ਡੂੰਘੀ ਨੀਂਦ
ਗੁਰਪ੍ਰਸਾਦ ਲਾਲੀ ਸ਼ਰਮਾ
ਝੋਨਾ ਵੱਢੇ ਨੂੰ ਕਾਫ਼ੀ ਦਿਨ ਹੋ ਗਏ ਸਨ। ਅੱਜ ਬਾਪੂ ਨੇ ਮੰਡੀ ਵਿਚੋਂ ਚਾਰ ਪੰਜ ਦਿਨਾਂ ਬਾਅਦ ਝੋਨਾ ਵੇਚਣ ਤੋਂ ਬਾਅਦ ਮੈਨੂੰ ਕਿਹਾ, ‘‘ਤੂੰ ਚੱਲ, ਮੈਂ ਆਉਨਾਂ ਆਹ ਝਾਰ ਵੀ ਵੇਚ ਈ ਆਵਾਂ। ਤੂੰ ਆਵਦੇ ਚਾਚੇ ਨਾਲ ਘਰ ਚਲਾ ਜਾ।’’ ਪਰ ਮੈਂ ਤਾਂ ਬਾਪੂ ਨਾਲ ਹੀ ਘਰ ਆ ਰਿਹਾ ਸੀ। ਮੰਡੀ ਵਿੱਚ ਰਾਤ ਨੂੰ ਪੈਣ ਲਈ ਰੱਖਿਆ ਮੰਜਾ ਬਾਪੂ ਨੇ ਸਿਰ ’ਤੇ ਚੁੱਕ ਲਿਆ ਤੇ ਸਾਈਕਲ ’ਤੇ ਘਰ ਵੱਲ ਤੁਰ ਪਿਆ। ਸਾਈਕਲ ’ਤੇ ਜਾਂਦਾ ਵੀ ਉਹ ਸੋਚਾਂ ਵਿੱਚ ਹੀ ਪਿਆ ਸੀ। ਜਿਵੇਂ ਸੋਚਦਾ ਜਾਂਦਾ ਹੋਵੇ ਕਿ ਹੁਣ ਘਰ ਜਾ ਕੇ ਪਸ਼ੂਆਂ ਦਾ ਵੀ ਧਿਆਨ ਰੱਖਣਾ, ਘਰ ਦੇ ਕੰਮਕਾਰ ਵੀ ਕਰਨੇ ਆ, ਸਰਕਾਰਾਂ ਕਹਿੰਦੀਆਂ ਪਰਾਲੀ ਨੀ ਸਾੜਨੀ ਤੇ ਜੇ ਮਹਿੰਗੇ ਭਾਅ ਦਾ ਡੀਜ਼ਲ ਸਾੜਿਆ ਤਾਂ ਪੈਸੇ ਕਿੱਥੋਂ ਆਉਣਗੇ, ਕਣਕ ਬੀਜਣ ਲਈ ਖੇਤ ਵੀ ਤਿਆਰ ਕਰਨਾ। ਇਹ ਸਭ ਸੋਚਦਾ ਸੋਚਦਾ ਬਾਪੂ ਘਰ ਆ ਕੇ ਕੰਮ ਕਾਰਾਂ ਵਿੱਚ ਲੱਗ ਜਾਂਦਾ ਹੈ।
ਕੁਝ ਲੋਕੀਂ ਸੋਚਦੇ ਨੇ ਕਿ ਫ਼ਸਲ ਵੇਚਣ ਮਗਰੋਂ ਕਿਸਾਨ ਵਿਹਲਾ ਹੋ ਗਿਆ। ਦਰਅਸਲ, ਕਿਸਾਨ ਕਦੇ ਵੀ ਵਿਹਲਾ ਨਹੀਂ ਹੁੰਦਾ। ਮੇਰਾ ਬਾਪੂ ਤੇ ਸਾਰੇ ਮੁਲਕ ਦੇ ਕਿਸਾਨ ਤਾਂ ਹਮੇਸ਼ਾ ਸੋਚਾਂ ਵਿੱਚ ਰਹਿੰਦੇ ਨੇ, ਪਰ ਜਿਨ੍ਹਾਂ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਸ਼ਾਇਦ ਉਹ ਅਜੇ ਡੂੰਘੀ ਨੀਂਦ ਵਿਚ ਨੇ।
ਸੰਪਰਕ: 98556-59556
ਹਾਂ, ਮੈਂ ਲਾਲਚੀ ਹਾਂ…
ਮਨਦੀਪ ਰਿੰਪੀ
‘‘ਦੇਖ, ਕਿਵੇਂ ਕੈਂਚੀ ਵਾਂਗ ਚੱਲਦੀ ਜ਼ੁਬਾਨ… ਤੇਰੇ ਸਾਹਮਣੇ ਨੀਂ ਮੈਨੂੰ ਸਿਆਣਦੀ… ਤੇਰੇ ਪਿੱਛੋਂ ਤਾਂ ਤੂੰ ਆਪ ਸਮਝ ਲੈ… ਕਿਵੇਂ ਦਿਨ ਕੱਟਦੀ ਹਾਂ ਮੈਂ।’’ ਨੀਰੂ ਦੀ ਸੱਸ ਉੱਚੀ ਉੱਚੀ ਬੋਲ ਰਹੀ ਸੀ।
‘‘ਆਹੋ ਮਾਂ! ਇਹ ਤਾਂ ਹੈ ਈ ਇਹੋ ਜਿਹੀ… ਇਹਦੇ ਨਾਲ ਕੀ ਗੱਲ ਕਰਨੀ? ਛੱਡ ਪਰ੍ਹਾਂ… ਸਿਰੇ ਦੀ ਲਾਲਚੀ।’’ ਦੇਵ ਨੇ ਵੀ ਮਾਂ ਦੀ ਹਾਂ ’ਚ ਹਾਂ ਮਿਲਾਉਂਦਿਆਂ ਕਿਹਾ।
ਜ਼ਿੰਦਗੀ ਦੀ ਕਸ਼ਮਕਸ਼ ’ਚ ਸਵਾਲਾਂ ਜਵਾਬਾਂ ਵਿੱਚ ਉਲਝੀ ਹੋਈ ਨੀਰੂ ਦੇ ਜ਼ਿਹਨ ਵਿੱਚ ਅੱਜ ਇੱਕੋ ਸ਼ਬਦ ਵਾਰ ਵਾਰ ਘੁੰਮ ਰਿਹਾ ਸੀ। ਸਾਰੀ ਰਾਤ ਉਸ ਸ਼ਬਦ ਨੇ ਉਸ ਨੂੰ ਸੌਣ ਨਾ ਦਿੱਤਾ। ਉਹ ਸ਼ਬਦ ਉਸ ਦੇ ਕਲੇਜੇ ’ਚ ਇੰਝ ਗੱਡਿਆ ਗਿਆ ਜਿਵੇਂ ਕਿਸੇ ਨੇ ਨੋਕਦਾਰ ਕਿੱਲ ਗੱਡਿਆ ਹੋਵੇ। ਅੱਜ ਉਸ ਨੂੰ ਇੰਝ ਲੱਗਦਾ ਸੀ ਜਿਵੇਂ ਇੱਜ਼ਤ ਤੇ ਜ਼ਬਾਤ ਮਿੱਧੇ ਗਏ ਸਨ। ਨਾ ਦਿਲ ਨੂੰ ਚੈਨ, ਨਾ ਅੱਖਾਂ ’ਚ ਨੀਂਦ ਤੇ ਨਾ ਰੂਹ ਨੂੰ ਸਕੂਨ। ਉਸ ਦੀ ਰੂਹ ਛਲਣੀ ਹੋ ਗਈ ਸੀ ਉਸ ਇਕ ਸ਼ਬਦ ਨਾਲ ਜੋ ਬੜੀ ਆਸਾਨੀ ਨਾਲ ਉਸ ਦੇ ਪਤੀ ਨੇ ਕਹਿ ਸੁਣਾਇਆ ਕਿ …ਤੂੰ ਲਾਲਚੀ ਐਂ! ਲਾਲਚੀ! ਅੱਜ ਉਹ ਲਾਲਚੀ ਸ਼ਬਦ ਦਾ ਅਰਥ ਨਹੀਂ ਸਮਝ ਪਾ ਰਹੀ ਸੀ। ਉਸ ਦੇ ਵਿਆਹ ਨੂੰ ਪੂਰੇ ਦਸ ਵਰ੍ਹੇ ਹੋ ਚੁੱਕੇ ਸਨ। ਮਸਾਂ ਮਸਾਂ ਇੱਕ ਧੀ ਰੱਬ ਨੇ ਉਸ ਦੀ ਝੋਲੀ ਪਾਈ ਸੀ। ਗੁਰੂਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਈਆਂ ਲਾਵਾਂ ਅਤੇ ਆਪਣੇ ਆਪ ਨਾਲ ਕੀਤੇ ਇਕਰਾਰਾਂ ਵਿੱਚ ਬੱਧੀ ਹੋਈ ਉਹ ਹਰ ਪਲ ਹਰ ਕਦਮ ਆਪਣੇ ਪਤੀ ਦੇ ਵਿਚਾਰਾਂ ਨੂੰ ਸੇਧ ਦਿੰਦਿਆਂ ਉਸ ਦੀਆਂ ਖ਼ਾਹਿਸ਼ਾਂ, ਉਮੀਦਾਂ ’ਤੇ ਖਰਾ ਉਤਰਨ ਦੀ ਜੱਦੋਜਹਿਦ ਵਿੱਚ ਉਸ ਦੇ ਮੋਢੇ ਨਾਲ ਮੋਢਾ ਲਾ ਤੁਰਨ ਦੀ ਕੋਸ਼ਿਸ਼ ਕਰਦੀ। ਉਹ ਕਿਸੇ ਵੀ ਮੋੜ ’ਤੇ ਆਪਣੇ ਪਤੀ ਦੀ ਪਿੱਠ ਨਹੀਂ ਸੀ ਲੱਗਣ ਦੇਣਾ ਚਾਹੁੰਦੀ। ਹੁਣ ਤੱਕ ਨਣਦਾਂ ਦੇ ਵਿਆਹ ਤੋਂ ਲੈ ਕੇ ਉਨ੍ਹਾਂ ਦੇ ਬੱਚੇ ਜੰਮਣ ਤੱਕ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦੀ ਆਈ ਸੀ। ਪਤਾ ਨਹੀਂ ਜ਼ਿੰਦਗੀ ਦੇ ਇਹ ਦਸ ਵਰ੍ਹੇ ਕਿੰਝ ਲੰਘ ਗਏ। ਜ਼ਿੰਦਗੀ ਦੇ ਨਹੀਂ, ਵਿਆਹੁਤਾ ਜ਼ਿੰਦਗੀ ਦੇ। ਕਦੇ ਪਤੀ ਨੂੰ ਕੋਈ ਸ਼ਿਕਵਾ ਤਾਂ ਕੀ ਸ਼ਿਕਾਇਤ ਤੱਕ ਨਹੀਂ ਸੀ ਕੀਤੀ। ਹਰ ਜ਼ਿੰਮੇਵਾਰੀ ਖ਼ੁਸ਼ੀ ਨਾਲ ਮੂਹਰੇ ਹੋ ਕੇ ਚੁੱਕਦੀ… ਅਖੇ ਮੇਰਾ ਫ਼ਰਜ਼ ਹੈ। ਭਾਵੇਂ ਉਹ ਪੜ੍ਹੀ ਲਿਖੀ ਸੀ… ਨੌਕਰੀਪੇਸ਼ਾ ਸੀ… ਕਦੇ ਆਜ਼ਾਦ ਖ਼ਿਆਲਾਂ ਦੀ ਸੀ। ਪਰ ਉਸ ਦੇ ਆਜ਼ਾਦ ਖ਼ਿਆਲ ਤਾਂ ਹੁਣ ਪਤਾ ਨਹੀਂ ਕਿਧਰ ਉੱਡ ਗਏ ਸਨ। ਉਹ ਆਪਣੇ ਪਤੀ ਦੇ ਇਸ਼ਾਰਿਆਂ ’ਤੇ ਇੰਝ ਨੱਚਦੀ ਜਿਵੇਂ ਕੋਈ ਕਠਪੁਤਲੀ ਹੋਵੇ… ਆਪਣੇ ਆਪ ਨੂੰ ਤਾਂ ਜਿਵੇਂ ਭੁੱਲ ਹੀ ਚੁੱਕੀ ਸੀ। ਉਨ੍ਹਾਂ ਸੁਪਨਿਆਂ ਨੂੰ ਉਹ ਭੁੱਲ ਚੁੱਕੀ ਸੀ… ਜੋ ਕਦੇ ਅਸਮਾਨ ਛੂਹਣ, ਪੰਛੀਆਂ ਦੀ ਤਰ੍ਹਾਂ ਉਡਾਰੀਆਂ ਭਰਨ ਤੇ ਫੁੱਲਾਂ ਦੀ ਤਰ੍ਹਾਂ ਮਹਿਕਣ ਦੇ ਸਨ। ਉਸ ਦੇ ਹੱਥੀਂ ਪਾਇਆ ਚੂੜਾ ਜਿਵੇਂ ਹਥਕੜੀ ਬਣ ਗਿਆ ਸੀ, ਪਰ ਉਸ ਨੇ ਸੀਅ ਨਾ ਕੀਤੀ। ਉਹ ਆਪਣੇ ਪਤੀ ਤੇ ਆਪਣੇ ਘਰ ਪਰਿਵਾਰ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਚੁੱਕੀ ਸੀ, ਪਰ ਅਫ਼ਸੋਸ ਅਜੇ ਵੀ ਉਹ ਬੇਗਾਨੀ ਹੀ ਸੀ। ਆਪਣਾ ਏ.ਟੀ.ਐਮ. ਆਪਣੇ ਪਤੀ ਦੇ ਹੱਥ ਫੜਾ ਮੰਗ ਮੰਗ ਕੇ ਲਏ ਪੈਸੇ ਦਾ ਪੂਰਾ ਹਿਸਾਬ ਕਿਤਾਬ ਪਤੀ ਅੱਗੇ ਰੱਖਣਾ ਵੀ ਆਪਣਾ ਫ਼ਰਜ਼ ਸਮਝਦੀ ਸੀ। ਕਿੰਨੀ ਭੋਲ਼ੀ ਸੀ ਜੋ ਏਨਾ ਪੜ੍ਹ ਲਿਖ ਕੇ ਵੀ ਖ਼ੁਦ ਗ਼ੁਲਾਮੀ ਵਾਲੀ ਤਖ਼ਤੀ ਗਲ ਨਾਲ ਲਾਈ ਬੈਠੀ ਸੀ।
ਦਸਾਂ ਵਰ੍ਹਿਆਂ ਬਾਅਦ ਵੀ ਉਸ ਦੇ ਹੱਥ ਖਾਲ਼ੀ ਦੇ ਖਾਲ਼ੀ ਸਨ। ਹੁਣ ਉਸ ਦੀ ਧੀ ਅੱਠ ਵਰ੍ਹਿਆਂ ਦੀ ਹੋ ਚੁੱਕੀ ਸੀ। ਹੁਣ ਤੱਕ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦੀ ਆ ਰਹੀ ਸੀ ਇੱਕ ਚੰਗੀ ਪਤਨੀ, ਚੰਗੀ ਨੂੰਹ, ਚੰਗੀ ਭਰਜਾਈ …ਹੁਣ ਇੱਕ ਚੰਗੀ ਮਾਂ ਦੀ ਜ਼ਿੰਮੇਵਾਰੀ ਨਿਭਾਉਣੀ ਸੀ। ਹੁਣ ਉਹ ਆਪਣੀ ਧੀ ਦੇ ਭਵਿੱਖ ਬਾਰੇ ਫ਼ਿਕਰਮੰਦ ਹੋਣ ਲੱਗੀ। ਦਰਅਸਲ, ਪਤੀ ਦੀ ਸ਼ਰਾਬ ਦੀ ਲਤ ਨੀਰੂ ਨੂੰ ਚਿੰਤਾਵਾਂ ਦੀ ਦਲਦਲ ਵੱਲ ਧੱਕ ਰਹੀ ਸੀ। ਦੋ ਪੈੱਗ ਅੰਦਰ ਜਾਣ ਦੀ ਦੇਰ ਹੁੰਦੀ ਕਿ ਦੇਵ ਵਿੱਚ ਐਨੀ ਦਲੇਰੀ ਆ ਜਾਂਦੀ ਜਿੱਥੇ ਸੌ ਦੀ ਲੋੜ ਹੁੰਦੀ ਉੱਥੇ ਉਹ ਪੰਜ ਸੌ ਦਾ ਨੋਟ ਮਿੰਟਾਂ ਵਿੱਚ ਖਰਚ ਦਿੰਦਾ। ਇਸ ਤਰ੍ਹਾਂ ਦੋਵਾਂ ਦੀ ਤਨਖ਼ਾਹ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ। ਜਦੋਂ ਕਦੇ ਵੀ ਗੱਲ ਤੁਰਦੀ, ਧੀ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਕੋਈ ਐੱਲ.ਆਈ.ਸੀ. … ਕੋਈ ਪੀਪੀਐੱਫ …ਜਾਂ ਕੋਈ ਹੋਰ ਕਿਸੇ ਕਿਸਮ ਦਾ ਖਾਤਾ ਖੁਲ੍ਹਵਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਉਸ ਦੀ ਪੜ੍ਹਾਈ ਵਿੱਚ ਕੋਈ ਔਖ ਨਾ ਆਵੇ ਤਾਂ ਉਸ ਦਾ ਪਤੀ ਇਹ ਉਸ ਦੀਆਂ ਬੇਸਮਝੀਆਂ ਗੱਲਾਂ ਆਖਦਾ। ‘‘ਲੈ ਕੀ ਕਰਨਾ? ਕਰ ਲਵਾਂਗੇ ਹੌਲ਼ੀ ਹੌਲ਼ੀ… ਅਜੇ ਤਾਂ ਬਥੇਰਾ ਸਮਾਂ ਪਿਆ’’। ਜਦੋਂ ਨੀਰੂ ਆਪਣੇ ਸੱਸ ਸਹੁਰੇ ਅੱਗੇ ਰੋਣਾ ਰੋਂਦੀ ਤਾਂ ਸੱਸ ਵੀ ਅੱਗੋਂ, ‘‘ਸਬਰ ਕਰ… ਰੱਬ ਆਪੇ ਸਹਾਈ ਹੋੋਊ… ਮੈਨੂੰ ਦੇਖ… ਮੈਂ ਦੋ ਧੀਆਂ ਵਿਆਹੀਆਂ, ਇੱਕ ਪੁੱਤ… ਭਾਵੇਂ ਕੋਲ ਧੇਲਾ ਨੀ ਸੀ… ਪਰ ਮਾਲਕ ਨੇ ਆਪੇ ਸਾਰ ਦਿੱਤਾ… ਤੇਰੀ ਤਾਂ ਇੱਕੋ ਧੀ ਐ। ਨਾਲੇ ਦੋਵੇਂ ਕਮਾਊ… ਹੋਰ ਰੱਬ ਚਾਹੀਦੈ!’’ ‘‘ਮੰਮੀ ਇਹੋ ਤਾਂ ਗੱਲ ਐ… ਲੋਕਾਂ ਨੇ ਕੱਲ੍ਹ ਨੂੰ ਕਹਿਣਾ …ਦੋਵੇਂ ਜੀਅ ਕਮਾਉਂਦੇ ਸੀ …ਪੱਲੇ ਕੱਖ ਨੀ …ਲੈ ਜੇ ਘਰਆਲਾ ਸ਼ਰਾਬੀ ਸੀ ਤੂੰ ਤਾਂ ਸਮਝਦਾਰ ਸੀ। ਫਿਰ ਜਣਾ-ਖਣਾ ਤੀਵੀਂ ਨੂੰ ਕਹਿੰਦਾ ਕਿ ਘਰ ਸਾਂਭਣਾ ਨਹੀਂ ਆਇਆ। ਸਾਰੀ ਉਮਰ ਦੀ ਕਮਾਈ ਖਾਣ-ਪੀਣ ’ਚ ਲੰਘਾਤੀ। ਮੰਮੀ, ਤੁਸੀਂ ਤਾਂ ਜ਼ਮਾਨਾ ਦੇਖਿਐ… ਜਦੋਂ ਮੈਂ ਆਪਣੀ ਧੀ ਦੇ ਭਵਿੱਖ ਬਾਰੇ ਸੋਚਦੀ ਹਾਂ ਤਾਂ ਮੈਨੂੰ ਬਹੁਤ ਚਿੰਤਾ ਹੁੰਦੀ ਹੈ। ਇਨ੍ਹਾਂ ਦੀ ਸ਼ਰਾਬ ਤਾਂ ਸਾਡੀ ਦੋਵਾਂ ਦੀ ਤਨਖ਼ਾਹ ਨੂੰ ਮਹੀਨੇ ਦੇ ਅੱਧ ਵਿਚਕਾਰ ਈ ਡਕਾਰ ਲੈਂਦੀ ਐ।’’ ਨੀਰੂ ਡੂੰਘੀਆਂ ਸੋਚਾਂ ਵਿੱਚ ਖੋਈ ਜਾ ਰਹੀ ਸੀ। ਇੱਕ ਦਿਨ ਥੋੜ੍ਹਾ ਹੌਸਲਾ ਕਰ ਕੇ ਆਪਣੇ ਪਤੀ ਨੂੰ ਆਖਣ ਲੱਗੀ ਕਿ ਇੱਕ ਤਨਖਾਹ ਹਰ ਮਹੀਨੇ ਬਚਾਓ ਤੇ ਇੱਕ ਨਾਲ ਘਰ ਦਾ ਗੁਜ਼ਾਰਾ ਕਰੋ। ਇਸ ਗੱਲ ’ਤੇ ਘਰ ’ਚ ਕਲੇਸ਼ ਰਹਿਣ ਲੱਗਾ। ‘‘ਆਈ ਵੱਡੀ! ਇੱਕ ਤਨਖ਼ਾਹ ਨਾਲ ਭਲਾ ਗੁਜ਼ਾਰਾ ਹੁੰਦੈ?’’ ਪਤੀ ਦੀ ਗੱਲ ਸੁਣ ਨੀਰੂ ਆਖਦੀ, ‘‘ਤੁਸੀਂ ਮੈਨੂੰ ਤਨਖ਼ਾਹ ਦਿਓ …ਮੈਂ ਇੱਕ ਨਾਲ ਗੁਜ਼ਾਰਾ ਕਰਕੇ ਦਿਖਾਊਂ।’’
‘‘ਅੱਛਾ! ਹੁਣ ਤੂੰ ਘਰ ਚਲਾਏਂਗੀ!’’ ਨੀਰੂ ਦੀ ਸੱਸ ਉਸ ਦੇ ਮਗਰ ਪੈ ਗਈ, ‘‘ਤੀਵੀਂ ਦਾ ਕੰਮ ਘਰ ਰੋਟੀ ਪਕਾਉਣਾ ਹੈ …ਪਤੀ ਦਾ ਕੰਮ ਘਰ ਚਲਾਉਣਾ …ਘਰ ਦਾ ਮੁਖੀ ਜੋ ਹੋਇਆ।’’ ਨੀਰੂ ਸੋਚਦੀ ਕਿ ਉਹ ਵੀ ਤਾਂ ਬਰਾਬਰ ਕਮਾਉਂਦੀ ਹੈ ਫਿਰ ਏਦਾਂ ਕਿਉਂ? ਅਚਾਨਕ ਇੱਕ ਦਿਨ ਨੀਰੂ ਦੇ ਪਤੀ ਨੇ ਨੀਰੂ ਦਾ ਏ.ਟੀ.ਐੱਮ. ਉਸ ਅੱਗੇ ਰੱਖ ਆਖਿਆ, ‘‘ਲੈ ਫੜ ਆਪਣਾ ਏ.ਟੀ.ਐੱਮ.। ਜਦ ਦੇਖੋ ਰੌਲਾ ਪਾਉਂਦੀ ਰਹਿੰਦੀ ਐ ਮੇਰੀ ਤਨਖ਼ਾਹ… ਮੇਰਾ ਏ.ਟੀ.ਐਮ.। ਮੈਂ ਤਾਂ ਤੇਰੀ ਤਨਖ਼ਾਹ ਵੱਲ ਝਾਕਦਾ ਵੀ ਨਹੀਂ।’’ ਨੀਰੂ ਬੜੀ ਹੈਰਾਨ ਹੋਈ ਤੇ ਖ਼ੁਸ਼ ਵੀ। ਉਹ ਮਨ ਹੀ ਮਨ ਸੋਚਣ ਲੱਗੀ ਕਿ ਚਲੋ ਕੁਝ ਤਾਂ ਅਕਲ ਆਈ, ਪਰ ਜਦੋਂ ਏ.ਟੀ.ਐੱਮ. ਚੈੱਕ ਕੀਤਾ ਤਾਂ ਵੇਖਿਆ ਕਿ ਇਹ ਤਾਂ ਪੁਰਾਣਾ ਹੋਣ ਕਾਰਨ ਬਲਾਕ ਹੋ ਚੁੱਕਾ ਹੈ।
ਨੀਰੂ ਨੇ ਉਹ ਏ.ਟੀ.ਐੱਮ. ਕਾਰਡ ਆਪਣੇ ਕੋਲ ਹੀ ਰੱਖ ਲਿਆ ਅਤੇ ਦੁਬਾਰਾ ਏ.ਟੀ.ਐੱਮ. ਨਾ ਬਣਾਉਣ ਦਾ ਫ਼ੈਸਲਾ ਕੀਤਾ। ਹੁਣ ਉਹ ਜਦੋਂ ਲੋੜ ਹੁੰਦੀ ਉਦੋਂ ਹੀ ਪੈਸੇ ਕਢਵਾਉਂਦੀ। ਹੁਣ ਘਰ ਵਿੱਚ ਉਸ ਦੀ ਵੁੱਕਤ ਵੀ ਥੋੜ੍ਹੀ ਵਧਣ ਲੱਗੀ ਕਿਉਂਕਿ ਹੁਣ ਉਹ ਆਪਣੇ ਹੱਥੀਂ ਪੈਸੇ ਕਢਵਾ ਕੇ ਦਿੰਦੀ ਸੀ। ਘਰ ਦੇ ਕੰਮਾਂ ਵਿੱਚ ਉਸ ਦੀ ਅਹਿਮੀਅਤ ਪਹਿਲਾਂ ਨਾਲੋਂ ਵਧ ਗਈ। ਪਹਿਲਾਂ ਤਾਂ ਉਸ ਨੂੰ ਏ.ਟੀ.ਐੱਮ. ਮਸ਼ੀਨ ਹੀ ਸਮਝਿਆ ਜਾਂਦਾ ਸੀ ਜਿਸ ਤੋਂ ਜਿੰਨੇ ਮਰਜ਼ੀ ਜਦੋਂ ਮਰਜ਼ੀ ਪੈਸੇ ਕਢਵਾਏ ਜਾਣ। ਪਰ ਹੁਣ ਉਹ ਇੱਕ ਬੈਂਕ ਸੀ ਜੋ ਆਪਣੀ ਮਰਜ਼ੀ ਨਾਲ ਪੈਸੇ ਪਾਸ ਕਰਦਾ ਸੀ। ਉਸ ਦੀ ਮਾਨਸਿਕ ਗ਼ੁਲਾਮੀ ਦੀਆਂ ਬੇੜੀਆਂ ਕੁਝ ਕੁ ਟੁੱਟਣ ਲੱਗੀਆਂ। ਉਸ ਦਾ ਮੁਰਦਾ ਆਤਮ-ਵਿਸ਼ਵਾਸ ਫਿਰ ਸਾਹ ਭਰਨ ਲੱਗਾ। ਉਹ ਸੁਪਨੇ ਜੋ ਸਮੇਂ ਦੀ ਧੂੜ ਵਿੱਚ ਕਿਧਰੇ ਗੁਆਚ ਗਏ ਸਨ, ਮੁੜ ਲੱਭਣੇ ਸ਼ੁਰੂ ਹੋ ਗਏ। ਉਸ ਨੂੰ ਮੁੜ ਆਪਣੇ ਪੈਰਾਂ ਹੇਠਲੀ ਜ਼ਮੀਨ ਦੀ ਛੋਹ ਆਪਣੀ ਲੱਗਣ ਲੱਗੀ। ਉਸ ਦੇ ਮਨ ਦੇ ਵਲਵਲੇ ਉਸ ਨੂੰ ਅਗਲੇਰੀ ਜ਼ਿੰਦਗੀ ਲਈ ਘੁਟਣ ਭਰੀਆਂ ਯਾਦਾਂ ਨੂੰ ਛੱਡ ਅੱਗੇ ਤੁਰਨ ਦਾ ਹੌਸਲਾ ਦੇਣ ਲੱਗੇ। ਉਸ ਨੇ ਆਪਣੀ ਧੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੀ.ਪੀ.ਐਫ. ਅਤੇ ਇੱਕ ਦੋ ਹੋਰ ਬੱਚਤ ਸਕੀਮਾਂ ਸ਼ੁਰੂ ਕਰ ਦਿੱਤੀਆਂ। ਜਦੋਂ ਇਸ ਸਬੰਧੀ ਉਸ ਦੇ ਪਤੀ ਨੂੰ ਕੁਝ ਵੀ ਪਤਾ ਲੱਗਦਾ ਉਹ ਹਮੇਸ਼ਾ ਗੁੱਸੇ ਹੀ ਹੁੰਦਾ ਤੇ ਕਹਿੰਦਾ, ‘‘ਤੂੰ ਤਾਂ ਮੂਰਖ ਐਂ। ਐਵੇਂ ਪੈਸੇ ਉਜਾੜੀ ਜਾਂਦੀ ਏਂ।’’ ਉਹ ਬਿਨਾਂ ਕੁਝ ਬੋਲੇ ਆਪਣੇ ਕੰਮੀਂ ਰੁੱਝ ਜਾਂਦੀ ਕਿਉਂਕਿ ਉਹ ਇੰਨੇ ਸਾਲਾਂ ਵਿੱਚ ਆਪਣੇ ਪਤੀ ਦੇ ਸੁਭਾਅ ਤੋਂ ਭਲੀਭਾਂਤੀ ਵਾਕਫ਼ ਹੋ ਚੁੱਕੀ ਸੀ ਕਿ ਪੱਥਰ ’ਤੇ ਪਾਣੀ ਪਾਇਆ ਨਾ ਪਾਇਆ ਇੱਕ ਬਰਾਬਰ ਹੈ।
ਸਮਾਂ ਆਪਣੀ ਚਾਲ ਤੁਰੀ ਜਾ ਰਿਹਾ ਸੀ। ਪਤੀ ਦੀ ਤਨਖ਼ਾਹ ਤਾਂ ਉਸ ਦੀ ਸ਼ਰਾਬ ਦੇ ਲੇਖੇ ਹੀ ਲੱਗਦੀ। ਨੀਰੂ ਆਪਣੀ ਤਨਖ਼ਾਹ ਨਾਲ ਆਪਣੀ ਧੀ ਤੇ ਆਪਣੇ ਖਰਚੇ ਪੂਰੇ ਕਰਦੀ ਤੇ ਲੋੜ ਪੈਣ ’ਤੇ ਘਰ ਦੇ ਖਰਚਿਆਂ ਲਈ ਵੀ ਹਮੇਸ਼ਾ ਮੂਹਰੇ ਰਹਿੰਦੀ। ਇੱਕ ਦਿਨ ਉਸ ਦੇ ਪਤੀ ਦੇ ਦਿਲ ਵਿੱਚ ਪਤਾ ਨਹੀਂ ਕੀ ਆਈ, ਉਹ ਸ਼ਾਮ ਵੇਲੇ ਦਫ਼ਤਰੋਂ ਆ ਕੇ ਨੀਰੂ ਤੋਂ ਹੁਣ ਤੱਕ ਦੀ ਤਨਖ਼ਾਹ ਦਾ ਹਿਸਾਬ ਮੰਗਣ ਲੱਗਾ। ਨੀਰੂ ਨੇ ਕਿਹਾ, ‘‘ਮੈਂ ਪੈਸੇ ਖਰਾਬ ਨਹੀਂ ਕਰਦੀ। ਤੁਸੀਂ ਘਬਰਾਉ ਨਾ। ਜੇ ਮੈਂ ਕੁਝ ਜੋੜਿਆ ਵੀ ਹੈ ਤਾਂ ਆਪਣੇ ਅਤੇ ਆਪਣੀ ਧੀ ਦੇ ਭਵਿੱਖ ਲਈ ਸੁਰੱਖਿਅਤ ਰੱਖੇ ਹਨ।’’ ਪਤੀ ਦੇਵ ਤਾਂ ਅਜੇ ਚੁੱਪ ਹੀ ਸਨ ਕਿ ਸੱਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ‘‘ਇਹ ਆਈ ਵੱਡੀ ਭਵਿੱਖ ਬਾਰੇ ਸੋਚਣ ਵਾਲੀ… ਸਾਨੂੰ ਤਾਂ ਮੂਰਖ ਸਮਝਦੀ ਆ… ਆਹੋ ਨਾਲੇ ਪੇਕਿਆਂ ਦਾ ਮੋਹ ਕਿੱਥੇ ਜਾਂਦਾ! ਦੇ ਆਉਂਦੀ ਹੋਣੀ ਆਪਣੀ ਮਾਂ ਨੂੰ ਗੁੱਛੀਆਂ ਬਣਾ ਬਣਾ ਕੇ।’’ ‘‘ਮੰਮੀ ਪਲੀਜ਼ ਇਉਂ ਨਾ ਕਹੋ …ਅੱਜ ਤੱਕ ਤਾਂ ਮੇਰੇ ਮਾਪਿਆਂ ਨੇ ਮੇਰੀ ਤਨਖ਼ਾਹ ਦੀ ਕਦੀ ਝਾਕ ਨਹੀਂ ਰੱਖੀ। ਉਨ੍ਹਾਂ ਨੇ ਮੈਨੂੰ ਪੜ੍ਹਾ ਲਿਖਾ ਕੇ ਨੌਕਰੀ ਲਵਾਇਆ। ਉਨ੍ਹਾਂ ਨੇ ਮੇਰੀ ਤਨਖਾਹ ਦਾ ਕਦੇ ਲਾਲਚ ਨਹੀਂ ਕੀਤਾ। ਹਾਂ, ਜੇ ਮੈਂ ਉਨ੍ਹਾਂ ਨੂੰ ਦੋ ਪੈਸੇ ਦੇ ਵੀ ਦੇਵਾਂ ਤਾਂ ਵੀ ਕੋਈ ਹਰਜ ਨਹੀਂ। ‘‘ਬੱਸ ਕਰ ਬੱਸ… ਸ਼ਰਮ ਨਹੀਂ ਆਉਂਦੀ ਉਨ੍ਹਾਂ ਨੂੰ… ਜਿਹੜੇ ਧੀ ਦੇ ਘਰ ਦਾ ਖਾਂਦੇ ਨੇ।’’ ‘‘ਬੱਸ ਕਰੋ ਮੰਮੀ, ਬਹੁਤ ਹੋ ਗਿਆ। ਇੰਨੇ ਸਾਲ ਹੋ ਗਏ ਮੇਰੀ ਕਮਾਈ ਇਸ ਘਰ ’ਤੇ ਲੱਗਦੀ ਰਹੀ। ਹੁਣ ਕੁਝ ਕੁ ਮਹੀਨਿਆਂ ਤੋਂ ਜੇ ਮੇਰੀ ਤਨਖ਼ਾਹ ਮੇਰੇ ਕੋਲ ਹੈ ਤਾਂ ਤੁਹਾਨੂੰ ਬਹੁਤ ਤਕਲੀਫ਼ ਹੋ ਰਹੀ ਹੈ। ਮੈਂ ਵੀ ਆਪਣੇ ਬੱਚੇ ਬਾਰੇ ਕੁਝ ਸੋਚਣਾ ਹੈ। ਉਸ ਦਾ ਭਵਿੱਖ ਵੇਖਣਾ ਹੈ। ਮੈਂ ਵੀ ਇਕ ਮਾਂ ਹਾਂ।’’ ‘‘ਆਹੋ ਤੈਨੂੰ ਈ ਪਤਾ ਸਭ ਕੁਝ… ਸਾਨੂੰ ਤਾਂ ਕੁਝ ਨਹੀਂ ਪਤਾ…। ਦੇਖ ਲੈ ਮੁੰਡਿਆ, ਤੇਰੇ ਸਾਹਮਣੇ ਕਿਵੇਂ ਮੈਨੂੰ ਖਾਣ ਨੂੰ ਪੈਂਦੀ ਐ… ਫਿਰ ਕਹਿੰਦੇ ਸੱਸਾਂ ਮਾੜੀਆਂ ਨੇ। ਜੇ ਨਹੀਂ ਦਿਲ ਰਲਦਾ ਸਾਡੇ ਨਾਲ ਤਾਂ ਬੇਸ਼ੱਕ ਅੱਡ ਹੋ ਜਾਓ। ਮੈਂ ਨਹੀਂ ਕੁਝ ਕਹਿੰਦੀ… ਸਾਡਾ ਕੀ? ਅਸੀਂ ਬੁੱਢੇ ਦੋ ਵਕਤ ਦੀ ਰੋਟੀ ਖਾਣੀ ਐ। ਉਹ ਤਾਂ ਚਾਹੇ ਅਚਾਰ ਨਾਲ ਵੀ ਖਾ ਲਈਏ… ਏਸ ਕੁੱਤੇਖਾਣੀ ਤੋਂ ਤਾਂ ਚੰਗਾ ਈ ਐ।’’
ਉਸ ਦਾ ਪਤੀ ਦੇਵ ਵਿਚੋਂ ਟੋਕ ਕੇ ਬੋਲਿਆ, ‘‘ਮੰਮੀ, ਤੁਸੀਂ ਮਨ ’ਤੇ ਬੋਝ ਨਾ ਪਾਓ। ਇਹ ਤਾਂ ਹੈ ਹੀ ਇਹੋ ਜਿਹੀ… ਇਨ੍ਹਾਂ ਦਾ ਖਾਨਦਾਨ ਵੀ ਇਹੋ ਜਿਹਾ… ਇਹ ਤਾਂ ਸਿਰੇ ਦੀ ਲਾਲਚੀ ਐ। ਪੈਸੇ ਤੱਕ ਮਤਲਬ… ਰਿਸ਼ਤਿਆਂ ਦਾ ਇਹਨੂੰ ਕੀ ਪਤਾ? ਇਹਨੂੰ ਬਹੁਤਾ ਮੂੰਹ ਨਾ ਲਾਓ।’’
ਦੇਵ ਇਉਂ ਬੋਲ ਕੇ ਬਾਹਰ ਚਲਾ ਗਿਆ ਤੇ ਦੇਰ ਰਾਤ ਵਾਪਸ ਆਇਆ। ਉਹ ਵੀ ਸ਼ਰਾਬ ਨਾਲ ਧੁੱਤ। ਜਦੋਂ ਨੀਰੂ ਨੇ ਰੋਟੀ ਪਾ ਕੇ ਦਿੱਤੀ ਤਾਂ ਥਾਲੀ ਪਰ੍ਹੇ ਵਗਾਹ ਮਾਰੀ ਤੇ ਬੋਲਿਆ, ‘‘ਜਾਹ ਮੇਰੇ ਘਰ ਤੋਂ… ਲਾਲਚੀ… ਤੂੰ ਤਾਂ ਲਾਲਚੀ ਐਂ… ਸਿਰੇ ਦੀ ਲਾਲਚੀ… ਤੈਨੂੰ ਕੀ ਲੋੜ ਮੇਰੀ ਤੇ ਮੇਰੇ ਪਰਿਵਾਰ ਦੀ?’’ ਤੇ ਹੋਰ ਪਤਾ ਨਹੀਂ ਕੀ ਬੁੜਬੁੜਾਉਂਦਿਆਂ ਸੌਂ ਗਿਆ। ਨੀਰੂ ਸਾਰੀ ਰਾਤ ਲਾਲਚੀ ਸ਼ਬਦ ਦੇ ਅਰਥ ਲੱਭਦੀ ਰਹੀ ਤੇ ਫਿਰ ਇਕਦਮ ਮੁਸਕਰਾਈ ਤੇ ਬੋਲੀ, ‘‘ਹਾਂ, ਮੈਂ ਲਾਲਚੀ ਹਾਂ।’’
ਸੰਪਰਕ: 98143-85918
ਨਵਾਂ ਹਾਰ
ਮਹਿੰਦਰ ਸਿੰਘ ਮਾਨ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੇ ਬਾਰਡਰ ’ਤੇ ਧਰਨਾ ਦੇ ਰਹੇ ਸਨ। ਇਕ ਨਿੱਜੀ ਟੀਵੀ ਚੈਨਲ ਦੀ ਐਂਕਰ ਦੋ, ਤਿੰਨ ਕਿਸਾਨਾਂ ਨਾਲ ਗੱਲਬਾਤ ਕਰਨ ਪਿੱਛੋਂ ਚੌਥੇ ਕਿਸਾਨ, ਜਿਸ ਦੀ ਉਮਰ 50 ਸਾਲ ਤੋਂ ਵੱਧ ਜਾਪਦੀ ਸੀ, ਕੋਲ ਪਹੁੰਚ ਕੇ ਆਖਣ ਲੱਗੀ, “ਅੰਕਲ ਜੀ, ਕੀ ਤੁਹਾਨੂੰ ਲੱਗਦਾ ਕਿ ਸਰਕਾਰ ਤਿੰਨ ਖੇਤੀ ਕਾਨੂੰਨ ਰੱਦ ਕਰ ਦੇਵੇਗੀ?”
“ਧੀਏ, ਮੈਂ ਆਪਣਾ ਪਰਿਵਾਰ ਛੱਡ ਕੇ ਸਰਕਾਰ ਵੱਲੋਂ ਲਾਈਆਂ ਰੋਕਾਂ ਨੂੰ ਪਾਰ ਕਰਕੇ ਆਪਣੇ ਸਾਥੀਆਂ ਨਾਲ ਇਸ ਬਾਰਡਰ ’ਤੇ ਪੁੱਜਾ ਆਂ। ਘਰੋਂ ਤੁਰਨ ਤੋਂ ਪਹਿਲਾਂ ਮੈਂ ਤੇਰੀ ਆਂਟੀ ਨੂੰ ਇਕ ਨਵਾਂ ਹਾਰ ਦੇ ਕੇ ਆਇਆਂ ਤੇ ਇਹ ਕਹਿ ਕੇ ਆਇਆਂ ਬਈ ਜੇ ਮੈਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਜਿਉਂਦਾ ਆ ਗਿਆ ਤਾਂ ਇਹ ਹਾਰ ਮੇਰੇ ਗਲ ’ਚ ਪਾ ਦੇਵੀਂ ਤੇ ਜੇ ਕਿਤੇ ਮੈਂ ਸ਼ਹੀਦ ਹੋ ਗਿਆ ਤਾਂ ਹਾਰ ਮੇਰੇ ਫੋਟੋ ਦੇ ਪਾ ਦੇਵੀਂ।” ਕਿਸਾਨ ਨੇ ਆਖਿਆ।
“ਅੰਕਲ ਜੀ, ਜਿਸ ਮੋਰਚੇ ’ਚ ਤੁਹਾਡੇ ਵਰਗੇ ਦ੍ਰਿੜ੍ਹ ਇਰਾਦੇ ਵਾਲੇ ਆਏ ਹੋਣ, ਉਹ ਜ਼ਰੂਰ ਜਿੱਤ ਵੱਲ ਵਧੇਗਾ। ਆਂਟੀ ਤੁਹਾਡੇ ਗਲ ’ਚ ਜ਼ਰੂਰ ਹਾਰ ਪਾਏਗੀ।” ਐਂਕਰ ਦੇ ਮੂੰਹੋਂ ਆਪਮੁਹਾਰੇ ਇਹ ਸ਼ਬਦ ਨਿਕਲ ਗਏ।
ਸੰਪਰਕ: 99158-03554