤੇ ਕੁ ਬਾਅਦ ਅਸੀਂ ਯੂਨੀਵਰਸਿਟੀ ’ਚ ਬੈਠੇ ਸੀ ਤਾਂ ਬਿਜ਼ਨਸ ਮੈਨੇਜਮੈਂਟ ਦੇ ਕੁਝ ਵਿਦਿਆਰਥੀ ਸਾਡੇ ਨਾਲ ਆ ਬੈਠੇ। ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇੱਕ ਸਾਥੀ ਦੇ ਕੰਨ ਦੀ ਬਹੁਤ ਵੱਡੀ ਮੁਸ਼ਕਲ ਆ ਗਈ ਹੈ, ਕੰਨ ਦੇ ਪਰਦੇ ਵਿੱਚ ਛੇਕ ਹੋ ਗਿਆ ਹੈ, ਡਾਕਟਰ ਨੇ ਅਪਰੇਸ਼ਨ ਲਿਖਿਆ ਹੈ। ਮੈਂ ਘੋਖ ਕੀਤੀ ਤਾਂ ਉਨ੍ਹਾਂ ਨੇ ਕਿਸੇ ਪ੍ਰਾਈਵੇਟ ਡਾਕਟਰ ਬਾਰੇ ਦੱਸਿਆ। ਮੈਂ ਉਨ੍ਹਾਂ ਨੂੰ ਡਾਕਟਰ ਜਗਦੀਪਕ ਕੋਲ ਜਾਣ ਦੀ ਸਲਾਹ ਦਿੱਤੀ। ਉੱਚ ਮੱਧ ਵਰਗ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਗੱਲ ਹਾਸੇ ਪਾ ਦਿੱਤੀ ਅਤੇ ਫਿਰ ਮੈਂ ਆਪਣੇ ਨਾਲ ਹੋਇਆ ਵਾਕਿਆ ਉਨ੍ਹਾਂ ਨੂੰ ਸੁਣਾਇਆ ਤਾਂ ਉਹ ਤਿਆਰ ਹੋ ਗਏ। ਮੈਂ ਵੀ ਉਨ੍ਹਾਂ ਨਾਲ ਚਲਿਆ ਗਿਆ। ਗੱਲ ਫਿਰ ਉਹੀ ਨਿਕਲੀ, ਕੰਨ ਵਿਚ ਇਨਫੈਕਸ਼ਨ ਸੀ ਜੋ ਜ਼ਿਆਦਾ ਵਧ ਗਈ ਸੀ। ਦੋ ਕੁ ਹਫ਼ਤੇ ਦੀ ਦਵਾਈ ਨਾਲ ਬੜਾ ਫ਼ਰਕ ਪੈ ਗਿਆ ਸੀ। ਹੁਣ ਉਹੀ ਮੁੰਡਾ ਮੈਨੂੰ ਜਦ ਵੀ ਮਿਲਦਾ ਜੱਫੀ ਪਾ ਕੇ ਮਿਲਦਾ ਅਤੇ ਮੈਂ ਵੀ ਸੋਚਣ ਲੱਗ ਪੈਂਦਾ ਸੀ ਕਿ ਇਹ ਡਾਕਟਰ ਜਗਦੀਪਕ ਵਰਗਿਆਂ ਦੇ ਚਾਨਣ ਹੀ ਹਨ ਜੋ ਡਾਕਟਰੀ ਕਿੱਤੇ ਨੂੰ ਮੁਨਾਫ਼ਾਖੋਰੀ ਦੇ ਹਨੇਰੇ ਵਿੱਚ ਜਾਣ ਤੋਂ ਰੋਕ ਰਹੇ ਹਨ।
ਸੰਪਰਕ: 95017-54900