ਨਰਿੰਦਰ ਸਿੰਘ ਕਪੂਰ
ਮੈਂ ਦੋ ਵਾਰ ਹਵਾਲਾਤ ਅਤੇ ਇਕ ਵਾਰ ਜੇਲ੍ਹ ਵਿਚ ਰਿਹਾ ਹਾਂ। ਦਸਵੀਂ ਕਰਨ ਉਪਰੰਤ ਮੈਂ ਇਕ ਪ੍ਰਕਾਸ਼ਕ ਕੋਲ ਕੰਮ ਕਰਦਾ ਸਾਂ। ਪ੍ਰਕਾਸ਼ਕ ਦੀ ਡਾਕ ਦੇ ਸੱਤ-ਅੱਠ ਲਿਫ਼ਾਫ਼ੇ ਬਿਨਾਂ ਕਿਸੇ ਲੇਟ-ਫੀਸ ਦੇ ਸਟੇਸ਼ਨ ’ਤੇ ਡਾਕਖਾਨੇ ਬਾਹਰ ਲੱਗੇ ਲੈਟਰ ਬਾਕਸ ਵਿਚ ਰੋਜ਼ ਪਾਉਣ ਲਈ ਜਾਂਦਾ ਸਾਂ। ਉਸ ਵੇਲੇ ਸੰਚਾਰ ਦਾ ਸਾਧਨ ਡਾਕਖਾਨਾ ਹੀ ਹੁੰਦਾ ਸੀ ਕਿਉਂਕਿ ਟੈਲੀਫੋਨ ਆਮ ਨਹੀਂ ਸਨ। ਜਿਸ ਦਿਨ ਦੀ ਘਟਨਾ ਹੈ, ਉਸ ਦਿਨ ਡਾਕਖਾਨੇ ਦੇ ਕਰਮਚਾਰੀ ਨੇ ਲੈਟਰ ਬਾਕਸ ਭਰ ਜਾਣ ਕਰਕੇ ਦਸ ਮਿੰਟ ਪਹਿਲਾਂ ਹੀ ਡਾਕ ਕੱਢ ਲਈ। ਚਿੱਠੀਆਂ ਪਾਉਣ ਆਏ ਲੋਕਾਂ ਨੇ ਰੋਸ ਕੀਤਾ, ਝਗੜਾ ਹੋ ਗਿਆ ਅਤੇ ਝਗੜਾ ਕਰਦੇ ਕਰਦੇ ਲੋਕ ਡਾਕਖਾਨੇ ਅੰਦਰ ਵੜ ਗਏ। ਉੱਥੇ ਰੇਲਵੇ ਪੁਲੀਸ ਆ ਗਈ ਅਤੇ ਪੁਲੀਸ ਨੇ ਮੇਰੇ ਸਮੇਤ ਤਿੰਨ ਲੜਕਿਆਂ ਨੂੰ ਫੜ ਲਿਆ ਅਤੇ ਸਾਨੂੰ ਤਿੰਨਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਬਾਕੀ ਦੋ ਥਾਪਰ ਕਾਲਜ ਦੇ ਇਕ ਪ੍ਰੋਫੈਸਰ ਦੇ ਪੁੱਤਰ ਸਨ ਜਿਹੜੇ ਇਕ ਦੇ ਵਿਆਹ ਦੇ ਕਾਰਡ ਡਾਕ ਵਿਚ ਪਾਉਣ ਆਏ ਸਨ। ਦੋ ਰਾਤਾਂ ਪੁਲੀਸ ਨੇ ਸਾਨੂੰ ਹਵਾਲਾਤ ਵਿਚ ਰੱਖਿਆ ਅਤੇ ਫਿਰ ਉਨ੍ਹਾਂ ਦੋਹਾਂ ਕਾਰਨ ਮੈਨੂੰ ਵੀ ਛੱਡ ਦਿੱਤਾ। ਹਵਾਲਾਤ ਵਿਚ ਰਹਿੰਦਿਆਂ ਇਹ ਪਤਾ ਨਹੀਂ ਲੱਗਦਾ ਕਿ ਅੱਗੋਂ ਕੀ ਹੋਵੇਗਾ ਕਿਉਂਕਿ ਅਗਲੇਰੀ ਕਾਰਵਾਈ ਪੁਲੀਸ ਵੱਲੋਂ ਲਾਗੂ ਕੀਤੀਆਂ ਜਾਣ ਵਾਲੀਆਂ ਧਾਰਾਵਾਂ ’ਤੇ ਨਿਰਭਰ ਕਰਦੀ ਹੈ।
ਦੂਜੀ ਵਾਰ, ਸੈਰ ਕਰਨ ਵਾਸਤੇ ਅਸੀਂ ਚਾਰ ਦੋਸਤ ਰਲ ਕੇ ਹਰ ਐਤਵਾਰ, ਸ਼ਾਮ ਨੂੰ ਉਸ ਸਮੇਂ ਚੱਲ ਰਹੇ ਅਕਾਲੀ-ਮੋਰਚੇ ਵਿਚ ਰਵਾਨਾ ਹੋਣ ਵਾਲੇ ਜਥੇ ਦਾ ਰੌਣਕ ਮੇਲਾ ਵੇਖਣ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾਇਆ ਕਰਦੇ ਸਾਂ। ਜਥੇ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅੰਦਰ ਬੜੀਆਂ ਜੋਸ਼ੀਲੀਆਂ ਤਕਰੀਰਾਂ ਹੁੰਦੀਆਂ ਸਨ ਅਤੇ ਫਿਰ ਗਲ ਵਿਚ ਕੇਸਰੀ ਸਿਰੋਪਿਆਂ ਵਾਲੇ ਇੱਕੀ ਜਾਂ ਇਕੱਤੀ ਵਿਅਕਤੀਆਂ ਵਾਲਾ ਜਥਾ ਨਿਕਲਦਾ ਸੀ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਪਹਿਲਾਂ ਹੀ ਇੰਤਜ਼ਾਰ ਕਰ ਰਹੀ ਹੁੰਦੀ ਸੀ। ਪੁਲੀਸ ਰੌਣਕ ਵੇਖਣ ਵਾਲਿਆਂ ਵਿਚੋਂ ਜਿਹੜਾ ਹੱਥ ਲੱਗਦਾ ਸੀ, ਉਸ ਨੂੰ ਵੀ ਫੜ ਲੈਂਦੀ ਸੀ, ਜਿਨ੍ਹਾਂ ਨੂੰ ਲਿਖਤੀ ਮੁਆਫ਼ੀ ਮੰਗਣ ’ਤੇ ਛੱਡ ਦਿੱਤਾ ਜਾਂਦਾ ਸੀ। ਮੁਆਫ਼ੀ ਮੰਗਣ ਵਾਲਿਆਂ ਰਾਹੀਂ ਸਰਕਾਰ ਮੋਰਚੇ ਨੂੰ ਬਦਨਾਮ ਕਰਦੀ ਸੀ। ਉਸ ਦਿਨ ਅਸੀਂ ਦੋ ਦੋਸਤ ਫੜੇ ਗਏ ਅਤੇ ਤੀਜਾ ਪਰ੍ਹੇ ਹੋਣ ਕਰਕੇ ਬਚ ਗਿਆ। ਉਸ ਦਿਨ ਚੌਥਾ ਆਇਆ ਨਹੀਂ ਸੀ। ਸਾਨੂੰ ਨਵੇਂ ਬਣੇ ਸਦਰ ਥਾਣੇ ਦੀ ਹਵਾਲਾਤ ਵਿਚ ਦਸੰਬਰ ਦੇ ਤੀਜੇ ਹਫ਼ਤੇ ਦੀ ਇਕ ਰਾਤ ਨੂੰ ਪੱਗਾਂ ਅਤੇ ਜੁੱਤੀਆਂ ਉਤਾਰ ਕੇ ਸਲਾਖਾਂ ਵਾਲੀ ਹਵਾਲਾਤ ਦੇ ਠੰਢੇ ਫਰਸ਼ ਵਿਚ ਸੱਤ ਬੰਦਿਆਂ ਨੂੰ ਬੰਦ ਕਰ ਦਿੱਤਾ। ਪਤਾ ਨਹੀਂ ਸੀ ਬਾਕੀ ਕੌਣ ਸਨ, ਸੋ ਸਾਰੇ ਚੁੱਪ ਹੀ ਰਹੇ। ਇਕ ਦੀ ਸਵੈਟਰ ਲੁਹਾ ਕੇ ਪੈਰਾਂ ਥੱਲੇ ਕਰਨ ਦਾ ਅਸਫ਼ਲ ਯਤਨ ਕੀਤਾ। ਉਹ ਰਾਤ ਬੜੀ ਮੁਸ਼ਕਿਲ ਗੁਜ਼ਰੀ। ਤੀਜਾ ਦੋਸਤ ਸਾਨੂੰ ਰੋਟੀ ਦੇਣ ਆਇਆ, ਪਰ ਉਸ ਨੂੰ ਅਸੀਂ ਰੋਕ ਦਿੱਤਾ ਕਿ ਫੜਿਆ ਜਾਵੇਂਗਾ। ਲੋੜੀਂਦੀ ਕਾਰਵਾਈ ਉਪਰੰਤ ਅਗਲੀ ਰਾਤ ਨੂੰ ਸਾਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਡਿਉਢੀ ਵਿਚ ਸਾਨੂੰ ਪੁੱਛਿਆ ਗਿਆ ਕਿ ਉੱਥੇ ਰਹਿਣਾ ਹੈ ਕਿ ਜਾਣਾ ਹੈ। ਜਾਣ ਵਾਲਿਆਂ ਨੂੰ ਮੁਆਫ਼ੀਨਾਮੇ ’ਤੇ ਦਸਤਖ਼ਤ ਕਰਵਾਏ ਜਾਂਦੇ ਸਨ। ਇਕ ਵਾਕ ਦਾ ਮੁਆਫ਼ੀਨਾਮਾ ਸੀ ਕਿ ‘ਮੇਰਾ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ’। ਭਾਵੇਂ ਸਾਡਾ ਮੋਰਚੇ ਨਾਲ ਕੋਈ ਸਬੰਧ ਨਹੀਂ ਸੀ, ਪਰ ਮੁਆਫ਼ੀ ਮੰਗਣੀ ਸਾਨੂੰ ਅਪਮਾਨ ਪ੍ਰਤੀਤ ਹੋਇਆ ਅਤੇ ਮੁਆਫ਼ੀ ਮੰਗਣ ਤੋਂ ਅਸੀਂ ਇਨਕਾਰ ਕੀਤਾ। ਇਸ ਇਨਕਾਰ ਦਾ ਮੈਨੂੰ ਜੀਵਨ ਭਰ ਮਾਣ ਮਹਿਸੂਸ ਹੁੰਦਾ ਰਿਹਾ ਹੈ।
ਜੇਲ੍ਹ ਦਾ ਅਨੁਭਵ ਬੜਾ ਯਾਦਗਾਰੀ ਸੀ। ਉਸ ਵੇਲੇ ਦੇ ਸਾਰੇ ਪਤਵੰਤੇ ਆਗੂ ਅੰਦਰ ਬੰਦ ਸਨ। ਸਾਡੇ ਦੋ ਤੋਂ ਇਲਾਵਾ ਬਾਕੀ ਸਾਰੇ ਪਿੰਡਾਂ ਦੇ ਲੋਕ ਸਨ। ਗੁਰਚਰਨ ਸਿੰਘ ਟੌਹੜਾ ਅਤੇ ਹੋਰ ਆਗੂਆਂ ਨੂੰ ਪਹਿਲੀ ਵਾਰ ਮੈਂ ਪਟਿਆਲਾ ਜੇਲ੍ਹ ਵਿਚ ਹੀ ਮਿਲਿਆ ਸਾਂ। ਮੋਰਚਾ ਚਲਦਿਆਂ ਦੇਰ ਹੋ ਗਈ ਸੀ ਅਤੇ ਹਰ ਰੋਜ਼ ਆਸ ਲੱਗੀ ਰਹਿੰਦੀ ਸੀ ਕਿ ਅੱਜ ਮੋਰਚਾ ਫ਼ਤਹਿ ਹੋ ਜਾਵੇਗਾ। ਫ਼ਤਹਿ ਤੋਂ ਭਾਵ ਸਮਾਪਤ ਹੋ ਜਾਣ ਦਾ ਸੀ। ਪਤਾ ਨਹੀਂ ਕਿਵੇਂ ਪਰ ਲਗਪਗ ਇਕ ਮਹੀਨੇ ਮਗਰੋਂ ਮੋਰਚਾ ਫ਼ਤਹਿ ਹੋ ਗਿਆ ਸੀ। ਮੈਨੂੰ ਯਾਦ ਹੈ ਕਿ ਮੋਰਚਾ ਫ਼ਤਹਿ ਹੋਣ ਨਾਲ ਪ੍ਰਸੰਨਤਾ ਨਹੀਂ, ਨਿਰਾਸਤਾ ਉਪਜੀ ਸੀ ਕਿਉਂਕਿ ਬਾਕੀ ਮੋਰਚਿਆਂ ਵਾਂਗ ਇਹ ਮੋਰਚਾ ਵੀ ਬੇਸਿੱਟਾ ਰਿਹਾ ਸੀ। ਅਸੀਂ ਜਿਹੜੇ ਪਟਿਆਲੇ ਜੇਲ੍ਹ ਵਿਚ ਬੰਦ ਸਾਂ, ਅਸੀਂ ਨਾਅਰੇ ਮਾਰਦੇ, ਜੇਲ੍ਹ ਤੋਂ ਪੈਦਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਹੁੰਚੇ ਜਿੱਥੇ ਸਾਰਿਆਂ ਨੂੰ ਕੇਸਰੀ ਸਿਰੋਪੇ ਪਾਏ ਗਏ ਅਤੇ ਇਕ-ਇਕ ਬਾਟਾ ਚਾਹ ਦਾ ਪਿਆਇਆ ਗਿਆ ਅਤੇ ਅਸੀਂ ਜੇਤੂ ਭਾਵਨਾ ਨਾਲ ਆਪਣੇ ਘਰਾਂ ਨੂੰ ਚਲੇ ਗਏ।
ਦੇਸ਼ ਦੇ ਆਜ਼ਾਦ ਹੋਣ ਉਪਰੰਤ ਅਕਾਲੀਆਂ ਨੇ ਮੋਰਚੇ ਬੜੇ ਲਾਏ, ਕੁਰਬਾਨੀਆਂ ਅਨੇਕਾਂ ਦਿੱਤੀਆਂ ਪਰ ਸਭ ਕੁਝ ਦਾ ਨਤੀਜਾ ਕੁਝ ਨਾ ਨਿਕਲਿਆ। ਸਰਕਾਰ ਗੱਲਬਾਤ ਲਈ ਬੁਲਾਉਂਦੀ ਸੀ, ਇਹ ਜਾਂਦੇ ਹੀ ਨਹੀਂ ਸਨ ਕਿਉਂਕਿ ਇਨ੍ਹਾਂ ਨੂੰ ਇਕ ਦੂਜੇ ਉੱਤੇ ਵਿਸ਼ਵਾਸ ਹੀ ਨਹੀਂ ਸੀ। ਮੈਂ ਮਹਿਸੂਸ ਕੀਤਾ ਹੈ ਕਿ ਭਾਰਤੀ ਭਾਸ਼ਾਵਾਂ ਵਿਚ ਭਾਵੁਕ ਸ਼ਬਦਾਵਲੀ ਦੀ ਭਰਮਾਰ ਹੈ, ਪਰ ਤਰਕ-ਆਧਾਰਿਤ ਸ਼ਬਦਾਵਲੀ ਦੀ ਲਗਪਗ ਅਣਹੋਂਦ ਹੈ ਜਿਸ ਕਾਰਨ ਭਾਰਤ ਵਿਚ ਅੰਦੋਲਨ ਸੰਕੀਰਣਤਾ ਅਤੇ ਭਾਵੁਕਤਾ ਦੇ ਸ਼ਿਕਾਰ ਹੋ ਜਾਂਦੇ ਹਨ। ਮੋਰਚੇ ਵਿਚ ਭਾਗ ਲੈਣ ਵਾਲੇ ਵਿਅਕਤੀਆਂ ਦਾ ਵਿਹਾਰ ਜੇਲ੍ਹ ਵਿਚ ਮੈਂ ਬੜੀ ਨੇੜਿਓਂ ਵੇਖਿਆ। ਕੈਦੀ ਨਿੱਕੀ-ਨਿੱਕੀ ਗੱਲ ’ਤੇ ਨਾਅਰੇ ਅਤੇ ਜੈਕਾਰੇ ਲਾਉਣ ਲੱਗ ਪੈਂਦੇ ਸਨ। ਮੋਰਚੇ ਕਾਰਨ ਭਾਂਤ-ਭਾਂਤ ਦੀਆਂ ਅਫ਼ਵਾਹਾਂ ਫੈਲਦੀਆਂ ਰਹਿੰਦੀਆਂ ਸਨ। ਮੋਰਚਾ ਲਮਕਣ ਕਰਕੇ ਅਕੇਵਾਂ ਪਸਰ ਰਿਹਾ ਸੀ। ਅਕੇਵੇਂ ਕਾਰਨ ਕੈਦੀ ਆਪਸ ਵਿਚ ਖਹਬਿੜਨ ਲੱਗ ਪੈਂਦੇ ਸਨ। ਮੋਰਚੇ ਵਿਚ ਭਾਗ ਲੈਣ ਵਾਲੇ ਪਿੰਡਾਂ ਵਿਚੋਂ ਟੋਲੀਆਂ ਬਣਾ ਕੇ ਆ ਜਾਂਦੇ ਸਨ, ਪਰ ਮੋਰਚੇ ਦੇ ਆਗੂਆਂ ਦਾ ਵਿਹਾਰ ਦਿਸ਼ਾਹੀਣ ਸੀ। ਉਸ ਵੇਲੇ ਪਟਿਆਲੇ ਅਤੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰੀ ਲਈ ਜਥੇ ਚਲਦੇ ਸਨ। ਕੋਈ ਸੂਚੀ ਤਿਆਰ ਕਰਨ ਦਾ ਰਿਵਾਜ ਨਹੀਂ ਸੀ। ਗਲ ਵਿਚ ਕੇਸਰੀ ਸਿਰੋਪਾ ਦੱਸ ਦਿੰਦਾ ਸੀ ਕਿ ਕਿਹੜੇ ਗ੍ਰਿਫ਼ਤਾਰੀ ਦੇਣ ਜਾ ਰਹੇ ਸਨ। ਪਤਾ ਨਹੀਂ ਸੀ ਲੱਗਦਾ ਕਿ ਕੌਣ ਅੰਦਰ ਸੀ ਅਤੇ ਕੌਣ ਬਾਹਰ। ਪੰਜਾਬੀ ਅਖ਼ਬਾਰਾਂ ਮਸਲਾ ਭਖਾਈ ਰੱਖਦੀਆਂ ਸਨ। ਮੋਰਚੇ ਦੌਰਾਨ ਸਿੱਖਾਂ ਦਾ ਵਿਹਾਰ ਮਿਸਲਾਂ ਦੇ ਜ਼ਮਾਨੇ ਵਾਲਾ ਸੀ। ਨਾਅਰੇ ਗੂੰਜਦੇ ਰਹਿੰਦੇ ਸਨ, ਜੈਕਾਰੇ ਵੱਜਦੇ ਰਹਿੰਦੇ ਸਨ। ਪਟਿਆਲਾ ਜੇਲ੍ਹ ਵਿਚ ਮੋਰਚੇ ਨਾਲ ਸਬੰਧਤ ਲਗਪਗ ਪੰਦਰਾਂ ਸੌ ਕੈਦੀ ਸਨ। ਸਾਡੀ ਬੈਰਕ ਵਿਚ ਲਗਪਗ ਸੌ ਕੈਦੀ ਸਨ। ਉਦੋਂ ਬੈਰਕਾਂ ਵਿਚ ਸਫ਼ਾਈ ਅਤੇ ਹੋਰ ਕੰਮਾਂ ਲਈ ਚਾਰ-ਪੰਜ ਕੈਦੀ ਡਿਊਟੀ ’ਤੇ ਹੁੰਦੇ ਸਨ। ਸਾਡੀ ਬੈਰਕ ਵਿਚ ਇਕ ਬਿਹਾਰੀ ਮੁਸਲਮਾਨ ਇਕ ਕਤਲ ਦੇ ਮੁਕੱਦਮੇ ਵਿਚ ਕੈਦੀ ਸੀ। ਮੈਂ ਉਸ ਤੋਂ ਮਿੱਟੀ ਸਾਫ਼ ਕਰ ਕੇ ਪਾਣੀ ਦਾ ਤਰੌਂਕਾ ਦੇ ਕੇ ਤੀਲ੍ਹੇ ਨਾਲ ਉਰਦੂ ਸਿੱਖਣੀ ਆਰੰਭ ਕੀਤੀ ਅਤੇ ਉਸ ਨੂੰ ਪੰਜਾਬੀ ਵਿਚ ਦਸਤਖ਼ਤ ਕਰਨੇ ਸਿਖਾਉਣੇ ਆਰੰਭ ਕੀਤੇ। ਉਦੋਂ ਸਾਰੀਆਂ ਵੱਡੀਆਂ ਅਖ਼ਬਾਰਾਂ ਉਰਦੂ ਵਿਚ ਹੁੰਦੀਆਂ ਸਨ। ਮੈਂ ਉਰਦੂ ਸਿੱਖਣ ਦਾ ਪਹਿਲਾਂ ਵੀ ਕਈ ਵਾਰ ਯਤਨ ਕੀਤਾ ਸੀ, ਪਰ ਉਸ ਬਿਹਾਰੀ ਕੈਦੀ ਨੇ ਮੈਨੂੰ ਕੁਝ ਹੀ ਦਿਨਾਂ ਵਿਚ ਉਰਦੂ ਅਖ਼ਬਾਰਾਂ ਦੇ ਸਿਰਲੇਖ ਪੜ੍ਹਨਯੋਗ ਬਣਾ ਦਿੱਤਾ। ਉਸ ਨੇ ਪੰਜਾਬੀ ਵਿਚ ਦਸਤਖ਼ਤ ਕਰਨੇ ਹੀ ਨਹੀਂ ਸਗੋਂ ਬੋਲ-ਚਾਲ ਦੇ ਸ਼ਬਦ ਲਿਖਣੇ ਵੀ ਸਿੱਖ ਲਏ ਸਨ।
ਜੇਲ੍ਹ ਵਿਚ ਲਗਪਗ ਸਾਰੇ ਕੈਦੀ ਪਿੰਡਾਂ ਦੇ ਹੁੰਦੇ ਸਨ। ਪਟਿਆਲੇ ਦੇ ਨੇੜਲੇ ਪਿੰਡ ਗੱਜੂਮਾਜਰਾ ਦੇ ਦੋ ਬਜ਼ੁਰਗ ਸਾਡੀ ਬੈਰਕ ਵਿਚ ਸਨ ਜਿਨ੍ਹਾਂ ਨਾਲ ਸਾਡੀ ਅਪਣੱਤ ਹੋ ਗਈ ਸੀ। ਅਸੀਂ ਦੋਵੇਂ ਦੋਸਤ ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਦੇ ਸਾਂ। ਭਾਵੇਂ ਇਹ ਅਨਪੜ੍ਹ ਸਨ, ਪਰ ਲੋਕ ਸੂਝ ਦੇ ਪੱਖੋਂ ਇਹ ਬੜੇ ਅਮੀਰ ਅਤੇ ਖੁੱਲ੍ਹੇ-ਖੁਲਾਸੇ ਸੁਭਾਅ ਵਾਲੇ ਸਨ। ਅਸੀਂ ਉਨ੍ਹਾਂ ਦੇ ਭਾਂਡੇ ਮਾਂਜ ਦਿੰਦੇ ਸਾਂ, ਬਿਸਤਰ ਠੱਪ ਦਿੰਦੇ ਸਾਂ। ਜੇਲ੍ਹ ਵਿਚ ਭਾਂਡੇ ਹੁੰਦੇ ਹੀ ਦੋ ਸਨ, ਇਕ ਥਾਲੀ ਅਤੇ ਇਕ ਕਟੋਰੀ। ਕਟੋਰੀ ਕੌਲੀ ਅਤੇ ਗਲਾਸ ਦੋਹਾਂ ਦਾ ਕੰਮ ਕਰਦੀ ਸੀ। ਅਸੀਂ ਉਨ੍ਹਾਂ ਨੂੰ ਆਪਣੇ ਆਪਣੇ ਬਾਪੂ ਬਣਾ ਲਿਆ ਸੀ। ਸਾਨੂੰ ਉਨ੍ਹਾਂ ਦੀ ਅਤੇ ਉਨ੍ਹਾਂ ਨੂੰ ਸਾਡੀ ਧਰਵਾਸ ਸੀ। ਉਹ ਲਾਡ ਨਾਲ ਕਿਹਾ ਕਰਦੇ ਸਨ ਕਿ ਅਸੀਂ ਤੁਹਾਡਾ ਦੋਹਾਂ ਦਾ ਵਿਆਹ ਆਪਣੇ ਪਿੰਡ ਦੀਆਂ ਧੀਆਂ ਨਾਲ ਕਰਾਂਗੇ। ਇਕ ਦਿਨ ਇਨ੍ਹਾਂ ਬਜ਼ੁਰਗਾਂ ਨੇ ਸਾਨੂੰ ਕਿਹਾ ਕਿ ਕੋਈ ਚਾਹ ਦਾ ਵਸੀਲਾ ਬਣਾਓ। ਜੇਲ੍ਹ ਵਿਚ ਚਾਹ ਨਹੀਂ ਮਿਲਦੀ ਸੀ ਜਦੋਂਕਿ ਬਿਮਾਰਾਂ ਨੂੰ ਦੁੱਧ ਮਿਲ ਜਾਂਦਾ ਸੀ। ਗੁੜ ਉਨ੍ਹਾਂ ਕੋਲ ਹੈ ਸੀ। ਜੇਲ੍ਹ ਵਿਚ ਚਾਹ ਦੀ ਪੱਤੀ ਭਾਵੇਂ ਮਹਿੰਗੀ ਸੀ, ਪਰ ਅੰਦਰੋਂ ਮਿਲ ਜਾਂਦੀ ਸੀ। ਜੇਲ੍ਹ ਵਿਚ ਚਾਹ ਪੀਣੀ ਬੜੀ ਵੱਡੀ ਮੌਜ ਸੀ। ਅਸੀਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਰਸੋਂ ਤੁਹਾਨੂੰ ਚਾਹ ਪਿਲਾਵਾਂਗੇ। ਅਸੀਂ ਇੱਟਾਂ ਜੋੜ ਕੇ ਚੁੱਲ੍ਹਾ ਬਣਾ ਲਿਆ ਸੀ। ਫਾਲਤੂ ਰੋਟੀਆਂ ਇਕ ਕੋਨੇ ਵਿਚ ਸੁੱਟੀਆਂ ਹੁੰਦੀਆਂ ਸਨ ਜਿਹੜੀਆਂ ਸੁੱਕੀਆਂ ਹੋਣ ਕਰਕੇ ਬਾਲਣ ਦਾ ਕੰਮ ਕਰ ਸਕਦੀਆਂ ਸਨ। ਵੱਡੀ ਸਮੱਸਿਆ ਇਹ ਸੀ ਕਿ ਚਾਹ ਬਣਾਉਣ ਲਈ ਕੋਈ ਭਾਂਡਾ ਨਹੀਂ ਸੀ। ਅਗਲੇ ਦਿਨ ਜਦੋਂ ਸਾਰੇ ਨਹਾਉਣ ਧੋਣ ਤੋਂ ਵਿਹਲੇ ਹੋ ਗਏ ਤਾਂ ਅਸੀਂ ਪਖਾਨਿਆਂ ਵਿਚ ਰੱਖੇ ਡੱਬਿਆਂ ਦਾ ਮੁਆਇਨਾ ਕੀਤਾ ਅਤੇ ਦੋ ਵਿਚੋਂ ਇਕ ਨਵਾਂ ਅਤੇ ਠੀਕ ਲੱਗਦਾ ਡੱਬਾ ਚੁੱਕ ਲਿਆਏ। ਉਸ ਨੂੰ ਖ਼ੂਬ ਮਾਂਜਿਆ ਅਤੇ ਸਾਫ਼ ਕੀਤਾ। ਦੀਵਾ-ਸਿਲਾਈ ਅਸੀਂ ਬਿਹਾਰੀ ਕੈਦੀ ਤੋਂ ਲੈ ਲਈ। ਵਾਅਦੇ ਮੁਤਾਬਿਕ ਅਸੀਂ ਚਾਹ ਬਣਾਈ ਅਤੇ ਕਟੋਰੀ ਵਿਚ ਬਜ਼ੁਰਗਾਂ ਨੂੰ ਚਾਹ ਦਿੰਦਿਆਂ ਅਸੀਂ ਕਿਹਾ ਕਿ ਇਹ ਜੇਲ੍ਹ ਦੀ ਚਾਹ ਹੈ, ਘਰ ਦੀ ਚਾਹ ਨਾਲੋਂ ਸਵਾਦ ਵੱਖਰਾ ਹੋਵੇਗਾ। ਇਵੇਂ ਅਸੀਂ ਚਾਰਾਂ ਨੇ ਚਾਹ ਪੀਤੀ। ਹੁਣ ਜਦੋਂ ਕਿਸੇ ਅਨਾੜੀ ਦੀ ਬਣਾਈ ਚਾਹ ਪੀਣੀ ਪੈਂਦੀ ਹੈ ਤਾਂ ਉਸ ਚਾਹ ਦੀ ਯਾਦ ਆਉਂਦੀ ਹੈ।
ਇਹ ਲੇਖ ਲਿਖਣ ਤੋਂ ਪਹਿਲਾਂ ਮੈਂ ਜੇਲ੍ਹਾਂ ਦੀ ਉਤਪਤੀ ਅਤੇ ਕੈਦੀਆਂ ਦੀ ਹਾਲਤ ਸਬੰਧੀ ਜਾਣਨ ਦਾ ਯਤਨ ਕੀਤਾ। ਭਾਰਤ ਵਿਚ ਜੇਲ੍ਹ ਦਾ ਸੰਕਲਪ ਅੰਗਰੇਜ਼ ਲੈ ਕੇ ਆਏ। ਮੁਗ਼ਲਾਂ ਦੇ ਜ਼ਮਾਨੇ ਵਿਚ ਅਜੋਕੇ ਸਮੇਂ ਵਾਲੀਆਂ ਜੇਲ੍ਹਾਂ ਨਹੀਂ ਸਨ ਹੁੰਦੀਆਂ, ਪਰ ਸਜ਼ਾ ਦਾ ਸੰਕਲਪ ਹੈ ਸੀ। ਸਾਮੰਤਾਂ ਦੇ ਦੌਰ ਵਿਚ ਸਾਮੰਤ ਸੁੱਕੇ ਖੂਹਾਂ ਨੂੰ ਜੇਲ੍ਹਾਂ ਵਜੋਂ ਵਰਤਦੇ ਸਨ। ਦੇਸ਼ ਦੇ ਆਜ਼ਾਦ ਹੋਣ ਉਪਰੰਤ ਵੀ ਕਈ ਰਿਆਸਤਾਂ ਵਿਚ ਜੇਲ੍ਹਾਂ ਤਾਂ ਨਹੀਂ, ਪਰ ਜੇਲ੍ਹਾਂ ਵਰਗੀਆਂ ਥਾਵਾਂ ਸਨ। ਇਕ ਨੇ ਬੜਾ ਵੱਡਾ ਛੱਪੜ ਬਣਾਇਆ ਹੋਇਆ ਸੀ, ਜਿਸ ਵਿਚ ਮਗਰਮੱਛ ਪਾਲੇ ਹੁੰਦੇ ਸਨ ਜਿਹੜੇ ਸਜ਼ਾ ਵਜੋਂ ਵਿਚ ਸੁੱਟੇ ਜਾਣ ਵਾਲੇ ਵਿਅਕਤੀ ਨੂੰ ਖਾ ਜਾਂਦੇ ਸਨ। ਚੀਨ ਵਿਚ ਜੇਲ੍ਹਾਂ ਨਹੀਂ ਸਨ ਹੁੰਦੀਆਂ, ਗੰਭੀਰ ਅਪਰਾਧੀਆਂ ਦਾ ਅੰਗੂਠਾ ਅਤੇ ਕਈਆਂ ਦੀਆਂ ਨਾਲ ਦੀਆਂ ਉਂਗਲਾਂ ਵੀ ਕੱਟ ਦਿੱਤੀਆਂ ਜਾਂਦੀਆਂ ਸਨ ਜਿਸ ਕਾਰਨ ਉਹ ਵਿਅਕਤੀ ਮੰਗਤਾ ਹੀ ਬਣ ਸਕਦਾ ਸੀ।
ਈਸਾਈ ਜਗਤ ਵਿਚ ਚਰਚ ਦਾ ਪ੍ਰਭਾਵ ਬਹੁਤ ਡੂੰਘਾ ਅਤੇ ਵਿਸ਼ਾਲ ਹੋਣ ਕਰਕੇ ਲੋਕ ਗੰਭੀਰ ਅਪਰਾਧ ਨਹੀਂ ਸਨ ਕਰਦੇ। ਰਾਜੇ ਦੇ ਵਿਰੋਧੀਆਂ ਲਈ ਕਿਲ੍ਹੇ ਦਾ ਉਪਰਲਾ ਹਿੱਸਾ ਜੇਲ੍ਹ ਹੁੰਦਾ ਸੀ। ਬਹੁਤੀਆਂ ਮੁੱਢਲੀਆਂ ਜੇਲ੍ਹਾਂ ਦਾ ਉਦੇਸ਼ ਸਜ਼ਾ ਤੋਂ ਪਹਿਲਾਂ ਮੁਜਰਿਮਾਂ ਨੂੰ ਡੱਕ ਕੇ ਰੱਖਣਾ ਹੁੰਦਾ ਸੀ। ਯੋਰਪ ਵਿਚ ਮੁੱਢਲੇ ਕੈਦੀ ਉਧਾਰ ਨਾ ਮੋੜਨ ਵਾਲੇ ਹੁੰਦੇ ਸਨ ਅਤੇ ਉਹ ਉਦੋਂ ਤੱਕ ਰੱਖੇ ਜਾਂਦੇ ਹਨ ਜਦੋਂ ਤੱਕ ਉਹ ਉਧਾਰ ਨਹੀਂ ਸਨ ਮੋੜਦੇ। ਇਨ੍ਹਾਂ ਦੇ ਖਾਣ-ਪੀਣ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਪਰਿਵਾਰਾਂ ਦੀ ਹੁੰਦੀ ਸੀ। ਯੂਨਾਨ ਵਿਚ ਸੁਕਰਾਤ ਖੁੱਲ੍ਹੀ ਜੇਲ੍ਹ ਵਿਚ ਰਿਹਾ ਸੀ ਜਿੱਥੇ ਜਾਣਨ ਵਾਲੇ ਦਿਨ ਵੇਲੇ ਉਸ ਕੋਲ ਰਹਿ ਸਕਦੇ ਸਨ। ਭਾਰਤ ਵਿਚ ਜੇਲ੍ਹਾਂ ਵਿਚ ਰਾਜਨੀਤਕ ਕੈਦੀਆਂ ਨੂੰ ਗੱਲਬਾਤ ਕਰਨ ਦੀ ਆਗਿਆ ਨਹੀਂ ਸੀ। ਕਾਲੇਪਾਣੀ ਦੀ ਜੇਲ੍ਹ ਇਸੇ ਉਦੇਸ਼ ਦੀ ਪੂਰਤੀ ਲਈ ਬਣਾਈ ਗਈ ਸੀ। ਇੰਗਲੈਂਡ ਦੇ ਹਾਕਮਾਂ ਨੇ ਮੁੱਢ ਵਿਚ ਅਮਰੀਕਾ ਨੂੰ ਵੀ ਮੁਜਰਿਮਾਂ ਲਈ ਜੇਲ੍ਹ ਵਜੋਂ ਵਰਤਿਆ ਸੀ, ਪਰ ਜਦੋਂ ਮੁਜਰਿਮਾਂ ਦੀ ਗਿਣਤੀ ਰਖਵਾਲਿਆਂ ਨਾਲੋਂ ਵਧ ਗਈ ਤਾਂ ਉਨ੍ਹਾਂ ਨੇ ਬਗ਼ਾਵਤਾਂ ਕਰ ਕੇ ਅਮਰੀਕਾ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾ ਲਿਆ। ਦੋਸਤੋਵਸਕੀ ਨੇ ਰੂਸੀ ਜੇਲ੍ਹ ਦੇ ਵੇਰਵੇ ਇਕ ਪੁਸਤਕ ਵਿਚ ਦਰਜ ਕੀਤੇ ਹਨ ਜਿਨ੍ਹਾਂ ਅਨੁਸਾਰ ਕਿਸੇ ਕੈਦੀ ਦੇ ਸਿਰ ਦਾ ਅਗਲਾ ਹਿੱਸਾ, ਕਿਸੇ ਦਾ ਪਿਛਲਾ, ਕਿਸੇ ਦਾ ਖੱਬਾ, ਸੱਜਾ ਅਤੇ ਕਿਸੇ ਦਾ ਵਿਚਕਾਰਲਾ ਹਿੱਸਾ ਮੁੰਨ ਦਿੱਤਾ ਜਾਂਦਾ ਸੀ। ਕਿਸੇ ਦੇ ਪਜਾਮੇ ਵਿਚ ਇਕ ਪਹੁੰਚਾ ਲਾਲ ਅਤੇ ਦੂਜਾ ਪੀਲਾ ਹੁੰਦਾ ਸੀ। ਇਉਂ ਕੈਦੀ ਨੂੰ ਵੇਖ ਕੇ ਹੀ ਉਸ ਬਾਰੇ ਸਾਰੀ ਸੂਚਨਾ ਮਿਲ ਜਾਂਦੀ ਸੀ। ਹੁਣ ਸੰਸਾਰ ਦੇ ਹਰ ਦੇਸ਼ ਵਿਚ ਜੇਲ੍ਹਾਂ ਅਤੇ ਕੈਦੀ ਹਨ।
ਮਨੁੱਖ ਕਿਧਰੇ ਵੀ ਹੋਵੇ ਉਹ ਆਪਣੇ ਆਲੇ-ਦੁਆਲੇ ਨਾਲ ਤਾਲਮੇਲ ਅਤੇ ਢੁੱਕਵਾਂ ਨਿਤਨੇਮ ਉਸਾਰ ਲੈਂਦਾ ਹੈ। ਸਾਡੀ ਬੈਰਕ ਵਿਚ ਗੁਰਦੁਆਰੇ ਦਾ ਭਾਈ, ਇਕ ਨਿਹੰਗ ਸਿੰਘ ਹੁੰਦਾ ਸੀ ਜਿਹੜਾ ਸਵੇਰੇ-ਸ਼ਾਮ ਬੜਾ ਸੁਰੀਲਾ ਪਾਠ ਕਰ ਕੇ ਨਿਰਾਸਤਾ ਨੂੰ ਚੜ੍ਹਦੀਕਲਾ ਵਿਚ ਪਲਟਾ ਦਿੰਦਾ ਸੀ। ਉਦੋਂ ਰੋਟੀ ਸਵੇਰੇ ਛੇ ਵਜੇ ਅਤੇ ਸ਼ਾਮ ਨੂੰ ਛੇ ਵਜੇ ਮਿਲਦੀ ਸੀ। ਰੋਟੀ ਸਵਾਦ ਨਹੀਂ ਸੀ ਹੁੰਦੀ, ਪਰ ਭੁੱਖ ਕਾਰਨ ਖਾ ਲਈ ਜਾਂਦੀ ਸੀ।
ਦੁਪਹਿਰ ਵੇਲੇ ਭੁੱਜੇ ਹੋਏ ਛੋਲੇ ਅਤੇ ਗੁੜ ਮਿਲਦਾ ਸੀ। ਇਕ ਵਾਰੀ ਮੈਨੂੰ ਲੱਗਿਆ ਕਿ ਮੇਰੀ ਸਬਜ਼ੀ ਵਿਚ ਲਸਣ ਦੀ ਭਰਮਾਰ ਸੀ, ਪਰ ਉਹ ਸੁੰਡੀਆਂ ਸਨ। ਜੇਲ੍ਹ ਵਿਚ ਸਭ ਪ੍ਰਕਾਰ ਦੇ ਕੈਦੀ ਹੁੰਦੇ ਹਨ ਅਤੇ ਕੈਦੀਆਂ ਦੀ ਪੂਰੀ ਦਰਜਾਬੰਦੀ ਹੁੰਦੀ ਹੈ। ਕਤਲ ਦੇ ਮੁਜਰਿਮ ਆਪਮੁਹਾਰੇ ਮੋਹਰੀ ਬਣ ਜਾਂਦੇ ਹਨ। ਮਾਂ-ਧੀ-ਭੈਣ ਦੇ ਕਾਤਲਾਂ ਦੀ ਚੰਗੀ ਲਾਹ-ਪਾਹ ਹੁੰਦੀ ਹੈ। ਹਰੇਕ ਕੈਦੀ ਦੀ ਇਕ ਲੰਮੀ ਕਹਾਣੀ ਹੁੰਦੀ ਹੈ। ਜਵਾਨ ਕੈਦੀ ਕਾਮ-ਭੁੱਖ ਕਾਰਨ ਬੜੀਆਂ ਸਮੱਸਿਆਵਾਂ ਉਪਜਾਉਂਦੇ ਹਨ। ਅਸੀਂ ਰਾਜਸੀ ਕੈਦੀ ਸਾਂ ਜਿਸ ਕਾਰਨ ਸਾਡੇ ਤੋਂ ਕੋਈ ਕੰਮ ਨਹੀਂ ਸੀ ਕਰਵਾਇਆ ਜਾਂਦਾ, ਪਰ ਅਸੀਂ ਆਪਣੇ ਲਈ ਕੰਮ ਆਪ ਉਪਜਾ ਲੈਂਦੇ ਸਾਂ। ਬਾਹਰ ਧੁੱਪ ਵਿਚ ਰੋਜ਼ ਜਲਸਾ ਹੁੰਦਾ ਸੀ ਜਿਸ ਵਿਚ ਅਖ਼ਬਾਰ ਪੜ੍ਹ ਕੇ ਸੁਣਾਈ ਜਾਂਦੀ ਸੀ ਅਤੇ ਸਰਕਾਰ ਨੂੰ ਭੰਡਣ-ਨਿੰਦਣ ਦੇ ਧੂੰਆਂਧਾਰ ਭਾਸ਼ਣ ਹੁੰਦੇ ਸਨ। ਦਿਨ ਵੇਲੇ ਆਪਣੀ ਬੈਰਕ ਵਿਚੋਂ ਬਾਹਰ ਜਾਣ ਦੀ ਖੁੱਲ੍ਹ ਸੀ। ਸ਼ਾਮ ਵੇਲੇ ਗਿਣਤੀ ਹੁੰਦੀ ਸੀ। ਪੱਕੇ ਕੈੈਦੀਆਂ ਦੀਆਂ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਬਦਲੀਆਂ ਹੁੰਦੀਆਂ ਰਹਿੰਦੀਆਂ ਸਨ ਜਿਸ ਕਾਰਨ ਕੈਦੀਆਂ ਕੋਲ ਜੇਲ੍ਹਾਂ ਦੇ ਵੇਰਵਿਆਂ ਦੀ ਭਰਮਾਰ ਸੀ। ਫ਼ਿਰੋਜ਼ਪੁਰ ਜੇਲ੍ਹ ਕੈਦੀਆਂ ਦੀ ਪਹਿਲੀ ਪਸੰਦ ਹੁੰਦੀ ਸੀ।
ਜੇਲ੍ਹ ਕੱਟ ਰਹੇ ਕੈਦੀ ਵੀ ਆਪਣਾ ਕੋਈ ਉਦੇਸ਼ ਮਿਥ ਲੈਂਦੇ ਹਨ। ਕੋਈ ਵੀ ਕੈਦੀ ਜੇਲ੍ਹ ਵਿਚ ਨਹੀਂ ਮਰਨਾ ਚਾਹੁੰਦਾ। ਹੋਰ ਕੋਈ ਕੈਦ ਉਪਰੰਤ ਕੁਝ ਮਹੱਤਵਪੂਰਨ ਕਰਨ ਬਾਰੇ ਸੋਚਦਾ ਹੈ। ਇਕ ਕੈਦੀ ਕਿਹਾ ਕਰਦਾ ਸੀ ਕਿ ਉਹ ਰਿਹਾਅ ਹੋ ਕੇ ਆਪਣੀਆਂ ਪੋਤੀਆਂ ਦਾ ਵਿਆਹ ਕਰੇਗਾ। ਅਜੋਕੀਆਂ ਜੇਲ੍ਹਾਂ ਵਿਚ ਝਗੜੇ ਅਤੇ ਨਸ਼ੇ ਵਧ ਗਏ ਹਨ। ਬਦਲਾ ਲੈਣ ਦੀ ਭਾਵਨਾ ਬੜੀ ਬਲਵਾਨ ਹੈ। ਜੇਲ੍ਹ ਵਿਚ ਚੰਗੇ ਵਸੀਲਿਆਂ ਵਾਲੇ ਕੈਦੀਆਂ ਨੇ ਲੋੜਵੰਦ ਕੈਦੀਆਂ ਨੂੰ ਆਪਣੇ ਨੌਕਰ ਰੱਖਿਆ ਹੁੰਦਾ ਹੈ। ਇਹ ਲੋੜਵੰਦ ਕੈਦੀ ਕੈਦ ਭੁਗਤਣ ਦੇ ਨਾਲ ਨਾਲ ਮਾਲਕ ਕੈਦੀਆਂ ਦੇ ਨਿੱਜੀ ਨੌਕਰਾਂ ਵਾਲੇ ਸਾਰੇ ਕੰਮ ਕਰਦੇ ਹਨ। ਇਹ ਮਾਲਕ ਕੈਦੀ ਦੇ ਕੱਪੜੇ ਧੋਂਦੇ ਹਨ, ਬਿਸਤਰਾ ਸਾਂਭਦੇ ਹਨ, ਅੰਦਰ-ਬਾਹਰ ਬੈਠਣ-ਉੱਠਣ ਦਾ ਕੰਮ ਕਰਦੇ ਹਨ ਅਤੇ ਸਭ ਤੋਂ ਵਧੇਰੇ ਇਹ ਮਾਲਕ ਕੈਦੀ ਦੀ ਹਊਮੈਂ ਦੀ ਮਾਲਸ਼ ਕਰਦੇ ਹਨ ਅਤੇ ਉਸ ਨੂੰ ਮਾਲਕ ਹੋਣ ਦੀ ਤਸੱਲੀ ਦੇ ਕੇ ਪਤਵੰਤੇ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਇਨ੍ਹਾਂ ਨੌਕਰ ਕੈਦੀਆਂ ਦੀ ਤਨਖ਼ਾਹ ਉਨ੍ਹਾਂ ਦੇ ਘਰ ਪਹੁੰਚਾ ਦਿੱਤੀ ਜਾਂਦੀ ਹੈ। ਜੇਲ੍ਹ ਵਿਚ ਹੋਣ ਦੇ ਆਪਣੇ ਯਾਦਗਾਰੀ ਅਨੁਭਵ ਦੇ ਆਧਾਰ ’ਤੇ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਤੁਸੀਂ ਵੀ ਜੇਲ੍ਹ ਜਾਓ ਪਰ ਇਤਨਾ ਜ਼ਰੂਰਤ ਕਹਾਂਗਾ ਕਿ ਵੱਡੇ ਲੋਕਾਂ ਲਈ ਅਜੋਕੀਆਂ ਜੇਲ੍ਹਾਂ ਮਹਿਮਾਨ ਘਰਾਂ ਵਰਗੀਆਂ ਹੋ ਗਈਆਂ ਹਨ ਜਿਨ੍ਹਾਂ ਦੀ ਰੱਖ-ਰਖਾਈ ਲਈ ਪੂਰਾ ਮਹਿਕਮਾ ਅਤੇ ਵੱਖਰਾ ਮੰਤਰੀ ਹੁੰਦਾ ਹੈ। ਜੇ ਕੈਦੀ ਦਾ ਵਿਹਾਰ ਠੀਕ ਹੋਵੇ ਤਾਂ ਕੈਦ ਅੱਧੀ ਨਾਲੋਂ ਵੀ ਅੱਧੀ ਰਹਿ ਜਾਂਦੀ ਹੈ ਅਤੇ ਛੁੱਟੀ ਵੀ ਮਿਲਦੀ ਰਹਿੰਦੀ ਹੈ।
(ਸਵੈ-ਜੀਵਨੀ: ਧੁੱਪਾਂ-ਛਾਵਾਂ ਵਿਚੋਂ)