ਗੁਰਮੀਤ ਕੜਿਆਲਵੀ
‘‘ਨੀ ਗੀਟੀਏ-ਸ਼ੀਟੀਏ। ਆਜਾ ਥੱਲੇ। ਕਿਉਂ ਝਾਟੇ ਖੇਹ ਪਾਉਣ ਲੱਗੀ ਏਂ। ਆਹ ਕੋਈ ਉਮਰ ਐ ਕੰਧਾਂ ਕੋਠੇ ਟੱਪਣ ਦੀ? ਵੇਖ ਕਿਵੇਂ ਘੋੜੀ ਵਾਂਗ ਹਿੜ ਹਿੜ ਲਾ ਰੱਖੀ ਸੂ। ਸਾਰਾ ਟੱਬਰ ਕਮਲਾ ਹੋ ਗਿਆ। ਈਅਦੀ ਮਾਂ ਦੀਆਂ ਅੱਖਾਂ ਗਾੜੀ ਤਾਂ ਪੱਟੀ ਬੰਨ੍ਹੀ ਸੂ, ਜਾਹ ਖਾਂ ਇਸ ਸ਼ੋਹਦੀ ਨੂੰ ਹਟਕ ਵਰਜ਼ ਲਏ।’’
ਜਿਉਂ ਹੀ ਸਵੀਟੀ ਪਤੰਗ ਚੜ੍ਹਾਉਣ ਲਈ ਕੋਠੇ ਚੜ੍ਹਦੀ ਏ ਝਾਈ ਲੌਬੀ ’ਚ ਮੰਜੇ ’ਤੇ ਪਈ ਗਾਲ੍ਹਾਂ ਦੀ ਸੂੜ ਧਰ ਲੈਂਦੀ ਹੈ। ਉਸਨੂੰ ਸਵੀਟੀ ਦਾ ਨਾਂ ਸੈਂਕੜੇ ਵਾਰ ਦੱਸਿਆ ਹੋਊ ਪਰ ‘ਸਵੀਟੀ’ ਨਾਂ ਜਿਵੇਂ ਉਸਦੇ ਦਿਮਾਗ਼ ਦੀ ਸਲੇਟ ’ਤੇ ਉਕਰਿਆ ਹੀ ਨਹੀਂ ਜਾਂਦਾ।
‘‘ਮੁੰਡਿਆਂ-ਖੁੰਡਿਆਂ ਦਾ ਕੰਮ ਹੁੰਦਾ ਪਤੰਗਾਂ ਉਡਾਉਣ ਦਾ। ਭਲਾ ਕੁੜੀਆਂ ਨੂੰ ਐਹੋ ਜਿਹੇ ਕੰਮ ਚੰਗੇ ਲੱਗਦੇ। ਅੰਦਰ ਬੈਠੇ ਰਮਾਨ ਨਾਲ।’’ ਬੋਲਦੀ ਬੋਲਦੀ ਉਹ ਖੂੰਡੀ ਮੰਜੇ ਦੇ ਪਾਵੇ ਨਾਲ ਮਾਰ ਕੇ ਖੜਕਾਉਂਦੀ ਰਹਿੰਦੀ ਹੈ।
‘‘ਖੇਡ ਲੈਣ ਦੇ ਜੁਆਕੜੀ ਨੂੰ… ਆਹੀ ਚਾਰ ਦਿਨ ਖੇਡਣ ਮੱਲਣ ਦੇ। ਫੇਰ ਤਾਂ ਹਾਸੇ ਕਿਧਰੇ ਗੁੰਮ ਗੁਆਚ ਈ ਜਾਣੇ। ਮਾਂ ਬਾਪ ਦੇ ਘਰੇ ਜਿਹੜੇ ਚਾਰ ਦਿਨ ਹੱਸ ਖੇਡਲੇ-ਹੱਸ ਖੇਡਲੇ, ਫੇਰ ਤਾਂ ਵਿਚਾਰੀ ਰੁਲਜੂ ਮੇਰੇ ਵਾਗੂੰ।’’ ਅਖੀਰਲੀ ਗੱਲ ਮੈਂ ਬੜੀ ਹੌਲੀ ਜਿਹੇ ਬੋਲਦੀ ਹਾਂ ਪਰ ਹੈਰਾਨੀ ਹੁੰਦੀ ਹੈ ਕਿ ਉੱਚਾ ਸੁਣਨ ਦੇ ਬਾਵਜੂਦ ਸਵੀਟੀ ਦੀ ਦਾਦੀ ਨੂੰ ਸਾਫ਼ ਸੁਣ ਜਾਂਦੀ ਹੈ।
‘‘ਦੁਬਾਰੀ ਵਾਰ ਬੋਲੀਂ ਕੀ ਪਈ ਕਹਿੰਨੀ ਏਂ… ਕੀ ਰੁਲਜੂ? ਤੂੰ ਰੁੱਲ ਗਈ ਏਂ? ਇੱਕ ਲਾਵਣੀ ਏਂ- ਇੱਕ ਪਾਵਣੀ ਏਂ। ਸਾਰੀ ਦਿਹਾੜੀ ਤੇਰੇ ਟਸ਼ਣੇ-ਪਸ਼ਣੇ ਨ੍ਹੀ ਮੁੱਕਦੇ, ਅਜੇ ਗੱਲਾਂ ਪਈ ਕਰਨੀ।’’ ਸੱਸ ਛਾਤੀ ’ਤੇ ਜੰਮੀ ਪਈ ਬਲਗਮ ਨੂੰ ਗਲ਼ੇ ਤੱਕ ਲਿਆਉਣ ਲਈ ਵਾਰ ਵਾਰ ਖੰਘਾਰਦੀ ਹੈ। ਇੰਜ ਕਰਦਿਆਂ ਉਹ ਬੁਰੀ ਤਰ੍ਹਾਂ ਹਫ਼ ਜਾਂਦੀ ਹੈ।
‘‘ਤੈਨੂੰ ਕੀ ਨ੍ਹੀ ਮਿਲਿਆ। ਕੈਅ ਘਾਟ ਛੋਡੀ ਮੇਰੇ ਪੁੱਤਰ ਨੇ? ਖਾਂਦੀ ਪੀਂਦੀ ਟੀਟਣੇ ਮਾਰਨੀ ਏਂ।’’ ਉਹ ਹੌਂਕਦੀ ਹੌਂਕਦੀ ਵੀ ਬੁੜ ਬੁੜ ਕਰੀ ਜਾਂਦੀ ਹੈ। ਉਹ ਕੀ ਬੋਲੀ ਜਾਂਦੀ ਹੈ, ਬਹੁਤੀਆਂ ਗੱਲਾਂ ਦਾ ਤਾਂ ਪਤਾ ਵੀ ਨਹੀਂ ਲੱਗਦਾ। ‘‘ਮੇਰੇ ਪੁੱਤਰ ਦੇ ਕਰਮਾਂ ’ਚ ਏਹੀ ਲਿਖੀ ਸੀ ਥੁੜੋਂ ਮਾਰੇ ਘਰ ਦੀ। ਕੀ ਘਾਟ ਸੂ ਮੇਰੇ ਪੁੱਤਰ ’ਚ?’’ ਅਜਿਹੇ ਤਾਅਨੇ ਮੇਹਣੇ ਦਿਨ ’ਚ ਪਤਾ ਨਹੀਂ ਕਿੰਨੀ ਕੁ ਵਾਰ ਸੁਣਨੇ ਪੈਂਦੇ ਨੇ। ‘‘ਮਦਨ ਦਾ ਬਾਊ ਜ਼ਿੱਦ ਕਰ ਖਲੋਤਾ। ਕੁੜੀ ਹੱਥਾਂ ਦੀ ਸਚਿਆਰ ਏ। ਫਿਰ ਨੇੜਲੀ ਰਿਸ਼ਤੇਦਾਰੀ ਲੱਗਦੀ। ਰਿਸ਼ਤਾ ਛੱਡਣ ਵਾਲਾ ਨਹੀਂ ਜੇ। ਬਥੇਰਾ ਸਮਝਾਇਆ-ਬਥੇਰਾ ਸਮਝਾਇਆ ਕਿ ਨੰਗਾਂ ਕੋਲ ਕੁੱਛ ਨਹੀਂ ਸੂ ਦੇਣ ਲੈਣ ਨੂੰ। ਪਰ ਜ਼ਿੱਦੀ ਸੀ। ਜਿਹੜੀ ਗੱਲ ’ਤੇ ਅੜ ਗਿਆ ਬੱਸ ਅੜ ਗਿਆ। ਆਹ ਮਾਰੀ ਮੱਥੇ ਮੇਰੇ ਪੁੱਤਰ ਦੇ।’’
ਮੈਂ ਚੁੱਪ ਚਾਪ ਸੁਣੀ ਜਾਂਦੀ ਹਾਂ। ਮਜ਼ਾਲ ਕੀ ਸੱਸ ਅੱਗੇ ਬੋਲ ਜਾਵਾਂ। ਪਤਾ ਨਹੀਂ ਕਿਹੜੇ ਪਹਿਨਣ ਪਚਰਣ ਦੀ ਗੱਲ ਕਰਦੀ ਰਹਿੰਦੀ ਹੈ। ਨਵਾਂ ਤਾਂ ਕੀ, ਮੈਂ ਤਾਂ ਕਦੇ ਧੋਤਾ ਜਾਂ ਪਰੈੱਸ ਕੀਤਾ ਕੱਪੜਾ ਵੀ ਨਹੀਂ ਪਾ ਕੇ ਵੇਖਿਆ ਹੋਣਾ। ਆਂਢਣਾਂ-ਗੁਆਂਢਣਾਂ ਅਕਸਰ ਆਖਦੀਆਂ ਨੇ, ‘‘ਸ਼ੀਲਾ ਨੂੰ ਪਹਿਨਣ-ਪਚਰਣ ਦਾ ਤਾਂ ਉੱਕਾ ਈ ਚਾਅ ਨਹੀਂ ਵਰਨਾ ਮਦਨ ਐਨਾ ਕੰਜੂਸ ਤੇ ਹੈਨੀ ਕਿ ਨਵਾਂ ਸੂਟ ਵੀ ਨਾ ਲਿਆ ਕੇ ਦੇਵੇ।’’
ਸਜਣ-ਸੰਵਰਨ ਨੂੰ ਭਲਾ ਕਿਸਦਾ ਜੀਅ ਨਹੀਂ ਕਰਦਾ? ਉਂਜ ਬਹੁਤੀਆਂ ਭੇਤੀ ਜਾਣਦੀਆਂ ਨੇ ਕਿ ਜੇ ਮੈਂ ਭੁੱਲ-ਭੁਲੇਖੇ ਹਾਰ ਸ਼ਿੰਗਾਰ ਕਰ ਈ ਲਵਾਂ ਤਾਂ ਝਾਈ ਰਾਸ਼ਨ ਲੈ ਕੇ ਚੜ੍ਹ ਜਾਂਦੀ ਹੈ, ‘‘ਹਾਅ ਟਸ਼ਣੇ-ਪਸ਼ਣੇ ਕਰਕੇ ਟਾਈਮ ਨ੍ਹੀ ਸੂ ਪਾਸ ਹੋਣਾ। ਸਾਊ ਘਰਾਂ ਦੇ ਧ੍ਰੀਆਂ-ਪੁੱਤਰਾਂ ਨੂੰ ਨਹੀਂ ਸੂ ਚੰਗਾ ਲੱਗਦਾ ਮੂਰਤ ਬਣ ਬਣ ਕੇ ਬੈਠਣਾ। ਕੰਮ ਨਾਲ ਈ ਕਦਰ ਪੈਣੀ ਸੂ। ਅੱਗੇ ਜੁਆਕੜੀ ਨੂੰ ਵੀ ਏਹਾ ਆਦਤਾਂ ਪੈ ਜਾਣੀਆਂ।’’
‘‘ਦੁਨੀਆਂ ਦੀਆਂ ਸਾਰੀਆਂ ਕੁੜੀਆਂ ਨੂੰ ਸੰਦੂਕਾਂ ’ਚ ਬੰਦ ਕਰ ਦਿਓ।’’ ਮੈਂ ਚਾਹੁੰਦੀ ਹੁੰਦੀ ਹਾਂ ਉੱਚੀ ਸਾਰੀ ਬੋਲਾਂ ਪਰ ਨਹੀਂ ਬੋਲਦੀ। ਕੁਝ ਬੋਲਣ ਦਾ ਫਾਇਦਾ ਵੀ ਨਹੀਂ। ਮੈਂ ਆਪਣੇ ਆਪ ਨਾਲ ਸਮਝੌਤਾ ਕਰੀ ਬੈਠੀ ਹਾਂ। ਪਰ ਅੱਜਕੱਲ੍ਹ ਦੇ ਬੱਚੇ ਸਮਝੌਤਾ ਕਿੱਥੇ ਕਰਦੇ ਨੇ? ਆਪਣੀ ਦਾਦੀ ਦੀ ਬੁੜ ਬੁੜ ਤੋਂ ਤੰਗ ਆਈ ਸਵੀਟੀ ਕਈ ਵਾਰ ਪੁੱਛਣ ਲੱਗਦੀ ਹੈ।
‘‘ਮਾਂ! ਪਤੰਗ ਉਡਾਉਣ ਕਰਕੇ ਦਾਦੀ ਮੈਨੂੰ ਆਵਾਰਾਗਰਦ ਕਿਉਂ ਆਖਦੀ ਏ? ਪਤੰਗ ਉਡਾਉਣਾ ਕੋਈ ਮਾੜੀ ਗੱਲ ਹੈ? ਜੇ ਮਾੜੀ ਗੱਲ ਹੈ ਤਾਂ ਅਸਮਾਨ ’ਤੇ ਐਨੀਆਂ ਪਤੰਗਾਂ ਕਿਉਂ ਉੱਡ ਰਹੀਆਂ ਨੇ? ਕੀ ਪਤੰਗ ਉਡਾਉਣ ਦਾ ਹੱਕ ਇਕੱਲੇ ਮੁੰਡਿਆਂ ਨੂੰ ਹੁੰਦਾ?’’
‘‘ਹਾਂ… ਨਹੀਂ!’’ ਸਵੀਟੀ ਦੇ ਸਵਾਲ ਦਾ ਮੈਨੂੰ ਸਪਸ਼ਟ ਜੁਆਬ ਨਹੀਂ ਅਹੁੜਦਾ। ਮੇਰੇ ਜਵਾਬ ਦੀ ‘ਹਾਂ-ਨਾਂਹ’ ’ਚ ਉਲਝੀ ਉਹ ਹੈਰਾਨੀ ਨਾਲ ਮੇਰੇ ਮੂੰਹ ਵੱਲ ਵੇਖੀ ਜਾਂਦੀ ਹੈ। ‘‘ਹਾਂ ਧੀਏ! ਪਤੰਗਾਂ ਉਡਾਉਣ ਵਾਲੀਆਂ ਕੁੜੀਆਂ ਚੰਗੀਆਂ ਨਹੀਂ ਹੁੰਦੀਆਂ। ਦੁਨੀਆ ਦੀ ਨਿਗਾਹ ’ਚ ਉਹ ਆਵਾਰਾਗਰਦ ਹੁੰਦੀਆਂ ਨੇ।’’ ਸਵੀਟੀ ਦੀ ਗੱਲ ਦਾ ਸਪਸ਼ਟ ਜੁਆਬ ਦਿੰਦਿਆਂ ਮੈਂ ਅੱਖਾਂ ਦੇ ਕੋਇਆਂ ’ਚ ਉੱਤਰ ਆਇਆ ਪਾਣੀ ਪਲਕਾਂ ਦੇ ਉਹਲੇ ’ਚ ਡੱਕ ਲੈਂਦੀ ਹਾਂ। ਆਖਣਾ ਤਾਂ ਹੋਰ ਵੀ ਬੜਾ ਕੁਝ ਚਾਹੁੰਦੀ ਹਾਂ, ‘‘ਪਤੰਗਾਂ ਉਡਾਉਣ ਵਾਲੀਆਂ ਹੀ ਕਿਉਂ, ਉਹ ਸਾਰੀਆਂ ਕੁੜੀਆਂ ਆਵਾਰਾਗਰਦ ਹੁੰਦੀਆਂ ਨੇ ਜੋ ਕਿਤਾਬਾਂ ਪੜ੍ਹਦੀਆਂ ਨੇ, ਸੁਪਨੇ ਵੇਖਦੀਆਂ ਨੇ, ਆਪਣੀ ਮਰਜ਼ੀ ਦਾ ਪਹਿਨਦੀਆਂ ਨੇ। ਆਪਣੀ ਮਰਜ਼ੀ ਦਾ ਸਾਥੀ ਚੁਣਦੀਆਂ ਨੇ।’’ ਮੈਂ ਮਨ ’ਚ ਆਏ ਸਾਰੇ ਸ਼ਬਦਾਂ ਨੂੰ ਜੀਭ ’ਤੇ ਨਹੀਂ ਆਉਣ ਦਿੰਦੀ। ਦਾਲ ’ਚੋਂ ਕੋਕੜੂ ਚੁਗਣ ਦੇ ਬਹਾਨੇ ਬੀਤੇ ਸਮੇਂ ਦੀ ਰਾਖ ਫਰੋਲਣ ਬਹਿ ਜਾਂਦੀ ਹਾਂ।
ਖੇਤਾਂ ’ਚ ਸਰਵਾਂ ਨੂੰ ਪੀਲੇ ਪੀਲੇ ਫੁੱਲ ਪੈ ਜਾਂਦੇ। ਇੰਜ ਲੱਗਦਾ ਜਿਵੇਂ ਕੁਦਰਤ ਨੇ ਸਾਰੀ ਧਰਤੀ ’ਤੇ ਸਰ੍ਹੋਂ ਫੁੱਲੀ ਚਾਦਰ ਵਿਛਾ ਦਿੱਤੀ ਹੋਵੇ। ਕਣਕ ਦੇ ਸਿੱਟਿਆਂ ’ਚ ਦੋਧਾ ਪੈ ਜਾਂਦਾ। ਬਗੀਚੀਆਂ ’ਚ ਰੰਗ ਬਿਰੰਗੇ ਫੁੱਲ ਝਾਤੀਆਂ ਮਾਰਦੇ। ਬੋਗਨਵਿਲੀਆ ਦੀ ਵੇਲ ਦਰਵਾਜ਼ੇ ’ਤੋਂ ਦੀ ਚੜ੍ਹ ਕੇ ਗਲੀ ਵੱਲ ਸਰਕ ਜਾਂਦੀ। ਉਸਦੇ ਨਿੱਕੇ ਨਿੱਕੇ ਫੁੱਲ ਗਲੀ ’ਚੋਂ ਲੰਘਣ ਵਾਲੇ ਨੂੰ ਘੜੀ ਪਲ ਰੁਕ ਜਾਣ ਲਈ ਮਜਬੂਰ ਕਰਦੇ। ਅੰਬੀਆਂ ਨੂੰ ਬੂਰ ਪੈ ਜਾਂਦਾ। ਰੂਹ ਨੂੰ ਟਕੋਰ ਕਰਨ ਵਾਲੀ ਕੋਸੀ ਕੋਸੀ ਰੁੱਤ। ਨਾ ਗਰਮੀ-ਨਾ ਠੰਢ। ਅਜਿਹੀ ਰੁੱਤ ਜਿਸ ’ਚ ਹਰੇਕ ਜੀਵ ਜੰਤੂ ਦਾ ਦਿਲ ਉਡਾਰੀਆਂ ਭਰਨ ਨੂੰ ਕਰਦਾ। ਕੂੰਜਾਂ ਡਾਰਾਂ ਬੰਨ੍ਹ ਬੰਨ੍ਹ ਕੇ ਅੰਬਰ ਵੱਲ ਨੂੰ ਉੱਡਦੀਆਂ। ਨੀਲਾ ਅੰਬਰ ਰੰਗ ਬਿਰੰਗੀਆਂ ਪਤੰਗਾਂ ਨਾਲ ਭਰ ਜਾਂਦਾ। ਲੱਗਦਾ ਜਿਵੇਂ ਸੈਆਂ ਰੰਗਾਂ ਦੇ ਕਬੂਤਰ ਅਸਮਾਨ ’ਚ ਲੋਟਣੀਆਂ ਲਾ ਰਹੇ ਹੋਣ।
ਇਸ ਰੁੱਤ ’ਚ ਮੈਂ ਵੀ ਉੱਡਣਾ ਲੋਚਦੀ ਪਰ ਮੇਰੇ ਖੰਭ ਕਿੱਥੇ ਸਨ? ਜ਼ਿੱਦ ਕਰਕੇ ਬਾਊ ਜੀ ਤੋਂ ਪਤੰਗ ਤੇ ਡੋਰ ਮੰਗਵਾਉਂਦੀ। ਪਤੰਗ ਮਿਲ ਜਾਣ ’ਤੇ ਚਾਂਭੜਾਂ ਮਾਰਦੀ। ਦਿਲ ਅੱਥਰਾ ਘੋੜਾ ਲਗਾਮਾਂ ਛੁਡਾ ਛੁਡਾ ਕੇ ਭੱਜਦਾ। ਮੈਂ ਛੱਤ ਵੱਲ ਅਹੁਲਦੀ। ਪਤੰਗ ਦੀਆਂ ਤੁੜਾਵਾਂ ਪਾਉਂਦੀ। ਤੁਣਕੇ ਮਾਰ ਮਾਰ ਗੁੱਡੀ ਨੂੰ ਅਸਮਾਨ ਵੱਲ ਤੋਰਦੀ। ਛੋਟੇ ਭੈਣ ਭਰਾ ਵੀ ਜ਼ਿੱਦ ਕਰਕੇ ਛੱਤ ’ਤੇ ਆ ਖਰੂਦ ਪਾਉਣ ਲੱਗਦੇ। ਉਹ ਅਸਮਾਨ ’ਤੇ ਉੱਡਦੇ ਪਤੰਗ ਗਿਣਦੇ। ‘‘ਵੇਖ ਕੀ ਚੰਦ ਚੜ੍ਹਾਉਣ ਲੱਗੀ। ਫੈਸ਼ਨਾ ਪੱਟੀ। ਝਾਟੇਮੁੰਨੀ। ਆਵਾਰਾਗਰਦ। ਕਮ-ਅਕਲ। ਉਧਲ ਜਾਣੀ। ਅੱਗ ਲੱਗਣ ਪਰ੍ਹੇ ਐਤਰਾਂ ਦੀਆਂ ਪੜ੍ਹਾਈਆਂ। ਕਲਯੁੱਗ ਆ ਗਿਆ। ਘੋਰ ਕਲਯੁੱਗ।’’ ਥੱਲਿਓਂ ਦਾਦੀ ਆਵਦੀ ਕਥਾ ਕਰੀ ਜਾਂਦੀ। ਜਿੰਨੇ ਵੀ ਵਿਸ਼ੇਸ਼ਣ ਉਸ ਨੂੰ ਯਾਦ ਹੁੰਦੇ, ਸਾਰੇ ਮੇਰੇ ’ਤੇ ਖ਼ਤਮ ਕਰ ਦਿੰਦੀ। ਨੇੜੇ ਫਿਰਦੀ ਮਾਂ ਕੁਝ ਨਾ ਬੋਲਦੀ ਤੇ ਚੁੱਪ-ਚਾਪ ਆਪਣਾ ਕੰਮ ਕਰੀ ਜਾਂਦੀ। ਉਹ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਸੀ। ਦਾਦੀ ਉਸਦੇ ਦਾਦਕਿਆਂ-ਨਾਨਕਿਆਂ ਨੂੰ ਪੁਣੀ ਜਾਂਦੀ।
‘‘ਨ੍ਹੀ ਗਏ ਗੁਜ਼ਰੇ ਖਲ੍ਹਣੇ ਦੀਏ! ਨ੍ਹੀ ਸਮਝਾ ਆਵਦੀ ਟੇਂਗਰੀ ਨੂੰ। ਕੀ ਉਲਟੀ ਗੰਗਾ ਪਹੋਵੇ ਨੂੰ ਚਲਾਉਣ ਲੱਗੀ ਏ। ਕਿਵੇਂ ਕੋਠੇ ਚੜ੍ਹਕੇ ਟਪੂਸੀਆਂ ਮਾਰੀ ਜਾਂਦੀ …। ਜਵਾਂ ਸ਼ਰਮ ਹਜਾ ਨ੍ਹੀ ਟੱਬਰ ਨੂੰ। ਕਿਵੇਂ ਖੁੱਲ੍ਹਾਂ ਦੇ ਰੱਖੀਆਂ ਛਨਾਲ ਨੂੰ। ਨੀ ਓਦਣ ਪਤਾ ਲੱਗੂ ਜਿੱਦਣ ਪੱਬੀਆਂ ਮਹੱਲੇ ਵਾਲੀ ਬਿਮਲਾ ਦੀ ਪੋਤਰੀ ਵਾਂਗੂੰ ਝਾਟੇ ਖੇਹ ਪੁਆਤੀ।’’ ਦਾਦੀ ਵੱਲੋਂ ਪਾਇਆ ਜਾ ਰਿਹਾ ਚੀਕ ਚਿਹਾੜਾ ਮੈਨੂੰ ਸੁਣ ਜਾਂਦਾ, ਪਰ ਉਦੋਂ ਪਰਵਾਹ ਕੌਣ ਕਰਦਾ ਸੀ?
‘‘ਕਲਯੁਗ ਨੇ ਜੋਰ ਪਾ ਲਿਆ ਕਲਯੁਗ ਨੇ- ਹੋਰ ਕਲਯੁੱਗ ਕੀ ਹੁੰਦਾ? ਅਸੀਂ ਤਾਂ ਏਂਤਰ੍ਹਾਂ ਨ੍ਹਾ ਸੀ ਕਰਦੀਆਂ। ਘਰੋਂ ਨ੍ਹਾ ਸੀ ਨਿਕਲਦੀਆਂ। ਸਾਡਾ ਕਿਹੜਾ ਟੈਮ ਨੀ ਲੰਘਿਆ? ਸਾਨੂੰ ਤਾਂ ਕਿਸੇ ਨੇ ਨ੍ਹੀ ਪੁੱਛਿਆ ਕੈਅ ਜਮਾਤਾਂ ਪਾਸ ਕੀਤੀਆਂ।’’ ਜਿਵੇਂ ਜਿਵੇਂ ਦਾਦੀ ਦੀਆਂ ਗਾਲ੍ਹਾਂ ਸੁਣਦੀਆਂ, ਮੈਂ ਉਵੇਂ ਉਵੇਂ ਪਤੰਗ ਦੀ ਡੋਰ ਹੋਰ ਛੱਡੀ ਜਾਂਦੀ। ਮੈਨੂੰ ਦਾਦੀ ਦੀਆਂ ਗਾਲ੍ਹਾਂ ਕਿਸੇ ਟੂਣੇ ਵਰਗੀਆਂ ਲੱਗਦੀਆਂ ਜਿਹੜਾ ਪਤੰਗ ਨੂੰ ਹੋਰ ਉੱਚਾ ਲਿਜਾਣ ’ਚ ਸਹਾਇਤਾ ਕਰਦਾ ਸੀ।
ਅਸਮਾਨ ’ਚ ਉੱਡ ਰਹੀਆਂ ਪਤੰਗਾਂ ’ਚੋਂ ਕਿਸੇ ਦੀ ਡੋਰ ਟੁੱਟ ਜਾਂਦੀ ਉਹ ਬੇਲਗਾਮ ਹੋ ਕੇ ਉਪਰ ਹੀ ਉਪਰ ਉੱਠਦੀ ਜਾਂਦੀ। ਮੇਰਾ ਜੀਅ ਕਰਦਾ ਮੇਰੀ ਪਤੰਗ ਵੀ ਇੰਜ ਬੇਲਗਾਮ ਹੋ ਕੇ ਮਾਸਟਰਾਂ ਦੇ ਮੁੰਡੇ ਦੀ ਪਤੰਗ ਕੋਲ ਚਲੀ ਜਾਵੇ।
ਨਾਂ ਤਾਂ ਉਸਦਾ ਪਤਾ ਨਹੀਂ ਕੀ ਸੀ, ਪਰ ਸਾਰੇ ਉਸਨੂੰ ਮਾਸਟਰਾਂ ਦਾ ਮੁੰਡਾ ਹੀ ਆਖਦੇ ਸਨ। ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਹੀ ਮਾਸਟਰਾਂ ਦਾ ਪਰਿਵਾਰ ਆਖਦੇ ਸਨ। ਭਲੇ ਵੇਲਿਆਂ ’ਚ ਉਸਦਾ ਦਾਦਾ ਮਾਸਟਰ ਹੁੰਦਾ ਸੀ। ਫਿਰ ਉਸਦਾ ਪਿਉ ਤੇ ਚਾਚਾ ਮਾਸਟਰ ਬਣੇ ਸਨ। ਉਸਦੀਆਂ ਦੋ ਭੂਆ ਵੀ ਟੀਚਰ ਸਨ ਜੋ ਹੁਣ ਕਿਸੇ ਦੂਰ ਸ਼ਹਿਰ ਵਿਆਹੀਆਂ ਹੋਈਆਂ ਸਨ। ਲੋਕ ਆਖਦੇ ਸਨ, ‘‘ਇਹਨਾਂ ਦੇ ਘਰੇ ਜੰਮਣ ਵਾਲਾ ਹਰੇਕ ਜੁਆਕ ਈ ਮਾਸਟਰ ਬਣ ਜਾਂਦਾ।’’
ਮਾਸਟਰਾਂ ਦਾ ਉਹ ਮੁੰਡਾ, ਜਿਸਦਾ ਆਉਣ ਵਾਲੇ ਸਮੇਂ ’ਚ ਮਾਸਟਰ ਬਣ ਜਾਣਾ ਪੱਕਾ ਸੀ, ਨੇੜਲੇ ਸ਼ਹਿਰ ਦੇ ਕਿਸੇ ਨਿੱਕੇ ਜਿਹੇ ਕਾਲਜ ’ਚ ਪੜ੍ਹਦਾ ਸੀ। ਪਤੰਗਾਂ ਉਡਾਉਣ ਦਾ ਪੁੱਜ ਕੇ ਸ਼ੌਕੀਨ। ਮੈਂ ਹੀ ਨਹੀਂ ਗਲੀ ਮੁਹੱਲੇ ਅਤੇ ਸ਼ਹਿਰ ਦੇ ਸਾਰੇ ਲੋਕ ਆਖਦੇ ਸਨ ਕਿ ਮਾਸਟਰਾਂ ਦੇ ਮੁੰਡੇ ਦੀ ਪਤੰਗ ਸਾਰਿਆਂ ਨਾਲੋਂ ਸੋਹਣੀ ਅਤੇ ਵੱਖਰੀ ਹੁੰਦੀ ਹੈ। ਅਜਿਹੀ ਪਤੰਗ ਸ਼ਹਿਰ ਦੀ ਕਿਸੇ ਦੁਕਾਨ ਤੋਂ ਨਹੀਂ ਸੀ ਮਿਲਦੀ। ਲੰਮੀਆਂ ਲੰਮੀਆਂ ਤੇ ਰੰਗ ਬਿਰੰਗੀਆਂ ਝਾਂਜਰਾਂ ਵਾਲੀ। ਅਸਮਾਨ ’ਚ ਉੱਡਦੀਆਂ ਪਤੰਗਾਂ ਨਾਲੋਂ ਆਕਾਰ ’ਚ ਵੀ ਕਾਫ਼ੀ ਵੱਡੀ। ਇਹ ਪਤੰਗ ਜਦੋਂ ਆਕਾਸ਼ ’ਚ ਉੱਚੀ ਉੱਡਦੀ ਤਾਂ ਲੰਮੀਆਂ ਲੰਮੀਆਂ ਝਾਂਜਰਾਂ ਇਧਰ-ਓਧਰ ਹਿੱਲ ਕੇ ਝਲਕਾਰੇ ਮਾਰਦੀਆਂ। ਕਿਸੇ ਨੇ ਉਸਨੂੰ ਪਤੰਗਾਂ ਬਣਾਉਂਦੇ ਤਾਂ ਨਹੀਂ ਸੀ ਦੇਖਿਆ ਪਰ ਲੋਕ ਆਖਦੇ ਸਨ ਕਿ ਮਾਸਟਰਾਂ ਦਾ ਮੁੰਡਾ ਆਪਣੀ ਮਾਂ ਵਾਂਗ ਹੱਥਾਂ ਦਾ ਬਹੁਤ ਸਚਿਆਰਾ ਤੇ ਪਤੰਗ ਆਪ ਬਣਾਉਂਦਾ ਹੈ। ਉਸਦਾ ਘਰ ਸਾਡੇ ਤੋਂ ਤੀਸਰੀ ਗਲੀ ’ਚ ਸੀ। ਕਾਲਜ ਤੋਂ ਆਉਂਦਿਆਂ ਹੀ ਉਹ ਪਤੰਗ ਲੈ ਕੇ ਛੱਤ ’ਤੇ ਆ ਜਾਂਦਾ। ਇਧਰੋਂ ਉਸਦੀ ਪਤੰਗ ਸਾਡੇ ਘਰ ਦੀ ਬਾਲਕੋਨੀ ’ਚੋਂ ਦਿਖਾਈ ਦੇਣ ਲੱਗਦੀ, ਓਧਰੋਂ ਮੈਂ ਆਪਣੀ ਪਤੰਗ ਚੁੱਕ ਕੋਠੇ ਦੀ ਛੱਤ ’ਤੇ ਆ ਜਾਂਦੀ। ਨਿੱਕੇ ਭੈਣ ਭਰਾ ਵੀ ਮੇਰੇ ਮਗਰੇ ਹੀ ਛੱਤ ’ਤੇ ਆ ਜਾਂਦੇ।
ਮਾਸਟਰਾਂ ਦੇ ਮੁੰਡੇ ਦੀ ਪਤੰਗ ਹਵਾ ਨਾਲ ਅਠਖੇਲੀਆਂ ਕਰਨ ਲੱਗਦੀ। ਲੱਗਦਾ ਜਿਵੇਂ ਅਸਮਾਨ ’ਚ ਉੱਡਦੀਆਂ ਕੂੰਜਾਂ ਨਾਲ ਲੁਕਣਮੀਚੀ ਖੇਡ ਰਹੀ ਹੋਵੇ। ਪਤੰਗ ਦੀਆਂ ਝਾਂਜਰਾਂ ਗੱਡੀਆਂ ਵਾਲੀ ਵਣਜਾਰਨ ਕੁੜੀ ਦੇ ਘੱਗਰੇ ਵਾਂਗ ਏਧਰ ਓਧਰ ਲਹਿਰਦੀਆਂ। ਮੇਰੇ ਮਨ ’ਚ ਸ਼ਰਾਰਤ ਅੰਗੜਾਈਆਂ ਲੈਣ ਲੱਗਦੀ। ਮੇਰਾ ਜੀਅ ਕਰਦਾ ਮਾਸਟਰਾਂ ਦੇ ਮੁੰਡੇ ਦੀ ਪਤੰਗ ਨਾਲ ਕਾਟੀ ਪਾਵਾਂ। ਮੈਂ ਆਪਣੀ ਉੱਡ ਰਹੀ ਪਤੰਗ ਨੂੰ ਤੁਣਕੇ ਮਾਰ ਮਾਰ ਕੇ ਉਸ ਪਾਸੇ ਲਿਜਾਣ ਦੀ ਕੋਸ਼ਿਸ਼ ਕਰਦੀ। ਮਾਸਟਰਾਂ ਦਾ ਉਹ ਮੁੰਡਾ ਸ਼ਾਇਦ ਮੇਰੀ ਨੀਅਤ ਤਾੜ ਜਾਂਦਾ। ਉਹ ਬਚ ਬਚਾ ਕੇ ਆਪਣੀ ਪਤੰਗ ਥੱਲੇ ਲਾਹੁੰਦਾ ਅਤੇ ਡੋਰ ਵਲੇਟ ਕੇ ਛੱਤ ਤੋਂ ਥੱਲੇ ਉੱਤਰ ਜਾਂਦਾ।
ਜਿਨ੍ਹਾਂ ਦਿਨਾਂ ’ਚ ਮਾਸਟਰਾਂ ਦਾ ਮੁੰਡਾ ਆਪਣੀ ਪਤੰਗ ਨੂੰ ਕਾਟੀ ਪੈਣ ਤੋਂ ਬਚਾ ਰਿਹਾ ਸੀ, ਖਊਂ ਖਊਂ ਕਰਦੀ ਦਾਦੀ ਮਾਸਟਰਾਂ ਦੇ ਘਰ ਕੋਠੇ ਜਿੱਡਾ ਉਲਾਂਭਾ ਦੇ ਆਈ, ‘‘ਭਾਈ ਆਪਣੇ ਨੀਂਗਰ ਨੂੰ ਸਮਝਾਉ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤੁਰੀਆਂ ਫਿਰਦੀਆਂ ਗਲੀਆਂ ਮੁਹੱਲਿਆਂ ’ਚ। ਕਿਸੇ ਦੀ ਧ੍ਰੀਅ ਧਿਆਣੀ ਸਿਰ ਬਦਨਾਮੀ ਮੜ੍ਹਕੇ ਕੀ ਮਿਲੂ? ਧ੍ਰੀਅ ਪੱਲੇ ਬਦਨਾਮੀ ਪੈ ਗਈ ਤਾਂ ਕਿਸੇ ਨੇ ਰਿਸ਼ਤੇ ਲਈ ਹਾਂ ਨਹੀਓਂ ਕਰਨੀ। ਉਹਨੂੰ ਆਖੋ ਸਿਆਣਾ ਬਣੇ। ਪਿਉ ਦਾਦਿਆਂ ਦੀ ਵਰ੍ਹਿਆਂ ਦੀ ਬਣੀ ਬਣਾਈ ਇੱਜ਼ਤ ਇੰਝ ਕੋਠਿਆਂ ’ਤੇ ਚੜ੍ਹਕੇ ਤੇ ਨਾ ਰੋਲੇ।’’ ਦਾਦੀ ਨੇ ਹੋਰ ਪਤਾ ਨਹੀਂ ਕੀ ਕੀ ਆਖਿਆ ਸੀ। ਇਹ ਤਾਂ ਸੂਲ ਤੋਂ ਸੂਲੀ ਬਣਾਉਣ ਵਾਲੀ ਗੱਲ ਸੀ।
ਉਸ ਦਿਨ ਤੋਂ ਬਾਅਦ ਮੇਰੇ ’ਤੇ ਪਤੰਗ ਉਡਾਉਣ ਦੀ ਉੱਕਾ ਹੀ ਪਾਬੰਦੀ ਲੱਗ ਗਈ। ਮੈਂ ਘਰ ਦੀ ਬਾਲਕੋਨੀ ’ਚੋਂ ਚੋਰੀ ਚੋਰੀ ਅਸਮਾਨ ਵੱਲ ਵੇਖਦੀ ਪਰ ਲੰਮੀਆਂ ਲੰਮੀਆਂ ਝਾਂਜਰਾਂ ਵਾਲੀ ਪਤੰਗ ਉੱਡਦੀ ਦਿਖਾਈ ਨਾ ਦਿੰਦੀ। ਪਤੰਗ ਦੀ ਥਾਂ ਗੱਲ ਜ਼ਰੂਰ ਉੱਡੀ ਫਿਰਦੀ ਸੀ ਕਿ ਲੰਮੀਆਂ ਝਾਂਜਰਾਂ ਵਾਲੀ ਪਤੰਗ ਬਣਾਉਣ ਵਾਲੇ ਉਸ ਮੁੰਡੇ ਨੂੰ ਮਾਸਟਰ ਪਿਉ ਨੇ ਬੜੀ ਬੇਦਰਦੀ ਨਾਲ ਕੁੱਟਿਆ। ਪਤਾ ਨਹੀਂ ਸੱਚ ਸੀ ਜਾਂ ਝੂਠ ਪਰ ਬਹੁਤ ਦਿਨਾਂ ਤੱਕ ਮੇਰੇ ਅੰਗਾਂ ’ਚੋਂ ਚੀਸਾਂ ਨਿੱਕਲਦੀਆਂ ਰਹੀਆਂ।
ਫਿਰ ਕਿੰਨੇ ਹੀ ਦਿਨ ਮਾਸਟਰਾਂ ਦਾ ਮੁੰਡਾ ਗਲੀ ਗੁਆਂਢ ਵਾਲਿਆਂ ਨੇ ਨਾ ਦੇਖਿਆ। ਲੋਕਾਂ ਨੂੰ ਬੜੇ ਚਿਰਾਂ ਬਾਅਦ ਪਤਾ ਲੱਗਾ ਕਿ ਉਹ ਪੜ੍ਹਾਈ ਕਰਨ ਕਿਸੇ ਦੂਰ ਸ਼ਹਿਰ ਚਲਾ ਗਿਆ। ਕਿਹੜੇ ਸ਼ਹਿਰ ਗਿਆ ਤੇ ਕਿਹੜੀ ਪੜ੍ਹਾਈ ਕਰਦਾ, ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ। ਇਹੀ ਉਹ ਦਿਨ ਸਨ ਜਦੋਂ ਮਾਸਟਰ ਬਣਨ ਦੀ ਸੋਚ ਹਰ ਵਕਤ ਮੇਰੇ ਦਿਮਾਗ਼ ’ਤੇ ਚੜ੍ਹੀ ਰਹਿਣ ਲੱਗੀ। ਮੈਂ ਅਕਸਰ ਸੋਚਦੀ- ਕੀ ਮਾਸਟਰਾਂ ਦੇ ਪਰਿਵਾਰ ਤੋਂ ਬਿਨਾਂ ਸ਼ਹਿਰ ’ਚੋਂ ਕੋਈ ਹੋਰ ਮਾਸਟਰ ਨਹੀਂ ਬਣ ਸਕਦਾ? ਮੈਂ ਆਪਣੀ ਰੀਝ ਮਾਂ ਨੂੰ ਦੱਸੀ। ਮੇਰੀ ਰੀਝ ਨੂੰ ਘਰਦਿਆਂ ਅੱਗੇ ਪੇਸ਼ ਕਰਦਿਆਂ ਮਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਦਿੱਤਾ ਸੀ, ‘‘ਕੁੜੀ ਨੌਕਰੀ ਲੱਗ ਕੇ ਆਪਣੇ ਪੈਰਾਂ ਸਿਰ ਹੋ ਜਾਊ। ਜ਼ਿੰਦਗੀ ਸੌਖੀ ਕੱਢ ਲਊ ਨਹੀਂ ਤਾਂ ਮੇਰੇ ਵਾਂਗ ਸਾਰੀ ਉਮਰ ਗੋਲਪੁਣਾ ਕਰਦਿਆਂ ਹੀ ਲੰਘਾ ਲਊ।’’
ਦਾਦੀ ਨੂੰ ਰਾਈ ਦਾ ਪਹਾੜ ਬਣਾਉਣਾ ਆਉਂਦਾ ਸੀ। ਉਸਨੇ ਜਿਵੇਂ ਘਰ ’ਚ ਭੂਚਾਲ ਹੀ ਲਿਆ ਦਿੱਤਾ। ਮੇਰਾ ਕਾਲਜ ਜਾਣਾ ਉਸਨੂੰ ਕਿਵੇਂ ਵੀ ਮਨਜ਼ੂਰ ਨਹੀਂ ਸੀ। ਮੈਨੂੰ ਹੀ ਕਿਉਂ, ਉਸਦਾ ਵੱਸ ਚੱਲਦਾ ਤਾਂ ਮੁਹੱਲੇ ਦੀਆਂ ਸਾਰੀਆਂ ਕੁੜੀਆਂ ਨੂੰ ਹੀ ਭੜੋਲੇ ’ਚ ਬੰਦ ਕਰ ਦਿੰਦੀ।
‘‘ਟਿਕਜਾ ਘਰੇ… ਅੱਗੇ ਬਥੇਰੀ ਝਾਟੇ ਖੇਹ ਪਾ ਛੱਡੀ ਸੂ। ਤੇਰੀ ਜੰਮਣ ਵਾਲੀ ਨੂੰ ਤਾਂ ਕਾਈ ਫਿਕਰ ਨ੍ਹੀ। ਚੰਗਾ ਮਾੜਾ ਥਾਂ ਵੇਖਣ ਤੇ ਆਵਦੇ ਘਰ ਤੋਰਨ। ਹੁਣ ਛੋਟੀ ਤਾਂ ਨ੍ਹੀ… ਕੋਠੇ ਜਿੱਡੀ ਹੋਣ ਲੱਗੀ ਏਂ।’’
ਤੇ ਦਾਦੀ ਦੀ ਖੂੰਡੀ ਦੀ ਠੱਕ ਠੱਕ ਤੋਂ ਡਰਦਿਆਂ ਘਰਦਿਆਂ ਨੇ ‘ਚੰਗਾ-ਮਾੜਾ ਥਾਂ’ ਵੇਖਦਿਆਂ ਹੱਥ ਪੀਲੇ ਕਰਕੇ ਆਵਦੇ ਘਰ ਤੋਰ ਦਿੱਤਾ। ਮਾਸਟਰ ਬਣਨ ਵਾਲੀ ਪਤੰਗ ਬੋ ਕਾਟਾ ਹੋ ਗਈ।
ਜਦੋਂ ਕਦੇ ‘ਆਵਦੇ ਘਰੋਂ’ ਪੇਕਿਆਂ ਦੇ ਘਰ ਮਿਲਣ ਆਉਂਦੀ, ਆਨੀ-ਬਹਾਨੀ ਘਰ ਦੇ ਛੋਟੇ ਵੱਡੇ ਜੁਆਕਾਂ ਨੂੰ ਕਿਸੇ ਲੰਮੀਆਂ ਝਾਂਜਰਾਂ ਵਾਲੀ ਪਤੰਗ ਦੇ ਅਸਮਾਨੀ ਉੱਡਣ ਬਾਰੇ ਪੁੱਛਦੀ। ਉਹ ਨਾਂਹ ’ਚ ਸਿਰ ਹਿਲਾ ਦਿੰਦੇ। ਉਹ ਤਾਂ ਲੰਮੀਆਂ ਲੰਮੀਆਂ ਰੰਗ ਬਿਰੰਗੀਆਂ ਝਾਂਜਰਾਂ ਵਾਲੀ ਪਤੰਗ ਨੂੰ ਭੁੱਲ ਹੀ ਗਏ ਸਨ। ਮੈਂ ਬਸੰਤ ਦੇ ਦਿਨਾਂ ’ਚ ਜਾਂਦੀ ਤਾਂ ਦੋ-ਤਿੰਨ ਦਿਨ ਰਹਿ ਕੇ ਆਉਂਦੀ। ਮੇਰੀਆਂ ਨਜ਼ਰਾਂ ਬਾਲਕੋਨੀ ਵਿੱਚੋਂ ਦੀ ਲੰਘ ਕੇ ਅਸਮਾਨ ਵੱਲ ਲੱਗੀਆਂ ਰਹਿੰਦੀਆਂ। ਉੱਥੇ ਰੰਗ ਬਿਰੰਗੀਆਂ ਪਤੰਗਾਂ ਤਾਂ ਬਹੁਤ ਉੱਡ ਰਹੀਆਂ ਹੁੰਦੀਆਂ ਪਰ ਸਾਰੀਆਂ ਬਿਨਾਂ ਝਾਂਜਰਾਂ ਤੋਂ। ਕੰਨਾਂ ਤੋਂ ਬੁੱਚੀ ਜ਼ਨਾਨੀ ਵਾਂਗ…। ਜਿਹੋ ਜਿਹੀ ਲੰਮੀਆਂ ਲੰਮੀਆਂ ਝਾਂਜਰਾਂ ਵਾਲੀ ਸੋਹਣੀ ਪਤੰਗ ਮਾਸਟਰਾਂ ਦਾ ਉਹ ਮੁੰਡਾ ਚੜ੍ਹਾਉਂਦਾ ਹੁੰਦਾ ਸੀ, ਉਹੋ ਜਿਹੀ ਤਾਂ ਇੱਕ ਵੀ ਪਤੰਗ ਅਸਮਾਨ ’ਤੇ ਦਿਖਾਈ ਨਹੀਂ ਸੀ ਦਿੰਦੀ।
ਕਦੇ ਕਦੇ ਮੇਰਾ ਜੀਅ ਕਰਦਾ ਮਾਂ ਨੂੰ ਪੁੱਛ ਲਵਾਂ, ‘‘ਮਾਂ, ਮਾਸਟਰਾਂ ਦੇ ਉਸ ਮੁੰਡੇ ਦਾ ਪਤਾ ਲੱਗਾ ਕੁਛ? ਕਿੱਥੇ ਹੁੰਦਾ ਹੁਣ?’’ ਪਰ ਪੁੱਛ ਨਾ ਹੁੰਦਾ। ਮੈਂ ਮਾਸਟਰਾਂ ਦੇ ਮੁੰਡੇ ਦਾ ਜ਼ਿਕਰ ਸੁਣਨ ਲਈ ਤੜਫਦੀ ਰਹਿੰਦੀ, ਪਰ ਘਰ ’ਚ ਕਿਸੇ ਜੀਅ ਦੀ ਜ਼ੁਬਾਨ ਤੋਂ ਵੀ ਉਸਦਾ ਜ਼ਿਕਰ ਸੁਣਨ ਨੂੰ ਨਾ ਮਿਲਦਾ।
ਆਖਰ ਮਾਸਟਰਾਂ ਦੇ ਮੁੰਡੇ ਦਾ ਜ਼ਿਕਰ ਵੀ ਸੁਣਿਆ ਤਾਂ ਦਾਦੀ ਦੇ ਮੂੰਹੋਂ ਜੋ ਉਸ ਨੂੰ ਸਿਰ ਤੋਂ ਪੈਰਾਂ ਤੱਕ ਨਫ਼ਰਤ ਕਰਦੀ ਹੁੰਦੀ ਸੀ। ‘‘ਉਹ ਮਾਸਟਰਾਂ ਦਾ ਮੁੰਡਾ ਸੁਣਿਆ ਕੋਈ ਵੱਡਾ ਅਪਸਰ ਬਣ ਗਿਆ ਵੇ।’’ ਮੈਂ ਕੰਨ ਚੁੱਕ ਲਏ ਪਰ ਦਿਖਾਵਾ ਇੰਜ ਕੀਤਾ ਸੀ ਜਿਵੇਂ ਮੇਰਾ ਗੱਲ ਵੱਲ ਕੋਈ ਧਿਆਨ ਹੀ ਨਾ ਹੋਵੇ।
‘‘ਏਥੇ ਰਹਿੰਦਾ ਤਾਂ ਜਰੂਰ ਕੋਈ ਬਦਨਾਮੀ ਖੱਟ ਲੈਂਦਾ ਨਾਲੇ ਕਿਸੇ ਦੀ ਧ੍ਰੀਅ ਭੈਣ ਦੀ ਜਿੰਦਗੀ ਗਾਲ਼ਦਾ। ਚੰਗਾ ਕੀਤਾ ਮਾਸਟਰਾਂ ਦੂਰ ਕਿਧਰੇ ਭੇਜ ਦਿੱਤਾ… ਮੁੰਡੇ ਦੀ ਜ਼ਿੰਦਗੀ ਬਣਗੀ।’’ ਸੁਣਕੇ ਮੇਰੇ ਕੰਨਾਂ ’ਚੋਂ ਸੇਕ ਨਿਕਲਣ ਲੱਗਾ। ਬੁੱਢੀ ਤਾਂ ਐਨੇ ਸਾਲ ਬੀਤ ਜਾਣ ’ਤੇ ਵੀ ਉੱਥੇ ਹੀ ਖੜ੍ਹੀ ਸੀ। ਖਊਂ-ਖਊਂ ਕਰਦੀ ਦਾਦੀ ਮੈਨੂੰ ਬੜੀ ਭੈੜੀ ਭੈੜੀ ਲੱਗੀ। ਮੇਰੇ ਮੱਥੇ ’ਤੇ ਆਪਮੁਹਾਰੇ ਤਿਊੜੀਆਂ ਚੜ੍ਹ ਆਈਆਂ। ਮੇਰੇ ਚਿਹਰੇ ’ਤੇ ਉਤਰ ਆਏ ਗੁੱਸੇ ਦੇ ਭਾਵ ਮਾਂ ਨੇ ਆਸਾਨੀ ਨਾਲ ਪੜ੍ਹ ਲਏ ਸਨ।
‘‘ਮਾਸਟਰਾਂ ਦੇ ਘਰ ਨਾਲ ਤੇ ਏਹਨੂੰ ਮੁੱਢੋਂ ਈ ਚਿੜ ਰਹੀ ਐ।’’ ਆਪਣਾ ਮਮਤਾ ਨਾਲ ਭਰਿਆ ਹੱਥ ਉਸ ਨੇ ਪੋਲੇ ਜਿਹੇ ਮੇਰੇ ਮੋਢੇ ’ਤੇ ਟਿਕਾ ਦਿੱਤਾ।
ਮੈਂ ਮਾਂ ਦੀਆਂ ਝੀਲ ਵਰਗੀਆਂ ਅੱਖਾਂ ਵਿੱਚ ਗਹੁ ਨਾਲ ਝਾਕਿਆ। ਉਨ੍ਹਾਂ ਵਿੱਚ ਦਰਦ ਦਾ ਵਿਸ਼ਾਲ ਸਮੁੰਦਰ ਤੈਰਦਾ ਫਿਰਦਾ ਸੀ। ਮੈਂ ਉਸਦੀ ਪੀੜ ਨੂੰ ਸਮਝਦੀ ਸਾਂ। ਕੁਝ ਸਾਲ ਪਹਿਲਾਂ ਮੈਨੂੰ ਗੁਆਂਢਣ ਤਾਈ ਤੋਂ ਪਤਾ ਲੱਗ ਗਿਆ ਸੀ ਕਿ ਮਾਂ ਦਾ ਡੋਲਾ ਓਧਰ ਮਾਸਟਰਾਂ ਘਰ ਆਉਣਾ ਸੀ। ਮਾਂ ਕਿੰਨਾ ਚਿਰ ਉਸ ਘਰ ਮੰਗੀ ਵੀ ਰਹੀ ਸੀ। ਫਿਰ ਮਾਸਟਰ ਦੀ ਮਾਂ ਨੇ ਰਿਸ਼ਤੇ ਤੋਂ ਜੁਆਬ ਦੇ ਦਿੱਤਾ ਸੀ। ਮਾਂ ਦੇ ਪੇਕਿਆਂ ਦੀ ਗ਼ਰੀਬੀ ਇਸ ਵਿਆਹ ’ਚ ਅੜਿੱਕਾ ਬਣ ਗਈ ਸੀ। ਮਾਂ ਦੇ ਪੇਕਿਆਂ ਦੀ ਗ਼ਰੀਬੀ ਮਾਸਟਰ ਦੀ ਮਾਂ ਨੂੰ ਹਾਰਾਂ ਹਮੇਲਾਂ ਨਾਲ ਲੱਦ ਨਹੀਂ ਸੀ ਸਕਦੀ। ਤਾਈ ਦੇ ਦੱਸਣ ਤੋਂ ਬਾਅਦ ਮੈਨੂੰ ਸਮਝ ਆ ਗਈ ਸੀ ਕਿ ਮਾਂ ਮਾਸਟਰਾਂ ਦੇ ਚੁਬਾਰੇ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਕਿਉਂ ਵੇਖਦੀ ਰਹਿੰਦੀ ਹੈ। ਬੜੇ ਸਾਲਾਂ ਤੱਕ ਮੈਂ ਇਹ ਗੱਲ ਮਾਂ ਨਾਲ ਸਾਂਝੀ ਨਹੀਂ ਕੀਤੀ। ਹਮੇਸ਼ਾ ਸੋਚਦੀ ਰਹਿੰਦੀ- ਮਾਂ ਦੇ ਫੱਟਾਂ ’ਤੇ ਲੂਣ ਕਿਉਂ ਪਾਵਾਂ?
‘‘ਮਾਂ ਜੇ ਨਾਨਾ-ਨਾਨੀ ਸਰਦੇ ਪੁੱਜਦੇ ਹੁੰਦੇ ਤਾਂ ਮਾਸਟਰਾਂ ਦਾ ਚੁਬਾਰਾ ਤੇਰਾ ਹੋਣਾ ਸੀ?’’ ਕਈ ਸਾਲਾਂ ਦਾ ਤਣਿਆ ਪਿਆ ਪਰਦਾ ਮੈਂ ਆਖ਼ਰ ਇੱਕ ਦਿਨ ਪਾਸੇ ਕਰ ਦੇਣਾ ਹੀ ਠੀਕ ਸਮਝਿਆ ਸੀ। ਮੇਰਾ ਸੁਆਲ ਸੁਣਕੇ ਮਾਂ ਦੀਆਂ ਅੱਖਾਂ ਵਿਚਲਾ ਸਮੁੰਦਰ ਬਾਹਰ ਵਹਿਣ ਲੱਗਾ ਸੀ।
‘‘ਧੀਏ ਆਂਢ-ਗੁਆਂਢ ਵਾਲੇ ਸਾਰੇ ਇਉਂ ਹੀ ਤੇ ਸੋਚਦੇ ਨੇ।’’ ‘‘ਸੋਚਦੇ ਨੇ? ਮਤਲਬ ਅਸਲ ਗੱਲ ਏਹ ਨ੍ਹੀ?’’ ‘‘ਨਹੀਂ।’’ ‘‘ਸੱਚ ਕੀ ਹੈ?’’ ‘‘ਸੱਚ ਤਾਂ ਅਹੁ ਵਰਾਂਡੇ ’ਚ ਪਿਆ ਖੰਘ ਰਿਹਾ।’’ ‘‘ਥੋਡਾ ਮਤਲਬ ਦਾਦੀ?’’ ‘‘ਹਾਂ।’’ ‘‘ਇਹਦਾ ਮਤਲਬ ਮਾਸਟਰ ਦੀ ਮਾਂ ਨੇ ਤੁਹਾਡੇ ਰਿਸ਼ਤੇ ਤੋਂ ਜਵਾਬ ਨਹੀਂ ਸੀ ਦਿੱਤਾ?’’ ‘‘ਨਹੀਂ! ਜਵਾਬ ਦੁਆਇਆ ਗਿਆ ਸੀ। ਸਾਰਾ ਤਾਣਾ ਬਾਣਾ ਤੇਰੀ ਇਸ ਦਾਦੀ ਅੰਮਾ ਨੇ ਹੀ ਬੁਣਿਆ ਸੀ।’’ ‘‘ਕਿਵੇਂ?’’
‘‘ਇਸਦੀ ਸਕੀ ਭੈਣ ਮੇਰੇ ਪੇਕਿਆਂ ਦੇ ਗੁਆਂਢ ਵਿਆਹੀ ਸੀ। ਭੈਣ ਨੂੰ ਮਿਲਣ ਆਉਂਦੀ ਤਾਂ ਤੇਰੇ ਨਾਨਕਿਆਂ ਘਰ ਵੀ ਆਉਂਦੀ। ਇਸਨੂੰ ਮਾਸਟਰਾਂ ਵੱਲ ਹੋਏ ਮੇਰੇ ਰਿਸ਼ਤੇ ਦਾ ਪਤਾ ਚੱਲਿਆ, ਇਹਨੇ ਰਿਸ਼ਤਾ ਤੁੜਵਾਉਣ ਦੀਆਂ ਗੋਂਦਾਂ ਗੁੰਦ ਲਈਆਂ। ਮਾਸਟਰ ਦੀ ਮਾਂ ਕੋਲ ਮੇਰੇ ਚਾਲ ਚਲਣ ਬਾਰੇ ਪਤਾ ਨ੍ਹੀ ਕੀ ਦਾ ਕੀ ਆਖ ਦਿੱਤਾ।’’ ਮਾਂ ਡੁਸਕਣ ਲੱਗੀ ਸੀ।
‘‘ਤੇਰੇ ਨਾਨੇ ਤੇ ਮਾਮਿਆਂ ਕੋਲ ਵੀ ਮਾਸਟਰਾਂ ਬਾਰੇ ਵਧਵੀਆਂ-ਘਟਵੀਆਂ ਗੱਲਾਂ ਕਰ ਦਿੱਤੀਆਂ। ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਭੇਜੇ ਸ਼ਗਨ ਵਾਪਸ ਕਰ ਦਿੱਤੇ। ਜਦੋਂ ਤੇਰੇ ਨਾਨਕਿਆਂ ਸ਼ਗਨ ਵਾਲੀ ਚੁੰਨੀ ਮਾਸਟਰ ਦੀ ਮਾਂ ਨੂੰ ਵਾਪਸ ਭੇਜੀ ਤਾਂ ਮੈਂ ਕਈ ਦਿਨ ਰੋਂਦੀ ਰਹੀ ਸਾਂ। ਮੈਨੂੰ ਲੱਗਾ ਸੀ ਜਿਵੇਂ ਸੁਹਾਗਣ ਹੋਣ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਹੋਵਾਂ।’’
‘‘ਪਰ ਦਾਦੀ ਨੇ ਇੰਜ ਕਿਉਂ ਕੀਤਾ?’’ ‘‘ਜੇ ਏਹ ਇੰਜ ਨਾ ਕਰਦੀ, ਇਸਦੇ ਪੁੱਤ ਦਾ ਵਿਆਹ ਕਿਵੇਂ ਹੁੰਦਾ?’’ ‘‘ਓ! ਇਸਦਾ ਮਤਲਬ ਇਸ ਬੁੱਢੀ ਨੇ ਮਾਸਟਰ ਦੀ ਮਾਂ ਤੋਂ ਜਵਾਬ ਦੁਆ ਕੇ ਆਪਣੇ ਮੁੰਡੇ ਲਈ ਰਿਸ਼ਤਾ ਲੈ ਲਿਆ। ਤੇਰੀ ਤਾਂ ਇਹ ਬਹੁਤ ਵੱਡੀ ਗੁਨਾਹਗਾਰ ਹੈ।’’ ‘‘ਨਹੀਂ, ਇਸਦਾ ਕੋਈ ਦੋਸ਼ ਨਹੀਂ ਹੈ। ਮੇਰੀ ਆਪਣੀ ਕਿਸਮਤ ਵਿੱਚ ਹੀ ਫਰਕ ਸੀ। ਮਾਸਟਰਾਂ ਦਾ ਚੁਬਾਰਾ ਹੀ ਮੇਰਾ ਨਹੀਂ ਸੀ ਹੋਣਾ।’’ ਮਾਂ ਦੀਆਂ ਅੱਖਾਂ ’ਚੋਂ ਕਈ ਦਰਿਆ ਵਹਿ ਤੁਰੇ ਸਨ। ਇਸ ਦਿਨ ਤੋਂ ਬਾਅਦ ਤਾਂ ਮੈਂ ਦਾਦੀ ਨੂੰ ਹੋਰ ਵੀ ਨਫ਼ਰਤ ਕਰਨ ਲੱਗੀ ਸਾਂ।
ਕਿੰਨੇ ਵਰ੍ਹੇ ਲੰਘ ਗਏ ਨੇ, ਮਾਂ ਦੀ ਅੱਖਾਂ ਵਿੱਚੋਂ ਵਹਿੰਦੇ ਦਰਿਆ ਮੈਨੂੰ ਅੱਜ ਵੀ ਨਜ਼ਰ ਆਉਂਦੇ ਹਨ। ਹੁਣ ਜਦੋਂ ਸੱਸ, ਸਵੀਟੀ ਨੂੰ ਪਤੰਗ ਉਡਾਉਣ ਕਰਕੇ ਬੁਰਾ ਭਲਾ ਬੋਲਦੀ ਹੈ ਤਾਂ ਮੇਰੇ ਆਪਣੇ ਜ਼ਖ਼ਮ ਦੁਬਾਰਾ ਹਰੇ ਹੋ ਜਾਂਦੇ ਹਨ। ਮੈਨੂੰ ਪਲਕਾਂ ਓਹਲੇ ਹੰਝਆਂ ਨੂੰ ਡੱਕ ਕੇ ਮਾਸਟਰਾਂ ਦੇ ਚੁਬਾਰੇ ਵੱਲ ਹਸਰਤ ਭਰੀਆਂ ਅੱਖਾਂ ਨਾਲ ਵੇਖਦੀ ਮਾਂ ਦਿਖਾਈ ਦੇਣ ਲੱਗਦੀ ਹੈ। ਮੈਨੂੰ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਮਾਸਟਰਾਂ ਦੇ ਮੁੰਡੇ ਦੀ ਲੰਮੀਆਂ ਲੰਮੀਆਂ ਝਾਂਜਰਾਂ ਵਾਲੀ ਪਤੰਗ ਸਾਰੇ ਆਕਾਸ਼ ’ਤੇ ਫੈਲ ਗਈ ਹੋਵੇ। ਮੈਂ ਸੋਚਿਆ ਹੋਇਆ ਕਿ ਝਾਈ ਨੂੰ ਕਿਸੇ ਦਿਨ ਆਖ ਹੀ ਦੇਣਾ ਹੈ, ‘‘ਤੁਹਾਨੂੰ ਅਸਮਾਨੀ ਉੱਡਦੀਆਂ ਪਤੰਗਾਂ ਚੰਗੀਆਂ ਕਿਉਂ ਨਹੀਂ ਲੱਗਦੀਆਂ? ਕਿਉਂ ਰੋਕਨੀ ਏਂ ਜੁਆਕੜੀ ਨੂੰ। ਉਡਾ ਲੈਣ ਦੇ ਪਤੰਗ। ਇਸਦੀ ਉਮਰ ਏ, ਜੇ ਹੁਣ ਨ੍ਹੀ ਉਡਾਏਗੀ ਤਾਂ ਭਲਾ ਕਦੋਂ ਉਡਾਏਗੀ?’’
ਮੈਂ ਝਾਈ ਨੂੰ ਚੰਗੀ ਤਰ੍ਹਾਂ ਸਮਝਾਵਾਂਗੀ, ‘‘ਅਸਮਾਨ ਵਿੱਚ ਇਕੱਲੀ ਪਤੰਗ ਹੀ ਨਹੀਂ ਉੱਡਦੀ, ਉਸ ਨਾਲ ਦਿਲ ’ਚ ਮਚਲਦੇ ਚਾਅ ਵੀ ਉੱਡਦੇ ਹੁੰਦੇ ਨੇ।’’ ਖੌਰੇ ਝਾਈ ਸਮਝ ਹੀ ਜਾਵੇ। ਆਖ਼ਰ ਉਹ ਵੀ ਤਾਂ ਕਿਸੇ ਵਕਤ ਕੁੜੀ ਰਹੀ ਹੈ। ਉਸਨੇ ਵੀ ਕਦੇ ਨਾ ਕਦੇ ਤਾਂ ਕਿਸੇ ਚੁਬਾਰੇ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਹੀ ਹੋਵੇਗਾ?
ਸੰਪਰਕ: 98726-40994