ਅਜਮੇਰ ਸਿੱਧੂ
ਪ੍ਰਤੀਕਰਮ
23 ਅਗਸਤ 2020 ਨੂੰ ਪੰਜਾਬੀ ਟ੍ਰਿਬਿਊਨ ਦੇ ਦਸਤਕ ਅੰਕ ਵਿਚ ਸੁਖਦਰਸ਼ਨ ਨੱਤ ਨੇ ‘ਇਕ ਪ੍ਰੇਰਨਾ ਭਰਪੂਰ ਕਿਤਾਬ (ਸ਼ਹੀਦ ਬਲਦੇਵ ਸਿੰਘ ਮਾਨ: ਗਾਥਾ ਇਕ ਸੂਰਮੇ ਦੀ)’ ਸਬੰਧੀ ਲੇਖ ਲਿਖਿਆ ਹੈ। ਉਨ੍ਹਾਂ ਲਿਖਿਆ ਹੈ- ‘ਅਜਿਹੀ ਕਿਸੇ ਵੀ ਪੁਸਤਕ ਦੇ ਲੇਖਕ ਜਾਂ ਸੰਪਾਦਕ ਦੇ ਰਾਹ ਵਿਚ ਆਉਣ ਵਾਲੀ ਇਕ ਅਟੱਲ ਸਮੱਸਿਆ ਇਹ ਹੈ ਕਿ ਇਨਕਲਾਬੀ ਲਹਿਰ ਅਤੇ ਇਸ ਦੇ ਵੱਖ ਵੱਖ ਸਿਆਸੀ ਜਾਂ ਜਨਤਕ ਸੰਗਠਨਾਂ ਨਾਲ ਸਬੰਧਿਤ ਲਿਖਤਾਂ, ਪ੍ਰਕਾਸ਼ਨਾਵਾਂ, ਦਸਤਾਵੇਜ਼ਾਂ ਜਾਂ ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਛਾਪੇ ਜਾਂਦੇ ਪਰਚਿਆਂ ਦੀਆਂ ਫਾਈਲਾਂ ਦੀ ਸਹੀ ਸਾਂਭ-ਸੰਭਾਲ ਰੱਖਣ ਵਾਲੇ ਪਾਸਿਓਂ ਵੀ ਸਾਡੀ ਹਾਲਤ ਕੋਈ ਬਿਹਤਰ ਨਹੀਂ। ਇਹੀ ਕਾਰਨ ਹੈ ਕਿ ਲੋੜ ਪੈਣ ’ਤੇ ਲੋੜੀਂਦੀ ਛਪੀ ਸਮੱਗਰੀ ਜਾਂ ਤਾਂ ਕਿਧਰੋਂ ਲੱਭਦੀ ਹੀ ਨਹੀਂ ਅਤੇ ਜਾਂ ‘ਗੁਪਤਤਾ’ ਦੇ ਨਾਂ ’ਤੇ ਸਬੰਧਿਤ ਸੰਗਠਨਾਂ ਦੇ ਮੋਹਰੀ ਉਸ ਨੂੰ ਪ੍ਰਦਾਨ ਕਰਨ ਤੋਂ ਇਨਕਾਰੀ ਹੁੰਦੇ ਹਨ। ਇਸ ਹਾਲਤ ਵਿਚ ਕਿਸੇ ਲੇਖਕ ਜਾਂ ਖੋਜ ਕਰਤਾ ਲਈ ਇਕੋ ਉਮੀਦ ਬਚਦੀ ਹੈ ਕਿ ਉਨ੍ਹਾਂ ਨੂੰ ਕੋਈ ਅਜਿਹਾ ਸਾਥੀ ਲੱਭ ਜਾਵੇ ਜੋ ਨਿੱਜੀ ਦਿਲਚਸਪੀ ਜਾਂ ਰੁਚੀ ਕਾਰਨ ਵਿਅਕਤੀਗਤ ਪੱਧਰ ’ਤੇ ਕੁਝ ਅਜਿਹਾ ਰਿਕਾਰਡ ਸਾਂਭੀ ਬੈਠਾ ਹੋਵੇ ਅਤੇ ਜਿਸ ਨੂੰ ਆਪਣਾ ਉਹ ‘ਖਜ਼ਾਨਾ’ ਤੁਹਾਡੇ ਨਾਲ ਸਾਂਝਾ ਕਰਨ ਵਿਚ ਵੀ ਕੋਈ ਦਿੱਕਤ ਨਾ ਹੋਵੇ। ਉਂਝ ਅਜਿਹਾ ਹੋਣ ਦੀ ਵੀ ਕੋਈ ਗਰੰਟੀ ਨਹੀਂ ਸਗੋਂ ਇਹ ਤਾਂ ਬੱਸ ਕੋਈ ਲਾਟਰੀ ਨਿਕਲ ਆਉਣ ਵਰਗੀ ਗੱਲ ਹੁੰਦੀ ਹੈ।’
ਸੁਖਦਰਸ਼ਨ ਨੱਤ ਹੁਰਾਂ ਦੇ ਇਨ੍ਹਾਂ ਵਿਚਾਰਾਂ ਨਾਲ ਹਰ ਖੋਜ ਕਰਤਾ ਸਹਿਮਤ ਹੋ ਸਕਦਾ ਹੈ। ਇਨਕਲਾਬੀ, ਖ਼ਾਸ ਤੌਰ ’ਤੇ ਹਥਿਆਰਬੰਦ ਲਹਿਰਾਂ ਬਾਰੇ ਸਮੱਗਰੀ ਇਕੱਠੀ ਕਰਨਾ ਬਹੁਤ ਔਖਾ ਕਾਰਜ ਹੈ ਕਿਉਂਕਿ ਜਥੇਬੰਦੀਆਂ ਅਤੇ ਅਦਾਰਿਆਂ ਵਿਚਲੇ ਲੋਕ ਸਹਿਯੋਗ ਨਹੀਂ ਦਿੰਦੇ। ਮੈਂ ਕਾਮਰੇਡ ਦਰਸ਼ਨ ਦੁਸਾਂਝ ਦੀ ਜੀਵਨੀ ‘ਤੁਰਦੇ ਪੈਰਾਂ ਦੀ ਦਾਸਤਾਨ’ ਅਤੇ ਬਾਬਾ ਬੂਝਾ ਸਿੰਘ ਦੀ ਜੀਵਨੀ ‘ਬਾਬਾ ਬੂਝਾ ਸਿੰਘ: ਗ਼ਦਰ ਤੋਂ ਨਕਸਲਬਾੜੀ ਤੱਕ’ ਲਿਖਣ ਅਤੇ ‘ਕ੍ਰਾਂਤੀ ਲਈ ਬਲਦਾ ਕਣ ਕਣ: ਸੰਤ ਰਾਮ ਉਦਾਸੀ’ ਪੁਸਤਕਾਂ ਦੇ ਸੰਪਾਦਨ ਵੇਲੇ ਇਹ ਗੱਲ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤੀ ਸੀ। ਇਨ੍ਹਾਂ ਪੁਸਤਕਾਂ ਵੇਲੇ ਪੰਜਾਬ ਦੇ ਇਨਕਲਾਬੀ ਹਲਕਿਆਂ ਵੱਲੋਂ ਭਰਪੂਰ ਸਹਿਯੋਗ ਨਾ ਮਿਲਿਆ। ਜੇ ਕਿਸੇ ਨੇ ਸਹਿਯੋਗ ਦਿੱਤਾ ਤਾਂ ਬਹੁਤ ਸਮਾਂ ਲਾਇਆ ਗਿਆ। ਮੈਨੂੰ ਲੱਗਾ, ਪੰਜਾਬ ਦੇ ਇਨਕਲਾਬੀ ਇਤਿਹਾਸ ਬਣਾਉਣਾ ਤਾਂ ਜਾਣਦੇ ਹਨ, ਪਰ ਲਿਖਣਾ ਨਹੀਂ ਜਾਂ ਲਿਖਵਾਉਣਾ ਨਹੀਂ ਚਾਹੁੰਦੇ।
ਸੁਖਦਰਸ਼ਨ ਨੱਤ ਹੁਰਾਂ ਅੱਗੇ ਲਿਖਿਆ ਹੈ- ‘ਉਂਜ, ਸ਼ਹੀਦ ਬਲਦੇਵ ਮਾਨ ਬਾਰੇ ਕਿਤਾਬ ਸੰਪਾਦਿਤ ਕਰਨ ਦਾ ਇਹ ਪਹਿਲਾ ਉਦਮ ਨਹੀਂ ਹੈ। ਹਰਭਗਵਾਨ (ਭੀਖੀ) ਵੱਲੋਂ ਇਹ ਪ੍ਰਾਜੈਕਟ ਹੱਥ ਲੈਣ ਤੋਂ ਕੋਈ ਦਸ ਕੁ ਸਾਲ ਪਹਿਲਾਂ ਪੰਜਾਬੀ ਦੇ ਜਾਣੇ-ਪਛਾਣੇ ਕਹਾਣੀਕਾਰ ਅਜਮੇਰ ਸਿੱਧੂ ਨੇ ਵੀ ਅੰਮ੍ਰਿਤਸਰ ਦੀ ਨਕਸਲਬਾੜੀ ਲਹਿਰ ਬਾਰੇ ਕਿਤਾਬ ਤਿਆਰ ਕਰਨ ਦਾ ਕੰਮ ਬੜੇ ਉਤਸ਼ਾਹ ਅਤੇ ਇਨਕਲਾਬੀ ਭਾਵਨਾ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਾਫ਼ੀ ਸਾਰੀ ਸਮੱਗਰੀ ਤਿਆਰ/ਇਕੱਤਰ ਕਰ ਵੀ ਲਈ ਸੀ ਪਰ ਲਹਿਰ ਅੰਦਰਲੇ ਸ਼ੱਕੀ ਸੁਭਾਅ ਅਤੇ ਸੰਕੀਰਨ ਸੋਚ ਵਾਲੇ ਚੰਦ ਆਗੂਆਂ ਦੇ ਅਸਹਿਯੋਗ ਅਤੇ ਬੇਤੁਕੇ ਕਿੰਤੂ-ਪ੍ਰੰਤੂਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣਾ ਕੰਮ ਰੋਕ ਦਿੱਤਾ। ਇਸ ਕੁੜੱਤਣ ਦੇ ਬਾਵਜੂਦ ਅਜਮੇਰ ਸਿੱਧੂ ਨੇ ਫਰਾਖਦਿਲੀ ਦਿਖਾਈ ਕਿ ਹਰਭਗਵਾਨ ਵੱਲੋਂ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ਵੱਲੋਂ ਇਕੱਤਰ ਕੀਤੀ ਸਾਰੀ ਸਮੱਗਰੀ ਉਸ ਦੇ ਹਵਾਲੇ ਕਰ ਦਿੱਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਇਕਰਾਰ ਕੀਤਾ’।
ਇੱਥੇ ਸੁਖਦਰਸ਼ਨ ਨੱਤ ਹੁਰਾਂ ਗੜਬੜ ਕਰ ਦਿੱਤੀ ਹੈ। ਮੈਂ ਅੱਜ ਤੋਂ ਕੋਈ 15-20 ਸਾਲ ਪਹਿਲਾਂ ‘ਪੰਜਾਬ ਦੀ ਨਕਸਲਬਾੜੀ ਲਹਿਰ’ ਦਾ ਇਤਿਹਾਸ ਲਿਖਣ ਦਾ ਬੀੜਾ ਚੁੱਕਿਆ ਸੀ। ਮੈਂ ਇਸ ਸਬੰਧੀ ਕਈ ਸਾਲ ਸਮੱਗਰੀ ਇਕੱਠੀ ਕਰਦਾ ਰਿਹਾ ਅਤੇ ਆਗੂਆਂ/ਕਾਰਕੁਨਾਂ ਨਾਲ ਮੁਲਾਕਾਤਾਂ ਕਰਦਾ ਰਿਹਾ। ਨਕਸਲੀਆਂ ਦੀ ਇੱਕ ਧਿਰ ਜੋ ਜ਼ਿਆਦਾਤਰ ਮਾਲਵਾ ਖੇਤਰ ਵਿਚ ਸਰਗਰਮ ਹੈ, ਨੇ ਮੇਰੇ ਕੰਮ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਬੇਲੋੜਾ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ। ਬੱਸ ਮੈਂ ਫਿਰ ਉਸ ਕੰਮ ਨੂੰ ਉੱਥੇ ਹੀ ਸੰਤੋਖ ਦਿੱਤਾ।
ਅੱਜ ਤੋਂ ਅੱਠ ਸਾਲ ਪਹਿਲਾਂ ਸੀਪੀਆਈ (ਐੱਮਐੱਲ)-ਨਿਊ ਡੈਮੋਕਰੇਸੀ ਦੇ ਆਗੂਆਂ ਕਾਮਰੇਡ ਦਰਸ਼ਨ ਸਿੰਘ ਖਟਕੜ, ਸਰਦਾਰਾ ਸਿੰਘ ਮਾਹਿਲ ਅਤੇ ਕੁਲਵਿੰਦਰ ਸਿੰਘ ਵੜੈਚ ਨੇ ਆਪਣੀ ਧਿਰ ਦੇ ਸ਼ਹੀਦ ਹੋਏ ਆਗੂਆਂ ਸ਼ਹੀਦ ਬਲਦੇਵ ਸਿੰਘ ਮਾਨ ਅਤੇ ਸ਼ਹੀਦ ਸਰਬਜੀਤ ਸਿੰਘ ਭਿੱਟੇਵੱਡ (ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਹਨ) ਬਾਰੇ ਪੁਸਤਕ ਸੰਪਾਦਨ ਕਰਨ ਲਈ ਮੈਨੂੰ ਕਿਹਾ। ਮੈਂ ਇਸ ਕਿਤਾਬ ਦਾ ਕਾਫ਼ੀ ਕੰਮ ਕਰ ਲਿਆ ਸੀ ਪਰ ਇਹ ਨੇਪਰੇ ਨਾ ਚੜ੍ਹਿਆ। ਜਿਸ ਢੰਗ ਨਾਲ ਮੈਂ ਕਿਤਾਬ ਸੰਪਾਦਨ ਕਰਨਾ ਚਾਹੁੰਦਾ ਸੀ, ਮੇਰਾ ਮਕਸਦ ਪੂਰਾ ਨਹੀਂ ਸੀ ਹੋਇਆ। ਜੋ ਕਿਤਾਬ ਹਰਭਗਵਾਨ ਭੀਖੀ ਨੇ ਸੰਪਾਦਨ ਕੀਤੀ ਹੈ, ਇਸ ਵਿਚ ਜ਼ਿਆਦਾਤਰ ਸ਼ਹੀਦ ਮਾਨ ਦੀਆਂ ਯਾਦਾਂ ਹਨ। ਉਸ ਦਾ ਰਾਜਨੀਤਕ ਜੀਵਨ ਵਿਸਥਾਰ ਦੀ ਮੰਗ ਕਰਦਾ ਹੈ। ਮੈਂ ਜਿਨ੍ਹਾਂ ਲੇਖਕਾਂ ਅਤੇ ਅੰਮ੍ਰਿਤਸਰ ਦੇ ਪਾਰਟੀ ਆਗੂਆਂ ਦੀ ਬਲਦੇਵ ਸਿੰਘ ਮਾਨ ਅਤੇ ਸਰਬਜੀਤ ਸਿੰਘ ਭਿੱਟੇਵੱਡ ਦੇ ਰਾਜਸੀ ਜੀਵਨ ਬਾਰੇ ਲਿਖਣ ਦੀ ਡਿਊਟੀ ਲਾਈ ਸੀ, ਉਹ ਸਮੇਂ ਸਿਰ ਲਿਖ ਕੇ ਨਾ ਦੇ ਸਕੇ। ਫਿਰ ਮੇਰੇ ਨਾਲ ਵਾਪਰੇ ਸੜਕ ਹਾਦਸੇ ਨੇ ਇਸ ਪ੍ਰਾਜੈਕਟ ਦੀਆਂ ਬ੍ਰੇਕਾਂ ਲੁਆ ਦਿੱਤੀਆਂ। ਜਦੋਂ ਲਬਿਰੇਸ਼ਨ ਧਿਰ ਦੇ ਆਗੂ ਹਰਭਗਵਾਨ ਭੀਖੀ ਨੇ ਪੁਸਤਕ ਸੰਪਾਦਨ ਕਰਨ ਵੇਲੇ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਸ਼ਹੀਦ ਮਾਨ ਦੀ ਧਿਰ ਦੇ ਆਗੂਆਂ ਤੋਂ ਸਹਿਮਤੀ ਲੈ ਕੇ ਸਾਰਾ ਮੈਟਰ ਭੀਖੀ ਦੇ ਹਵਾਲੇ ਕਰ ਦਿੱਤਾ। ਕੁਝ ਮੈਟਰ ਡਾ. ਅਵਤਾਰ ਸਿੰਘ ਓਠੀ ਨੇ ਵੀ ਦਿੱਤਾ। ਇਸ ਕਿਤਾਬ ਦੇ ਮੈਟਰ ਦਾ ਬਹੁਤ ਵੱਡਾ ਹਿੱਸਾ ਅਸੀਂ ਖ਼ੁਸ਼ੀ ਖ਼ੁਸ਼ੀ ਸੰਪਾਦਕ ਨੂੰ ਦੇ ਦਿੱਤਾ।
ਦਰਅਸਲ, ਸੁਖਦਰਸ਼ਨ ਨੱਤ ਨੇ ਜੋ ਪੰਜਾਬੀ ਟ੍ਰਿਬਿਊਨ ਵਿਚ ਲਿਖਿਆ ਹੈ, ਇਹ ਉਨ੍ਹਾਂ ਦੀ ਕਿਤਾਬ ਦੀ ਭੂਮਿਕਾ ਦਾ ਹੀ ਸੰਖੇਪ ਹਿੱਸਾ ਹੈ। ਕਿਤਾਬ ਛਪਣ ਤੋਂ ਪਹਿਲਾਂ ਇਹ ਭੂਮਿਕਾ ਮੈਨੂੰ ਹਰਭਗਵਾਨ ਭੀਖੀ ਨੇ ਪੜ੍ਹਾਈ ਸੀ। ਮੈਂ ਉਨ੍ਹਾਂ ਨੂੰ ਸਬੰਧਤ ਮਸਲੇ ਵਿਚ ਸੋਧ ਬਾਰੇ ਕਿਹਾ ਸੀ। ਉਨ੍ਹਾਂ ਬਲਦੇਵ ਸਿੰਘ ਮਾਨ ਦੀ ਜਗ੍ਹਾ ਅੰਮ੍ਰਿਤਸਰ ਦੇ ਸ਼ਹੀਦ ਕਰ ਦਿੱਤਾ। ਮੈਂ ਕਿਤਾਬ ਛਪਣ ’ਤੇ ਸੰਪਾਦਕ ਨਾਲ ਇਤਰਾਜ਼ ਸਾਂਝਾ ਕੀਤਾ, ਪਰ ਇਤਰਾਜ਼ ਕਰਨ ਦੇ ਬਾਵਜੂਦ ਮੇਰੀ ਗੱਲ ਵੱਲ ਤਵੱਜੋ ਨਹੀਂ ਦਿੱਤੀ ਗਈ। ਮੁੜ ਉਹੀ ਗ਼ਲਤੀ ਹੁਣ ‘ਪੰਜਾਬੀ ਟ੍ਰਿਬਿਊਨ’ ਵਿਚ ਲੇਖ ਛਪਵਾਉਣ ਵੇਲੇ ਦਿੱਤੀ ਗਈ।
ਦੁੱਖ ਦੀ ਗੱਲ ਇਹ ਹੈ ਕਿ ਅਜਿਹੇ ਗ਼ਲਤ ਵੇਰਵੇ ਛਪਣ ਨਾਲ ਇਤਿਹਾਸ ਦਾ ਹਿੱਸਾ ਬਣ ਜਾਂਦੇ ਹਨ। ਦੂਜੀ ਗੱਲ, ਇਹ ਗੱਲਬਾਤ ਵਾਰ ਵਾਰ ਮੇਰੇ ਹਵਾਲੇ ਨਾਲ ਲਿਖੀ ਜਾ ਰਹੀ ਹੈ। ਇਸੇ ਕਰਕੇ ਹੀ ਹੁਣ ਮੈਂ ਵਿਸਥਾਰ ਵਿਚ ਇਤਰਾਜ਼ ਉਠਾਇਆ ਹੈ ਕਿ ਕਿਤਾਬ ਦਾ ਸੰਪਾਦਕ, ਭੂਮਿਕਾ ਅਤੇ ਰੀਵਿਊ ਲਿਖਣ ਵਾਲੇ ਇਸ ਗ਼ਲਤੀ ਨੂੰ ਸੁਧਾਰ ਲੈਣ। ਮੈਂ ਬਿਨਾ ਵਜ੍ਹਾ
ਨਿਸ਼ਾਨਾ ਬਣ ਰਿਹਾ ਹਾਂ। ਅਜਿਹੀਆਂ ਗੱਲਾਂ ਨਾਲ ਇਨਕਲਾਬੀ ਧਿਰਾਂ ਵਿਚਕਾਰ ਕੁੜੱਤਣ ਵੀ ਵਧਦੀ ਹੈ। ਅਸਲ ਵਿਚ, ਮੈਂ ਜਿਹੜੀ ਗੱਲ ਨੱਤ ਹੁਰਾਂ ਨੂੰ ‘ਪੰਜਾਬ ਦੀ ਨਕਸਲਬਾੜੀ ਲਹਿਰ’ ਦੇ ਪ੍ਰਸੰਗ ਵਿਚ ਦੱਸੀ ਸੀ, ਉਹ ਉਨ੍ਹਾਂ ਸ਼ਹੀਦ ਮਾਨ ਦੀ ਪੁਸਤਕ ਨਾਲ ਜੋੜ ਦਿੱਤੀ ਹੈ। ਇਹ ਨਹੀਂ ਪਤਾ ਕਿ ਉਹ ਇਹ ਗ਼ਲਤੀ ਅਨਭੋਲਪੁਣੇ ਵਿਚ ਕਰ ਰਹੇ ਹਨ ਜਾਂ ਕਿਸੇ ਸਿਆਸਤ ਦੇ ਪ੍ਰਭਾਵ ਹੇਠ।
ਸੰਪਰਕ: 94630-63990