ਸੁਲੱਖਣ ਸਰਹੱਦੀ
ਸਤੀਸ਼ ਗੁਲਾਟੀ ਪੰਜਾਬੀ ਗ਼ਜ਼ਲ ਦਾ ਮੰਝਿਆ ਹੋਇਆ ਅਤੇ ਆਮ ਸ਼ਿਅਰਕਾਰੀ ਤੋਂ ਖ਼ੂਬਸੂਰਤੀ ਦੀ ਵਿਲੱਖਣਤਾ ਦਾ ਸ਼ਾਇਰ ਹੈ। ਉੁਸ ਦੇ ਇਕ ਇਕ ਸ਼ਿਅਰ ਵਿਚੋਂ ਫ਼ਲਸਫ਼ਾਨਾ ਅੰਦਾਜ਼ ਝਲਕਦਾ ਹੈ। ਗੁਲਾਟੀ ਦੇ ਕਈ ਸ਼ਿਅਰ ਐਸੇ ਹਨ ਜੋ ਯੁੱਗ ਬੋਧ ਦਾ ਪ੍ਰਗਟਾਵਾ ਕਰਦੇ ਹਨ। ਹਥਲੀ ਪੁਸਤਕ ‘ਚੁੱਪ ਜਿਹਾ ਸੰਵਾਦ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚ 85 ਗ਼ਜ਼ਲਾਂ ਹਨ। ਇਹ ਪੁਸਤਕ ਉਸ ਦਾ ਚੌਥਾ ਗ਼ਜ਼ਲ ਸੰਗ੍ਰਹਿ ਹੈ। ਉਸ ਦੀ ‘ਚੁੱਪ’ ਸ਼ਬਦ ਪ੍ਰਤੀ ਇਕ ਖ਼ਾਸ ਚਿਹਨਕ ਬਿਰਤੀ ਹੈ। ਉਸ ਦੀਆਂ ਪੂਰਵ ਪੁਸਤਕਾਂ ਦੇ ਨਾਮ ਵਿਚ ਵੀ ਚੁੱਪ ਖ਼ਾਸ ਰੂਪ ਵਿਚ ਸ਼ਾਮਲ ਹੈ ਜਿਵੇਂ: ਚੁੱਪ ਦੇ ਖਿਲਾਫ਼, ਚੁੱਪ ਨਦੀ ਤੇ ਮੈਂ, ਚੁੱਪ ਦੇ ਅੰਦਰ ਬਾਹਰ ਅਤੇ ਹਥਲੀ ਪੁਸਤਕ ‘ਚੁੱਪ ਜਿਹਾ ਸੰਵਾਦ’। ਅਸਲ ਵਿਚ ਬੋਲ ਤੇ ਨਾਅਰੇ ਸਦਾ ਹੀ ਹਵਾ ਵਿਚ ਘੁਲ ਜਾਂਦੇ ਹਨ ਪਰ ਚੁੱਪ ਰੇਤ ਵਿਚਲੇ ਪਾਣੀ ਵਾਂਗਰ ਭੇਤ ਬਣੀ ਰਹਿੰਦੀ ਹੈ। ਸਾਰੇ ਹਾਕਮ ਨਾਅਰਿਆਂ ਤੋਂ ਘੱਟ ਡਰਦੇ ਹਨ ਪਰ ਚੁੱਪ ਤੋਂ ਬਹੁਤਾ ਖ਼ੌਫ਼ ਖਾਂਦੇ ਹਨ। ਉਂਜ ਸਤੀਸ਼ ਨੂੰ ਇਲਮ ਹੈ ਕਿ ਚੁੱਪ ਦੀ ਵੀ ਇਕ ਭਾਸ਼ਾ ਹੁੰਦੀ ਹੈ। ਬੋਲਣਾ ਤਾਂ ਬਹੁਤ ਸੌਖਾ ਹੁੰਦਾ ਹੈ ਪਰ ਥਾਂ ਸਿਰ ਚੁੱਪ ਰਹਿਣਾ ਹੀ ਮੁਸ਼ਕਿਲ ਹੁੰਦਾ ਹੈ।
ਸਤੀਸ਼ ਲਗਾਤਾਰ ਸਿਰਜਣ ਪ੍ਰਕਿਰਿਆ ਵਿਚ ਰਹਿੰਦਾ ਹੈ ਪਰ ਉਹ ਸ਼ਬਦਾਂ ਨੂੰ ਚੁੱਪ ਦੇ ਤਵੀਤਾਂ ਵਿਚ ਮੜ੍ਹਾ ਕੇ ਰੱਖ/ਸਾਂਭ ਲੈਂਦਾ ਹੈ। ਮੌਕਾ ਆਉਣ ’ਤੇ ਇਨ੍ਹਾਂ ਤਵੀਤਾਂ ਨੂੰ ਖੋਲ੍ਹ ਕੇ ਇਹ ਵਰਕਿਆਂ ਦੇ ਹਵਾਲੇ ਕਰਦਾ ਹੈ। ਇਸੇ ਲਈ ਉਸ ਦੇ ਸ਼ਿਅਰ ਸਾਹਿਰ ਯਾਨੀ ਜਾਦੂਗਰੀ ਦਾ ਕਮਾਲ ਦਰਸਾਉਂਦੇ ਹਨ। ਜਗਵਿੰਦਰ ਜੋਧਾ ਦਾ ਖ਼ਿਆਲ ਹੈ ਕਿ ‘ਸਤੀਸ਼’ ਸ਼ਿਅਰੀ ਉਤਪਾਦਨ ਨਹੀਂ ਕਰਦਾ ਸਗੋਂ ਸਿਰਜਣਾ ਕਰਦਾ ਹੈ। ਹਥਲੀ ਪੁਸਤਕ ਪਹਿਲਾਂ 2016 ਵਿਚ ਪਹਿਲੀ ਵਾਰ ਛਪੀ ਸੀ, ਇਹ ਇਸ ਦਾ ਦੂਜਾ ਸੰਸਕਰਣ ਹੈ।
ਸਤੀਸ਼ ਦੇ ਸ਼ਿਅਰ ਪੜ੍ਹਨ ਪਿੱਛੋਂ ਠਹਿਰਾਉ ਦੀ ਮੰਗ ਕਰਦੇ ਹਨ। ਇਹ ਸ਼ਿਅਰ ਵੇਖੋ:
* ਮੈਂ ਆਪਣੇ ਆਪ ਤੋਂ ਪੁੱਛਦਾ ਹਾਂ ਅਕਸਰ,
ਸਮੇਂ ਦੀ ਉਮਰ ਕਿੰਨੀ ਰਹਿ ਗਈ ਹੈ?
ਮੇਰਾ ਵਜੂਦ ਮੈਨੂੰ ਆਖਦਾ ਹੈ,
ਖਿ਼ਲਾਅ ਦੀ ਉਮਰ ਜਿੰਨੀ ਰਹਿ ਗਈ ਹੈ।
* ਮੇਰੇ ਦਿਲ ਦੀ ਕਿਸੇ ਨੁੱਕਰ ਦੇ ਵਿਚ ਇਕ ਸਖ਼ਸ਼ ਬੈਠਾ ਹੈ,
ਜੋ ਹੱਸਦਾ ਹੈ ਨਾ ਰੋਂਦਾ ਹੈ ਨਾ ਜਿਉਂਦਾ ਹੈ ਨਾ ਮੋਇਆ ਹੈ।
* ਉਹ ਪਾਣੀ ਨਾਲ ਵੀ ਅਠਖੇਲੀਆਂ ਸਨ ਕਰਦੀਆਂ ਨਦੀਆਂ।
ਨਦੀ ਵਿਚ ਦੇਖੀਆਂ ਮੈਂ ਕੱਲ੍ਹ ਅਨੇਕਾਂ ਤਰਦੀਆਂ ਨਦੀਆਂ।
* ਸਰਸਵਤੀ ਦੀ ਗੱਲ ਕਰਦਾ ਹੈ, ਮੰਜ਼ਰ ਵੀ ਤੇ ਮਾਰੂਥਲ ਵੀ।
* ਕੱਲ੍ਹ ਮੇਰੀ ਸੰਵੇਦਨਾ ਦਾ ਦੌਰ ਹੋਵੇਗਾ ਸ਼ੁਰੂ,
ਬੇਨਤੀ ਮੈਂ ਸ਼ੋਰ ਦੇ ਅੱਗੇ ਕਦੇ ਕੀਤੀ ਨਹੀਂ।
* ਇਕੱਲੇ ਹੋਣ ਲਈ ਸ਼ਬਦਾਂ ਤੋਂ ਵੀ ਦੂਰੀ ਬਣਾਉਂਦੇ ਹਾਂ।
ਇਕੱਲਤਾ ਬਿਆਨਣੀ ਹੋਵੇ ਤਾਂ ਸ਼ਬਦਾਂ ਕੋਲ ਆਉਂਦੇ ਹਾਂ।
* ਜ਼ਿਹਨ ਦੀ ਸਕਰੀਨ ਨੂੰ ਜਦ ਔਫ ਕਰ ਕੇ ਦੇਖਿਆ,
ਦਿਲ ਦੀ ਨੁੱਕਰ ਵਿਚ ਫਾਈਲ ਸੀ ਉਜਾਗਰ ਹੋ ਗਈ।
ਐਸੇ ਸ਼ਿਅਰਾਂ ਨੂੰ ਅੱਖ ਵਿਚ ਸੁੱਕੇ ਅੱਥਰੂਆਂ ਦਾ ਸਿਰਨਾਵਾਂ ਦੇ ਕੇ ਸਮਝਣਾ ਪੈਂਦਾ ਹੈ ਪਰ ਜਦ ਕੋਈ ਅੱਥਰੂ ਦੀ ਚੁੱਪ ਹੋਂਦ ਲੱਭ ਲੈਂਦਾ ਹੈ ਤਾਂ ਉਸ ਨੂੰ ਅੱਥਰੂ ਤੇ ਪਾਣੀ ਦੀ ਪਰਿਭਾਸ਼ਾ ਵਿਚ ਸਵੈ-ਇਕਾਗਰਤਾ ਲੱਭ ਜਾਂਦੀ ਹੈ।
ਸਤੀਸ਼ ਦੀਆਂ ਗ਼ਜ਼ਲਾਂ, ਗ਼ਜ਼ਲ ਤਕਨੀਕ ਵਿਚ ਸੰਪੂਰਨ ਹੁੰਦੀਆਂ ਹਨ। ਭਾਸ਼ਾ ਦਾ ਸੁੰਦਰ ਬਾਣਾ ਪਾ ਕੇ ਜਦ ਭਾਵ ਸਟੇਜ ਉੱਤੇ ਆਉਂਦੇ ਹਨ ਤਾਂ ਦਿਲ ਹਲੂਣ ਸੁੱਟਦੇ ਨੇ। ਸਤੀਸ਼ ਦੀ ਸ਼ਾਇਰੀ ਮੈਨੂੰ ਹਮੇਸ਼ਾ ਹੀ ਮੁਤਾਸਰ ਕਰਦੀ ਰਹੀ ਹੈ। ਗੰਭੀਰ ਪਾਠਕਾਂ ਲਈ ਇਹ ਸ਼ਿਅਰ ਸੌਗਾਤ ਹਨ। ਹਰ ਸ਼ਿਅਰ ਇਕ ਡੂੰਘੀ ਤੇ ਗੰਭੀਰ ਵਾਰਤਾ ਤੁਹਾਡੇ ਨਾਲ ਸਾਂਝੀ ਕਰਨ ਦੇ ਯੋਗ ਹੈ।
ਸੰਪਰਕ: 94174-84337