ਡਾ. ਕੁਲਦੀਪ ਸਿੰਘ ਧੀਰ*
ਦਿਸਹੱਦਿਆਂ ਤੋਂ ਪਾਰ
1969 ਵਿਚ ਅਪੋਲੋ-11 ਨਾਲ ਚੰਨ ਉੱਤੇ ਪਹਿਲਾ ਕਦਮ ਧਰਨ ਨਾਲ ਚੰਨ ਉੱਤੇ ਮਨੁੱਖੀ ਚਹਿਲਕਦਮੀ ਅਪੋਲੋ-12, 14, 15, 16 ਤੇ 17 ਤਕ ਜਾਰੀ ਰਹੀ। ਦੋ ਦੋ ਕਰਕੇ ਬਾਰਾਂ ਬੰਦੇ ਚੰਨ ਦੀ ਸੈਰ ਕਰ ਕੇ ਮੁੜਦੇ ਰਹੇ। 1972 ਵਿਚ ਅਪੋਲੋ-17 ਨਾਲ ਇਸ ਸਿਲਸਿਲੇ ਉੱਤੇ ਪੂਰਨ ਵਿਰਾਮ ਲੱਗ ਗਿਆ। ਇਸ ਦੀ ਸ਼ੁਰੂਆਤ ਕਰਨ ਵਾਲੀ ਅਮਰੀਕੀ ਪੁਲਾੜੀ ਸੰਸਥਾ ਨਾਸਾ ਨੇ ਚੰਨ ਦੀ ਥਾਂ ਹੋਰ ਗ੍ਰਹਿਆਂ ਵੱਲ ਮੂੰਹ ਕਰ ਲਿਆ। ਚੰਨ ਰੋਬੋਟਿਕ ਮਿਸ਼ਨਾਂ ਲਈ ਛੱਡ ਦਿੱਤਾ ਗਿਆ। ਸਾਰਾ ਜ਼ੋਰ ਮੰਗਲ ਦੀ ਛਾਣ-ਬੀਣ ਉੱਤੇ ਲੱਗ ਗਿਆ ਜਿਵੇਂ ਮੰਗਲ ਨੂੰ ਮਨੁੱਖੀ ਬਸਤੀ ਬਣਾਉਣਾ ਹੋਵੇ। ਮੰਗਲ ਦੀਆਂ ਬਾਰੀਕ ਵੇਰਵੇ ਦਿਖਾਉਂਦੀਆਂ ਤਸਵੀਰਾਂ, ਉੱਥੇ ਉੱਤੇ ਰੋਵਰਾਂ ਦੁਆਰਾ ਭੇਜੀ ਸੂਚਨਾ ਅਤੇ ਨਿਰੰਤਰ ਪੁਲਾੜੀ ਖੋਜਾਂ ਨੇ ਦੱਸਿਆ ਕਿ ਉੱਥੇ ਨਿਰੀ ਉਜਾੜ ਹੈ। ਉੱਥੇ ਉਤਰਨਾ ਅਤੇ ਵਾਪਸ ਆਉਣਾ ਸੌਖਾ ਨਹੀਂ। ਫਿਰ ਵੀ ਮੰਗਲ ਵੱਲ ਜਾਣ ਦੇ ਸੁਪਨਿਆਂ ਨੂੰ ਬਰੇਕ ਨਹੀਂ ਲੱਗੀ। ਵਿਗਿਆਨੀਆਂ ਦੇ ਇਸ ਸਦੀ ਦੇ ਤੀਹਵਿਆਂ ਵਿਚ ਮੰਗਲ ਨੂੰ ਫ਼ਤਹਿ ਕਰਨ ਦੇ ਟੀਚੇ ਹਨ। ਇਸ ਲਈ ਭਾਂਤ-ਭਾਂਤ ਦੇ ਕਦਮ ਚੁੱਕੇ ਗਏ ਹਨ। ਬੰਦੇ ਲੈ ਕੇ ਮੰਗਲ ਵੱਲ ਜਾਣ ਦੀ ਹਿੰਮਤ ਅਜੇ ਕਿਸੇ ਨੇ ਵੀ ਨਹੀਂ ਵਿਖਾਈ। ਪੁਲਾੜੀ ਤਾਕਤ ਵਾਲੀ ਨਾਸਾ ਅਤੇ ਵੱਡੀਆਂ ਕੰਪਨੀਆਂ ਵਾਲੇ ਧਨ ਕੁਬੇਰ ਗੱਲੀਂਬਾਤੀਂ ਸਮੇਂ-ਸਮੇਂ ਉੱਚੇ ਦਾਅਵੇ ਕਰਦੇ ਰਹਿੰਦੇ ਹਨ। ਸਥਿਤੀ ਦੇ ਯਥਾਰਥ ਨੂੰ ਵੇਖ ਕੇ ਅਮਰੀਕੀ ਸਰਕਾਰ ਨੇ ਦਸੰਬਰ 2017 ਵਿਚ ਨਾਸਾ ਨੂੰ ਆਦੇਸ਼ ਦਿੱਤਾ ਕਿ ਕੌਮਾਂਤਰੀ ਕਮਰਸ਼ਲ ਸਹਿਯੋਗ ਨਾਲ ਮੰਗਲ ਉੱਤੇ ਫ਼ਤਹਿ ਲਈ ਕੋਈ ਨਵਾਂ ਵਿਹਾਰਕ ਪ੍ਰੋਗਰਾਮ ਉਲੀਕੋ। ਇਸ ਹੁਕਮ ਦੀ ਤਾਮੀਲ ਕਰਦਿਆਂ ਨਾਸਾ ਨੇ ਚੰਨ ਨੂੰ ਕੇਂਦਰ ਵਿਚ ਰੱਖ ਕੇ ਮੰਗਲ ਲਈ ਨਵਾਂ ਪੰਜ ਨੁਕਾਤੀ ਪੈਂਤੜਾ ਬਣਾਇਆ।
ਨਾਸਾ ਦੇ ਪ੍ਰਬੰਧਕ ਜਿਮ ਬਰਾਈਡਨ ਸਟਾਈਨ ਨੇ ਪੈਂਤੜੇ ਦੀ ਵਿਆਖਿਆ ਕਰਦਿਆਂ ਕਿਹਾ ਕਿ ਅਗਲੇ ਦਹਾਕੇ ਵਿਚ ਅਸੀਂ ਚੰਨ ਉੱਤੇ ਉਸ ਤਿਆਰੀ ਨਾਲ ਜਾਵਾਂਗੇ ਜਿਸ ਨਾਲ ਅੱਗੇ ਕਦੇ ਨਹੀਂ ਗਏ। ਨਵੀਆਂ ਥਾਵਾਂ, ਨਵੀਂ ਟੈਕਨਾਲੋਜੀ, ਨਵੇਂ ਸਿਸਟਮ, ਢੇਰ ਸਾਰਾ ਵਿਗਿਆਨਕ ਗਿਆਨ ਲੈ ਕੇ ਅਸੀਂ ਚੰਨ ਨੂੰ ਹੱਥ ਲਾ ਕੇ ਨਹੀਂ ਮੁੜਾਂਗੇ, ਉੱਥੇ ਟਿਕਾਂਗੇ। ਉੱਥੇ ਜੋ ਸਿੱਖਾਂਗੇ ਤੇ ਲੱਭਾਂਗੇ, ਉਸ ਨੂੰ ਵਰਤ ਕੇ ਮੰਗਲ ਉੱਤੇ ਜਾਵਾਂਗੇ। ਨਾਸਾ ਨੇ ਚੰਨ ਤੋਂ ਮੰਗਲ ਵੱਲ ਛਾਲ ਮਾਰਨ ਦਾ ਪ੍ਰਾਜੈਕਟ ਇਸੇ ਵਰ੍ਹੇ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਦੇ ਵਿਕਾਸ, ਡਿਜ਼ਾਈਨ, ਟੈਕਨਾਲੋਜੀ, ਨਿਰਮਾਣ ਤੇ ਉਡਾਰੀਆਂ ਲਈ ਭਾਂਤ-ਭਾਂਤ ਦੇ ਇਸ਼ਤਿਹਾਰ ਦੇ ਕੇ ਅਰਜ਼ੀਆਂ ਤੇ ਸੁਝਾਅ ਮੰਗਣੇ ਸ਼ੁਰੂ ਕਰ ਦਿੱਤੇ ਹਨ।
ਚੰਨ ਉੱਤੇ ਪ੍ਰਾਪਤ ਸਾਧਨਾਂ ਨੂੰ ਵਰਤ ਕੇ ਉੱਥੇ ਲੰਬੇ ਸਮੇਂ ਲਈ ਮਨੁੱਖ ਦੇ ਟਿਕਾਣੇ ਦੀਆਂ ਸੰਭਾਵਨਾਵਾਂ ਹਨ। ਹੁਣ ਤੱਕ ਹੋਈਆਂ ਖੋਜਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਚੰਨ ਦੇ ਪੂਰਬੀ ਖੇਤਰਾਂ ਵਿਚ ਬਰਫ਼ ਦੇ ਰੂਪ ਵਿਚ ਜੰਮਿਆ ਪਾਣੀ ਕਾਫ਼ੀ ਮਾਤਰਾ ਵਿਚ ਹੈ। ਇਸ ਨੂੰ ਤੋੜ ਕੇ ਸਾਹ ਲੈਣ ਲਈ ਆਕਸੀਜਨ ਮਿਲ ਸਕਦੀ ਹੈ। ਇਸ ਨਾਲ ਮਿਲੀ ਹਾਈਡਰੋਜਨ ਨੂੰ ਰਾਕੇਟਾਂ ਦੇ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ। ਚੰਨ ਉਤਲੇ ਖਣਿਜ ਪਦਾਰਥਾਂ ਦੀ ਵਰਤੋਂ ਵਪਾਰਕ ਸਰਗਰਮੀਆਂ ਲਈ ਹੋ ਸਕਦੀ ਹੈ। ਚੰਨ ਉੱਤੇ ਰਹਿੰਦਿਆਂ ਸੂਰਜੀ ਊਰਜਾ ਦੀ ਵਰਤੋਂ ਕਈ ਕਿਸਮ ਦੇ ਨਿਰਮਾਣ ਕਾਰਜਾਂ ਲਈ ਸੰਭਵ ਹੈ। ਚੰਨ ਉੱਤੇ ਅੱਡਾ ਬਣਾਉਣ ਤੋਂ ਪਹਿਲਾਂ ਚੰਨ ਦੁਆਲੇ ਪਰਿਕਰਮਾ ਕਰਨ ਵਾਲਾ ਇਕ ਸਪੇਸ ਸਟੇਸ਼ਨ ਬਣਾਇਆ ਜਾਵੇਗਾ ਜੋ ਇਸ ਵਕਤ ਧਰਤੀ ਨੇੜਲੇ ਆਰਬਿਟ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੌਮਾਂਤਰੀ ਸਪੇਸ ਸਟੇਸ਼ਨ ਵਰਗਾ ਹੋਵੇਗਾ। ਇਹ ਧਰਤੀ ਨੇੜੇ ਨਹੀਂ, ਚੰਨ ਦੇ ਨੇੜੇ ਹੋਵੇਗਾ। ਸਾਡੇ ਤੋਂ ਕੋਈ ਪੌਣੇ ਚਾਰ ਲੱਖ ਕਿਲੋਮੀਟਰ ਦੂਰ। ਇਸ ਵਿਚ ਹਰ ਵਿਅਕਤੀ ਨੂੰ ਕੰਮ ਕਰਨ ਲਈ ਧਰਤੀ ਵਾਲੇ ਸਟੇਸ਼ਨ ਦੇ ਮੁਕਾਬਲੇ ਖਾਸੀ ਘੱਟ ਥਾਂ ਮਿਲੇਗੀ।
ਚੰਨ ਨੇੜਲੇ ਇਸ ਨਵੇਂ ਸਪੇਸ ਸਟੇਸ਼ਨ ਨੂੰ ਲੂਨਰ ਆਰਬਾਈਟਿੰਗ ਪਲੈਟਫਾਰਮ ਗੇਟਵੇ (ਲਾਪ-ਜੀ) ਦਾ ਨਾਮ ਦਿੱਤਾ ਗਿਆ ਹੈ। ਇਸ ਵੇਲੇ ਚੱਲ ਰਹੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਚੌਦਾਂ ਦੇ ਚੌਦਾਂ ਭਾਈਵਾਲ ਲਾਪ-ਜੀ ਸਥਾਪਤ ਕਰਨ ਲਈ ਸਹਿਮਤ ਹੋ ਗਏ ਹਨ। ਯੂਰਪੀਅਨ ਸਪੇਸ ਏਜੰਸੀ (ਈ.ਐੱਸ.ਏ), ਨਾਸਾ, ਜਪਾਨੀ ਏਅਰੋਸਪੇਸ ਏਜੰਸੀ (ਜਾਕਸਾ), ਕੈਨੇਡੀਅਨ ਸਪੇਸ ਏਜੰਸੀ (ਸੀ.ਐੱਸ.ਏ.) ਅਤੇ ਰੂਸੀ ਪੁਲਾੜ ਸੰਸਥਾ (ਰਾਸ ਕਾਸਮਾਸ) ਇਨ੍ਹਾਂ ਵਿਚੋਂ ਮੁੱਖ ਹਨ। ਵੱਖ ਵੱਖ ਏਜੰਸੀਆਂ ਦੀ ਕਾਰਜ ਵੰਡ ਬਾਰੇ ਅਜੇ ਸਲਾਹ-ਮਸ਼ਵਰੇ ਚੱਲ ਰਹੇ ਹਨ, ਪਰ ਇਹ ਤੈਅ ਹੈ ਕਿ ਮੰਗਲ ਉੱਤੇ ਫ਼ਤਹਿ ਲਈ ਹੁਣ ਸਾਰੀ ਧਰਤੀ ਸਾਂਝਾ ਹੱਲਾ ਬੋਲੇਗੀ। ਭਾਰਤ ਤੇ ਚੀਨ ਨੂੰ ਵੀ ਸ਼ਾਮਲ ਹੋਣ ਲਈ ਸੱਦਾ ਮਿਲ ਸਕਦਾ ਹੈ। ਕਹਾਣੀ ਲਾਪ-ਜੀ ਗੇਟਵੇ ਨਾਲ ਸ਼ੁਰੂ ਹੋਵੇਗੀ ਜੋ ਵੱਖ-ਵੱਖ ਇਕਾਈਆਂ ਜੋੜ ਕੇ ਪੰਜ-ਸੱਤ ਸਾਲ ਵਿਚ ਮੁਕੰਮਲ ਹੋਵੇਗਾ। ਇਸ ਵਿਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਾਂਗ ਹਰ ਵੇਲੇ ਮਨੁੱਖ ਦਾ ਰਹਿਣਾ ਲਾਜ਼ਮੀ ਨਹੀਂ। ਆਮ ਕਰਕੇ ਇਸ ਵਿਚ ਚਾਰ ਬੰਦਿਆਂ ਦੀ ਟੋਲੀ ਰਹੇਗੀ, ਪਰ ਕਿਸੇ-ਕਿਸੇ ਵੇਲੇ ਗੇਟਵੇ ਸਵੈ-ਚਾਲਿਤ ਰੂਪ ਵਿਚ ਮਨੁੱਖ ਤੋਂ ਬਿਨਾਂ ਵੀ ਚੱਲਦਾ ਰਹੇਗਾ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਇਸ ਵਿਚ ਹਰ ਯਾਤਰੀ ਨੂੰ ਥੋੜ੍ਹੀ ਥਾਂ ਵਿਚ ਗੁਜ਼ਾਰਾ ਕਰਨਾ ਪਵੇਗਾ। ਹਰ ਵਿਅਕਤੀ ਲਈ ਦੋ ਹਜ਼ਾਰ ਵਰਗ ਫੁੱਟ ਥਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਲਾਪ-ਜੀ ਹਰ ਛੇ ਦਿਨ ਵਿਚ ਚੰਨ ਦੀ ਇਕ ਪਰਿਕਰਮਾ ਅੰਡਾਕਾਰ ਰਾਹ ਉੱਤੇ ਕਰੇਗਾ। ਚੱਕਰ ਕੱਟਦੇ ਸਮੇਂ ਇਸ ਦੀ ਚੰਨ ਤੋਂ ਨਿਮਨਤਮ ਅਤੇ ਅਧਿਕਤਮ ਦੂਰੀ ਪੰਦਰਾਂ ਸੌ ਤੋਂ ਸੱਤਰ ਹਜ਼ਾਰ ਕਿਲੋਮੀਟਰ ਹੋਵੇਗੀ। ਇਹ ਆਰਬਿਟ ਇਸ ਲਈ ਚੁਣੀ ਗਈ ਹੈ ਕਿ ਗੇਟਵੇ ਹਰ ਵੇਲੇ ਧਰਤੀ ਦੇ ਸੰਪਰਕ ਵਿਚ ਰਹੇ। ਕਿਸੇ ਵੀ ਛਿਣ ਚੰਨ ਦੇ ਪਰਛਾਵੇਂ ਹੇਠ ਆ ਕੇ ਇਸ ਦਾ ਸੰਪਰਕ ਧਰਤੀ ਤੋਂ ਕੱਟਿਆ ਨਾ ਜਾਵੇ। ਇਸ ਵਿਸ਼ੇਸ਼ ਪਰਿਕਰਮਾ ਦਾ ਸੁਝਾਅ ਰਾਬਰਟ ਡਬਲਯੂ ਫਰਕੂਹਰ ਨੇ ਦਿੱਤਾ ਹੈ। ਇਸ ਨੂੰ ਨੀਅਰ ਰੈਕਟੀ ਲੀਨੀਅਰ ਹੈਲੋ ਆਰਬਿਟ ਕਹਿੰਦੇ ਹਨ। ਨਾਸਾ ਨੇ ਐਲਾਨ ਕੀਤਾ ਹੈ ਕਿ ਲਾਪ-ਜੀ ਪੰਜ ਵੱਡੀਆਂ ਇਕਾਈਆਂ ਨੂੰ ਜੋੜ ਕੇ 2026 ਤੱਕ ਪੁਲਾੜ ਯਾਤਰੀਆਂ ਦੀ ਵਰਤੋਂ ਲਈ ਤਿਆਰ ਹੋ ਜਾਵੇਗਾ। ਸਪੇਸ ਲਾਂਚ ਸਿਸਟਮ ਅਤੇ ਓਰੀਅਨ ਸਪੇਸ ਕਰਾਫਟ ਦੇ ਸੁਮੇਲ ਨਾਲ ਬੀਤੇ ਵਰ੍ਹੇ ਤੋਂ ਹੀ ਇਸ ਉੱਤੇ ਕੰਮ ਸ਼ੁਰੂ ਹੋ ਚੁੱਕਾ ਹੈ। ਗੇਟਵੇ ਲਈ ਮਾਡਿਊਲ ਭੇਜਣ ਲਈ ਟੈਸਟ ਪਿਛਲੇ ਸਾਲ ਵੀ ਹੋਏ ਹਨ ਅਤੇ ਇਸ ਸਾਲ ਵੀ ਜਾਰੀ ਰਹਿਣੇ ਸਨ। ਕਰੋਨਾ ਦੀ ਮਹਾਮਾਰੀ ਇਸ ਪ੍ਰਕਿਰਿਆ ਵਿਚ ਮਾੜੀ-ਮੋਟੀ ਤਬਦੀਲੀ ਕਰ ਸਕਦੀ ਹੈ। ਪਹਿਲੇ ਪੜਾਅ ਦੇ ਇਸ ਮਿਸ਼ਨ ਨੂੰ ਈ.ਐਮ. 1 ਦਾ ਨਾਂ ਦਿੱਤਾ ਗਿਆ ਹੈ। ਐੱਸ.ਐਲ.ਐੱਸ. (ਸਪੇਸ ਲਾਂਚ ਸਿਸਟਮ) ਅਤੇ ਓਰੀਅਨ ਸਪੇਸ ਕਰਾਫਟ ਦਾ ਈ.ਐਮ. 2 ਮਿਸ਼ਨ 2022 ਵਿਚ ਨੇਪਰੇ ਚੜ੍ਹੇਗਾ। ਇਸ ਵਿਚ ਉਕਤ ਵਾਹਨਾਂ ਨਾਲ ਪੁਲਾੜ ਯਾਤਰੀ ਚੰਨ ਦੀ ਪਰਿਕਰਮਾ ਕਰਨਗੇ। ਇਸ ਉਪਰੰਤ ਇਹੀ ਵਾਹਨ ਗੇਟਵੇ ਦਾ ਪਹਿਲਾ ਮਾਡਿਊਲ ਚੰਨ ਨੇੜਲੀ ਆਰਬਿਟ ਵਿਚ ਸਥਾਪਤ ਕਰਨਗੇ। ਸਾਲ ਕੁ ਲਈ ਸਾਰੇ ਕੁਝ ਦੀ ਪਰਖ ਪਿੱਛੋਂ ਦੂਜਾ ਮਾਡਿਊਲ ਭੇਜ ਕੇ ਉਸ ਨੂੰ ਪਹਿਲੇ ਨਾਲ ਜੋੜਿਆ ਜਾਵੇਗਾ। ਇਹ ਪਾਵਰ ਤੇ ਪਰੋਪਲਸ਼ਨ ਮਾਡਿਊਲ ਹੋਣਗੇ। ਮੂਲ ਰੂਪ ਵਿਚ ਇਨ੍ਹਾਂ ਨੂੰ ਸੂਰਜੀ ਊਰਜਾ ਨਾਲ ਚਲਾਇਆ ਜਾਵੇਗਾ, ਪਰ ਐਮਰਜੈਂਸੀ ਸਟੈਂਡਬਾਈ ਪ੍ਰਬੰਧ ਵਜੋਂ ਕੈਮੀਕਲ ਪਰੋਪੈਲੈਂਟਾਂ ਦਾ ਸਟਾਕ ਵੀ ਰਹੇਗਾ। ਵੱਡੇ ਵੱਡੇ ਸੋਲਰ ਪੈਨਲ ਨਿਤ-ਪ੍ਰਤੀ ਦੇ ਕਾਰਜਾਂ ਲਈ ਸੂਰਜੀ ਉੂਰਜਾ ਤਾਂ ਪੈਦਾ ਕਰਨਗੇ ਹੀ, ਇਹ ਕਾਫ਼ੀ ਮਾਤਰਾ ਵਿਚ ਸਟੋਰ ਕਰਨ ਲਈ ਵੀ ਊਰਜਾ ਪੈਦਾ ਕਰ ਸਕਣਗੇ। ਗੇਟਵੇ ਦੇ ਪਾਵਰ ਜੈਨਰੇਟਰ ਸੂਰਜੀ ਊਰਜਾ ਨਾਲ ਚੱਲਣਗੇ।
2023 ਵਿਚ ਇਕ ਕਮਰਸ਼ਲ ਲਾਂਚ ਦੁਆਰਾ ਚੰਨ ਉੱਤੇ ਵਿਗਿਆਨਕ ਸਾਜ਼ੋ-ਸਾਮਾਨ ਨਾਲ ਲੈਸ ਰੋਵਰ ਉਤਾਰਿਆ ਜਾਵੇਗਾ। ਇਹ ਚੰਨ ਉੱਤੇ ਪਾਣੀ ਤੇ ਬਰਫ਼ ਦੇ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਥਾਂ ਥਾਂ ਤੋਂ ਉਸ ਦੇ ਸੈਂਪਲ ਲਵੇਗਾ। ਗੇਟਵੇ ਦੇ ਵਿਸਤਾਰ ਲਈ ਅਗਲਾ ਕਦਮ ਈ.ਐਮ. 3 ਨਾਲ 2024 ਵਿਚ ਚੁੱਕਿਆ ਜਾਵੇਗਾ। ਇਸ ਰਾਹੀਂ ਸਿਸ-ਲੂਨਰ ਹੈਬੀਟੇਸ਼ਨ ਮਾਡਿਊਲ ਪਹਿਲੇ ਦੋ ਮਾਡਿਊਲਾਂ ਨਾਲ ਜੋੜਿਆ ਜਾਵੇਗਾ। ਇਹ ਰਿਹਾਇਸ਼ੀ ਪ੍ਰਬੰਧਾਂ ਵਾਲੀ ਇਕਾਈ ਹੋਵੇਗੀ। ਈ.ਐਮ. 4 ਨਾਲ ਗੇਟਵੇ ਦੀ ਢੋਆ-ਢੁਆਈ ਤੇ ਕੰਮਾਂ-ਕਾਰਾਂ ਵਾਲੀ ਵੱਡੀ ਇਕਾਈ ਇਸ ਕਾਰਜ ਨੂੰ ਲਗਪਗ ਪੂਰਾ ਕਰ ਦੇਵੇਗੀ। ਇਹ ਸਭ ਕੁਝ 2026 ਤਕ ਪੂਰਾ ਹੋ ਜਾਵੇਗਾ। ਗੇਟਵੇ ਦੀ ਬਾਹਰੀ ਪੁਲਾੜੀ ਸਰਗਰਮੀਆਂ ਲਈ ਵਰਤੋਂ ਵਾਸਤੇ 2028 ਵਿਚ ਈ.ਐਮ. 5 ਲਾਂਚ ਹੋਵੇਗਾ। ਇਸ ਵਿਚ ਚੰਨ ਤੇ ਉਸ ਤੋਂ ਪਾਰਲੇ ਪੁਲਾੜ ਦੀ ਖੋਜ ਲਈ ਭਾਂਤ ਭਾਂਤ ਦੇ ਤਜਰਬੇ ਪੁਲਾੜ ਯਾਤਰੀ ਕਰਨਗੇ।
ਗੇਟਵੇ ਪਲੈਟਫਾਰਮ ਉੱਤੇ ਭਾਂਤ-ਭਾਂਤ ਦੇ ਰੋਵਰ ਤੇ ਲੈਂਡਰ ਹਰ ਸਮੇਂ ਖੜ੍ਹੇ ਰਹਿਣਗੇ। ਕੋਈ ਚੰਨ ਉੱਤੇ ਜਾਣ ਲਈ ਤਿਆਰ, ਕੋਈ ਉੱਥੋਂ ਪਰਤ ਕੇ ਆਇਆ। ਕੋਈ ਸਵਾਰੀ ਸਮੇਤ, ਕੋਈ ਆਟੋ-ਮੈਟਿਕ। ਹਰ ਕੋਈ ਆਪੋ-ਆਪਣਾ ਕੰਮ ਕਰੇਗਾ। ਜਿਵੇਂ ਤੁਹਾਡੇ ਸ਼ਹਿਰ ਵਿਚ ਥਰੀ ਵੀਲ੍ਹਰ, ਰਿਕਸ਼ੇ ਤੇ ਈ-ਰਿਕਸ਼ਾ ਭੱਜੇ ਫਿਰਦੇ ਹਨ, ਗੇਟਵੇ ਅਤੇ ਚੰਨ ਵਿਚ ਟਰੈਫਿਕ ਦਾ ਹਾਲ ਇਹੀ ਹੋਣ ਦੀ ਸੰਭਾਵਨਾ ਹੈ। ਚੰਨ ਦੀ ਸਤਹਿ ਊੱਤੇ ਨਿਰੰਤਰ ਛਾਣਬੀਣ, ਪੁਟਾਈ ਤੇ ਸੈਂਪਲਾਂ ਦੀ ਗੇਟਵੇ ਉੱਤੇ ਢੁਆਈ ਤੇ ਪਰਖ ਚੱਲਦੀ ਰਹੇਗੀ। ਉੱਥੋਂ ਇਹ ਸੈਂਪਲ ਲੋੜ ਅਨੁਸਾਰ ਧਰਤੀ ਉੱਤੇ ਵੀ ਭੇਜੇ ਜਾ ਸਕਣਗੇ। ਪੁਲਾੜ ਯਾਤਰੀ, ਰੋਬੋਟ, ਰੋਵਰ ਤੇ ਲੈਂਡਰ ਗੇਟਵੇ ਤੋਂ ਚੰਨ ਉੱਤੇ ਅਕਸਰ ਟਪੂਸੀਆਂ ਮਾਰਨਗੇ।
ਐੱਸ.ਐਲ.ਐੱਸ. ਨਾਸਾ ਦਾ ਮੈਗਾ-ਰਾਕੇਟ ਹੈ। ਕੁਸ਼ਲ, ਸ਼ਕਤੀਸ਼ਾਲੀ, ਮਜ਼ਬੂਤ ਅਤੇ ਦੁਬਾਰਾ ਵਰਤਣਯੋਗ। ਇਕੋ ਵਾਰ ਓਰੀਅਨ ਸਪੇਸ ਕਰਾਫਟ, ਵਿਗਿਆਨਕ ਉਪਕਰਨ ਅਤੇ ਹੋਰ ਸਾਮਾਨ ਢੋਣ ਦੇ ਸਮਰੱਥ। ਇਸ ਨੂੰ ਬਣਾਉਣ ਵਿਚ ਅਮਰੀਕਾ ਭਰ ਦੀਆਂ ਇਕ ਹਜ਼ਾਰ ਕੰਪਨੀਆਂ ਦੇ ਮਾਹਿਰਾਂ ਦਾ ਪੂਰਾ ਜ਼ੋਰ ਲੱਗਾ ਹੈ। ਓਰੀਅਨ ਸਪੇਸ ਕਰਾਫਟ ਵੀ ਘੱਟ ਨਹੀਂ। ਦੂਰ ਪੁਲਾੜ ਵਿਚ ਯਾਤਰੀ ਲੈ ਕੇ ਲੰਬੀਆਂ ਯਾਤਰਾਵਾਂ ਕਰਕੇ ਸਫ਼ਲਤਾ ਨਾਲ ਵਾਪਸ ਆਉਣ ਦੇ ਸਮਰੱਥ। ਲੰਬੇ ਸਮੇਂ ਲਈ ਚਾਰ ਯਾਤਰੀ ਆਰਾਮ ਨਾਲ ਇਸ ਵਿਚ ਖਾ ਪੀ, ਸੌਂ ਸਕਣਗੇ। ਹਰ ਐਮਰਜੈਂਸੀ ਨਾਲ ਨਿਪਟਣ ਯੋਗ। ਹਰ ਖ਼ਤਰੇ ਦਾ ਮੁਕਾਬਲਾ ਕਰਨ ਯੋਗ। ਭਾਰ ਪੱਖੋਂ ਵੀ ਹਲਕਾ। ਓਰੀਅਨ ਤੇ ਗੇਟਵੇ ਦੋਵਾਂ ਨੂੰ ਇਕ-ਦੂਜੇ ਨਾਲ ਜੋੜਨ ਦੇ ਪ੍ਰਬੰਧ ਰੱਖੇ ਜਾਣਗੇ। ਜਦੋਂ ਮਰਜ਼ੀ ਦੋਹਾਂ ਨੂੰ ਜੋੜ ਲਓ। ਜਦੋਂ ਚਾਹੋ ਖੋਲ੍ਹ ਲਓ। ਈ. ਐਮ. 1 ਨਾਲ ਹੀ ਓਰੀਅਨ ਬਿਨਾਂ ਯਾਤਰੀਆਂ ਦੇ ਚੰਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਜਾ ਕੇ ਆਪਣੀ ਮਸ਼ੀਨਰੀ ਪਰਖੇਗਾ। ਪਰਖ ਉਪਰੰਤ ਇਸ ਜਹਾਜ਼ ਵਿਚ ਯਾਤਰੀ ਚੰਨ ਤੋਂ ਪਰ੍ਹਾਂ ਦੂਰ-ਦੂਰ ਤੱਕ ਉੱਡਣ ਦਾ ਅਭਿਆਸ ਕਰਨਗੇ ਤਾਂ ਕਿ ਲੰਬੇ ਸਮੇਂ ਲਈ ਪੁਲਾੜ ਵਿਚ ਰਹਿਣ ਦਾ ਵਿਹਾਰਕ ਤਜਰਬਾ ਹੋਵੇ ਅਤੇ ਮੰਗਲ ਦੀ ਲੰਬੀ ਯਾਤਰਾ ਲਈ ਭਰੋਸਾ ਪੈਦਾ ਹੋਵੇ। ਪਲੈਟਫਾਰਮ ਦੀ ਚੰਨ ਰਿਹਾਇਸ਼ਗਾਹ ਜਾਂ ਚੰਨ ਯਾਤਰੀਆਂ ਦੀ ਸਰਾਂ ਵਿਚ ਟਿਕ ਕੇ ਵਿਗਿਆਨੀ ਚੰਨ ਉੱਤੇ ਰਹਿਣ-ਬਹਿਣ ਲਈ ਹਰ ਸਹੂਲਤ ਸਥਾਪਤ ਕਰਨ ਲਈ ਸੰਘਰਸ਼ ਕਰਨਗੇ। ਹਾਲਾਤ ਨੂੰ ਇਸ ਹੱਦ ਤੱਕ ਬਦਲਣ ਦਾ ਯਤਨ ਕਰਨਗੇ ਕਿ ਅੰਤ ਚੰਨ ਉੱਤੋਂ ਮੰਗਲ ਵੱਲ ਉਡਾਰੀ ਭਰਨੀ ਸੰਭਵ ਹੋ ਜਾਵੇ। ਨਾਸਾ ਨੇ ਚੰਨ ਦੇ ਗੇਟਵੇ ਦੀਆਂ ਸਰਾਵਾਂ 2028 ਤੱਕ ਵਰਤਣ ਦਾ ਐਲਾਨ ਕੀਤਾ ਹੈ, ਪਰ ਸਰਕਾਰ ਚਾਹੁੰਦੀ ਹੈ ਕਿ ਨਾਸਾ ਚੰਨ ਵੱਲ ਯਾਤਰੀਆਂ ਵਾਲੇ ਜਹਾਜ਼ 2024 ਵਿਚ ਹੀ ਭੇਜਣੇ ਸ਼ੁਰੂ ਕਰ ਦੇਵੇ ਤਾਂ ਜੋ ਇਸ ਪ੍ਰਾਜੈਕਟ ਵਿਚ ਆਮ ਆਦਮੀ ਦੀ ਦਿਲਚਸਪੀ ਵਧੇ। ਇਸ ਨਾਲ ਵਪਾਰਕ ਲਾਭ ਤੇ ਸਵੈ-ਭਰੋਸੇ ਵਿਚ ਵਾਧਾ ਹੋਵੇਗਾ। ਵੇਖੋ ਇਸ ਪੱਖੋਂ ਨਾਸਾ ਕਿੰਨੀ ਕੁ ਛੇਤੀ ਇਹ ਕਾਰਜ ਕਰਦਾ ਹੈ।
ਧਰਤੀ ਤੋਂ ਤੁਰੋ ਅਤੇ ਭਾਵੇਂ ਚੰਨ ਤੋਂ, ਮੰਗਲ ਉੱਤੇ ਪਹੁੰਚਦਿਆਂ ਛੇ ਤੋਂ ਨੌਂ ਮਹੀਨੇ ਲੱਗ ਜਾਣਗੇ। ਤਸੱਲੀ ਜਾਂ
ਭਰੋਸਾ ਇੰਨਾ ਹੀ ਹੈ ਕਿ ਅਸੀਂ ਅਗਲੇ ਸਟੇਸ਼ਨ ਤੋਂ ਤੁਰੇ। ਦੂਰੀ ਪੱਖੋਂ ਇਸ ਅਗਲੇ ਸਟੇਸ਼ਨ ਦਾ ਕੋਈ ਬਹੁਤਾ ਫ਼ਰਕ ਨਹੀਂ। ਜਿਵੇਂ ਦਿੱਲੀ ਤੋਂ ਕੰਨਿਆਕੁਮਾਰੀ ਦੀ ਯਾਤਰਾ ਉੱਤੇ ਗੱਡੀ ਸਟੇਸ਼ਨ ਤੋਂ ਨਹੀਂ, ਘਰ ਨੇੜਲੇ ਮੈਟਰੋ ਸਟੇਸ਼ਨ ਤੋਂ ਫੜੀ। ਅਸਲੀ ਦੂਰੀ ਤੇ ਉਸ ਲਈ ਲੱਗਾ ਸਮਾਂ ਮੰਗਲ ਦੇ ਖਾਤੇ ਵਿਚ ਹੀ ਹੈ। ਲੰਬੇ ਸਮੇਂ ਲਈ ਰੇਡੀਏਸ਼ਨ ਦੇ ਖ਼ਤਰੇ, ਅਨਜਾਣੇ ਰਾਹਾਂ ਦੀ ਚਿੰਤਾ, ਸਰੀਰਕ ਤੇ ਮਾਨਸਿਕ ਸਮੱਸਿਆਵਾਂ। ਪੁਲਾੜ ਯਾਤਰੀਆਂ ਨੂੰ ਇਸ ਪੱਖੋਂ ਸਖ਼ਤ ਸਿਖਲਾਈ ਨਾਲ ਮਜ਼ਬੂਤ ਬਣਾਉਣ ਦੇ ਪ੍ਰੋਗਰਾਮ ਉਲੀਕੇ ਗਏ ਹਨ। ਸਿਹਤ ਤੇ ਮਾਨਸਿਕਤਾ ਪੱਖੋਂ ਮਜ਼ਬੂਤ ਤੋਂ ਮਜ਼ਬੂਤ ਵਿਅਕਤੀ ਲੰਬੀਆਂ ਬਹੁਪੱਖੀ ਪਰਖਾਂ ਪਿੱਛੋਂ ਚੁਣ ਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਲਈ ਧਰਤੀ ਤੋਂ ਦੂਰ ਮਹੀਨਿਆਂਬੱਧੀ ਚੰਨ ਉੱਤੇ ਰੱਖ ਕੇ ਟਰੇਨਿੰਗ ਦੇਣ ਬਾਰੇ ਵੀ ਸੋਚਿਆ ਜਾ ਰਿਹਾ ਹੈ। ਚੰਨ ਉੱਤੇ ਲੰਬੇ ਸਮੇਂ ਲਈ ਟਿਕਣ ਨਾਲ ਦੂਰ ਪੁਲਾੜ ਦੇ ਲੰਬੇਰੇ ਪੈਂਡੇ ਲਈ ਪ੍ਰਾਪਤ ਟੈਕਨਾਲੋਜੀ ਤੇ ਵੰਗਾਰਾਂ ਦੀ ਵਿਹਾਰਕ ਪਰਖ ਹੋਵੇਗੀ। ਯਾਤਰੀਆਂ ਦੀ ਪਰਖ ਹੋਵੇਗੀ। ਉਨ੍ਹਾਂ ਦਾ ਭਰੋਸਾ ਵਧੇਗਾ।
ਕੁਝ ਵੀ ਹੋਵੇ 2020 ਵਾਲੇ ਇਸ ਦਹਾਕੇ ਵਿਚ ਪੁਲਾੜੀ ਮਿਸ਼ਨ ਧਰਤੀ ਨਾਲੋਂ ਚੰਨ ਉੱਤੇ ਵਧੇਰੇ ਕੇਂਦਰਿਤ ਰਹਿਣਗੇ। ਚੰਨ ਦਾ ਲਾਪ-ਜੀ ਪਲੈਟਫਾਰਮ ਜ਼ਿੰਦਗੀ ਨਾਲ ਧੜਕੇਗਾ। ਯਾਤਰੀ, ਰੋਵਰ ਤੇ ਲੈਂਡਰ ਚੰਨ ਤੇ ਲਾਪ-ਜੀ ਵਿਚਾਲੇ ਮਨਮਰਜ਼ੀ ਨਾਲ ਆਉਣਗੇ ਤੇ ਜਾਣਗੇ। 2030 ਵਾਲੇ ਦਹਾਕੇ ਵਿਚ ਧਰਤੀ-ਚੰਨ ਦੇ ਸਿਸਟਮ ਤੋਂ ਬਾਹਰ ਨਿਕਲ ਕੇ ਮੰਗਲ ਵੱਲ ਛਾਲ ਮਾਰੀ ਜਾਏਗੀ। ਇਹ ਵੱਖਰੀ ਗੱਲ ਹੈ ਕਿ ਪਹਿਲੀ ਵਾਰ ਮੰਗਲ ਯਾਤਰੀ ਮੰਗਲ ਦੀ ਪਰਿਕਰਮਾ ਕਰ ਕੇ ਹੀ ਮੁੜ ਆਉਣ, ਪਰ ਇਹ ਵੀ ਛੋਟੀ ਗੱਲ ਨਹੀਂ ਹੋਣੀ।
*ਸਾਬਕਾ ਪ੍ਰੋਫ਼ੈਸਰ ਅਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98722-60550