ਪਰਮਜੀਤ ਢੀਂਗਰਾ
ਇਕ ਪੁਸਤਕ – ਇਕ ਨਜ਼ਰ
ਮਰਹੂਮ ਡਾ. ਕੁਲਦੀਪ ਸਿੰਘ ਧੀਰ ਵਿਗਿਆਨਕ ਦ੍ਰਿਸ਼ਟੀ ਵਾਲਾ ਲੇਖਕ ਸੀ। ਉਸ ਨੇ ਵਿਗਿਆਨਕ ਲੱਭਤਾਂ ਤੇ ਸਰੋਕਾਰਾਂ ਵਾਲੇ ਅਨੇਕਾਂ ਲੇਖ ਲਿਖੇ। ਉਸ ਦੀ ਮੂਲ ਦਿਲਚਸਪੀ ਵਿਗਿਆਨ ਦੇ ਨਾਲ ਨਾਲ ਸਾਹਿਤਕ ਕਿਰਤਾਂ ਦੇ ਅਧਿਐਨ ਵਿਸ਼ਲੇਸ਼ਣ ਦੀ ਸੀ। ਹਥਲੀ ਕਿਤਾਬ ‘ਸਮਕਾਲੀ ਸਾਹਿਤ: ਕਲਮ ਤੇ ਕਿਤਾਬ’ (ਕੀਮਤ: 450 ਰੁਪਏ; ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ) ਵਿਚ ਉਸ ਨੇ ਦੋ ਦ੍ਰਿਸ਼ਟੀਆਂ ’ਤੇ ਫੋਕਸ ਕੀਤਾ ਹੈ: ਇਕ ਤਾਂ ਵੱਖ ਵੱਖ ਕਿਤਾਬਾਂ ਦੇ ਉੱਤਰ-ਆਧੁਨਿਕ ਪਰਿਪੇਖ ਤਿਆਰ ਕਰਨ ਦਾ ਯਤਨ ਕੀਤਾ ਹੈ; ਦੂਜਾ ਸਿੱਖ ਧਰਮ-ਚਿੰਤਨ ਨਾਲ ਜੁੜੀਆਂ ਕੁਝ ਪ੍ਰਮੁੱਖ ਕਿਤਾਬਾਂ ਦੇ ਚਿੰਤਨੀ ਮੁਲਾਂਕਣ ਕਰਨ ਦਾ ਉਪਰਾਲਾ ਕੀਤਾ ਹੈ। ਇਸੇ ਪ੍ਰਸੰਗ ਵਿਚ ਅਸੀਂ ਇਨ੍ਹਾਂ ਕਿਤਾਬਾਂ ਬਾਰੇ ਚਰਚਾ ਕਰਾਂਗੇ।
ਮਿੱਤਰ ਸੈਨ ਮੀਤ ਰਚਿਤ ‘ਕੌਰਵ ਸਭਾ’ ਬੜਾ ਚਰਚਿਤ ਨਾਵਲ ਹੈ। ਇਹ ਅਜੋਕੇ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਬੇਪਰਦ ਕਰਦਾ ਹੈ। ਇਸ ਨਾਵਲ ਦਾ ਬਿਰਤਾਂਤ ਵਿਕਸਿਤ ਤੇ ਵਿਕ੍ਰਿਤ ਪੂੰਜੀਵਾਦੀ ਪ੍ਰਬੰਧਾਂ ’ਤੇ ਉਸਰਿਆ ਹੋਇਆ ਹੈ। ਜਾਇਦਾਦਾਂ ਦੀ ਖਰੀਦ ਵੇਚ, ਪੈਟਰੋਲ ਪੰਪ, ਠੇਕੇਦਾਰੀ ਪ੍ਰਬੰਧ, ਰਿਸ਼ਵਤ ਤੇ ਸਿਆਸੀ ਹੱਥਕੰਡਿਆਂ ਰਾਹੀਂ ਇਕੱਠੀ ਕੀਤੀ ਜਾ ਰਹੀ ਬੇਤਹਾਸ਼ਾ ਪੂੰਜੀ ਨੇ ਮਨੁੱਖ ਤੇ ਸਮਾਜ ਦੀ ਟੁੱਟ ਭੱਜ ਨੂੰ ਆਲਮੀ ਸਥਿਤੀਆਂ ਦੀ ਕਾਰਗੁਜ਼ਾਰੀ ਨਾਲ ਜੋੜ ਦਿੱਤਾ ਹੈ। ਹਥਲੀ ਪੁਸਤਕ ਵਿਚ ਲੇਖਕ ਅਜਿਹੀਆਂ ਸਥਿਤੀਆਂ ਵਿਚੋਂ ਉੱਭਰਦੇ ਉੱਤਰ-ਆਧੁਨਿਕ ਪਰਿਪੇਖ ਨੂੰ ਦ੍ਰਿਸ਼ਟਮਾਨ ਕਰਦਾ ਹੈ।
ਅਸਲ ਵਿਚ ਉੱਤਰ-ਆਧੁਨਿਕ ਵਰਤਾਰੇ ਨੇ ਅੱਜਕੱਲ੍ਹ ਉਸਰੇ ਉਸ ਸਿਸਟਮ ਦੀ ਘੋਖ ਕੀਤੀ ਹੈ ਜਿਸ ਵਿਚ ਸਮਾਜ ਵਿਚ ਨਵੇਂ ਰਿਸ਼ਤੇ ਉਸਰ ਰਹੇ ਹਨ। ਪੂੰਜੀ, ਪੁਲੀਸ, ਅਫ਼ਸਰਸ਼ਾਹੀ, ਸਿਆਸਤ, ਮੀਡੀਆ ਬਾਰੇ ਇਕ ਜਟਿਲ ਤਾਣੇ-ਬਾਣੇ ਵਿਚ ਨਿਆਂ ਨੂੰ ਕੇਂਦਰੀ ਧੁਰੇ ਵਿਚ ਰੱਖ ਕੇ ਉੱਤਰ-ਆਧੁਨਿਕ ਪ੍ਰਵਚਨ ਵਜੋਂ ਉਸ ਨੂੰ ਕੌਰਵ ਸਭਾ ਦੇ ਰੂਪ ਵਿਚ ਮਿਥਕਾਂ ਨੂੰ ਨਵੇਂ ਚਿੰਨ੍ਹਾਂ ਵਿਚ ਢਾਲਿਆ ਗਿਆ ਹੈ। ਇਕ ਪਰਿਵਾਰ ਵਿਚ ਪੈਸੇ ਨੂੰ ਲੈ ਕੇ ਪਏ ਰੱਫੜ, ਕਤਲ ਤੇ ਉਸ ਤੋਂ ਬਾਅਦ ਦੀ ਨਿਆਂਇਕ ਪ੍ਰਕਿਰਿਆ ਰਾਹੀਂ ਤੰਤਰ ਦੇ ਟਕਰਾਅ ਵਿਚੋਂ ਜੋ ਕੁਝ ਉਭਰਦਾ ਹੈ ਉਹ ਕਈ ਸਵਾਲ
ਖੜ੍ਹੇ ਕਰਦਾ ਹੈ। ਮਨੁੱਖ ਦੀ ਹੋਣੀ ਨੂੰ ਉਧੇੜਨ ਦੀ
ਨਿਰਖ ਪਰਖ ਇਸ ਆਲੋਚਨਾਤਮਕ ਅਧਿਐਨ ਵਿਚ ਕੀਤੀ ਗਈ ਹੈ।
ਦੂਜਾ ਅਧਿਐਨ ਨਰਿੰਜਨ ਤਸਨੀਮ ਦੇ ਨਾਵਲ ‘ਤਲਾਸ਼ ਕੋਈ ਸਦੀਵੀ’ ਨਾਲ ਸੰਬੰਧਤ ਹੈ। ਤਸਨੀਮ ਪੰਜਾਬੀ ਨਾਵਲਕਾਰ ਹੋਣ ਦੇ ਨਾਲ ਨਾਲ ਉਰਦੂ ਅੰਗਰੇਜ਼ੀ ਦਾ ਚੰਗਾ ਗਿਆਤਾ ਸੀ। ਨਾਵਲ ਦੇ ਖੇਤਰ ਵਿਚ ਵਿਸ਼ਵ ਵਿਚ ਚੱਲੀਆਂ ਧਾਰਾਵਾਂ ਤੋਂ ਵਾਕਿਫ਼ ਸੀ। ਉਸ ਨੇ ਚੇਤਨਾ ਪ੍ਰਵਾਹ ਦੀ ਵਿਧੀ ਨੂੰ ਪੰਜਾਬੀ ਨਾਵਲ ਵਿਚ ਪੇਸ਼ ਕੀਤਾ। ਉਹਦਾ ਹਰ ਨਾਵਲ ਪਰੰਪਰਾਗਤ ਰੂੜੀਆਂ ਨੂੰ ਵੰਗਾਰਦਾ ਨਜ਼ਰ ਆਉਂਦਾ ਹੈ। ਇਸ ਨਾਵਲ ਰਾਹੀਂ ਉਸ ਨੇ ਮਨੁੱਖ ਦੀ ਸਦੀਵੀ ਤਲਾਸ਼ ਦੇ ਦਾਰਸ਼ਨਿਕ ਮਸਲੇ ਨੂੰ ਸਮਝਣ ਦਾ ਯਤਨ ਕੀਤਾ ਹੈ। ਇਸ ਲਈ ਉਹ ਇਤਿਹਾਸ ਤੇ ਬਿਰਤਾਂਤ,
ਸਵੈ-ਜੀਵਨੀ ਤੇ ਨਾਵਲ, ਫਿਕਸ਼ਨ ਤੇ ਮੈਟਾਫਿਕਸ਼ਨ, ਆਲੋਚਨਾ ਤੇ ਸਿਰਜਣਾ ਵਿਚਲੀ ਵਿੱਥ ਨੂੰ ਮੇਟ ਕੇ ਨਵੇਂ ਸੁਆਲ ਖੜ੍ਹੇ ਕਰਦਾ ਹੈ। ਅਸਲ ਵਿਚ ਇਕ ਬਿਰਤਾਂਤ ਦੇ ਹੇਠਾਂ ਵੀ ਇਕ ਬਿਰਤਾਂਤ ਕਾਰਜਸ਼ੀਲ ਹੁੰਦਾ ਹੈ। ਉਸ ਦੀ ਭਾਲ ਵਿਚ ਹੀ ਸਤ੍ਵਾ ਉਪਰਲੇ ਬਿਰਤਾਂਤ ਦੀ ਸਮਝ ਆਉਂਦੀ ਹੈ। ਲੇਖਕ ਇਸ ਬਿਰਤਾਂਤ ਨੂੰ ਬਾਖ਼ੂਬੀ ਡੀਕੋਡ ਕਰਦਾ ਹੈ।
ਚੇਤਨਾ ਪ੍ਰਵਾਹ ਦੀ ਵਿਧੀ ਨਾਲ ਵਿਉਂਤੇ ਇਸ ਨਾਵਲ ਵਿਚ ਤਸਨੀਮ ਕਈ ਜੁਗਤਾਂ ਵਰਤਦਾ ਹੈ। ਅਪ੍ਰਾਪਤੀਆਂ ਦੇ ਬਾਵਜੂਦ ਪਾਤਰ ਇਹ ਸਮਝਦੇ ਹਨ ਕਿ ਜ਼ਿੰਦਗੀ ਖੁਸ਼ਗਵਾਰ ਹੈ। ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਪ੍ਰਕਿਰਤਕ ਦ੍ਰਿਸ਼ ਭਾਵੇਂ ਉਹੀ ਰਹਿੰਦੇ ਹਨ, ਪਰ ਉਨ੍ਹਾਂ ਦੇ ਅਰਥ ਬਦਲਦੇ ਰਹਿੰਦੇ ਹਨ। ਅਸਲ ਵਿਚ ਅਰਥ ਸੱਤਾ ਸਾਡੀ ਦ੍ਰਿਸ਼ਟੀ ਵਿਚ ਹੁੰਦੀ ਹੈ ਕਿ ਅਸੀਂ ਕਿਸੇ ਦ੍ਰਿਸ਼, ਸਥਿਤੀ, ਸਰੋਕਾਰ, ਮਨੁੱਖ, ਰੁੱਖ, ਪੰਛੀ ਨੂੰ ਕਿਵੇਂ ਦੇਖਦੇ ਹਨ। ਹਰ ਵਸਤੂ, ਵਰਤਾਰੇ ਦਾ
ਆਪਣਾ ਆਪਣਾ ਸੱਚ ਹੁੰਦਾ ਹੈ। ਸੱਚ ਨੂੰ ਸਮਝਣ
ਲਈ ਭਾਸ਼ਾ ਤੇ ਦ੍ਰਿਸ਼ਟੀ ਮਦਦਗਾਰ ਸਾਬਤ ਹੁੰਦੇ ਹਨ। ਏਸੇ ਕਰਕੇ ਬਿਰਤਾਂਤਾਂ ਨੂੰ ਖੋਲ੍ਹਣ ਦੀਆਂ ਕਈ ਵਿਧੀਆਂ ਖੋਜੀਆਂ ਗਈਆਂ ਹਨ। ਡਾ. ਧੀਰ ਉਤਰ ਆਧੁਨਿਕ ਦ੍ਰਿਸ਼ਟੀ ਪਖੋਂ ਇਸ ਨਾਵਲ ਦੇ ਕੇਂਦਰੀ ਸੂਤਰਾਂ ਨੂੰ ਹਾਜ਼ਰ ਕਰਦਾ ਹੈ।
ਤੀਜਾ ਨਾਵਲੀ ਅਧਿਐਨ ਦਰਸ਼ਨ ਸਿੰਘ ਦਾ ਨਾਵਲ ‘ਬੁਝਾਰਤ’ ਹੈ। ਦਰਸ਼ਨ ਸਿੰਘ ਕੋਲ ਬੜੀ ਮਾਂਜੀ ਸਵਾਰੀ ਭਾਸ਼ਾ ਹੈ। ਉਹ ਗੱਲ ਬੜੇ ਸਹਿਜ ਨਾਲ ਸ਼ੁਰੂ ਕਰਕੇ ਉਸ ਨੂੰ ਉੱਤਮ ਪੁਰਖੀ ਬਿਰਤਾਂਤ ਦੀ ਜੁਗਤ ਰਾਹੀਂ ਨੇਪਰੇ ਚਾੜ੍ਹਦਾ ਹੈ। ਹਾਲਾਂਕਿ ਇਹ ਸਪੱਸ਼ਟ ਹੈ ਕਿ ਗਲਪ ਤੇ ਯਥਾਰਥ ਦੇ ਆਪਣੇ ਆਪਣੇ ਧਰਾਤਲ ਹਨ, ਪਰ ਲੇਖਕ ਕੋਲ ਕਥਾ ਵਿਧੀ ਆਪਣੀ ਆਪਣੀ ਹੁੰਦੀ ਹੈ। ਉਸ ਕੋਲ ਵਿਦੇਸ਼ੀ ਅਨੁਭਵ ਵੀ ਹੈ। ਨਾਵਲ ਦੀ ਨਾਇਕਾ ਨੂੰ ਇਕ ਸਾਧਾਰਨ ਮੋਟਿਫ ਰਾਹੀਂ ਦੱਸ ਕੇ ਉਹ ਕਿੰਨਾ ਕੁਝ ਸਪਸ਼ਟ ਕਰ ਦੇਂਦਾ ਹੈ। ਉਸ ਬਾਰੇ ਉਹਦਾ ਪਤੀ ਟਿੱਪਣੀ ਕਰਦਾ ਹੈ- ਇਹ ਔਰਤ ਆਪਣੀ ਜ਼ਿੰਦਗੀ ਵੀ ਓਵੇਂ ਹੀ ਚਲਾਂਦੀ ਹੋਵੇਗੀ ਜਿਵੇਂ ਆਪਣੀ ਕਾਰ। … ਕਾਰ ਤੇਜ਼ ਸੀ। ਉੱਤੋਂ ਖੁਲ੍ਹੀ ਸੀ। ਸਭ ਕੁਝ ਦਿਸਦਾ ਸੀ। ਬੜੀ ਦੇਰ ਬਾਅਦ ਪਤਾ ਲੱਗਦਾ ਹੈ ਕਿ ਇਹ ਔਰਤ ਦੋਮੇਨੀਕ ਸੀ।
ਅਸਲ ਵਿਚ ਇਸ ਬਿਰਤਾਂਤ ਵਿਚ ਔਰਤ ਮਰਦ ਦੇ ਰਿਸ਼ਤੇ ਦਾ ਰਹੱਸ ਹੈ। ਇਸ ਨਾਵਲ ਦੀ ਸੰਰਚਨਾ ਵਿਚ ਦੋਮੇਨੀਕ ਅਤੇ ਉਸ ਦੇ ਪਤੀ ਵਿਚਲੇ ਰਿਸ਼ਤੇ ਨੂੰ ਆਲੇ-ਦੁਆਲੇ ਦੇ ਜਟਿਲ ਜੀਵਨ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਔਰਤ ਮਰਦ ਦੇ ਰਿਸ਼ਤੇ ਦੀ ਨੈਤਿਕਤਾ ਬਾਰੇ ਧਰਮ, ਵਿਗਿਆਨ, ਫਲਸਫ਼ੇ ਦੇ ਨਿਰਣੇ ਪਰੰਪਰਾਵਾਂ ’ਤੇ ਟਿਕੇ ਹੋਏ ਹਨ ਪਰ ਨਾਵਲਕਾਰ ਇੰਜ ਨਹੀ ਕਰਦਾ ਨਾ ਕੋਈ ਫ਼ੈਸਲਾ ਥੋਪਦਾ ਹੈ। ਇਸ ਨਾਵਲ ਬਾਰੇ ਅਧਿਐਨਕਰਤਾ ਲਿਖਦਾ ਹੈ: ਮਰਦ/ਔਰਤ ਦੇ ਰਿਸ਼ਤੇ ਦੀ ਤੱਕੜੀ ਦੇ ਦੋ ਛਾਬੇ ਕਿਤੇ ਵੀ ਸੰਤੁਲਨ ਵਿਚ ਨਹੀਂ ਆਉਂਦੇ। ਦੇਸ਼/ਕਾਲ/ਹਾਲਾਤ ਇਨ੍ਹਾਂ ਨੂੰ ਨਿਰੰਤਰ ਡੋਲਾਈ ਰੱਖਦੇ ਹਨ। ਨਾਵਲਕਾਰ ਚਾਹੇ ਤਾਂ ਆਪ ਦਖ਼ਲ ਦੇ ਕੇ ਇਸ ਨੂੰ ਸੰਤੁਲਿਤ ਕਰ ਸਕਦਾ ਹੈ। ਉਹ ਅਜਿਹਾ ਨਹੀਂ ਕਰਦਾ। ਜ਼ਿੰਦਗੀ ਵਿਚ ਅਜਿਹਾ ਹੁੰਦਾ ਵੀ ਤਾਂ ਨਹੀਂ। ਇਹ ਤੱਕੜੀ ਨਿਰੰਤਰ ਕੰਬਦੀ ਡੋਲਦੀ ਉਪਰ ਹੇਠਾਂ ਹੁੰਦੀ ਰਹਿੰਦੀ ਹੈ। ਸੰਬੰਧਤ ਔਰਤ/ਮਰਦ ਦੇ ਚਾਹੁਣ ਅਨੁਸਾਰ ਹੀ ਤਾਂ ਸਾਰਾ ਕੁਝ ਨਹੀਂ ਹੁੰਦਾ। ਕੁਝ ਅਣਚਿਤਵਿਆ/ਅਣਕਿਆਸਿਆ ਵੀ ਵਾਪਰ ਜਾਂਦਾ ਹੈ। ਬਸ ਏਸੇ ਤਰਲ ਸਥਿਤੀ ਦੇ ਵਿਭਿੰਨ ਰੰਗਾਂ ਦਾ ਰਿਸ਼ਤੇ ਦੇ ਆਪੋ ਆਪਣੇ ਸੱਚ ਦਾ ਉਤਰ-ਆਧੁਨਿਕ ਬਿਆਨ ਹੈ ਦਰਸ਼ਨ ਸਿੰਘ ਦੇ ਨਾਵਲ ਬੁਝਾਰਤ ਵਿਚ।’
ਇਹ ਬੁਝਾਰਤ ਅਸਲ ਵਿਚ ਇੰਜ ਸੁਲਝਦੀ ਹੈ ਕਿ ਹਰ ਕਿਸੇ ਕੋਲ ਆਪੋ ਆਪਣਾ ਸੱਚ ਹੈ। ਉੱਤਰ-ਆਧੁਨਿਕਤਾ ਇਹੀ ਤਾਂ ਦੱਸਦੀ ਹੈ ਕਿ ਰਿਸ਼ਤਿਆਂ ਵਿਚਲੀ ਕਸ਼ਮਕਸ਼ ਨੂੰ ਉਹਦੇ ਸੰਦਰਭ ਵਿਚ ਸਮਝਣਾ ਚਾਹੀਦਾ ਹੈ। ਨੈਤਿਕਤਾ ਰਿਸ਼ਤਿਆਂ ਵਿਚੋਂ ਸਿਰਜੀ ਜਾਂਦੀ ਹੈ ਨਾ ਕਿ ਥੋਪੀ ਜਾਂਦੀ ਹੈ। ਆਲਮੀ ਸਥਿਤੀਆਂ ਵਿਚ ਹਰ ਮਨੁੱਖ ਆਪਣੀ ਹੋਂਦ ਰੱਖਣ ਲਈ ਆਪਣੇ ਸੱਚ ’ਤੇ ਖੜ੍ਹਾ ਹੈ। ਇਹ ਗੱਲ ਵੱਖਰੀ ਹੈ ਕਿ ਦੂਜੀਆਂ ਤਾਕਤਾਂ ਇਸ ਸੱਚ ਨੂੰ ਨਕਾਰਨ ਦੇ ਰਾਹ ਪਈਆਂ ਹਨ। ਦਰਸ਼ਨ ਸਿੰਘ ਨਾਵਲੀ ਫਰੇਮ ਵਿਚ ਆਪਣੀ ਕਹਾਣੀ ਦੇ ਸੱਚ ਨੂੰ ਦਰਸਾਉਣ ਦਾ ਮਾਹਰ ਹੈ। ਉਹ ਭਾਸ਼ਾਕਾਰੀ ਰਾਹੀਂ ਬਿਰਤਾਂਤ ਨੂੰ ਅਜਿਹੇ ਰੂਪ ਵਿਚ ਬੰਨ੍ਹ ਦੇਂਦਾ ਹੈ ਕਿ ਪਾਠਕ ਕੀਲਿਆ ਜਾਂਦਾ ਹੈ। ਉਸ ਕੋਲ ਰੂਸੀ ਨਾਵਲ ਦੀ ਮਾਡਲ ਚੇਤਨਾ ਹੈ। ਇਸ ਕਰਕੇ ਉਹ ਆਪਣੇ ਨਾਵਲੀ ਬਿਰਤਾਂਤਾਂ ਨੂੰ ਉਸ ਮਾਡਲ ਵਿਚ ਫਿੱਟ ਕਰਦਾ ਹੈ। ਨਾਲ ਨਾਲ ਆਪਣੀ ਕਹਾਣੀ ਦੇ ਉਤਰਾਵਾਂ ਚੜ੍ਹਾਵਾਂ ਵਿਚ ਰਹੱਸ ਪੈਦਾ ਕਰ ਦਿੰਦਾ ਹੈ। ਨਾਵਲੀ ਜੁਗਤਾਂ ਦੀ ਵੀ ਉਹਦੇ ਕੋਲ ਕੋਈ ਘਾਟ ਨਹੀਂ। ਇਸ ਕਰਕੇ ਉਹਦੇ ਨਾਵਲ ਵਿਸ਼ੇਸ਼ ਪ੍ਰਭਾਵ ਸਿਰਜਣ ਦੇ ਸਮਰੱਥ ਹਨ ਜਿਸ ਦੀ ਵਿਆਖਿਆ ਡਾ. ਧੀਰ ਨੇ ਕੀਤੀ ਹੈ।
ਚੌਥੀ ਵਿਸ਼ੇਸ਼ ਰਚਨਾ ਬਲਬੀਰ ਮਾਧੋਪੁਰੀ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਹੈ। ਦਲਿਤ ਸਵੈ-ਜੀਵਨੀਆਂ ਦੇ ਖੇਤਰ ਵਿਚ ਇਸ ਰਚਨਾ ਨੂੰ ਬੜਾ ਮਾਣ ਸਨਮਾਨ ਮਿਲਿਆ ਹੈ। ਇਹ ਰੂਸੀ, ਅੰਗਰੇਜ਼ੀ ਤੇ ਉਰਦੂ ਤੋਂ ਇਲਾਵਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਇਹ ਅਸਲ ਵਿਚ ਹੰਢਾਏ ਹੋਏ ਸੱਚ ਦੀ ਠੋਸ ਪੇਸ਼ਕਾਰੀ ਹੈ। ਇਸ ਸਵੈ-ਜੀਵਨੀ ਨੂੰ ਡਾ. ਧੀਰ ਨੇ ਹਾਸ਼ੀਆਗਤ ਅਤੇ ਦਮਿਤ ਹੋਂਦ ਦੇ ਪ੍ਰਸੰਗ ਵਿਚ ਵਿਚਾਰਿਆ। ਉਹ ਲਿਖਦਾ ਹੈ: ਉੱਤਰ-ਆਧੁਨਿਕਤਾ ਨੇ ਮਹਾਂ-ਬਿਰਤਾਂਤਾਂ ਦਾ ਅੰਤ ਕਰਕੇ ਲਘੂ ਜਾਂ ਅਲਪ ਬਿਰਤਾਂਤਾਂ ਨੂੰ ਮਹੱਤਵ ਦਿੱਤਾ ਹੈ। ਇਸ ਚੇਤਨਾ ਨੇ ਵਿਸ਼ਵ ਭਰ ਵਿਚ ਹਾਸ਼ੀਆਕ੍ਰਿਤ ਤੇ ਦਮਿਤ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਸਾਹਸ ਤੇ ਤਰਕ ਦਿੱਤਾ ਹੈ। ਹਾਸ਼ੀਏ ਉੱਤੇ ਧੱਕੇ ਵਰਗ ਸਮਾਜ ਵਿਚ ਸਦੀਆਂ ਤੋਂ ਕੇਂਦਰ ਬਣੇ ਬੈਠੇ ਵਰਗ ਨੂੰ ਆਪਣੀ ਹੋਂਦ ਦਾ ਸੱਚ ਸੁਣਾਉਣ ਲਈ ਸਾਹਸ ਜੁਟਾਉਣ ਲੱਗੇ ਹਨ। ਸ਼ਕਤੀ ਤੇ ਸਮਾਜਿਕ ਸੰਸਥਾਵਾਂ ਦਾ ਜਟਿਲ ਜਾਲ ਕੇਂਦਰੀ ਸੱਚ ਨੂੰ ਸਥਾਪਤ ਤੇ ਸਦੀਵੀ ਬਣਾਈ ਰੱਖਣ ਲਈ ਹਾਸ਼ੀਆਗਤ ਸੱਚ ਦਾ ਦਮਨ ਕਰਦਾ ਹੈ। ਹਾਸ਼ੀਆਗਤ ਸੱਚ ਨੂੰ ਹਿੱਕ ਨਾਲ ਲਾਈ ਬੈਠੇ ਲੋਕ ਦਮਨ ਦੇ ਸੰਤਾਪ ਨੂੰ ਭੋਗਣ ਲਈ ਮਜਬੂਰ ਹਨ।’
ਹਰ ਸਵੈ-ਜੀਵਨੀ ਕਿਸੇ ਲੇਖਕ ਦੇ ਨਿੱਜੀ ਅਨੁਭਵ ਨਾਲ ਜੁੜੀ ਹੁੰਦੀ ਹੈ। ਉਸ ਨਾਲ ਵਾਪਰੀਆਂ ਘਟਨਾਵਾਂ, ਸਰੋਕਾਰ, ਪੀੜਾਂ, ਤਕਲੀਫ਼ਾਂ ਤੇ ਜ਼ਿੰਦਗੀ ’ਚ ਆਏ ਲੋਕਾਂ ਨੂੰ ਉਸ ਨੇ ਆਪਣੀ ਦ੍ਰਿਸ਼ਟੀ ਰਾਹੀਂ ਬਿਆਨਣਾ ਹੁੰਦਾ ਹੈ। ਪਰ ਇਸ ਸਵੈਜੀਵਨੀ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਭੋਗਿਆ ਯਥਾਰਥ ਵੱਖਰੀ ਭਾਂਤ ਦਾ ਹੈ। ਇਹ ਮੈਲਾ ਕੁਚੈਲਾ, ਖੁਰਦਰਾ ਤੇ ਹਾਸ਼ੀਆਗਤ ਲੋਕਾਂ ਦੀ ਤ੍ਰਾਸਦੀ ਨਾਲ ਜੁੜਿਆ ਹੋਇਆ ਹੈ। ਇਸ ਵਿਚ ਮਰੀਆਂ ਮੱਝਾਂ ਦਾ ਚੰਮ, ਪਾਣੀ ਦੇ ਘੜੇ ਢੋਂਦੇ ਲੋਕ, ਟਿੱਡੀਆਂ ਭੁੰਨ ਕੇ ਖਾ ਜਾਣ ਦੇ ਦ੍ਰਿਸ਼, ਤਰਦੇ ਕੀੜਿਆਂ ਵਾਲੀ ਚਾਹ ਪੀਣੀ, ਗੰਨੇ ਦੀ ਪੱਤ ਅਥਵਾ ਮੈਲ ਲਈ ਨੰਗੇ ਪੈਰੀਂ ਭੱਜਦੇ ਬਾਲ ਵਰਗੇ ਦ੍ਰਿਸ਼ ਉਸ ਦੁਖਾਂਤ ਨੂੰ ਹੋਰ ਗੂੜ੍ਹਾ ਕਰਦੇ ਹਨ ਜਿਸ ਨੂੰ ਹਾਸ਼ੀਆਗਤ ਲੋਕਾਂ ਨੇ ਭੋਗਿਆ ਹੈ। ਏਸੇ ਕਰਕੇ ਇਸ ਸਵੈਜੀਵਨੀ ਨੇ ਭਾਰਤੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਇਸ ਵਿਚਲੇ ਮਰਮ ਨੂੰ ਪੜਚੋਲਦਿਆਂ ਲੇਖਕ ਲਿਖਦਾ ਹੈ:
ਛਾਂਗਿਆ ਰੁੱਖ ਉਸ ਸੰਵੇਦਨਾ ਨੂੰ ਸਮਝਣ ਤੇ ਵਿਸ਼ਲੇਸ਼ਿਤ ਕਰਨ ਦਾ ਜਤਨ ਕਰਦੀ ਹੈ ਜੋ ਭਾਰਤੀ ਪਰੰਪਰਾ ਨੂੰ ਹਿੰਦੂਵਾਦ ਤੇ ਹਿੰਦੂਵਾਦ ਨੂੰ ਬ੍ਰਾਹਮਣਵਾਦ ਦਾ ਸਮਤੁੱਲ ਮੰਨ ਕੇ ਜਾਂ ਵੇਦਾਂ ਤੇ ਸਿਮਰਤੀਆਂ ਨੂੰ ਭਾਰਤੀ ਸੰਸਕ੍ਰਿਤੀ ਦਾ ਮੂਲ ਆਧਾਰ ਮੰਨ ਕੇ ਅੱਜ ਵੀ ਭਾਰਤੀ ਮਾਨਸਿਕਤਾ ਨੂੰ ਜਾਤੀਗਤ ਵਲਗਣਾਂ ਨੂੰ ਕੈਦ ਕਰੀ ਬੈਠੀ ਹੈ। ਜਾਤ ਪਾਤ ਦੇ ਕਲੰਕ ਵਿਰੁੱਧ ਲੜਾਈ ਕੇਵਲ ਆਰਥਿਕ ਤੇ ਸਿਆਸੀ ਆਧਾਰਾਂ ’ਤੇ ਲੜ ਕੇ ਹੀ ਨਹੀਂ ਜਿੱਤੀ ਜਾ ਸਕਦੀ ਸਗੋਂ ਸਾਹਿਤਕ, ਸਾਂਸਕ੍ਰਿਤਕ ਤੇ ਪ੍ਰਤੀਕਾਤਮਕ ਪੱਧਰਾਂ ’ਤੇ ਵਿਸਥਾਰ ਦੇ ਕੇ ਸੂਖ਼ਮਤਾ ਨਾਲ ਲੜਨਾ ਪਵੇਗਾ। ਇਹ ਹਾਸ਼ੀਆਗਤ ਤੇ ਦਲਿਤ ਵਰਗ ਦੇ ਬੀਤੀ ਅੱਧੀ ਸਦੀ ਦੇ ਕੌੜੇ ਯਥਾਰਥ, ਸੁਪਨਿਆਂ ਤੇ ਆਦਰਸ਼ਾਂ ਦਾ ਚਿਤਰਣ ਮਾਤਰ ਨਹੀਂ ਸਗੋਂ ਇਨ੍ਹਾਂ ਦੇ ਧਰਮ, ਸੰਸਕ੍ਰਿਤੀ, ਸ਼ਕਤੀ ਤੇ ਸਿਆਸਤ ਨਾਲ ਜਟਿਲ ਸੰਬੰਧਾਂ ਨੂੰ ਸਪੱਸ਼ਟ ਕਰਦੀ ਵਿਲੱਖਣ ਸਵੈ-ਜੀਵਨੀ ਹੈ।’
ਇਸ ਕਿਤਾਬ ਦਾ ਦੂਸਰਾ ਪ੍ਰਮੁੱਖ ਫੋਕਸ ਸਿੱਖ ਧਰਮ ਚਿੰਤਨ ਨਾਲ ਸੰਬੰਧਿਤ ਕਿਤਾਬਾਂ ਦੇ ਪਾਠ ਵਿਸ਼ਲੇਸ਼ਣ ਤੇ ਉਨ੍ਹਾਂ ਨਾਲ ਰਚਾਏ ਸੰਵਾਦ ’ਤੇ ਆਧਾਰਿਤ ਹੈ। ਇਸ ਵਿਚ ਪਹਿਲੀ ਕਿਤਾਬ ਹੈ ਗਿਆਨੀ ਗੁਰਦਿੱਤ ਸਿੰਘ ਦਾ ਅਣਗੌਲਿਆ ਸ਼ਾਹਕਾਰ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’। ਇਸ ਪੁਸਤਕ ਨਾਲ ਜਾਣ ਪਛਾਣ ਕਰਾਉਂਦਿਆਂ ਤੇ ਇਹਦੀ ਸਿਫ਼ਤ ਸਲਾਹ ਕਰਦਿਆਂ ਲੇਖਕ ਲਿਖਦਾ ਹੈ:
ਵੱਡੇ ਅਕਾਰ ਦਾ ਲਗਪਗ ਪੌਣੇ ਸੱਤ ਸੌ ਪੰਨੇ ਦਾ ਇਹ ਗ੍ਰੰਥ ਗਿਆਨੀ ਜੀ ਦੀ ਲਗਪਗ ਅੱਧੀ ਸਦੀ ਦੀ ਮਿਹਨਤ ਦਾ ਸਿੱਟਾ ਹੈ। ਇਸ ਦੌਰਾਨ ਆਪਣੇ ਸਮਕਾਲ ਤੇ ਪੂਰਵ ਕਾਲ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ, ਬਾਣੀ ਦੀਆਂ ਸੰਚਿਤ ਪੋਥੀਆਂ, ਭਗਤ ਬਾਣੀ ਦੇ ਪੁਰਾਤਨ ਸੰਗ੍ਰਹਿ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ, ਗੁਰਬਾਣੀ ਤੇ ਭਗਤ ਬਾਣੀ ਦੇ ਪਰਸਪਰ ਰਿਸ਼ਤੇ ਤੇ ਭਗਤਾਂ ਦੀਆਂ ਰਚਨਾਵਾਂ/ਜੀਵਨ ਕਾਲ/ਵਿਚਾਰਧਾਰਾ ਬਾਰੇ ਸਮੇਂ ਸਮੇਂ ਪੇਸ਼ ਹਰ ਦ੍ਰਿਸ਼ਟੀਕੋਣ ਨੂੰ ਉਨ੍ਹਾਂ ਨੇ ਤੀਖਣ ਦ੍ਰਿਸ਼ਟੀ ਨਾਲ ਲੱਭਿਆ, ਪੜ੍ਹਿਆ, ਵਿਚਾਰਿਆ ਤੇ ਵਿਸ਼ਲੇਸ਼ਿਤ ਕੀਤਾ ਹੈ। ਦੇਸ਼ ਵਿਦੇਸ਼ ਦੀ ਕੋਈ ਲਾਇਬ੍ਰੇਰੀ, ਮੱਠ, ਤੀਰਥ, ਭਗਤਾਂ/ਗੁਰੂਆਂ ਨਾਲ ਸੰਬੰਧਿਤ ਟਿਕਾਣਾ, ਜਿਸਦਾ ਦੂਰੋਂ ਨੇੜਿਓਂ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸੰਬੰਧ ਉਨ੍ਹਾਂ ਨੂੰ ਪ੍ਰਤੀਤ ਹੋਇਆ, ਓਥੇ ਜਾ ਕੇ ਗਿਆਨੀ ਜੀ ਨੇ ਮੌਲਿਕ ਖੋਜ ਸਮੱਗਰੀ ਇਕੱਤਰ ਕੀਤੀ। ਸਿੱਖ ਇਤਿਹਾਸ ਦੇ ਮੂਲ ਸੋਮਿਆਂ, ਪੁਰਾਤਨ ਬੀੜਾਂ, ਜਨਮ ਸਾਖੀਆਂ, ਗੋਇੰਦਵਾਲ/ਗੁਰੂ ਹਰਸਹਾਇ ਵਾਲੀਆਂ ਪੋਥੀਆਂ, ਦਾਦੂ ਪੰਥੀ/ਕਬੀਰ ਪੰਥੀ ਗ੍ਰੰਥਾਂ ਦਾ ਅਧਿਐਨ ਕੀਤਾ। ਦੇਸ਼-ਵਿਦੇਸ਼ ਦੇ ਵਿਦਵਾਨਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਅਤੇ ਇਸ ਵਿਚ ਅੰਕਿਤ ਭਗਤ ਬਾਣੀ ਬਾਰੇ ਮੱਤਾਂ ਦੇ ਕੱਚ ਸੱਚ ਨੂੰ ਪਰਖਿਆ।’
ਗਿਆਨੀ ਜੀ ਬੜੇ ਸਿਰੜੀ ਖੋਜੀ ਸਨ। ਉਨ੍ਹਾਂ ਨੇ ਗੁਰਮਤ ਦੇ ਸਿਧਾਂਤਾਂ ਨੂੰ ਤਰਕ ਵਿਤਰਕ ਦੀ ਦ੍ਰਿਸ਼ਟੀ ਤੋਂ ਘੋਖ ਕੇ ਸਿੱਖਾਂ ਤੇ ਗੈਰ ਸਿੱਖਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਕ ਤੱਥਾਂ ਨੂੰ ਲੈ ਕੇ ਪਏ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਅਜੇ ਵੀ ਅਨੇਕਾਂ ਸੰਪਰਦਾਵਾਂ ਹਨ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਤੇ ਵਿਸ਼ਲੇਸ਼ਣ ਆਪਣੀ ਦ੍ਰਿਸ਼ਟੀ ਤੋਂ ਕਰਦੇ ਹਨ। ਗਿਆਨੀ ਜੀ ਨੇ ਬਾਕਾਇਦਾ ਮੌਲਿਕ ਸਮੱਗਰੀ ਤੇ ਉਹਦੇ ਅਸਲ ਸੋਮੇ ਤੱਕ ਪਹੁੰਚ ਕੇ ਤੱਥਾਂ ਦਾ ਨਿਤਾਰਾ ਕਰਨ ਦਾ ਯਤਨ ਕੀਤਾ ਹੈ।
ਗਿਆਨੀ ਜੀ ਨੇ ਵਿਸ਼ੇਸ਼ ਤੌਰ ’ਤੇ ਭਗਤ ਬਾਣੀ ਨਾਲ ਜੁੜੇ ਹਰ ਵਿਵਾਦ ਨੂੰ ਤਰਕ ਵਿਤਰਕ ਦੀ ਕਸੌਟੀ ਰਾਹੀਂ ਸੁਲਝਾਉਣ ਦਾ ਉੱਦਮ ਕੀਤਾ ਹੈ। ਭਗਤ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਮੂਲੀਅਤ ਦੇ ਵਿਚਾਰਧਾਰਕ ਆਧਾਰਾਂ ਨੂੰ ਇਕੱਲੇ ਇਕੱਲੇ ਭਗਤ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਭਗਤਾਂ ਬਾਰੇ ਪੱਛਮੀ ਤੇ ਪੰਜਾਬੀ ਵਿਦਵਾਨਾਂ ਦੀਆਂ ਧਾਰਨਾਵਾਂ ਨੂੰ ਇਤਿਹਾਸਕ ਸ੍ਰੋਤਾਂ, ਹੱਥਲਿਖਤਾਂ, ਬਾਣੀ ਦੀਆਂ ਟੂਕਾਂ ਤੇ ਤਰਕਪੂਰਨ ਬਹਿਸ ਦੁਆਰਾ ਰੱਦ ਕੀਤਾ ਹੈ। ਇਸ ਨਾਲ ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਤੇ ਗੌਰਵ ਨੂੰ ਬਲ ਮਿਲਿਆ ਹੈ।
ਡਾ. ਕੁਲਦੀਪ ਸਿੰਘ ਧੀਰ ਕੋਲ ਵਿਗਿਆਨਕ ਦੇ ਨਾਲ ਨਾਲ ਸਾਹਿਤਕ ਦ੍ਰਿਸ਼ਟੀ ਵੀ ਹੈ। ਇਸ ਦ੍ਰਿਸ਼ਟੀ ਰਾਹੀਂ ਉਹ ਇਨ੍ਹਾਂ ਕਿਤਾਬਾਂ ਦੇ ਸੰਤੁਲਿਤ ਤੇ ਆਲੋਚਨਾਤਮਕ ਪਾਠਾਂ ਨੂੰ ਵਿਸਥਾਰ ਨਾਲ ਪੇਸ਼ ਕਰਦੇ ਹਨ। ਖੋਜੀਆਂ, ਵਿਦਵਾਨਾਂ, ਵਿਦਿਆਰਥੀਆਂ ਲਈ ਇਹ ਕਿਤਾਬ ਨਵੀਆਂ ਦ੍ਰਿਸ਼ਟੀਆਂ ਨਾਲ ਭਰਪੂਰ ਹੈ।
ਸੰਪਰਕ: 94173-58120