ਭੁਪਿੰਦਰ ਸਿੰਘ ਪੰਛੀ
ਮਜ਼ਦੂਰ ਗੇਟ ਦੇ ਬਾਹਰ ਖੜ੍ਹਾ ਸੀ, ‘‘…ਸਰਦਾਰ ਜੀ ਵੱਡੇ ਭਾਅ ਨੇ ਭੇਜਿਆ। ਕਹਿੰਦਾ ਸੀ ਗੇਟ ਸਾਫ਼ ਕਰਨਾ, ਬੜਾ ਘਾਹ ਫੂਸ ਉੱਗਿਆ ਪਿਆ ਏ…।’’ ਇਕਦਮ ਮੇਰੇ ਦਿਮਾਗ਼ ਵਿੱਚ ਆਇਆ ਕਿ ਮੇਰਾ ਮਾਲਕ ਮਕਾਨ ਅਮਰੀਕਾ ਤੋਂ ਆ ਰਿਹਾ ਸੀ ਤੇ ਉਸ ਨੂੰ ਹਰਿਆ ਭਰਿਆ ਘਾਹ ਪਸੰਦ ਨਹੀਂ ਸੀ। ਮੈਨੂੰ ਨਾ ਚਾਹੁੰਦਿਆਂ ਵੀ ਗੇਟ ਦਾ ਘਾਹ ਸਾਫ਼ ਕਰਵਾਉਣਾ ਹੀ ਪੈਣਾ ਸੀ। ਮੈਂ ਬੜੀ ਹਲੀਮੀ ਨਾਲ ਉਸ ਨੂੰ ਪੈਸੇ ਪੁੱਛੇ ਪਰ ਉਸ ਨੇ ਬੜੀ ਅਪਣੱਤ ਨਾਲ ਕਿਹਾ, ‘‘…ਕੋਈ ਨਾ ਸਰਦਾਰ ਜੀ ਆਪਣਾ ਹੀ ਘਰ ਏ…।’’ ਬੜੀ ਮਿਹਨਤ ਨਾਲ ਉਹ ਘਾਹ ਵੱਢ ਰਿਹਾ ਸੀ। ਦਾਤੀ ਕਹੀ ਉਹ ਪਿੰਡੋਂ ਲੈ ਕੇ ਹੀ ਆਇਆ ਸੀ।
‘‘…ਕੀ ਨਾਂ ਏ ਤੇਰਾ?’’ ਮੈਂ ਚਾਹ ਦਾ ਗਲਾਸ ਫੜਾਉਂਦਿਆਂ ਕਿਹਾ। ‘‘ਬੀਰੂ, ਮਾਂ ਨੇ ਰੱਖਿਆ ਸੀ।’’ ‘‘ਕਿੰਨੇ ਬੱਚੇ ਨੇ ਤੇਰੇ…?’’ ‘‘ਜੀ ਦੋ ਕੁੜੀਆਂ ਸੀ… ਛੋਟੀ ਉਮਰੇ ਹੀ ਵਿਆਹ ਦਿੱਤੀਆਂ, ਹੁਣ ਮੈਂ ਤੇ ਮਾਂ ਦੋਵੇਂ ਹੀ ਰਹਿੰਦੇ ਹਾਂ…।’’ ‘‘ਰਿਕਸ਼ਾ ਚਲਾਉਣ ਤੋਂ ਇਲਾਵਾ ਹੋਰ ਕੀ ਕਰਦੈਂ…?’’ ‘‘ਜੀ ਸਿਆਲ ਨੂੰ ਕਮਾਦ ਬਥੇਰਾ ਹੋ ਜਾਂਦੈ ਪਿੰਡ ਵਿੱਚ… ਝੋਕੀ ਕਰ ਲੈਨਾ ਤੇ ਖਾਣ ਪੀਣ ਜੋਗਾ ਕਰ ਲੈਨਾ।’’ ‘‘ਖਾਣ ਪੀਣ ਤੋਂ ਮਤਲਬ?’’ ‘‘ਕੋਈ ਖ਼ਾਸ ਮਤਲਬ ਨਹੀਂ ਜੀ… ਦਾਰੂ ਮੈਂ ਦੇਸੀ ਪੀਨਾ… ਘਰ ਦੀ ਕੱਢੀ। ਆਪਣੀ ਝੋਕੀ ਤੋਂ ਜਿੰਨਾ ਗੁੜ ਹੁੰਦਾ, ਕੁਝ ਕੁ ਮਾਂ ਕੁੜੀਆਂ ਨੂੰ ਭੇਜ ਦਿੰਦੀ ਏ, ਕੁਝ ਆਪ ਰੱਖ ਲੈਂਦੀ ਆ ਜਿੰਨਾ ਬਚਦੈ ਉਸ ਦੀ ਮੈਂ ਦਾਰੂ ਕੱਢ ਲੈਨਾ। ਉਸੇ ਨਾਲ ਸਾਰਾ ਸਾਲ ਨਿਕਲ ਜਾਂਦੈ… ਕਬੀਲਦਾਰੀ ਤੁਰੀ ਜਾਂਦੀ ਐ।’’ ਗੱਲਾਂਬਾਤਾਂ ਕਰਦਿਆਂ ਉਸ ਨੇ ਚਾਹ ਪੀ ਲਈ ਸੀ।
‘‘…ਲਓ ਸਰਦਾਰ ਜੀ, ਹੋ ਗਿਆ ਸਾਫ਼ ਤੁਹਾਡਾ ਗੇਟ। ਕੋਈ ਘਾਟ ਐ ਤਾਂ ਦੱਸੋ… ਮੈਂ ਚਲਦਾਂ ਜੀ…।’’ ਮੇਰੀ ਲੱਖ ਕੋਸ਼ਿਸ਼ ਦੇ ਬਾਵਜੂਦ ਉਸ ਨੇ ਪੈਸੇ ਨਹੀਂ ਸੀ ਲਏ। ਪਹਿਲਾਂ ਤਾਂ ਮੈਂ ਕਾਫ਼ੀ ਹੈਰਾਨ ਸਾਂ। ਫਿਰ ਮੇਰੇ ਦਿਮਾਗ਼ ’ਚ ਆਇਆ ਕਿ ਆਪੇ ਪਿੰਡੋਂ ਲੈ ਲਵੇਗਾ।
ਮਕਾਨ ਮਾਲਕ ਘਰੋਂ ਬਾਹਰੋਂ ਸਫ਼ਾਈ ਤੋਂ ਕਾਫ਼ੀ ਖ਼ੁਸ਼ ਸੀ। ਮੈਂ ਉਸ ਨੂੰ ਦੱਸਿਆ ਸੀ ਕਿ ਬੀਰੂ ਤੁਹਾਡੇ ਪਿੰਡੋਂ ਹੀ ਆਇਆ ਸੀ। ਬੰਦਾ ਕਾਫ਼ੀ ਰੰਗੀਲਾ ਲੱਗਿਆ ਮੈਨੂੰ। ਉਸ ਨੇ ਮੇਰੇ ਤੋਂ ਕੋਈ ਪੈਸਾ ਨਹੀਂ ਸੀ ਲਿਆ। ਮੈਂ ਆਪਣੇ ਮਕਾਨ ਮਾਲਕ ਨੂੰ ਬੜਾ ਹੁੱਬ ਕੇ ਦੱਸਿਆ ਸੀ ਪਰ ਉਹ ਇਸ ਮੁੱਦੇ ’ਤੇ ਬਿਲਕੁਲ ਅਬੋਲ ਰਿਹਾ ਸੀ, ਉਸ ਦਾ ਕੋਈ ਪ੍ਰਤੀਕਰਮ ਨਹੀਂ ਸੀ ਆਇਆ ਜਦੋਂਕਿ ਬਾਹਰੋਂ ਆਏ ਲੋਕ ਆਪਣੇ ਪਿੰਡ ਦੇ ਲੋਕਾਂ ਪ੍ਰਤੀ ਜਾਣਨ ਲਈ ਬੜੇ ਉਤਸੁਕ ਰਹਿੰਦੇ ਹਨ।
ਮੈਂ ਬੱਸ ਸਟੈਂਡ ਨੂੰ ਜਾਣ ਲਈ ਖੜ੍ਹਾ ਹੀ ਹੋਇਆ ਸੀ ਕਿ ਪਿੱਛੋਂ ਆਵਾਜ਼ ਆਈ, ‘‘ਕਿੱਧਰ ਨੂੰ ਸਰਦਾਰ ਜੀ? ਚਲੋ ਬੈਠੋ… ਆਪਣੀ ਗੱਡੀ ਹਾਜ਼ਰ ਹੈ…।’’ ਬੀਰੂ ਬੜਾ ਖ਼ੁਸ਼ ਨਜ਼ਰ ਆ ਰਿਹਾ ਸੀ। ਮੇਰੀ ਹੁਣ ਉਸ ਨਾਲ ਕਾਫ਼ੀ ਸਾਂਝ ਹੋ ਗਈ ਸੀ।
‘‘…ਚਲਾ ਗਿਆ ਮਰੀਕਾ ਵਾਲਾ ਭਾਅ …ਊਂ ਵਾਹਵਾ ਦਿਨ ਕੱਟ ਗਿਆ ਇਸ ਵਾਰੀ ਤਾਂ… ਜਦੋਂ ਆਉਂਦੈ ਛੇਤੀ ਹੀ ਪਰਤ ਜਾਂਦੈ… ਮੈਥੋਂ ਵੱਡਾ ਫ਼ੈਸਰ ਆ ਲੁਧਿਆਣੇ ਤੇ ਉਸ ਤੋਂ ਵੱਡਾ ਏ ਮਰੀਕਾ ਵਾਲਾ…।’’ ‘‘ਕੀ ਕਿਹਾ ਬੀਰੂ…?’’ ਮੈਨੂੰ ਉਸ ਦੇ ਬੋਲਾਂ ਤੋਂ ਇਕਦਮ ਝਟਕਾ ਲੱਗਿਆ। ‘‘ਮੈਂ ਕਿਹਾ ਮੈਥੋਂ ਵੱਡਾ ਫ਼ੈਸਰ ਆ ਲੁਧਿਆਣੇ।’’ ‘‘ਫ਼ੈਸਰ ਕੀ ਹੁੰਦਾ?’’ ਮੈਂ ਵਿੱਚੋਂ ਟੋਕਿਆ। ‘‘ਕਮਾਲ ਐ ਸਰਦਾਰ ਜੀ…!! ਆਹ ਜਿਹੜੇ ਪੰਦਰਵੀਂ ਸੋਲ੍ਹਵੀਂ ਜਮਾਤ ਨੂੰ ਪੜ੍ਹਾਉਂਦੇ ਨੇ ਤੇ ਮਰੀਕਾ ਵਾਲਾ ਉਸ ਤੋਂ ਵੱਡਾ ਏ… ਭੈਣ ਛੇਕੜਲੀ ਏ ਤੇ ਉਹ ਆਪਣੇ ਹੀ ਸ਼ਹਿਰ ਵਿੱਚ ਵੱਡੀ ਮਾਸਟਰਾਣੀ ਲੱਗੀ ਏ…।’’
ਵੀਰੂ ਏਡਾ ਵੱਡਾ ਝਟਕਾ ਦੇਵੇਗਾ ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ। ਇੱਕ ਭਰਾ ਅਮਰੀਕਾ ਵਿੱਚ ਵਸਦਾ ਰਸਦਾ ਸੀ। ਇੱਕ ਭਰਾ ਸਰਕਾਰੀ ਕਾਲਜ ਵਿੱਚ ਪ੍ਰੋਫ਼ੈਸਰ, ਭੈਣ ਤੇ ਉਹ ਵੀ ਸਰਕਾਰੀ ਅਧਿਆਪਕ। ‘‘ਬੀਰੂ ਤੂੰ ਇਨ੍ਹਾਂ ਦਾ ਸਕਾ ਭਰਾ ਏਂ…?’’ ਮੈਂ ਕੱਚਾ ਜਿਹਾ ਹੁੰਦਿਆਂ ਪੁੱਛਿਆ। ‘‘ਕਿਉਂ ਸਰਦਾਰ ਜੀ, ਮੈਨੂੰ ਰਿਕਸ਼ਾ ਚਲਾਉਂਦਿਆਂ ਵੇਖ ਕੇ ਯਕੀਨ ਨਹੀਂ ਆਇਆ ਮੇਰੇ ਭਰਾ ਏਡੇ ਵੱਡੇ ਵੱਡੇ ਅਮੀਰ ਤੇ ਵਿਦੇਸ਼ੀ… ਖਾ ਗਏ ਨਾ ਚੱਕਰ!’’
ਮੈਂ ਇਕਦਮ ਪਰੇਸ਼ਾਨ ਹੋ ਰਿਹਾ ਸਾਂ। ਇੱਕ ਹੀ ਢਿੱਡੋਂ ਜਾਏ ਤੇ ਕਿਸਮਤਾਂ ਵਿੱਚ ਇੰਨਾ ਵੱਡਾ ਫ਼ਰਕ। ਬੀਰੂ ਦਾ ਉਹ ਚਿਹਰਾ ਮੇਰੇ ਸਾਹਮਣੇ ਆ ਵਾਰ ਵਾਰ ਘੁੰਮ ਰਿਹਾ ਸੀ ਜਿਸ ਦਿਨ ਉਹ ਸਾਡੇ ਕਿਰਾਏ ਦੇ ਘਰ ਦਾ ਗੇਟ ਸਾਫ਼ ਕਰ ਰਿਹਾ ਸੀ। ਮੈਂ ਵੀ ਉਸ ਨੂੰ ਉਸੇ ਹੀ ਗਲਾਸ ਵਿੱਚ ਚਾਹ ਪਿਆਈ ਸੀ ਜਿਹੜਾ ਘਰਵਾਲੀ ਨੇ ਵਿਸ਼ੇਸ਼ ਰੂਪ ਵਿੱਚ ਮਜ਼ਦੂਰਾਂ ਲਈ ਰੱਖਿਆ ਸੀ। ਮੈਨੂੰ ਤਾਂ ਹੁਣ ਸਮਝ ਆਈ ਸੀ ਕਿ ਉਸ ਨੇ ਮਜ਼ਦੂਰੀ ਦੇ ਪੈਸੇ ਕਿਉਂ ਨਹੀਂ ਸਨ ਲਏ। ਕਿਉਂ ਉਸ ਨੇ ਇਸ ਘਰ ਨੂੰ ਆਪਣਾ ਹੀ ਘਰ ਦੱਸਿਆ ਸੀ। ਇੰਨਾ ਵੱਡਾ ਪਾੜਾ ਤੇ ਫ਼ਰਕ ਤੇ ਉਹ ਵੀ ਭਰਾਵਾਂ ਵਿੱਚ। ਗੱਲ ਅਤਿਕਥਨੀ ਜਿਹੀ ਲੱਗਦੀ ਸੀ ਤੇ ਬਿਲਕੁਲ ਵੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਲੱਗਦੀ।
‘‘… ਸਰਦਾਰ ਜੀ ਬੱਸ ਸਟੈਂਡ ਆ ਗਿਆ। ਕਿੱਥੇ ਗੁੰਮ ਗਏ ਤੁਸੀਂ? ਨਾਲੇ ਜਿਹੜੇ ਮਕਾਨ ਵਿੱਚ ਤੁਸੀਂ ਰਹਿੰਦੇ ਹੋ ਉਹ ਬਾਪੂ ਦੀ ਕਮਾਈ ਦਾ ਬਣਿਆ ਹੈ। ਇਹ ਠੀਕ ਹੈ ਕਿ ਉਸ ਵਿੱਚ ਮਰੀਕਾ ਵਾਲੇ ਨੇ… ਫੈਸਰ ਨੇ ਵੀ ਪੈਸੇ ਲਾਏ ਨੇ… ਪਰ ਜ਼ਮੀਨ ਵਿੱਚ ਤਾਂ ਮੇਰਾ ਹਿੱਸਾ ਹੈ… ਇਹ ਤਾਂ ਮੇਰੀ ਜ਼ਮੀਨ ’ਤੇ ਵੀ ਕਬਜ਼ਾ ਕਰੀ ਬੈਠੇ ਨੇ। ਮਾਂ ਕਹਿੰਦੀ ਏ ਇਹਨੂੰ ਪੈਸੇ ਹੀ ਦੇ ਦਿਓ… ਗ਼ਰੀਬ ਇਹ ਵਿਚਾਰਾ ਤਾਂ ਕਹਿ ਛੱਡਦੇ ਨੇ ਅਗਲੀ ਵਾਰੀ ਆਊ ਤਾਂ ਨਬਿੇੜੂੰ… ਏਦਾਂ ਕਰਦਿਆਂ ਨੂੰ ਦਸ ਪੰਦਰਾਂ ਵਰ੍ਹੇ ਬੀਤ ਗਏ ਨੇ। ਜਦੋਂ ਆਉਂਦੇ ਨੇ ਭੈਣ ਨੂੰ ਵੀ ਟੁੱਕ ਪਾ ਜਾਂਦੇ ਨੇ। ਉਹ ਵੀ ਇਨ੍ਹਾਂ ਦੇ ਹੀ ਗੁਣ ਗਾਉਂਦੀ ਏ। ਪਿੰਡ ਵੀ ਚਾਰ ਸਿਆੜ ਹੈਗੇ ਨੇ। ਥੋੜ੍ਹਾ ਜਿਹਾ ਠੇਕਾ ਮਾਂ ਨੂੰ ਦਿੰਦੇ ਨੇ। ਮੈਂ ਵੱਡੇ ਤੋਂ ਚਾਰ ਕੁਇੰਟਲ ਕਣਕ ਮੰਗ ਬੈਠਾ ਉਸ ਨੇ ਤਾਂ ਘਰ ਫਸਾਦ ਹੀ ਪਾ ਦਿੱਤਾ। ਦੇ ਝਗੜੇ ਤੇ ਝਗੜਾ। ਅਖੇ ਤਕੜੇ ਦਾ ਸੱਤੀਂ ਵੀਹੀਂ ਸੌ। ਮੈਂ ਮਾੜਾ… ਬਹਿ ਜਾਨਾਂ ਮੈਂ ਚੁੱਪ ਕਰ ਕੇ…।’’ ਮੈਂ ਉਸ ਨੂੰ ਲਗਾਤਾਰ ਸੁਣਨਾ ਚਾਹੁੰਦਾ ਸੀ। ‘‘ਮੇਰਾ ਕਿਹੜਾ ਕੋਈ ਪੁੱਤ ਐ! ਧੀਆਂ ਵਾਲਾ ਹਾਂ, ਮਾੜਾ ਹਾਂ। ਮੇਰੀ ਵੀ ਕੋਈ ਜੜ੍ਹ ਹੁੰਦੀ ਤਾਂ ਮੈਂ ਮਰੀਕਾ ਵਾਲੇ ਦੀ ਮਰੀਕੀ ਅਤੇ ਫੈਸਰ ਦੀ ਫੈਸਰੀ ਧੱਕ ਦੇਣੀ ਸੀ ਪਰ ਰੱਬ ਵੀ ਮਾੜੇ ਦੀ ਨਹੀਂ ਸੁਣਦਾ। ਸੱਚੀ ਗੱਲ ਏ ਜਦੋਂ ਕਿਸਮਤ ਹੀ ਹਾਰ ਦੇ ਜਾਏ… ਕੀ ਲੈਣਾ ਲੜ ਕੇ? ਕਦੇ ਕਹਿ ਛੱਡਦੇ ਨੇ ਇਹਨੇ ਹਿੱਸਾ ਲੈ ਕੇ ਕੀ ਕਰਨੈ… ਇਹਦਾ ਤਾਂ ਜੁਆਈਆਂ ਹੀ ਸਾਂਭਣਾ… ਛੋਟੀਆਂ ਗੱਲਾਂ… ਓਦਾਂ ਬੜੇ ਵੱਡੇ ਬਣੀ ਫਿਰਦੇ ਨੇ … ਕਿਸੇ ਥਾਂ ਦੇ…।
ਮਾਂ ਕੰਮ ਕਰਦੀ ਹੈ ਚਹੁੰ ਘਰਾਂ ਵਿੱਚ। ਮੈਂ ਬਥੇਰਾ ਰੋਕਦਾਂ ਬਈ ਤੇਰੇ ਪੁੱਤ ਬੜੇ ਵੱਡੇ ਨੇ… ਉਨ੍ਹਾਂ ਦੇ ਝਾਟੇ ਖੇਹ ਨਾ ਪਾ ਪਰ ਮਾਂ ਕੀ ਕਰੇ? ਇੱਕ ਵਾਰ ਲੈ ਗਿਆ ਬੇਬੇ ਨੂੰ… ਬੱਚੇ ਕਹਿੰਦੇ ਸਾਨੂੰ ਬੁੜ੍ਹੀ ਕੋਲੋਂ ਬਦਬੂ ਆਉਂਦੀ ਏ। ਮਾਂ ਤਾਂ ਜੱਗੋਂ ਤੇਰ੍ਹਵੀਂ ਕਰਵਾ ਕੇ ਚੌਥੇ ਦਿਨ ਘਰ ਮੁੜੀ। ਰੋਣਾ ਬੰਦ ਨਾ ਹੋਵੇ ਮਾਂ ਦਾ। ਅਖੇ ਜਿਹਨੇ ਜੰਮਿਆ-ਜਾਇਆ, ਪੜ੍ਹਾਇਆ ਲਿਖਾਇਆ ਹੁਣ ਉਹਦੇ ਕੋਲੋਂ ਬਦਬੂ ਆਉਂਦੀ ਹੈ। ਨੂੰਹ ਨੇ ਤਕਾਇਆ ਤਕ ਨਹੀਂ। ਮਰੀਕਾ ਵਾਲੇ ਦੀ ਸੁਣ ਲੈ, ਪਿੱਛੇ ਜਿਹੇ ਸਾਉਣ ਭਾਦੋਂ ’ਚ ਆ ਗਿਆ। ਬਾਲਿਆਂ ਦੀ ਛੱਤ ਚੋਵੇ। ਅਖੇ ਮੈਂ ਲੈਂਟਰ ਪੁਆ ਦੇਣਾ। ਸਹੁਰੀ ਦਾ ਤਿੰਨ ਵਾਰੀ ਆ ਕੇ ਚਲਾ ਗਿਆ… ਲੈਂਟਰ ਨਹੀਂ ਪਿਆ। ਪਿੰਡ ਆਵੇ ਤਾਂ ਮਾਂ ਕੋਲ ਨਹੀਂ ਆਉਂਦਾ। ਪਿੱਛੇ ਜਿਹੇ ਆਇਆ ਸੀ ਮੁੰਡੇ ਦਾ ਵਿਆਹ ਕਰਨ। ਮੰਨਿਆ ਮੈਂ ਰਿਕਸ਼ੇ ਵਾਲਾ। ਉਹਨੇ ਤਾਂ ਮਾਂ ਨੂੰ ਬੁਲਾਇਆ ਤਕ ਨਹੀਂ। ਵਿਆਹ ਕਰ ਕੇ ਵਾਪਸ ਚਲਾ ਗਿਆ। ਮੈਂ ਕਹਿਨਾਂ ਤੁਸੀਂ ਕਾਹਦੇ ਵੱਡੇ ਓ…। ਮੈਂ ਤਾਂ ਮੰਨਿਆ ਸ਼ਰੀਕ, ਮੇਰੀ ਮਦਦ ਕਿਸੇ ਕੀ ਕਰਨੀ… ਮਾਂ ਦੇ ਹੱਥੀਂ ਕਦੇ ਕਦਾਈਂ ਧੇਲਾ ਹੀ ਧਰ ਦਿਓ… ਬੁੜ੍ਹਾ ਤਾਂ ਟਾਈਮ ਸਿਰ ਮਰ ਗਿਆ… ਨਹੀਂ ਤਾਂ ਉਸ ਦਾ ਵੀ ਇਹੋ ਹਾਲ ਹੋਣਾ ਸੀ। ਯਾਰੋ, ਮਾਂ ਤੋਂ ਬਗੈਰ ਕੋਈ ਵੱਡਾ ਨਹੀਂ ਹੁੰਦਾ…।
ਮਰੀਕਾ ਵਾਲੇ ਨੂੰ ਮਾਂ ਨੇ ਕਿਹਾ… ਤੇਰੇ ਲਈ ਪੰਝੀ ਤੀਹ ਹਜ਼ਾਰ ਕੀ ਚੀਜ਼ ਐ? ਬੀਰੂ ਦਾ ਕਰਜ਼ਾ ਦੇ ਦੇ… ਤੇਰੇ ਕਰੋੜਾਂ ਦਾ ਭਰਾ ਨੂੰ ਕੀ ਲਾਭ ਜੋ ਵਿਆਜ ਦਿੰਦਾ ਹੀ ਮਰ ਗਿਆ। ਉਹਨੇ ਠੋਕ ਕੇ ਨਾਂਹ ਕੀਤੀ। ਅਖੇ, ਮੈਥੋਂ ਪੁੱਛ ਕੇ ਲਈ ਸੀ ਮੱਝ ਇਹਨੇ? ਮਾਂ ਨੂੰ ਉਸ ਨੇ ਲੱਖ ਝਾੜਿਆ। ਉੱਦਾਂ ਬੜੇ ਵੱਡੇ ਬਣੇ ਫਿਰਦੇ ਨੇ…। ਹੁਣ ਮੈਂ ਆਪਣੇ ਜਵਾਈਆਂ ਕੋਲੋਂ ਫੜਿਆ ਪੰਜ ਪੰਜ ਹਜ਼ਾਰ। ਜੁਆਈ ਵੀ ਕਹਿੰਦੇ ਸੀ ਭਾਪਾ ਭਰਾਵਾਂ ਕੋਲੋਂ ਫੜ ਲੈਂਦਾ, ਏਡੇ ਵੱਡੇ ਨੇ ਤੇਰੇ ਭਰਾ। ਬਿਗਾਨੇ ਪੁੱਤ ਕਿਹੜਾ ਮਿਹਣੇ ਤੋਂ ਟਲਦੇ ਨੇ? ਸਾਡਾ ਬੁੜ੍ਹਾ ਕਦੇ ਕਦੇ ਦਾਰੂ ਪੀ ਕੇ ਬੜੀ ਹੇਕ ਲਾ ਕੇ ਗਾਉਂਦਾ ਹੁੰਦਾ ਸੀ, ‘ਅਖੇ ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੇ ਤੇ ਭਾਈਆਂ ਬਾਝ ਬਹਾਰ ਨਾਹੀਂ… ਭਾਈ ਮਰਨ ਤੇ ਪੈਂਦੀਆਂ ਭੱਜ ਬਾਂਹਾਂ ਭਾਈਆਂ ਬਾਝ ਕੋਈ ਬੇਲੀ ਯਾਰ ਨਾਹੀਂ…।’ ਮੈਨੂੰ ਤਾਂ ਸਮਝ ਨਹੀਂ ਆਈ ਕਿ ਵਾਰਿਸ ਸ਼ਾਹ ਕਿਹੜੇ ਭਾਈਆਂ ਦੀ ਗੱਲ ਕਰਦਾ ਸੀ… ਅਖੇ ਭਾਈ ਮਰਨ ’ਤੇ ਬਾਂਹਾਂ ਟੁੱਟ ਜਾਂਦੀਆਂ ਨੇ। ਇੱਥੇ ਤਾਂ ਬਾਂਹ ਤੋੜਨ ਵਿੱਚ ਭਰਾ ਹੀ ਸਭ ਤੋਂ ਮੂਹਰੇ ਹੁੰਦੇ ਨੇ, ਭਰਾ ਹੀ ਭਰਾਵਾਂ ਦੇ ਘਰਾਂ ਵਿਚਲੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਨੂੰ ਫਿਰਦੇ ਨੇ…। ਕੋਈ ਭਰਾ ਭਰੂ ਨਹੀਂ ਹੁੰਦਾ। ਬਸ ਚੱਲਦੀ ਦਾ ਨਾ ਗੱਡੀ ਹੈ ਸਰਦਾਰ ਜੀ…। ਪੈਸੇ ਵਾਲੇ ਦੀ ਤੂਤੀ ਬੋਲਦੀ ਹੈ ਥਾਂ ਥਾਂ। ਉੱਪਰ ਵਾਲੇ ਦੀ ਨਜ਼ਰ ਸਵੱਲੀ ਚਾਹੀਦੀ ਐ, ਤੰਦਰੁਸਤੀ ਚਾਹੀਦੀ ਐ।’’ ਪਿੰਡ ਵਾਲੀ ਬੱਸ ਦਾ ਹਾਰਨ ਵੱਜਿਆ। ਮੈਂ ਬੀਰੂ ਦੀਆਂ ਗੱਲਾਂ ਸੁਣਦਾ ਸੁਣਦਾ ਬੱਸੇ ਬੈਠ ਗਿਆ। ਉਸ ਦੀਆਂ ਗੱਲਾਂ ਸੁਣ ਕੇ ਮੈਂ ਤਣਾਅਗ੍ਰਸਤ ਹੋ ਗਿਆ ਸਾਂ ਤੇ ਸ਼ੁਦਾਈਪੁਣੇ ਵਿੱਚ ਇਹੀ ਸੋਚ ਰਿਹਾ ਸਾਂ ਕਿ ਵਾਰਿਸ ਸ਼ਾਹ ਐਵੇਂ ਝੂਠ ਬੋਲੀ ਜਾਂਦਾ ਜਾਂ ਹੋ ਸਕਦੈ ਉਸ ਜ਼ਮਾਨੇ ਵਿੱਚ ਭਰਾਵਾਂ ਤੋਂ ਜਾਨ ਵਾਰਨ ਵਾਲੇ ਭਰਾ ਹੁੰਦੇ ਹੋਣ ਪਰ ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਰਿਸ਼ਤੇ ਅਖੌਤੀ ਤੋਰ ਤੁਰ ਰਹੇ ਸਨ ਤੇ ਮੈਂ ਸ਼ਾਇਦ ਬੀਰੂ ਵਾਂਗ ਪਿੱਛੇ ਰਹਿ ਗਿਆ ਸੀ। ਮੈਂ ਵੀ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲਣ ਲਈ ਕਿਤੇ ਕਬਰਾਂ ਵਿੱਚੋਂ ਉੱਠ ਕੇ ਕੁਰਲਾਉਣ ਲਈ ਖ਼ੁਦ ਕੁਰਲਾ ਰਿਹਾ ਸੀ।
ਸੰਪਰਕ: 98559-91055