ਇਕਬਾਲ ਸਿੰਘ ਹਮਜਾਪੁਰ
ਕਥਾ ਪ੍ਰਵਾਹ
ਜੀਤੋ, ਦੀਪੇ ਨੂੰ ਲੈ ਕੇ ਕਿੰਨੀ ਦੇਰ ਤੋਂ ਮਾਸਟਰ ਦੇ ਮੇਜ਼ ਸਾਹਮਣੇ ਖੜ੍ਹੀ ਸੀ। ਮਾਸਟਰ ਨੇ ਅਜੇ ਤਕ ਉਸ ਵੱਲ ਧਿਆਨ ਨਹੀਂ ਦਿੱਤਾ ਸੀ। ਜੀਤੋ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਦੀਪੇ ਦੀ ਥਾਂ ਉਹ ਆਪ ਸਕੂਲ ਪੜ੍ਹਦੀ ਹੋਵੇ ਤੇ ਮਾਸਟਰ ਨੇ ਉਸ ਨੂੰ ਖੜ੍ਹੇ ਰਹਿਣ ਦੀ ਸਜ਼ਾ ਦੇ ਦਿੱਤੀ ਹੋਵੇ।
ਮਾਸਟਰ, ਜੀਤੋ ਦੇ ਕੁਝ ਦੱਸਣ ਤੋਂ ਬਿਨਾਂ ਹੀ ਸਮਝ ਗਿਆ ਸੀ ਕਿ ਉਹ ਦੀਪੇ ਨੂੰ ਸਕੂਲ ਛੱਡਣ ਆਈ ਹੈ। ਜੀਤੋ ਨੇ ਆਉਣ ਸਾਰ ਮਾਸਟਰ ਨੂੰ ‘ਸਤਿ ਸ੍ਰੀ ਅਕਾਲ’ ਬੁਲਾ ਦਿੱਤੀ ਸੀ। ਮਾਸਟਰ ਨੇ ਸਿਰ ਹਿਲਾ ਕੇ ਜਵਾਬ ਤਾਂ ਦੇ ਦਿੱਤਾ ਸੀ, ਪਰ ਉਸ ਨੇ ਰਜਿਸਟਰ ਤੋਂ ਧਿਆਨ ਉੱਪਰ ਨਹੀਂ ਕੀਤਾ ਸੀ। ਉਹ ਰਜਿਸਟਰ ਉੱਪਰ ਕੁਝ ਲਿਖ ਰਿਹਾ ਸੀ।
ਜੀਤੋ ਸਮਝ ਗਈ ਸੀ ਕਿ ਮਾਸਟਰ ਉਸ ਨੂੰ ਦੋਸ਼ੀ ਸਮਝ ਰਿਹਾ ਹੈ। ਮਾਸਟਰ ਦੀ ਨਜ਼ਰ ਵਿਚ ਉਸੇ ਨੇ ਹੀ ਦੀਪੇ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਨਹੀਂ ਆਉਣ ਦਿੱਤਾ। ਦੀਪੇ ਨਾਲ ਪੜ੍ਹਨ ਵਾਲੇ ਹੋਰ ਜੁਆਕਾਂ ਨੇ ਮਾਸਟਰ ਨੂੰ ਦੱਸ ਦਿੱਤਾ ਸੀ ਕਿ ਦੀਪਾ, ਸਰਦਾਰ ਅਰਜਨ ਸਿੰਘ ਦੀ ਢਾਣੀ ’ਤੇ ਕੰਮ ਕਰਨ ਲੱਗ ਪਿਆ ਹੈ।
‘‘ਦਸ ਮਿੰਟ ਬਾਹਰ ਬਹਿ ਕੇ ਉਡੀਕ ਕਰੋ। ਫਿਰ ਗੱਲ ਕਰਦੇ ਹਾਂ।’’ ਕਿੰਨੀ ਦੇਰ ਬਾਅਦ ਮਾਸਟਰ ਨੇ ਬਾਹਰ ਡੱਠੇ ਬੈਂਚ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਆਖਿਆ। ਆਪ ਉਹ ਫਿਰ ਰਜਿਸਟਰ ਉੱਪਰ ਝਰੀਟਾਂ ਜਿਹੀਆਂ ਮਾਰਨ ਲੱਗ ਪਿਆ।
‘‘ਦੀਪੇ ਨੂੰ ਸਕੂਲ ਨਾ ਆਉਣ ਦੇਣ ਵਿਚ ਮੇਰਾ ਭਲਾ ਕੀ ਕਸੂਰ ਹੋਇਆ!’’ ਬੈਂਚ ਉੱਪਰ ਬਹਿ ਕੇ ਜੀਤੋ ਸੋਚਣ ਲੱਗੀ। ਉਸ ਦਾ ਇਕ ਵਾਰ ਤਾਂ ਦਿਲ ਕੀਤਾ ਕਿ ਉੱਠ ਕੇ ਮਾਸਟਰ ਕੋਲ ਦੁਬਾਰਾ ਜਾਵੇ ਤੇ ਉਸ ਨੂੰ ਸਮਝਾਵੇ ਕਿ ਉਹ ਕਸੂਰਵਾਰ ਨਹੀਂ ਹੈ। ਪਰ ਦੁਬਾਰਾ ਮਾਸਟਰ ਕੋਲ ਜਾਣ ਅਤੇ ਕੁਝ ਕਹਿਣ ਦੀ ਉਸ ਦੀ ਹਿੰਮਤ ਨਾ ਪਈ।
ਜੀਤੋ ਰੋਜ਼ਾਨਾ ਅਰਜਨ ਸਿੰਘ ਦੀ ਢਾਣੀ ਗੋਹਾ ਸੁੱਟਣ ਜਾਂਦੀ ਹੁੰਦੀ ਸੀ। ਪਿੱਛੋਂ ਦੀਪਾ ਸਾਰਾ ਦਿਨ ਗਲੀਆਂ ਵਿਚ ਫਿਰਦਾ ਰਹਿੰਦਾ ਸੀ। ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਉਹ ਸਕੂਲ ਨਹੀਂ ਜਾਂਦਾ ਸੀ। ‘ਜੁਆਕ ਕਿਧਰੇ ਵਿਗੜ ਹੀ ਨਾ ਜਾਵੇ। ਇਹ ਕਿਧਰੇ ਕੋਈ ਉਲਾਂਭਾ ਹੀ ਨਾ ਦਵਾ ਦੇਵੇ।’ ਇਹ ਸੋਚ ਕੇ ਉਹ ਦੀਪੇ ਨੂੰ ਵੀ ਨਾਲ ਹੀ ਅਰਜਨ ਸਿੰਘ ਦੀ ਢਾਣੀ ਲਿਜਾਣ ਲੱਗ ਪਈ ਸੀ।
‘‘ਜੀਤੋ, ਦਸ ਕੁ ਦਿਨ ਇਹਨੂੰ ਇੱਥੇ ਛੱਡ ਜਾਇਆ ਕਰ। ਨੂੰਹ ਦਸ ਕੁ ਦਿਨਾਂ ਵਾਸਤੇ ਪੇਕੇ ਗਈ ਹੋਈ ਆ। ਨਿਆਣੇ ਛੁੱਟੀਆਂ ਹੋਣ ਕਰਕੇ ਨਾਨਕੇ ਜਾਣ ਦੀ ਜ਼ਿੱਦ ਕਰ ਰਹੇ ਸੀ। ਪਿੱਛੋਂ ਸਾਰਾ ਦਿਨ ਮੇਰੀ ਇਕੱਲੀ ਦੀ ਭੰਬੀਰੀ ਬਣ ਜਾਂਦੀ ਆ।’’ ਇਕ ਦਿਨ ਗੋਹੇ ਦਾ ਕੰਮ ਨਬਿੇੜ ਕੇ ਤੁਰਨ ਲੱਗੀ ਜੀਤੋ ਨੂੰ ਅਰਜਨ ਸਿੰਘ ਦੀ ਘਰਵਾਲੀ ਬਸੰਤ ਕੌਰ ਨੇ ਆਖਿਆ ਸੀ। ਉਸ ਨੇ ਜੀਤੋ ਨੂੰ ਚਾਹ ਪੀਣ ਦੇ ਬਹਾਨੇ ਬਿਠਾ ਲਿਆ ਸੀ। ਉਦੋਂ ਜੀਤੋ ਨਾਂਹ ਨਹੀਂ ਕਰ ਸਕੀ ਸੀ। ਉਸ ਨੂੰ ਬੁੱਢੇ ਹੱਡਾਂ ’ਤੇ ਤਰਸ ਜਿਹਾ ਆ ਗਿਆ ਸੀ। ‘ਪਿੰਡ ਵਿਚ ਬੈਠੇ ਹਾਂ। ਵੇਲੇ-ਕੁਵੇਲੇ ਲੋੜ ਪੈ ਜਾਂਦੀ ਆਂ। ਹਫ਼ਤਾ ਝੱਟ ਲੰਘ ਜਾਣਾ। ਉਂਜ ਵੀ ਅਜੇ ਵੀਹ ਦਿਨ ਹੋਰ ਛੁੱਟੀਆਂ। ਇਸ ਬਹਾਨੇ ਗਲੀਆਂ ਵਿਚ ਫਿਰਨੋਂ ਵੀ ਹਟ ਜਾਉ।’ ਇਹ ਕੁਝ ਸੋਚ ਕੇ ਜੀਤੋ ਨੇ ਹਾਂ ਕਰ ਦਿੱਤੀ ਸੀ।
ਹਫ਼ਤਾ ਲੰਘ ਗਿਆ ਸੀ। ਬਸੰਤ ਕੌਰ ਦੀ ਨੂੰਹ ਗੁਰਮੀਤ ਪੇਕਿਓਂ ਮੁੜ ਆਈ ਸੀ। ਪਰ ਦੀਪਾ ਬਾਅਦ ਵਿਚ ਵੀ ਬਸੰਤ ਕੌਰ ਦੇ ਘਰ ਕੰਮ ਕਰਨ ਆਉਂਦਾ ਰਿਹਾ। ਨਾ ਜੀਤੋ ਨੇ ਦੀਪੇ ਨੂੰ ਜਾਣੋਂ ਰੋਕਿਆ ਸੀ ਤੇ ਨਾ ਬਸੰਤ ਕੌਰ ਨੇ ਦੀਪੇ ਨੂੰ ਨਾ ਆਉਣ ਲਈ ਕਿਹਾ ਸੀ।
‘‘ਨੂੰਹ ਆਖੂਗੀ, ਮਾਂ ਨੇ ਆਪਣੇ ਲਈ ਤਾਂ ਨੌਕਰ ਰੱਖਿਆ ਸੀ। ਮੈਂ ਆਈ ਤੇ ਹਟਾ ਦਿੱਤਾ।’’ ਬਸੰਤ ਕੌਰ ਨੂੰ ਖਿਆਲ ਆਇਆ ਸੀ। ਪਰ ਗੁਰਮੀਤ ਨੇ ਆਪਣੀ ਸੱਸ ਦੀ ਇਸ ਸੋਚ ਦੇ ਹੋਰ ਅਰਥ ਕੱਢ ਲਏ ਸਨ। ਘਰ ਵਿਚ ਦੀਪੇ ਨੂੰ ਵੇਖ ਕੇ ਗੁਰਮੀਤ ਦਾ ਪਾਰਾ ਸੱਤਵੇਂ ਆਸਮਾਨ ਚੜ੍ਹ ਗਿਆ ਸੀ।
‘‘ਘਰ ਵਿਚ ਅੱਗੇ ਥੋੜਾ ਚੌਣਾ। ਹੋਰ ਇਕ ਨੂੰ ਸੇਪ ਲਿਆ। ਇਕ ਸੀਰੀ ਥੋੜ੍ਹਾ ਸੀ। ਸਾਰਾ ਦਿਨ ਕਿਹਨੇ ਪਕਾ-ਪਕਾ ਖਵਾਉਣੀਆਂ ਇਨ੍ਹਾਂ ਨੂੰ। ਜਿਵੇਂ ਘਰ ਵਿਚ ਕੋਈ ਲਾਂਗਰੀ ਰੱਖਿਆ ਹੁੰਦਾ। ਆਪ ਤੇ ਮਾਂ ਨੇ ਪਟਰਾਣੀ ਬਣ ਕੇ ਬਹਿ ਰਹਿਣਾ।’’
‘‘ਰਾਖੀ ਲਈ ਦੋ ਸ਼ੇਰਾਂ ਵਰਗੇ ਕੁੱਤੇ ਹੋਰ ਰੱਖੇ ਆ। ਜਿਵੇਂ ਘਰ ਵਿਚ ਪਤਾ ਨਹੀਂ ਕਿੰਨੀਆਂ ਕੁ ਮੋਹਰਾਂ ਪਈਆਂ ਹੁੰਦੀਆਂ। ਵੇਲਾ ਸਾਰਨ ਲਈ ਸਿਉਨਾ ਮੇਰੇ ਪਿਉ ਦੇ ਘਰ ਦਾ ਵੀ ਵੇਚ ਛੱਡਿਆ।’’ ਗੁਰਮੀਤ ਕਈ ਦਿਨ ਬੁੜ-ਬੁੜ ਕਰਦੀ ਰਹੀ ਸੀ।
ਬਾਰ੍ਹਾਂ ਪਾਸ ਗੁਰਮੀਤ ਨੇ ਆਪਣੀ ਸੱਸ ਬਸੰਤ ਕੌਰ ਨੂੰ ਦੀਪੇ ਨੂੰ ਕੰਮ ਤੋਂ ਹਟਾ ਦੇਣ ਦਾ ਵਾਸਤਾ ਪਾਇਆ ਸੀ।
‘‘ਮਾਂ, ਆਪਾਂ ਨੂੰ ਕਿਤੇ ਸਜ਼ਾ ਹੀ ਨਾ ਹੋ ਜਾਵੇ। ਚੌਦਾਂ ਸਾਲ ਤੋਂ ਘੱਟ ਉਮਰ ਦੇ ਜੁਆਕਾਂ ਤੋਂ ਆਪਾਂ ਮਜ਼ਦੂਰੀ ਨਹੀਂ ਕਰਵਾ ਸਕਦੇ। ਇਹ ਅਜੇ ਬਾਰ੍ਹਾਂ ਕੁ ਸਾਲ ਦਾ ਹੀ ਹੈ।’’ ਗੁਰਮੀਤ ਨੇ ਡਰਾਵਾ ਜਿਹਾ ਵੀ ਦਿੱਤਾ ਸੀ। ‘‘ਲੈ ਇੱਥੇ ਸਾਡੀ ਢਾਣੀ ਵਿਚ ਕੌਣ ਵੇਹੰਦਾ, ਇਹਨੂੰ ਕੰਮ ਕਰਦੇ ਨੂੰ। ਲੋਕ ਤੇ ਬੰਦੇ ਮਾਰ ਕੇ ਤੁਰੇ ਫਿਰਦੇ ਆ। ਸਾਨੂੰ ਕਿਸੇ ਦੇ ਮੂੰਹ ਵਿਚ ਬੁਰਕੀ ਪਾਉਣ ਬਦਲੇ ਸਜ਼ਾ ਹੋ ਜਾਊ…। ਉਂਜ ਵੀ ਮੈਂ ਕਿਹੜਾ ਇਹਦੀ ਮਾਂ ਨਾਲ ਕੋਈ ਤਨਖਾਹ ਟੁੱਕੀ ਆ।’’ ਬਸੰਤ ਕੌਰ ਨੇ ਆਪਣਾ ਭਾਸ਼ਣ ਛੇੜ ਲਿਆ ਸੀ। ਉਸ ਨੇ ਗੁਰਮੀਤ ਦੀ ਇਕ ਨਹੀਂ ਸੁਣੀ ਸੀ।
‘‘ਬੁੜੀ ਨੂੰ ਪਿੰਨੀਆਂ ਨੂੰ ਮਾਲਸ਼ ਕਰਵਾਉਣ ਦਾ ਭੁਸ ਪੈ ਗਿਆ ਜਾਪਦਾ। ਇਸੇ ਕਰਕੇ ਵਿਚਾਰੇ ਜੁਆਕ ਦਾ ਖਹਿੜਾ ਨਹੀਂ ਛੱਡਦੀ।’’ ਗੁਰਮੀਤ ਸੋਚਦੀ। ‘‘ਮਾਂ! ਦੀਪੇ ਦੀ ਪੜ੍ਹਨ ਦੀ ਉਮਰ ਆ। ਆਪਾਂ ਇਸਨੂੰ ਪੜ੍ਹਨ ਦਈਏ। ਪੜ੍ਹ ਲਿਖ ਕੇ ਕੁਝ ਬਣ ਜਾਉਗਾ, ਇਹ ਵਿਚਾਰਾ।’’ ਗੁਰਮੀਤ ਨੇ ਇਕ ਦਿਨ ਫੇਰ ਆਖਿਆ ਸੀ। ‘‘ਮੈਂ ਜਾਣਦੀ ਹਾਂ, ਜਿਹੜੀ ਪੜ੍ਹਾਈ ਇਹਨੇ ਕਰਨੀ ਆ। ਤੇਰੇ ਬੰਦੇ ਨੂੰ ਵੀ ਇਹੀ ਮਾਸਟਰ ਪੜ੍ਹਾਉਂਦਾ ਹੁੰਦਾ ਸੀ। ਅੱਠਵੀਂ ’ਚ ਤਿੰਨ ਵਰ੍ਹੇ ਗੋਡੇ ਰਗੜਦਾ ਰਿਹਾ ਸੀ। ਅੱਠਵੀਂ ’ਚੋਂ ਨਹੀਂ ਸੀ ਲੰਘਿਆ ਤੇਰਾ ਬੰਦਾ।’’ ਮਾਂ ਦੀਆਂ ਗੱਲਾਂ ਸੁਣ ਕੇ ਗੁਰਮੀਤ ਹੱਕੀ-ਬੱਕੀ ਜਿਹੀ ਰਹਿ ਗਈ ਸੀ।
‘‘ਜਦੋਂ ਮੇਰਾ ਰਿਸ਼ਤਾ ਹੋਇਆ ਸੀ, ਉਦੋਂ ਤੇ ਕਹਿੰਦੇ ਸੀ- ਮੁੰਡਾ ਦਸ ਪੜ੍ਹਿਆ।’’ ਗੁਰਮੀਤ ਸੋਚੀਂ ਪੈ ਗਈ ਸੀ। ਪਰ ਹੁਣ ਕੀ ਹੋ ਸਕਦਾ ਸੀ। ਹੁਣ ਤਾਂ ਉਹ ਦੋ ਜੁਆਕਾਂ ਦੀ ਮਾਂ ਸੀ।
‘‘ਜੇਕਰ ਦਸ ਪੜਿ੍ਹਆ ਵੀ ਹੁੰਦਾ, ਫੇਰ ਕਿਹੜਾ ਇਹਨੂੰ ਕਿਧਰੇ ਮਾਸਟਰ ਵਾਲੀ ਕੁਰਸੀ ਮਿਲ ਜਾਣੀ ਸੀ।’’ ਗੁਰਮੀਤ ਨੇ ਆਪਣੇ ਮਨ ਨੂੰ ਸਮਝਾ ਲਿਆ ਸੀ।
ਦੀਪਾ ਭਾਵੇਂ ਅਜੇ ਸਿਖਾਂਦਰੂ ਸੀ, ਪਰ ਹੱਥ ਦਾ ਛੋਹਲ਼ਾ ਸੀ। ਉਹ ਕੰਮ ਵੀ ਖੇਤ ਘੱਟ ਤੇ ਘਰ ਜ਼ਿਆਦਾ ਕਰਦਾ ਸੀ। ਉਸ ਦੇ ਕੰਮ ਨੇ ਦਿਨਾਂ ਵਿਚ ਹੀ ਗੁਰਮੀਤ ਨੂੰ ਰੋਟੀ ਦਾ ਭਾਰ ਭੁਲਾ ਦਿੱਤਾ ਸੀ। ਉਹ ਇਕ ਦਾਲ਼-ਸਬਜ਼ੀ ਨਹੀਂ ਬਣਾਉਂਦਾ ਸੀ ਤੇ ਰੋਟੀ ਨਹੀਂ ਪਕਾਉਂਦਾ ਸੀ। ਹੋਰ ਸਾਰੇ ਘਰ ਦੇ ਕੰਮ ਕਰਦਾ ਸੀ। ਦੀਪਾ ਰਾਤ ਨੂੰ ਵੀ ਥੋੜ੍ਹੇ ਹੀ ਦਿਨ ਆਪਣੇ ਘਰ ਗਿਆ ਸੀ। ਫਿਰ ਇੱਥੇ ਹੀ ਅਰਜਨ ਸਿੰਘ ਦੀ ਢਾਣੀ ਵਿਚ ਰਹਿਣ ਲੱਗ ਪਿਆ ਸੀ।
‘‘ਮੁੰਡਾ ਰਾਤ ਨੂੰ ਲੱਤਾਂ ਤੋੜਦਾ ਡੂਢ ਮੀਲ ਜਾਂਦਾ। ਸਵੇਰੇ ਫਿਰ ਏਨਾ ਹੀ ਪੰਧ ਮਾਰਦਾ। ਉਂਜ ਵੀ ਹਨੇਰੇ-ਸਵੇਰੇ ਇੱਕਲੇ ਨਿਆਣੇ ਦੇ ਤੁਰਨ ਦਾ ਟੈਮ ਨਹੀਂ ਰਿਹਾ। ਇਹਨੂੰ ਇੱਥੇ ਹੀ ਰਹਿਣ ਦਿਆ ਕਰ। ਮੰਜਾ-ਬਿਸਤਰਾ ਮੈਂ ਦੇ ਦਿਆਂਗੀ।’’ ਇਕ ਦਿਨ ਜੀਤੋ ਨੂੰ ਗੋਹਾ ਸੁੱਟਣ ਆਈ ਨੂੰ ਬਸੰਤ ਕੌਰ ਨੇ ਆਖਿਆ ਸੀ। ਉਸ ਨੂੰ ਦੀਪੇ ’ਤੇ ਤਰਸ ਜਿਹਾ ਆ ਗਿਆ ਸੀ। ਉਸ ਦਿਨ ਤੋਂ ਬਾਅਦ ਦੀਪਾ ਰਾਤ ਨੂੰ ਵੀ ਘਰ ਜਾਣੋਂ ਹਟ ਗਿਆ ਸੀ।
ਬਸੰਤ ਕੌਰ ਸਵੇਰੇ ਉੱਠਣ ਸਾਰ ਡੰਗਰਾਂ ਵਾਲੇ ਵਾੜੇ ਵਿਚ ਜਾਂਦੀ ਤੇ ਵਾੜੇ ਵਿਚ ਸੁੱਤੇ ਪਏ ਦੀਪੇ ਨੂੰ ਹਲੂਣ-ਹਲਾਣ ਕੇ ਉਠਾਲ ਲੈਂਦੀ ਸੀ।
‘‘ਉੱਠ ਮੇਰਾ ਪੁੱਤ! ਤੜਕੇ ਉੱਠਣ ਵਾਲਿਆਂ ਦੀ ਦੇਹ ਨਰੋਈ ਰਹਿੰਦੀ ਆ।’’ ਬਸੰਤ ਕੌਰ, ਦੀਪੇ ਨੂੰ ਹਲੂਣਦੀ ਹੋਈ ਆਖਦੀ। ਉਸ ਨੂੰ ਕਦੇ ਇਹ ਖਿਆਲ ਨਹੀਂ ਆਇਆ ਸੀ ਕਿ ਉਸ ਦੇ ਆਪਣੇ ਪੋਤਰੇ-ਪੋਤਰੀ ਨੂੰ ਵੀ ਨਰੋਈ ਸਿਹਤ ਦੀ ਜ਼ਰੂਰਤ ਹੈ। ਬਸੰਤ ਕੌਰ ਦੇ ਪੋਤਰਾ-ਪੋਤਰੀ ਸਵੇਰੇ ਅੱਠ ਵਜੇ ਤਕ ਸੁੱਤੇ ਰਹਿੰਦੇ ਸਨ। ਬਸੰਤ ਕੌਰ ਆਪਣੀ ਵਿਤ ਤੋਂ ਵੱਧ ਖਰਚ ਕਰ ਕੇ ਪੋਤਰੇ-ਪੋਤਰੀ ਨੂੰ ਪ੍ਰਾਈਵੇਟ ਸਕੂਲ ਵਿਚ ਪੜ੍ਹਾ ਰਹੀ ਸੀ। ਉਨ੍ਹਾਂ ਨੂੰ ਰੋਜ਼ਾਨਾ ਸਕੂਲ ਵੈਨ ਲੈਣ ਤੇ ਛੱਡਣ ਆਉਂਦੀ ਸੀ। ਉਹ ਮਸਾਂ ਸਕੂਲ ਵਾਲੀ ਵੈਨ ਦੇ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਉੱਠਦੇ ਸਨ। ਮੱਝਾਂ ਦੀ ਧਾਰ ਕੱਢਣ ਵੇਲੇ ਕੱਟਰੂਆਂ ਨੂੰ ਦੀਪਾ ਹੀ ਛੱਡਦਾ ਬੰਨ੍ਹਦਾ ਸੀ। ਕੱਟਰੂ ਉਸ ਨੂੰ ਵੇਖਕੇ ਰੱਸੇ ਤੁੜਾਉਣ ਲੱਗ ਪੈਂਦੇ ਸਨ। ਮੱਝਾਂ ਵੀ ਕਿੱਲਿਆਂ ਦੁਆਲੇ ਘੁੰਮਣ ਲੱਗ ਪੈਂਦੀਆਂ ਸਨ। ਦੀਪਾ ਕੱਟਰੂਆਂ ਨੂੰ ਮਸਾਂ ਛੱਡਦਾ ਬੰਨ੍ਹਦਾ। ਕੱਟਰੂ ਵਾਰ ਵਾਰ ਉਸ ਦੇ ਪੈਰ ਮਿਧ ਦਿੰਦੇ ਸਨ। ਮੱਝਾਂ ਵੱਲ ਭੱਜ-ਭੱਜ ਜਾਂਦੇ ਕੱਟਰੂ ਦੀਪੇ ਨੂੰ ਧੂਹ ਕੇ ਲੈ ਜਾਂਦੇ ਸਨ। ਦੀਪੇ ਨੂੰ ਕੱਟਰੂਆਂ ਉੱਪਰ ਗੁੱਸੇ ਦੀ ਥਾਂ ਸਗੋਂ ਤਰਸ ਆਉਂਦਾ। ਉਹ ਇਨ੍ਹਾਂ ਕੱਟਰੂਆਂ ਨਾਲ ਆਪਣੇ ਆਪ ਨੂੰ ਮੇਚਦਾ। ਦੀਪੇ ਨੂੰ ਇੰਝ ਲੱਗਦਾ ਜਿਵੇਂ ਉਸ ਨੂੰ ਵੀ ਕੱਟਰੂਆਂ ਵਾਂਗ ਗਲ਼ ਰੱਸਾ ਪਾ ਕੇ ਇੱਥੇ ਕਿੱਲੇ ਨਾਲ ਬੰਨ੍ਹ ਦਿੱਤਾ ਹੋਵੇ।
ਘਰ ਦੇ ਕੰਮ ਤੋਂ ਬਿਨਾਂ ਦੀਪਾ ਰੋਜ਼ਾਨਾ ਖੇਤ ਅਰਜਨ ਸਿੰਘ ਤੇ ਘੂਕਰ ਦੀ ਰੋਟੀ ਫੜਾਉਣ ਜਾਂਦਾ ਸੀ। ਰੋਟੀ ਫੜਾਉਣ ਆਏ ਦੀਪੇ ਨੂੰ ਅਰਜਨ ਸਿੰਘ ਤੇ ਘੂਕਰ ਵੀ ਕੰਮ ਲਾ ਲੇਂਦੇ ਸਨ।
‘‘ਲੈ ਪੁੱਤ, ਕਸੀਆ ਫੜ੍ਹ। ਝੱਟ ਲਾ। ਏਨੇ ਨਾਲ ਤੇਰੇ ਵੀ ਹੱਥ ਸਿਧੇ ਹੋ ਜਾਣਗੇ। ਕੰਮ ਦਾ ਵੱਲ ਸਿੱਖ ਜਾਵੇਂਗਾ।’’ ਅਰਜਨ ਸਿੰਘ ਦੀਪੇ ਨੂੰ ਆਖਦਾ ਤੇ ਆਪ ਉਹ ਵੱਟ ਨਾਲ ਨਿੱਸਲ ਹੋ ਜਾਂਦਾ ਸੀ।
ਅਰਜਨ ਸਿੰਘ ਜਦੋਂ ਵੀ ਦੀਪੇ ਨੂੰ ਕੰਮ ਲਾ ਕੇ ਵੱਟ ਨਾਲ ਨਿੱਸਲ ਹੁੰਦਾ, ਉਸਦਾ ਧਿਆਨ ਆਪਣੇ ਮੁੰਡੇ ਦਰਸ਼ਨ ਵੱਲ ਚਲਾ ਜਾਂਦਾ।
‘‘ਮੈਥੋਂ, ਦਰਸ਼ਨ ਨੂੰ ਤਾਂ ਕਿਸੇ ਕੰਮ ਦਾ ਵੱਲ ਸਿਖਾਇਆ ਨਹੀਂ ਗਿਆ। ਇਸ ਬਿਗਾਨੇ ਪੁੱਤ ਨੂੰ ਮੈਂ ਕੀ ਵੱਲ ਸਿਖਾਂਵਾਂਗਾ। ਦਰਸ਼ਨ ਤਾਂ ਡੱਕਾ ਭੰਨ੍ਹ ਕੇ ਦੂਹਰਾ ਨਹੀਂ ਕਰਦਾ। ਸਾਰਾ ਦਿਨ ਹੱਥ ਵਿਚ ਮੋਬਾਈਲ ਲੈ ਕੇ ਤੇ ਕੰਨਾਂ ਵਿਚ ਟੂਟੀਆਂ ਜਿਹੀਆਂ ਲਾ ਕੇ ਅੱਡੇ ’ਤੇ ਬੈਠਾ ਰਹਿੰਦਾ।’’
‘‘ਦੀਪਿਆ ਮੇਰੀ ਮੰਨ, ਤੂੰ ਪੜ੍ਹ ਲਾ। ਨਹੀਂ ਤਾਂ ਮੇਰੇ ਵਾਂਗ ਸਾਰੀ ਉਮਰ ਜ਼ਿਮੀਦਾਰਾਂ ਦੀਆਂ ਖੁਰਲੀਆਂ ਵਿਚ ਹੀ ਰੁਲੇਂਗਾ।’’ ਘੂਕਰ ਨੇ ਇਕ ਦਿਨ ਖੇਤ ਰੋਟੀ ਲੈ ਕੇ ਆਏ ਦੀਪੇ ਨੂੰ ਆਖਿਆ ਸੀ।
‘‘ਪੜ੍ਹਨ ਨੂੰ ਕੀ ਆ। ਸਰਦਾਰ ਨੂੰ ਸਕੂਲ ਭੇਜ ਦੇਵੀਂ। ਮਾਸਟਰ ਨੂੰ ਕਹਿ ਦਉਗਾ, ਮਾਸਟਰ ਇਹਦਾ ਨਾਂ ਨਾ ਕੱਟੂਗਾ। ਇਹ ਕੰਮ ਵੀ ਕਰੀ ਜਾਊਗਾ ਤੇ ਕਾਗਜ਼ਾਂ ਵਿਚ ਪੜ੍ਹੀ ਵੀ ਜਾਊਗਾ। ਬਾਹਰਲੇ ਮੁਲਕਾਂ ਵਿਚ ਜਾ ਕੇ ਲੋਕ ਇੰਜ ਹੀ ਕਰਦੇ ਆ।’’ ਘੂਕਰ ਦੀ ਗੱਲ ਸੁਣ ਕੇ ਦੂਸਰੀ ਵੱਟ ’ਤੇ ਘਾਹ ਖੋਤ ਰਹੇ ਬੀਤੇ ਨੇ ‘ਹੀਅ-ਹੀਅ’ ਕਰ ਕੇ ਹੱਸਦਿਆਂ ਆਖਿਆ ਸੀ।
ਮਾਸਟਰ ਨੇ ਦਸ ਮਿੰਟਾਂ ਦਾ ਕਿਹਾ ਸੀ, ਪਰ ਅੱਧਾ ਘੰਟਾ ਲੰਘ ਗਿਆ ਸੀ। ਮਾਸਟਰ ਨੇ ਅਜੇ ਤਕ ਜੀਤੋ ਨੂੰ ਆਵਾਜ਼ ਨਹੀਂ ਮਾਰੀ ਸੀ। ਮਾਸਟਰ ਸ਼ਾਇਦ ਭੁੱਲ ਗਿਆ ਸੀ ਕਿ ਬਾਹਰ ਬਹਿ ਕੇ ਕੋਈ ਉਸ ਨੂੰ ਉਡੀਕ ਵੀ ਰਿਹਾ ਹੈ।
ਦੀਪੇ ਦੀਆਂ ਛੁੱਟੀਆਂ ਮੁੱਕ ਗਈਆਂ ਸਨ। ਛੁੱਟੀਆਂ ਮੁੱਕਣ ’ਤੇ ਉਹ ਸਕੂਲ ਨਹੀਂ ਗਿਆ ਸੀ।
ਫਿਰ ਇਕ ਦਿਨ ਘੂਕਰ, ਦੀਪੇ ਦੀ ਮਾਂ ਜੀਤੋ ਨੂੰ ਗਲੀ ਵਿਚ ਟੱਕਰ ਗਿਆ ਸੀ। ਜੀਤੋ ਨੂੰ ਸਾਹਮਣੇ ਵੇਖ ਕੇ ਉਸ ਨੂੰ ਦੀਪੇ ਦਾ ਧਿਆਨ ਆ ਗਿਆ ਸੀ।
‘‘ਭਾਬੀ, ਦੀਪੇ ਨੂੰ ਪੜ੍ਹਨ ਦੇਣਾ ਸੀ।’’ ਘੂਕਰ ਨੇ ਜੀਤੋ ਨੂੰ ਸਲਾਹ ਦਿੱਤੀ ਸੀ। ਪਰ ਜਵਾਬ ਵਿਚ ਜੀਤੋ ਕੁਝ ਨਹੀਂ ਬੋਲੀ ਸੀ।
‘‘ਭਾਬੀ! ਜ਼ਿਮੀਦਾਰੇ ਕੰਮ ਵਿਚ ਤਾਂ ਮੁੰਡੇ ਨੂੰ ਜਦੋਂ ਮਰਜ਼ੀ ਲਾ ਲਵੀਂ। ਦੋ ਚਾਰ ਸਾਲ ਹੋਰ ਸਕੂਲ ਭੇਜ ਕੇ ਵੇਖ ਲਾ। ਕੀ ਪਤਾ ਸਰਸਵਤੀ ਮੁੰਡੇ ’ਤੇ ਮਿਹਰਬਾਨ ਹੋ ਹੀ ਜਾਵੇ। ਹਮਾਤੜ ਤਾਂ ਰਹਿ ਗਏ ਕੋਰੇ ਕਾਗਦ। ਹੁਣ ਆਪਣੀ ਔਲਾਦ ਤਾਂ ਤਰ ਜਾਵੇ। ਆਪਣੇ ਸਕੂਲ ਦਾ ਮਾਸਟਰ ਵੇਖਿਆ ਈ, ਸਾਰਾ ਸਾਰਾ ਦਿਨ ਲੱਤ ’ਤੇ ਲੱਤ ਰੱਖ ਕੇ ਬੈਠਾ ਰਹਿੰਦਾ। ਮੀਂਹ ਜਾਵੇ, ’ਨੇਰੀ ਆਵੇ, ਉਹਦੇ ਤਾਂ ਮਹੀਨੇ ਬਾਅਦ ਖਰੇ ਆ।’’ ਘੂਕਰ ਨੇ ਫਿਰ ਆਖਿਆ ਸੀ। ਉਸ ਨੇ ਜੀਤੋ ਨੂੰ ਪੜ੍ਹ-ਲਿਖ ਕੇ ਸ਼ਹਿਰ ਕੰਮ ਕਰਨ ਜਾ ਲੱਗੇ ਹੋਰਾਂ ਕਈਆਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਸਨ।
‘‘ਆਪਣੇ ਪਿੰਡ ਆਲੇ ਪਟਵਾਰੀ ਨੂੰ ਵੇਖ ਲਾ। ਉਹਦੇ ਨਾਂਹ-ਨਾਂਹ ਕਰਨ ’ਤੇ ਵੀ ਲੋਕ ਨੋਟ ਜੇਬਾਂ ਵਿਚ ਤੁੰਨ ਦਿੰਦੇ ਆ।’’
‘‘ਜ਼ਿਮੀਦਾਰਾਂ ਦੇ ਵਿਚਾਰਿਆਂ ਦਾ ਆਪਣਾ ਗੁਜ਼ਾਰਾ ਨਹੀਂ ਚੱਲਦਾ। ਕਰਜਾਈ ਹੋਏ ਪਏ ਆ। ਸਾਨੂੰ ਹਮਾਤੜਾਂ ਨੂੰ ਉਨ੍ਹਾਂ ਕੀ ਦੇਣਾ।’’
‘‘ਮੇਰੇ ਸਹੁਰਿਆਂ ਦੇ ਪਿੰਡ ਜ਼ਿਮੀਦਾਰ ਫਾਹਾਂ ਲੈਣ ਨੂੰ ਫਿਰਦਾ ਸੀ। ਇਹ ਤਾਂ ਢੋਅ ਲੱਗ ਗਿਆ। ਮੁੰਡਾ ਬਿਜਲੀ ਬੋਰਡ ’ਚ ਅੜ ਗਿਆ। ਉਹੀ ਜ਼ਿਮੀਦਾਰ ਢਾਈ ਮੰਜਲੀ ਕੋਠੀ ਉਸਾਰਨ ਲੱਗ ਪਿਆ।’’
‘‘ਇਸ ਕੰਮ ਵਿਚ ਤਾਂ ਕਹਿੰਦੇ-ਕਹਾਉਂਦੇ ਕਾਮੇ ਕੁਝ ਹੀ ਸਾਲਾਂ ਵਿਚ ਢੱਗਿਆਂ ਵਾਂਗ ਨਕਾਰਾ ਹੋ ਕੇ ਬਹਿ ਜਾਂਦੇ ਆ।’’ ਘੂਕਰ ਇਹ ਆਖ਼ਰੀ ਗੱਲ ਕਹਿ ਕੇ ਤੁਰ ਗਿਆ ਸੀ। ਜੀਤੋ, ਘੂਕਰ ਦੀਆਂ ਗੱਲਾਂ ਚੁੱਪ ਕਰ ਕੇ ਸੁਣਦੀ ਰਹੀ ਸੀ।
ਘਰ ਆ ਕੇ ਜੀਤੋ ਨੇ ਦੀਪੇ ਦੇ ਪਿਉ ਨੂੰ ਯਾਦ ਕਰ ਕੇ ਅੱਖਾਂ ਭਰ ਲਈਆਂ ਸਨ। ‘ਦੀਪੇ ਦਾ ਪਿਓ ਅਜੇ ਜਾਣ ਵਾਲਾ ਥੋੜ੍ਹਾ ਸੀ। ਬਸ ਕੰਮ ਨੇ ਖਾ ਲਿਆ।’ ਉਹ ਕਿੰਨੀ ਦੇਰ ਡੁਸਕਦੀ ਰਹੀ ਸੀ। ਉਸ ਦਾ ਜੀਅ ਕੀਤਾ ਕਿ ਹੁਣੇ ਦੀਪੇ ਨੂੰ ਸਕੂਲ ਬਿਠਾ ਆਵੇ। ਪਰ ਦੀਪਾ ਇੱਥੇ ਬਸੰਤ ਕੌਰ ਦੀ ਢਾਣੀ ਵਿਚ ਨਹੀਂ ਸੀ। ਉਹ ਛੁੱਟੀਆਂ ਮੁੱਕਣ ਤੋਂ ਦੋ ਦਿਨ ਪਹਿਲਾਂ ਹੀ ਛੱਜਲਵਿੰਡੀ ਬਸੰਤ ਕੌਰ ਦੀ ਧੀ ਘਰ ਚਲਾ ਗਿਆ ਸੀ। ਬਸੰਤ ਕੌਰ ਦੀ ਧੀ ਬਲਜੀਤ ਦਾ ਸਹੁਰਾ ਆਪ ਆ ਕੇ ਉਸ ਨੂੰ ਲੈ ਗਿਆ ਸੀ।
‘‘ਬਲਜੀਤ ਦਾ ਹੱਥ ਪੱਕਾ ਹੋਇਆ। ਹੱਥ ਰਾਜੀ ਹੋਣ ਦਾ ਨਾਂ ਨਹੀਂ ਲੈ ਰਿਹਾ। ਹੱਥ ਵੀ ਕੀ ਕਰੇ। ਮਾੜਾ ਜਿਹਾ ਰਾਜੀ ਹੁੰਦਾ, ਕੰਮ ਕਰਦਿਆਂ ਭਿੱਜ ਜਾਂਦਾ ਤੇ ਫਿਰ ਭਰ ਜਾਂਦਾ।’’ ਬਲਜੀਤ ਦੇ ਸਹੁਰੇ ਨੇ ਬਸੰਤ ਕੌਰ ਨੂੰ ਦੱਸਿਆ ਸੀ। ਬਸੰਤ ਕੌਰ ਨੇ ਉਸੇ ਵੇਲੇ ਦੀਪੇ ਨੂੰ ਕੰਮ ਵਿਚ ਹੱਥ ਵਟਾਉਣ ਲਈ ਬਲਜੀਤ ਦੇ ਸਹੁਰੇ ਨਾਲ ਤੋਰ ਦਿੱਤਾ ਸੀ।
‘‘ਜੀਤੋ ਨੂੰ ਮੈਂ ਆਪੇ ਸਮਝਾ ਦਉਗੀ। ਕਿਧਰੇ ਨੀ ਦੀਪਾ ਦਸ ਵੀਹ ਦਿਨਾਂ ਵਿਚ ਐਮ.ਏ. ਪਾਸ ਕਰ ਚੱਲਿਆ।’’ ਦੀਪੇ ਨੂੰ ਧੀ ਦੇ ਘਰ ਕੰਮ ਕਰਨ ਲਈ ਭੇਜਦਿਆਂ ਬਸੰਤ ਕੌਰ ਨੇ ਜਿਵੇਂ ਆਪਣੇ ਆਪ ਨੂੰ ਆਖਿਆ ਸੀ।
‘‘ਮੈਂ ਭੋਲ਼ੀ ਸਾਂ। ਮੈਨੂੰ ਨਹੀਂ ਸੀ ਪਤਾ ਕਿ ਜੁਆਕ ਨੂੰ ਕਿਉਂ ਫਟਾਫਟ ਸਾਰੇ ਕੰਮ ਸਿਖਾਏ ਜਾ ਰਹੇ ਹਨ। ਲੋਕ ਦਾਜ ਵਿਚ ਟੀ.ਵੀ. ਫਰਿਜ ਤਾਂ ਦਿੰਦੇ ਸੁਣੇ ਸੀ। ਦਾਜ ਵਿਚ ਨੌਕਰ ਪਹਿਲੀ ਵਾਰ ਸੁਣਿਆ।’’ ਦੀਪੇ ਦੇ ਜਾਣ ਤੋਂ ਬਾਅਦ ਗੁਰਮੀਤ ਕਈ ਦਿਨ ਘਰ ਵਿਚ ਤੁਰੀ ਫਿਰਦੀ ਬੁੜ-ਬੁੜ ਕਰਦੀ ਰਹੀ ਸੀ।
‘‘ਦੀਪਾ ਕਿਤੇ ਬਗਾਨੀ ਥਾਂ ਨਹੀਂ ਗਿਆ। ਆਪਣੇ ਹੀ ਘਰ ਗਿਆ। ਉਹ ਕਾਹਦਾ ਭੈਣ-ਭਰਾ ਹੋਇਆ, ਜਿਹੜਾ ਔਖੇ ਵੇਲੇ ਕੰਮ ਨਾ ਆਇਆ।’’
‘‘ਜੇ ਧੀ ਦੇ ਘਰ ਕੰਮ ਕਰੂਗਾ ਤਾਂ ਉਹ ਕਿਹੜਾ ਇਹਦਾ ਹੱਕ ਰੱਖਣ ਲੱਗੀ ਆ। ਕੁਝ ਨਾ ਕੁਝ ਦੇ ਕੇ ਤੋਰੂਗੀ। ਹੋਰ ਨਹੀਂ ਤਾਂ ਗਲ਼ ਪਾਉਣ ਲਈ ਕੋਈ ਲੀਰ ਤਾਂ ਦੇਊਗੀ।’’ ਗੁਰਮੀਤ ਨੂੰ ਬੁੜ-ਬੁੜ ਕਰਦੀ ਨੂੰ ਵੇਖ ਕੇ ਬਸੰਤ ਕੌਰ ਨੇ ਆਖਿਆ ਸੀ। ਆਪ ਉਸ ਨੇ ਦੋ ਵੇਲੇ ਦੀ ਰੋਟੀ ਤੋਂ ਬਿਨਾਂ ਦੀਪੇ ਨੂੰ ਅਜੇ ਤਕ ਹੋਰ ਕੁਝ ਨਹੀਂ ਦਿੱਤਾ ਸੀ। ਉਹ ਇਕ ਵਾਰ ਦੀਪੇ ਨੂੰ ਆਪਣੇ ਪੋਤਰੇ ਦਾ ਲੱਥਾ ਹੋਇਆ ਝੱਗਾ ਦੇਣ ਲੱਗੀ ਸੀ ਪਰ ਗੁਰਮੀਤ ਨੇ ਰੋਕ ਦਿੱਤਾ ਸੀ।
‘‘ਮਾਂ! ਮੁੰਡੇ ਦਾ ਕੱਪੜਾ ਨਾ ਕਿਸੇ ਨੂੰ ਦੇਵੀਂ। ਅੱਜਕੱਲ੍ਹ ਲੋਕ ਸੌ ਤਰ੍ਹਾਂ ਦੇ ਟੂਣੇ-ਟਾਮਣ ਕਰਦੇ ਆ।’’ ਗੁਰਮੀਤ ਨੇ ਆਖਿਆ ਸੀ।
ਦੀਪਾ, ਬਲਜੀਤ ਦੇ ਘਰ ਮਹੀਨਾ ਕੁ ਰਿਹਾ ਸੀ। ਮਹੀਨੇ ਵਿਚ ਹੀ ਉਹ ਅੱਧਾ ਰਹਿ ਗਿਆ ਸੀ। ਕੰਮ ਤਾਂ ਉਹ ਇੱਥੇ ਵੀ ਪਹਿਲਾਂ ਵਾਲੇ ਹੀ ਕਰਦਾ ਸੀ। ਉਹ ਕੰਮ ਨਾਲ ਨਹੀਂ, ਉਦਰੇਵੇਂ ਨਾਲ ਮਾੜਾ ਹੋ ਗਿਆ ਸੀ। ਉਸ ਦਾ ਧਿਆਨ ਹਰ ਵੇਲੇ ਪਿੱਛੇ ਰਹਿੰਦਾ ਸੀ। ਉਸ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਸੀ। ਉਹ ਮਾਂ ਨੂੰ ਮਿਲਣ ਲਈ ਤਰਸ ਗਿਆ ਸੀ। ਉੱਥੇ ਤਾਂ ਮਾਂ ਗੋਹਾ ਸੁੱਟਣ ਆਉਂਦੀ ਹੋਈ ਮਿਲ ਜਾਂਦੀ ਸੀ।
‘‘ਕੋਈ ਨਾ ਕੋਈ ਨਾ। ਚਿੰਤਾ ਨਾ ਕਰ। ਤੂੰ ਹੁਣੇ ਪਹੁੰਚ ਜਾਵੇਂਗਾ, ਆਪਣੀ ਮਾਂ ਕੋਲ।’’ ਇਹ ਗੱਲ ਦੀਪਾ ਆਖਦਾ ਤਾਂ ਕੱਟਰੂਆਂ ਨੂੰ ਸੀ, ਪਰ ਧਰਵਾਸਾ ਉਹ ਆਪਣੇ ਆਪ ਨੂੰ ਦਿੰਦਾ ਸੀ। ਉਸ ਦਾ ਘਰ ਜਾਣ ਨੂੰ ਤੇ ਮਾਂ ਦੀ ਗੋਦ ਵਿਚ ਬਹਿਣ ਨੂੰ ਬੇਹੱਦ ਦਿਲ ਕਰਦਾ ਸੀ।
ਮਾਂ ਜੀਤੋ ਭਾਵੇਂ ਉਸ ਨੂੰ ਦਿਨ ਵਿਚ ਕਈ-ਕਈ ਵਾਰ ਥਾਪੜਦੀ ਹੁੰਦੀ ਸੀ, ਫਿਰ ਵੀ ਉਹ ਦਿਨ ਵਿਚ ਇਕ ਵਾਰ ਜ਼ਰੂਰ ਮਾਂ ਦੀ ਗੋਦ ਵਿਚ ਬਹਿੰਦਾ ਸੀ ਤੇ ਮਾਂ ਦੇ ਮੌਰਾਂ ਨਾਲ ਲਮਕਦਾ ਹੁੰਦਾ ਸੀ।
ਬਲਜੀਤ ਦਾ ਹੱਥ ਅਜੇ ਰਾਜ਼ੀ ਨਹੀਂ ਸੀ ਹੋਇਆ। ਇਕ ਦਿਨ ਦੀਪੇ ਨੇ ਆਪਣਾ ਹੱਥ ਟੋਕੇ ਵਿਚ ਦੇ ਲਿਆ। ਉਹ ਟੋਕੇ ’ਤੇ ਰੁੱਗ ਲਾ ਰਿਹਾ ਸੀ। ਧਿਆਨ ਉਸ ਦਾ ਟੋਕੇ ਵੱਲ ਨਹੀਂ, ਪਿੱਛੇ ਮਾਂ ਵੱਲ ਸੀ। ਉਸ ਨੂੰ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਗਰਾਰੀ ਨੇ ਹੱਥ ਖਿੱਚ ਲਿਆ। ਦੀਪੇ ਦੀ ਇੱਕੋ ਵਾਰ ਡਾਡ ਨਿਕਲ ਗਈ ਸੀ। ਘੂਕਰ ਹੱਥੀ ਘੁਮਾਅ ਰਿਹਾ ਸੀ। ਘੂਕਰ ਨੇ ਉਸੇ ਵੇਲੇ ਟੋਕਾ ਰੋਕ ਦਿੱਤਾ ਸੀ। ਜੇ ਕਿਧਰੇ ਟੋਕਾ ਇੰਜਣ ਵਾਲਾ ਹੁੰਦਾ ਤੇ ਸ਼ਇਦ ਏਨੀ ਛੇਤੀ ਨਾ ਰੁਕਦਾ। ਦੀਪੇ ਦੀਆਂ ਡਾਡਾਂ ਸੁਣ ਕੇ ਆਂਢ-ਗੁਆਂਢ ਇਕੱਠਾ ਹੋ ਗਿਆ ਸੀ।
‘‘ਬਚਾਅ ਹੋ ਗਿਆ। ਬਚਾਅ ਹੋ ਗਿਆ।’’ ਉਦੋਂ ਦੀਪੇ ਦਾ ਹੱਥ ਵੇਖਕੇ ਸਭ ਨੇ ਆਖਿਆ ਸੀ ਤੇ ਉਸ ਨੂੰ ਫਟਾਫਟ ਹਸਪਤਾਲ ਪਹੁੰਚਾ ਦਿੱਤਾ ਸੀ।
ਉਹ ਕਈ ਦਿਨ ਹਸਪਤਾਲ ਪਿਆ ਰਿਹਾ। ਉਹ ਵਾਰ-ਵਾਰ ਮਾਂ ਨੂੰ ਮਿਲਣ ਲਈ ਆਖਦਾ ਪਰ ਬਲਜੀਤ ਟਾਲਮਟੋਲ ਕਰੀ ਜਾਂਦੀ। ਬਲਜੀਤ, ਦੀਪੇ ਦੇ ਹੱਥ ਦੇ ਰਾਜ਼ੀ ਹੋਣ ਦੀ ਉਡੀਕ ਕਰ ਰਹੀ ਸੀ। ਆਪਣੇ ਹੱਥ ਤੋਂ ਵੱਧ ਉਸ ਨੂੰ ਦੀਪੇ ਦੇ ਹੱਥ ਦਾ ਫ਼ਿਕਰ ਪੈ ਗਿਆ ਸੀ। ‘‘ਪਿੱਛੇ ਪਿੰਡ ਕਿਹੜਾ ਮੂੰਹ ਲੈ ਕੇ ਜਾਵਾਂਗੀ।’’ ਬਲਜੀਤ ਨੂੰ ਵਾਰ ਵਾਰ ਖਿਆਲ ਆਉਂਦਾ।
ਦੀਪਾ ਕਈ ਦਿਨਾਂ ਬਾਅਦ ਹਸਪਤਾਲੋਂ ਘਰ ਆਇਆ। ਉਸ ਦਾ ਹੱਥ ਕੁਝ ਠੀਕ ਹੋ ਗਿਆ ਸੀ, ਪਰ ਅਜੇ ਉਹ ਕੋਈ ਕੰਮ ਨਹੀਂ ਕਰ ਸਕਦਾ ਸੀ। ਦਿਨ ਵੇਲੇ ਤੇ ਹੱਥ ’ਤੇ ਪੱਟੀ ਬੰਨ੍ਹ ਕੇ ਉਹ ਤੁਰਿਆ ਫਿਰਦਾ ਸੀ। ਪਰ ਰਾਤ ਨੂੰ ਹੱਥ ਬੇਹੱਦ ਦਰਦ ਕਰਦਾ ਸੀ। ਬਲਜੀਤ ਰੋਜ਼ਾਨਾ ਦੀਪੇ ਨੂੰ ਦਰਦ ਨਿਵਾਰਕ ਗੋਲ਼ੀ ਦਿੰਦੀ ਸੀ। ਦੀਪਾ ਗੋਲ਼ੀ ਖਾ ਕੇ ਸੌਂ ਤਾਂ ਜਾਦਾ ਪਰ ਗੋਲ਼ੀ ਦਾ ਮਾੜਾ ਜਿਹਾ ਵੀ ਨਸ਼ਾ ਘਟਣ ’ਤੇ ਉਹ ਫਿਰ ਚੀਕਣ ਲੱਗ ਜਾਂਦਾ।
ਫਿਰ ਇਕ ਦਿਨ ਬਲਜੀਤ ਦਾ ਸਹੁਰਾ, ਦੀਪੇ ਨੂੰ ਵਾਪਸ ਛੱਡਣ ਤੁਰ ਪਿਆ। ‘‘ਰਵਾਏ ਦਾ ਨਾਂ ਹੋ ਜਾਂਦਾ, ਹਸਾਏ ਦਾ ਨਹੀਂ ਹੁੰਦਾ।’’ ਇਹ ਆਖਦਿਆਂ ਬਲਜੀਤ ਨੇ ਆਪਣੇ ਸਹੁਰੇ ਨਾਲ ਦੀਪੇ ਨੂੰ ਵਾਪਸ ਤੋਰ ਦਿੱਤਾ ਸੀ।
‘‘ਇਹਨੂੰ ਕੁਝ ਪੈਸੇ ਦੇ ਦਈਏੇ।’’ ਤੁਰਨ ਲੱਗੇ ਬਲਜੀਤ ਦੇ ਸਹੁਰੇ ਨੇ ਜੇਬ ਵਿਚ ਹੱਥ ਪਾਉਂਦਿਆਂ ਪੁੱਛਿਆ ਸੀ, ਪਰ ਬਲਜੀਤ ਨੇ ਰੋਕ ਦਿੱਤਾ ਸੀ।
‘‘ਭਾਪਾ! ਤੁਸੀਂ ਰਹਿਣ ਦੇਵੋ। ਮੇਰੇ ਮਾਂ-ਪਿਓ ਆਪੇ ਜੋ ਦੇਣਾ ਹੋਇਆ ਦੇ ਦੇਣਗੇ। ਉਂਜ ਵੀ ਉਨ੍ਹਾਂ ਆਪਣੇ ਕੋਲੋਂ ਥੋੜ੍ਹਾ ਕੁਝ ਲੈਣਾ। ਸਾਡਾ ਵੀ ਕੀ ਕਸੂਰ ਆ! ਅਸੀਂ ਇਲਾਜ ਕਰਵਾ ਦਿੱਤਾ। ਹੱਥ ਹੁਣ ਅੱਜ ਨਹੀਂ ਕੱਲ੍ਹ ਰਾਜ਼ੀ ਹੋ ਹੀ ਜਾਣਾ।’’ ਬਲਜੀਤ ਨੇ ਆਖਿਆ ਸੀ।
ਜੀਤੋ, ਦੀਪੇ ਦਾ ਹੱਥ ਵੇਖ ਕੇ ਇਕ ਵਾਰ ਤਾਂ ਘਬਰਾ ਗਈ ਸੀ। ਜਦੋਂ ਦੀਪੇ ਨੇ ਦੱਸਿਆ ਕਿ ਹੱਥ ਪਹਿਲਾਂ ਨਾਲੋਂ ਰਾਜ਼ੀ ਹੈ ਤਾਂ ਉਹ ਹੌਸਲੇ ਵਿਚ ਹੋ ਗਈ ਸੀ। ਉਹ ਕਈ ਦਿਨ ਦੀਪੇ ਨੂੰ ਪਿੰਡ ਵਾਲੇ ਡਾਕਟਰ ਤੋਂ ਤਾਕਤ ਦੇ ਸੂਏ ਲਵਾਉਂਦੀ ਰਹੀ। ਜਦੋਂ ਕੁਝ ਦਿਨਾਂ ਬਾਅਦ ਦੀਪੇ ਦੇ ਹੱਥ ’ਤੇ ਦੁਬਾਰਾ ਪੱਟੀ ਕਰਨ ਲਈ ਡਾਕਟਰ ਨੇ ਪਹਿਲੀ ਪੱਟੀ ਖੋਲ੍ਹੀ ਤਾਂ ਜੀਤੋ ਦੇ ਹੋਸ਼ ਉੱਡ ਗਏ। ਦੀਪੇ ਦੀਆਂ ਦੋ ਉਂਗਲਾਂ ਅੱਧੀਆਂ ਅੱਧੀਆਂ ਨਹੀਂ ਸਨ।
ਇਨ੍ਹਾਂ ਦਿਨਾਂ ਵਿਚ ਮਾਸਟਰ ਨੇ ਦੀਪੇ ਨੂੰ ਸੱਦਣ ਲਈ ਹੋਰ ਦੋ ਬੱਚੇ ਵੀ ਭੇਜੇ ਸਨ। ਸਰਕਾਰ ਵੱਲੋਂ ਚਿੱਠੀ ਆ ਗਈ ਸੀ। ਸਰਕਾਰ ਨੇ 14 ਸਾਲ ਤੋਂ ਘੱਟ ਉਮਰ ਦੇ ਸਕੂਲ ਨਾ ਆਉਣ ਵਾਲੇ ਬੱਚਿਆਂ ਦੀ ਸੂਚਨਾ ਮੰਗ ਲਈ ਸੀ। ਸਰਕਾਰ ਨੇ ਚਿੱਠੀ ਵਿਚ ਇਨ੍ਹਾਂ ਬੱਚਿਆਂ ਨੂੰ ਹਰ ਹਾਲ ਸਕੂਲ ਲਿਆਉਣ ਦੀ ਤਾਕੀਦ ਕੀਤੀ ਸੀ। ‘‘ਦੀਪੇ ਦੇ ਹੱਥ ’ਤੇ ਸੱਟ ਜਿਹੀ ਵੱਜ ਗਈ ਹੈ। ਥੋੜ੍ਹੇ ਦਿਨਾਂ ਵਿਚ ਰਾਜ਼ੀ ਹੋ ਜਾਊਗਾ। ਫਿਰ ਆਊਗਾ ਸਕੂਲ। ਆਪਣੇ ਮਾਸਟਰ ਜੀ ਨੂੰ ਆਖ ਦਿਓ। ਇਹਦਾ ਨਾਂ ਨਾ ਕੱਟੂਗਾ।’’ ਜੀਤੋ ਨੇ ਇਹ ਆਖ ਕੇ ਬੱਚਿਆਂ ਨੂੰ ਵਾਪਸ ਤੋਰ ਦਿੱਤਾ ਸੀ। ਆਪ ਉਹ ਫਿਰ ਚਿੰਤਾ ਵਿਚ ਡੁੱਬ ਗਈ ਸੀ।
‘‘ਹੁਣ ਪੜ੍ਹਨਾ ਇਹਨੇ ਕੀ ਹੈ! ਜਿਹੜੀਆਂ ਉਂਗਲਾਂ ਨਾਲ ਲਿਖਣਾ, ਉਹੀ ਵੱਢੀਆਂ ਗਈਆਂ।’’ ਜੀਤੋ ਸੋਚਣ ਲੱਗੀ ਸੀ। ਇਸ ਸੋਚ-ਵਿਚਾਰ ਵਿਚ ਜੀਤੋ ਨੇ ਮਹੀਨਾ ਹੋਰ ਲੰਘਾ ਦਿੱਤਾ ਸੀ। ਹੁਣ ਦੀਪੇ ਦੇ ਹੱਥ ’ਤੇ ਪੱਟੀ ਬੰਨ੍ਹਣ ਦੀ ਲੋੜ ਨਹੀਂ ਰਹੀ ਸੀ।
‘‘ਨਾ ਲਿਖੂਗਾ, ਕਿਤਾਬ ਤਾਂ ਪੜ੍ਹ ਹੀ ਲਉਗਾ।’’ ਇਹ ਸੋਚ ਕੇ ਉਹ ਦੀਪੇ ਨੂੰ ਦੁਬਾਰਾ ਸਕੂਲ ਬਿਠਾਉਣ ਆ ਗਈ ਸੀ।
ਜੀਤੋ ਬਾਹਰ ਬੈਂਚ ’ਤੇ ਬੈਠੀ ਬੈਠੀ ਅੱਕ ਗਈ ਸੀ, ਪਰ ਮਾਸਟਰ ਨੇ ਅਵਾਜ਼ ਨਹੀਂ ਮਾਰੀ ਸੀ। ਉਹ ਆਪਣੇ ਰਜਿਸਟਰ ਦਾ ਕੰਮ ਨਬਿੇੜ ਕੇ ਕਿਸੇ ਹੋਰ ਮਾਸਟਰ ਨਾਲ ਗੱਲੀਂ ਰੁਝ ਗਿਆ ਸੀ। ਉਡੀਕ ਉਡੀਕ ਕੇ ਉਹ ਆਪ ਹੀ ਦੁਬਾਰਾ ਮਾਸਟਰ ਦੇ ਮੇਜ਼ ਕੋਲ ਪਹੁੰਚ ਗਈ।
‘‘ਮਾਸਟਰ ਜੀ, ਜੁਆਕ ਨੂੰ ਦੁਬਾਰਾ ਸਕੂਲ ਬਿਠਾਉਣਾ ਸੀ।’’ ਜੀਤੋ ਨੇ ਆਖਿਆ।
‘‘ਹੁਣ ਕੀ ਲੋੜ ਪੈ ਗਈ ਸਕੂਲ ਦੀ? ਜੁਆਕਾਂ ਨੂੰ ਪੜ੍ਹਨ ਤੁਸੀਂ ਨਹੀਂ ਦਿੰਦੇ ਤੇ ਫੇਰ ਕਹਿੰਦੇ ਹੋ, ਮਾਸਟਰਾਂ ਨੇ ਪੜ੍ਹਾਇਆ ਨਹੀਂ।’’ ਮਾਸਟਰ ਨੇ ਖਰ੍ਹਵੇ ਜਿਹੇ ਰਵੱਈਏ ਨਾਲ ਆਖਿਆ।
ਜੀਤੋ ਦਾ ਇਕ ਵਾਰ ਤਾਂ ਮਾਸਟਰ ਨੂੰ ਪੁੱਛਣ ਨੂੰ ਦਿਲ ਕੀਤਾ ਕਿ ‘ਇਹਨੂੰ ਸਕੂਲ ਆਉਂਦੇ ਨੂੰ ਪੰਜ ਸਾਲ ਹੋ ਗਏ ਹਨ। ਇਹਨੂੰ ਇੱਲ ਦਾ ਨਾਂ ਕੋਕੋ ਨਹੀਂ ਆਉਂਦਾ। ਇਨ੍ਹਾਂ ਤਿੰਨ ਮਹੀਨਿਆਂ ਵਿਚ ਇਹਨੇ ਕਿਹੜਾ ਜੱਜ ਬਣ ਜਾਣਾ ਸੀ।’ ਪਰ ਮਾਸਟਰ ਅੱਗੇ ਬੋਲਣ ਦੀ ਹਿੰਮਤ ਕਿੱਥੋਂ ਲਿਆਉਂਦੀ। ਉਹ ਚੁੱਪ ਹੀ ਰਹੀ।
ਦੀਪਾ ਤਿੰਨ ਮਹੀਨੇ ਸਕੂਲ ਨਹੀਂ ਆਇਆ ਸੀ। ਮਾਸਟਰ ਨੇ ਅਜੇ ਤਕ ਉਸ ਦਾ ਨਾਂ ਨਹੀਂ ਕੱਟਿਆ ਸੀ। ਫਿਰ ਵੀ ਮਾਸਟਰ ਨੇ ਦੀਪੇ ਨੂੰ ਦੁਬਾਰਾ ਨਾਂ ਲਿਖਵਾਉਣ ਵਾਸਤੇ ਅਰਜ਼ੀ ਲਿਖਣ ਲਈ ਆਖ ਦਿੱਤਾ ਸੀ। ਉਸ ਨੇ ਅਰਜ਼ੀ ਵਿਚ ਪਿਛਲੇ ਤਿੰਨ ਮਹੀਨੇ ਸਕੂਲ ਨਾ ਵੜਨ ਦਾ ਕਾਰਨ ਲਿਖ ਕੇ ਲਿਆਉਣ ਵਾਸਤੇ ਹਦਾਇਤ ਕਰ ਦਿੱਤੀ ਸੀ। ਮਾਸਟਰ ਨੇ ਇਕ ਕੋਰਾ ਕਾਗਜ਼ ਦੀਪੇ ਦੇ ਹੱਥ ਫੜ੍ਹਾ ਦਿੱਤਾ ਸੀ।
‘‘ਮਾਸਟਰ ਜੀ! ਅਰਜ਼ੀ ਇਸ ਤੋਂ ਨਹੀਂ ਲਿਖ ਹੋਣੀ। ਤੁਸੀਂ ਕਿਸੇ ਹੋਰ ਜੁਆਕ ਤੋਂ ਲਿਖਵਾ ਲਵੋ।’’
‘‘ਵੇਖ ਲੈ! ਇਹ ਨਿੱਕੀ ਜਿਹੀ ਅਰਜ਼ੀ ਲਿਖਣੀ ਵੀ ਭੁੱਲ ਗਿਆ। ਕਸੂਰ ਤੁਸੀਂ ਸਾਡਾ ਕੱਢਣਾ।’’ ਮਾਸਟਰ ਨੇ ਮਿਹਣਾ ਜਿਹਾ ਮਾਰਿਆ। ‘‘ਨਹੀਂ! ਮਾਸਟਰ ਜੀ ਇਹ ਅਰਜ਼ੀ ਤਾਂ ਲਿਖ ਲੈਂਦਾ। ਜਿਨ੍ਹਾਂ ਉਂਗਲਾਂ ਨਾਲ ਲਿਖਣਾ, ਉਹ ਟੋਕੇ ਵਿਚ ਆ ਗਈਆਂ ਤੇ ਵੱਢੀਆਂ ਗਈਆਂ।’’ ਜੀਤੋ ਨੇ ਦੀਪੇ ਦੇ ਹੱਥ ਵੱਲ ਇਸ਼ਾਰਾ ਕਰਦਿਆਂ ਦੱਸਿਆ। ਉਸ ਨੇ ਸੱਚ-ਝੂਠ ਰਲ਼ਾ ਦਿੱਤਾ ਸੀ। ਜੇ ਦੀਪੇ ਦੀਆਂ ਉਂਗਲਾਂ ਹੁੰਦੀਆਂ, ਅਰਜ਼ੀ ਉਸ ਕੋਲੋਂ ਫਿਰ ਵੀ ਨਹੀਂ ਲਿਖੀ ਜਾਣੀ ਸੀ। ਉਸ ਨੂੰ ਅਜੇ ਤਕ ਇਕ ਅੱਖਰ ਵੀ ਨਹੀਂ ਪਾਉਣਾ ਆਉਂਦਾ ਸੀ।
‘‘ਉਹੋ! ਫੇਰ ਤਾਂ ਸਰਸਵਤੀ ਰੁੱਸ ਗਈ ਸਮਝ। ਹੁਣ ਇਹਦਾ ਚੱਲਣਾ ਮੁਸ਼ਕਲ ਹੀ ਹੈ।’’ ‘‘ਹੁਣ ਪਹਿਲਾਂ ਇਹਨੂੰ ਖੱਬੇ ਹੱਥ ਨਾਲ ਅੱਖਰ ਪਾਉਣੇ ਸਿਖਾਉਣੇ ਪੈਣਗੇ।’’ ਇਹ ਆਖਦਿਆਂ ਮਾਸਟਰ ਨੇ ਦੀਪੇ ਨੂੰ ਪੰਜਵੀਂ ਦੀ ਥਾਂ ਤੀਜੀ ਜਮਾਤ ਵਿਚ ਬਿਠਾ ਦਿੱਤਾ ਸੀ। ‘‘ਅੱਖਰ ਤਾਂ ਅਜੇ ਤਕ ਇਸ ਨੂੰ ਸੱਜੇ ਹੱਥ ਨਾਲ ਵੀ ਪਾਉਣੇ ਨਹੀਂ ਆਏ। ਖੱਬੇ ਹੱਥ ਨਾਲ ਪਾਉਣੇ ਕਿੱਥੋਂ ਆਉਣ ਲੱਗੇ ਆ।’’ ਜੀਤੋ ਖੜ੍ਹੀ-ਖੜ੍ਹੀ ਸੋਚਣ ਲੱਗੀ। ਫਿਰ ਵੀ ਦੀਪੇ ਨੂੰ ਜਮਾਤ ਵਿਚ ਬਿਠਾ ਕੇ ਘਰ ਨੂੰ ਤੁਰਨ ਲੱਗਿਆਂ ਉਸ ਨੇ ਮਾਸਟਰ ਨੂੰ ਤਾਕੀਦ ਕਰ ਦਿੱਤੀ ਸੀ, ‘‘ਮਾਸਟਰ ਜੀ, ਚੱਜ ਨਾਲ ਪੜ੍ਹਾਇਓ। ਸਰਸਵਤੀ ਸ਼ਾਇਦ ਮਿਹਰਬਾਨ ਹੋ ਹੀ ਜਾਵੇ।’’
ਸੰਪਰਕ: 94165-92149