ਹਰਿੰਦਰ ਸਿੰਘ ਗੋਗਨਾ
ਪਰਸੋਂ ਰੱਖੜੀ ਦਾ ਤਿਓਹਾਰ ਹੋਣ ਕਰਕੇ ਹੈਰੀ ਦੀ ਭੈਣ ਰੋਜ਼ਲੀਨ ਅੱਜ ਨਾਨਕੇ ਪਿੰਡ ਤੋਂ ਨਾਨਾ ਜੀ ਨਾਲ ਵਾਪਸ ਘਰ ਆ ਰਹੀ ਸੀ। ਉਹ ਕੁਝ ਦਿਨ ਪਹਿਲਾਂ ਹੀ ਆਪਣੇ ਨਾਨਾ-ਨਾਨੀ ਕੋਲ ਕੁਝ ਦਿਨਾਂ ਲਈ ਰਹਿਣ ਲਈ ਨਾਨਕੇ ਘਰ ਗਈ ਹੋਈ ਸੀ। ਰੋਜ਼ਲੀਨ ਨੇ ਕੱਲ੍ਹ ਹੀ ਹੈਰੀ ਨਾਲ ਮੋਬਾਈਲ ਫੋਨ ’ਤੇ ਗੱਲ ਕੀਤੀ ਸੀ ਕਿ ਉਹ ਇਸ ਵਾਰ ਉਸ ਨੂੰ ਚਾਂਦੀ ਦੀ ਰੱਖੜੀ ਬੰਨ੍ਹੇਗੀ। ਇਹ ਸੁਣ ਕੇ ਹੈਰੀ ਕਾਫੀ ਖ਼ੁਸ਼ ਸੀ। ਉਹ ਆਪਣੇ ਦੋਸਤ ਮਿੰਟੂ ਤੇ ਮਨੀ ਨੂੰ ਵੀ ਇਹ ਗੱਲ ਦੱਸ ਚੁੱਕਾ ਸੀ ਕਿ ਇਸ ਵਾਰ ਰੱਖੜੀ ’ਤੇ ਉਸ ਦੇ ਗੁੱਟ ’ਤੇ ਜੋ ਰੱਖੜੀ ਹੋਵੇਗੀ ਉਹ ਨਾ ਕੇਵਲ ਚਾਂਦੀ ਦੀ ਹੋਵੇਗੀ ਸਗੋਂ ਉਸ ’ਤੇ ਉਸ ਦਾ ਨਾਂ ਵੀ ਉਕਰਿਆ ਹੋਵੇਗਾ।
ਹੈਰੀ ਤੇ ਰੋਜ਼ਲੀਨ ਦੇ ਨਾਨਾ ਜੀ ਦੀ ਸਵਰਨਕਾਰੀ ਦੀ ਦੁਕਾਨ ਸੀ। ਉਨ੍ਹਾਂ ਨੇ ਹੀ ਰੋਜ਼ਲੀਨ ਨੂੰ ਦੋ ਦਿਨ ਪਹਿਲਾਂ ਹੈਰੀ ਦੇ ਨਾਂ ਵਾਲੀ ਰੱਖੜੀ ਬਣਾ ਕੇ ਦਿੱਤੀ ਸੀ। ਹੈਰੀ ਨੂੰ ਇੰਤਜ਼ਾਰ ਸੀ ਤਾਂ ਰੱਖੜੀ ਦਾ। ਰੱਖੜੀ ਦੀ ਸਵੇਰ ਹੈਰੀ ਦੇ ਮੰਮੀ ਨੇ ਉਸ ਨੂੰ ਜਗਾਇਆ ਤੇ ਕਿਹਾ,‘ਚੱਲ ਬੇਟਾ, ਬਹੁਤ ਸੌਂ ਲਿਆ। ਤੇਰੀ ਭੈਣ ਤੇਰੇ ਰੱਖੜੀ ਬੰਨ੍ਹਣ ਲਈ ਥਾਲੀ ਸਜਾ ਰਹੀ ਐ। ਤੂੰ ਵੀ ਨਹਾ ਕੇ ਛੇਤੀ ਨਾਲ ਆ ਜਾ।’
ਹੈਰੀ ਨਹਾ ਕੇ ਵਾਪਸ ਕਮਰੇ ਵਿਚ ਆਇਆ ਤਾਂ ਦੇਖਿਆ ਕਿ ਉਸ ਦੀ ਭੈਣ ਕਿਸੇ ਚਿੰਤਾ ਵਿਚ ਕੁਝ ਲੱਭ ਰਹੀ ਸੀ। ਫਿਰ ਉਸ ਨੂੰ ਪਤਾ ਲੱਗਾ ਕਿ ਜਿਹੜੀ ਰੱਖੜੀ ਨਾਨਾ ਜੀ ਨੇ ਰੋਜ਼ਲੀਨ ਨੂੰ ਉਸ ਲਈ ਬਣਾ ਕੇ ਦਿੱਤੀ ਸੀ ਉਹ ਕਿਤੇ ਗੁਆਚ ਗਈ ਹੈ। ਰੋਜ਼ਲੀਨ ਵੀ ਕਾਫ਼ੀ ਉਦਾਸ ਸੀ ਕਿ ਉਸ ਦੇ ਬੈਗ ਵਿਚੋਂ ਰੱਖੜੀ ਆਖਰ ਗਈ ਕਿੱਥੇ?
ਕਾਫ਼ੀ ਸਮੇਂ ਬਾਅਦ ਵੀ ਚਾਂਦੀ ਦੀ ਰੱਖੜੀ ਨਾ ਮਿਲੀ ਤਾਂ ਹੈਰੀ ਦੇ ਮੰਮੀ ਨੇ ਆਖਿਆ, ‘ਕੋਈ ਗੱਲ ਨਹੀਂ ਰੋਜ਼ਲੀਨ। ਤੂੰ ਫਿਲਹਾਲ ਆਪਣੇ ਵੀਰ ਦੇ ਇਹ ਬਾਜ਼ਾਰ ਵਾਲੀ ਰੱਖੜੀ ਬੰਨ੍ਹ ਦੇ। ਜਿਵੇਂ ਹੀ ਚਾਂਦੀ ਦੀ ਰੱਖੜੀ ਲੱਭ ਜਾਵੇਗੀ ਤੂੰ ਉਹ ਵੀ ਬੰਨ੍ਹ ਦੇਈਂ।’
ਪਰ ਇਹ ਸੁਣ ਕੇ ਹੈਰੀ ਉਦਾਸ ਹੋ ਗਿਆ ਤੇ ਬਿਨਾਂ ਰੱਖੜੀ ਬੰਨ੍ਹਵਾਏ ਬਾਹਰ ਚਲਾ ਗਿਆ। ਰੋਜ਼ਲੀਨ ਨੇ ਉਸ ਨੂੰ ਕਾਫ਼ੀ ਆਵਾਜ਼ਾਂ ਦਿੱਤੀਆਂ ਕਿ ਉਹ ਰੱਖੜੀ ਬੰਨ੍ਹਵਾ ਲਵੇ, ਪਰ ਉਸ ਨੇ ਕੋਈ ਜੁਆਬ ਨਾ ਦਿੱਤਾ ਤੇ ਅੱਖਾਂ ਤੋਂ ਓਹਲੇ ਹੋ ਗਿਆ।
ਉਸ ਦੇ ਦੋਸਤ ਮਿੰਟੂ ਤੇ ਮਨੀ ਸਾਹਮਣੇ ਤੋਂ ਉਸੇ ਵੱਲ ਆ ਰਹੇ ਸਨ ਤਾਂ ਉਹ ਉਨ੍ਹਾਂ ਤੋਂ ਅੱਖ ਬਚਾ ਕੇ ਚੋਰਾਂ ਵਾਂਗ ਕਿਸੇ ਹੋਰ ਗਲੀ ਵਿਚ ਵੜ ਗਿਆ। ਉਸ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਨੇ ਉਸ ਦੀ ਸੁੰਨੀ ਕਲਾਈ ਵੇਖ ਲਈ ਤਾਂ ਮਜ਼ਾਕ ਉਡਾਉਣਗੇ। ਹੈਰੀ ਉਦਾਸ ਮਨ ਨਾਲ ਲਾਗੇ ਹੀ ਇਕ ਪਾਰਕ ਵਿਚ ਆ ਬੈਠਾ ਸੀ। ਉਸ ਨੇ ਦੇਖਿਆ ਕਿ ਪਾਰਕ ਵਿਚ ਉਸ ਦਾ ਸਹਿਪਾਠੀ ਪਾਰਸ ਬੈਠਾ ਉਸੇ ਵੱਲ ਦੇਖ ਰਿਹਾ ਸੀ।
ਹੈਰੀ ਉਸ ਦੇ ਕੋਲ ਗਿਆ ਤੇ ਪੁੱਛਣ ਲੱਗਾ, ‘ਪਾਰਸ ਤੂੰ ਇੱਥੇ…?’
‘ਹਾਂ, ਅਸੀਂ ਕੱਲ੍ਹ ਹੀ ਉਹ ਸਾਹਮਣੇ ਵਾਲੇ ਕਿਰਾਏ ਦੇ ਨਵੇਂ ਮਕਾਨ ਵਿਚ ਆਏ ਹਾਂ। ਸੋਚਿਆ ਕੁਝ ਚਿਰ ਇੱਥੇ ਬੈਠ ਜਾਵਾਂ, ਪਰ ਤੂੰ ਇੱਥੇ ਕਿਵੇਂ…?’ ਹੈਰੀ ਨੇ ਸਾਰੀ ਗੱਲ ਸੱਚਾਈ ਨਾਲ ਦੱਸੀ ਤਾਂ ਪਾਰਸ ਮੁਸਕਰਾ ਕੇ ਆਖਣ ਲੱਗਾ, ‘ਕਮਾਲ ਹੈ, ਜਿਸ ਦੀ ਕੋਈ ਭੈਣ ਨਹੀਂ ਉਸ ਦੀ ਕਲਾਈ ਸੁੰਨੀ ਹੈ ਤੇ ਜਿਸ ਦੀ ਭੈਣ ਹੈ ਉਸ ਦੀ ਵੀ ਕਲਾਈ ਸੁੰਨੀ…?’
‘ਮਤਲਬ…?’ ਹੈਰੀ ਨੇ ਥੋੜ੍ਹੀ ਹੈਰਾਨੀ ਨਾਲ ਪੁੱਛਿਆ।
‘ਮੇਰੀ ਕੋਈ ਭੈਣ ਨਹੀਂ। ਚਾਚਾ ਜੀ ਦੀ ਇਕ ਲੜਕੀ ਹੈ, ਪਰ ਉਹ ਸਾਡੇ ਨਾਲ ਕਈ ਸਾਲਾਂ ਤੋਂ ਨਾਰਾਜ਼ ਹਨ। ਮੈਨੂੰ ਖ਼ਾਸ ਕਰਕੇ ਅੱਜ ਦੇ ਦਿਨ ਹਮੇਸ਼ਾਂ ਇਕ ਭੈਣ ਦੀ ਕਮੀ ਮਹਿਸੂਸ ਹੁੰਦੀ ਹੈ। ਜੇ ਮੇਰੀ ਕੋਈ ਭੈਣ ਹੁੰਦੀ ਤਾਂ ਮੈਂ ਘੱਟੋ ਘੱਟ ਅੱਜ ਦੇ ਦਿਨ ਤਾਂ ਉਸ ਦੇ ਨਾਲ ਨਾ ਰੁੱਸਦਾ ਤੇ ਨਾ ਹੀ ਉਸ ਦਾ ਦਿਲ ਦੁਖਾਉਂਦਾ। ਰੱਖੜੀ ਇਕ ਧਾਗੇ ਦਾ ਤਿਓਹਾਰ ਹੈ ਜਿਸ ਵਿਚ ਭੈਣ ਭਰਾ ਦਾ ਪਿਆਰ ਸਮਾਇਆ ਹੁੰਦਾ ਹੈ ਤੇ ਤੂੰ ਇਕ ਚਾਂਦੀ ਦੀ ਰੱਖੜੀ ਪਿੱਛੇ ਆਪਣੀ ਭੈਣ ਨਾਲ ਰੁੱਸ ਕੇ ਆ ਗਿਆ ਤੇ ਉਸ ਦਾ ਦਿਲ ਤੋੜ ਦਿੱਤਾ। ਰੱਖੜੀ ਜਿਹੇ ਪਵਿੱਤਰ ਤਿਓਹਾਰ ਮੌਕੇ ਮਨ ਵਿਚ ਕਿਸੇ ਤਰ੍ਹਾਂ ਦਾ ਲਾਲਚ ਜਾਂ ਇੱਛਾ ਨਹੀਂ ਰੱਖਣੀ ਚਾਹੀਦੀ। ਮੇਰਾ ਕਹਿਣਾ ਮੰਨ ਤੇ ਘਰ ਵਾਪਸ ਜਾ ਤੇ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾ ਕੇ ਉਸ ਨੂੰ ਖ਼ੁਸ਼ੀ ਦੇ। ਇਹੋ ਤੇਰਾ ਉਸ ਲਈ ਉਪਹਾਰ ਹੋਵੇਗਾ ਤੇ ਸੱਚੀ ਖ਼ੁਸ਼ੀ ਵੀ।’
‘ਪਾਰਸ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਜੋ ਕੀਤਾ ਗ਼ਲਤ ਕੀਤਾ। ਮੇਰੀ ਭੈਣ ਨੇ ਮੈਨੂੰ ਕਿੰਨੀਆਂ ਹੀ ਆਵਾਜ਼ਾਂ ਦਿੱਤੀਆਂ, ਪਰ ਮੈਂ ਮੁੜ ਕੇ ਇਕ ਵਾਰ ਉਸ ਵੱਲ ਨਾ ਦੇਖਿਆ। ਉਹ ਅਜੇ ਵੀ ਮੇਰੀ ਰਾਹ ਵੇਖਦੀ ਹੋਵੇਗੀ।’ ਫਿਰ ਹੈਰੀ ਨੇ ਮੁਸਕਰਾ ਕੇ ਪਾਰਸ ਦਾ ਧੰਨਵਾਦ ਕੀਤਾ ਤੇ ਤੇਜ਼ ਕਦਮੀਂ ਘਰ ਵਾਪਸ ਆ ਗਿਆ।
ਰੋਜ਼ਲੀਨ ਰੱਖੜੀ ਦੀ ਥਾਲੀ ਲਈ ਵਿਹੜੇ ਵਿਚ ਸਿਰ ਹੇਠਾਂ ਸੁੱਟੀ ਬੈਠੀ ਸੀ। ਤਦੇ ਉਸ ਦੀਆਂ ਅੱਖਾਂ ਅੱਗੇ ਹੈਰੀ ਨੇ ਆਪਣੀ ਕਲਾਈ ਕਰ ਦਿੱਤੀ ਤੇ ਕਿਹਾ,‘ਸੌਰੀ ਦੀਦੀ, ਮੈਂ ਇਕ ਚਾਂਦੀ ਦੀ ਰੱਖੜੀ ਪਿੱਛੇ ਐਵੇਂ ਰੁੱਸ ਕੇ ਅੱਜ ਦੇ ਦਿਨ ਤੇਰਾ ਹੀਰੇ ਜਿਹਾ ਦਿਲ ਤੋੜਿਆ ਜਿਸ ਵਿਚ ਬਿਨਾਂ ਕਿਸੇ ਲੋਭ ਦੇ ਆਪਣੇ ਭਰਾ ਲਈ ਕੇਵਲ ਪਿਆਰ ਹੀ ਪਿਆਰ ਹੈ। ਮੈਨੂੰ ਮੁਆਫ਼ ਕਰ ਦੇ।’
‘ਪਰ ਵੀਰੇ, ਆਹ ਵੇਖ ਮੈਨੂੰ ਚਾਂਦੀ ਦੀ ਰੱਖੜੀ ਲੱਭ ਗਈ ਸੀ…।’ ਰੋਜ਼ਲੀਨ ਨੇ ਥਾਲੀ ਵਿਚੋਂ ਚਾਂਦੀ ਦੀ ਰੱਖੜੀ ਚੁੱਕ ਕੇ ਹੈਰੀ ਨੂੰ ਵਿਖਾਉਂਦਿਆਂ ਕਿਹਾ ਤਾਂ ਹੈਰੀ ਬੋਲਿਆ, ‘ਨਹੀਂ ਦੀਦੀ, ਮੈਂ ਹੁਣ ਇਹ ਸਾਧਾਰਨ ਰੱਖੜੀ ਹੀ ਬੰਨ੍ਹਵਾਉਣੀ ਹੈ ਜਿਹੜੀ ਮੇਰੀ ਭੈਣ ਚਾਅ ਨਾਲ ਬੰਨ੍ਹਣਾ ਚਾਹੁੰਦੀ ਸੀ। ਚਾਂਦੀ ਦੀ ਰੱਖੜੀ ਨਹੀਂ ਜਿਸ ਕਰਕੇ ਮੇਰੀ ਭੈਣ ਦਾ ਦਿਲ ਦੁਖਿਆ।’ ਕਹਿ ਕੇ ਹੈਰੀ ਰੋਜ਼ਲੀਨ ਤੋਂ ਰੱਖੜੀ ਬੰਨ੍ਹਵਾਉਣ ਲੱਗਾ। ਇਹ ਵੇਖ ਉਨ੍ਹਾਂ ਦੇ ਮੰਮੀ ਪਾਪਾ ਦੇ ਚਿਹਰੇ ਵੀ ਸੱਚੀ ਖ਼ੁਸ਼ੀ ਨਾਲ ਖਿੜ ਗਏ।