ਰਾਣਾ ਮੁਹੰਮਦ ਅਜ਼ਹਰ
ਰਾਣਾ ਮੁਹੰਮਦ ਅਜ਼ਹਰ ਦਾ ਜਨਮ 14 ਦਸੰਬਰ 1934 ਨੂੰ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀ। 1947 ’ਚ ਲਹਿੰਦੇ ਪੰਜਾਬ ਜਾ ਵੱਸੇ ਲੇਖਕ ਦੀਆਂ ਯਾਦਾਂ ਵਿੱਚ ਦੇਸ਼ ਵੰਡ ਤੋਂ ਪਹਿਲਾਂ ਜ਼ਿਲ੍ਹੇ ਦਾ ਸਾਲਾਨਾ ਸਕੂਲ ਟੂਰਨਾਮੈਂਟ ਸਦਾ ਤਾਜ਼ਾ ਰਿਹਾ। ਲੇਖਕ ਨੇ ਆਪਣੇ ਮਿੱਤਰਾਂ ਨੂੰ ਯਾਦ ਕਰਦਿਆਂ ਇਸ ਫੁੱਟਬਾਲ ਟੂਰਨਾਮੈਂਟ ਦਾ ਤਫ਼ਸੀਲ ਸਹਿਤ ਬਾਖ਼ੂਬੀ ਜ਼ਿਕਰ ਕੀਤਾ ਹੈ।
1946 ਦੀ ਗੱਲ ਹੈ, ਟਾਸ ਅਨੁਸਾਰ ਹਿੰਦੂ-ਮੁਸਲਿਮ ਹਾਈ ਸਕੂਲ, ਹਰਿਆਣਾ ਨੇ ਖਾਲਸਾ ਹਾਈ ਸਕੂਲ, ਮਾਹਿਲਪੁਰ ਨਾਲ ਖੇਡਣਾ ਸੀ। ਹਿੰਦੋਸਤਾਨ ਦੀ ਵੰਡ ਤੋਂ ਪਹਿਲਾਂ ਇਹ (ਜ਼ਿਲ੍ਹਾ ਹੁਸ਼ਿਆਰਪੁਰ ਵਿੱਚ) ਆਪਣੀ ਕਿਸਮ ਦਾ ਆਖ਼ਰੀ ਟੂਰਨਾਮੈਂਟ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਤੇਜ਼ੀ ਨਾਲ ਵਿਗੜਨ ਲੱਗੀ ਪਰ ਸਾਡੇ ਛੋਟੇ ਜਿਹੇ ਪਿੰਡ ਹਰਿਆਣੇ ਵਿੱਚ ਹਾਲਾਤ ਆਮ ਵਾਂਗ ਸ਼ਾਂਤੀਪੂਰਨ ਰਹੇ। ਦੋਵਾਂ ਸਕੂਲਾਂ ਦੇ ਮੈਦਾਨਾਂ ਵਿੱਚ ਫੁੱਟਬਾਲ ਅਤੇ ਵਾਲੀਬਾਲ ਖੇਡੇ ਜਾਂਦੇ ਰਹੇ। ਖੇਡਾਂ ਵਿੱਚ ਹਾਕੀ ਅਤੇ ਕ੍ਰਿਕਟ ਅਸੀਂ ਕਦੇ ਨਹੀਂ ਸੁਣੀਆਂ ਸਨ। ਖਾਲਸਾ ਹਾਈ ਸਕੂਲ ਦੀ ਫੁੱਟਬਾਲ ਟੀਮ ਨੂੰ ਸਰਵੋਤਮ ਮੰਨਿਆ ਗਿਆ ਸੀ ਕਿਉਂਕਿ ਇਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਚੈਂਪੀਅਨਸ਼ਿਪ ਜਿੱਤਦੀ ਆ ਰਹੀ ਸੀ।
ਮਾਹਿਲਪੁਰ ਇੱਕ ਜਾਗੀਰ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਨੂੰ ਬਖ਼ਸ਼ੀ ਸੀ। ਸਿੱਖ ਇੱਥੇ ਯੂਨੀਵਰਸਿਟੀ ਸਥਾਪਤ ਕਰਨਾ ਚਾਹੁੰਦੇ ਸਨ, ਪਰ ਉਦੋਂ ਤੱਕ ਉਹ ਸਿਰਫ਼ ਇੱਕ ਸਕੂਲ ਹੀ ਬਣਾ ਸਕੇ ਸਨ ਜਿਸ ਨੇ ਪੜ੍ਹਾਈ ਅਤੇ ਖੇਡਾਂ ਦੋਵਾਂ ਵਿੱਚ ਉੱਚੇ ਮਿਆਰ ਸਥਾਪਤ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ।
ਉਸੇ ਤਰ੍ਹਾਂ ਹਿੰਦੂ-ਮੁਸਲਿਮ ਹਾਈ ਸਕੂਲ ਦੀ ਸਥਾਪਨਾ ਵੀ ਪੜ੍ਹਾਈ ਜ਼ਰੀਏ ਧਾਰਮਿਕ ਪੱਖਪਾਤ ਦਾ ਮੁਕਾਬਲਾ ਕਰਨ ਦੇ ਬੁਲੰਦ ਇਰਾਦੇ ਨਾਲ ਕੀਤੀ ਗਈ ਸੀ। ਹੈੱਡਮਾਸਟਰ ਲਾਲਾ ਮਦਨ ਲਾਲ ਚੱਢਾ ਦੀ ਅਗਵਾਈ ਹੇਠ ਅਮਲੇ ਦੇ ਮਿਸਾਲੀ ਆਚਰਣ ਨੇ ਸਕੂਲ ਨੂੰ ਲੋਕਾਂ ਵੱਲੋਂ ਬਹੁਤ ਮਾਣ ਦਿਵਾਇਆ ਸੀ। ਇਸ ਦੇ ਸੁਹਿਰਦ ਪ੍ਰਭਾਵ ਨੇ ਧਾਰਮਿਕ ਪੱਖਪਾਤ ਦੇ ਸਰਾਪ ਤੋਂ ਮੁਕਤ ਸਿਹਤਮੰਦ ਮਾਹੌਲ ਪੈਦਾ ਕੀਤਾ।
ਮਾਹਿਲਪੁਰ ਖਾਲਸਾ ਹਾਈ ਸਕੂਲ ਦੀ ਟੀਮ ਵਿੱਚ ਉੱਚੇ-ਲੰਮੇ, ਸਿਹਤਮੰਦ, ਦਾੜ੍ਹੀਆਂ ਵਾਲੇ, ਮੁਕਾਬਲਤਨ ਵੱਡੀ ਉਮਰ ਦੇ ਸਿੱਖ ਮੁੰਡੇ ਸਨ ਜੋ ਫੁੱਟਬਾਲ ਬੂਟ ਪਾਉਂਦੇ ਸਨ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਮੁਸਲਮਾਨ ਅਬਦੁਲ ਹੱਕ ਸੀ ਜੋ ਫੁੱਲ-ਬੈਕ ਵਜੋਂ ਖੇਡਦਾ ਸੀ। ਉਹ ਗੇਂਦ ਨੂੰ ਕਿੱਕ ਮਾਰ ਕੇ ਸਿਰਾਂ ਤੋਂ ਬੜੀ ਉੱਚੀ ਚੁੱਕ ਸਕਦਾ ਸੀ। ਅਗਲੇ ਸਾਲ ਜਦੋਂ ਪਾਕਿਸਤਾਨ ਬਣਿਆ ਤਾਂ ਉਸ ਨੂੰ ਪਾਕਿਸਤਾਨ ਦੀ ਕੌਮੀ ਟੀਮ ਵਿੱਚ ਚੁਣਿਆ ਗਿਆ।
ਉਸ ਦੇ ਮੁਕਾਬਲੇ ਹਿੰਦੂ-ਮੁਸਲਿਮ ਹਾਈ ਸਕੂਲ, ਹਰਿਆਣਾ (ਵੰਡ ਤੋਂ ਬਾਅਦ ਜਿਸ ਦਾ ਨਾਂ ਪੰਡਤ ਹਰਚਰਨ ਦਾਸ ਹਾਈ ਸਕੂਲ ਕਰ ਦਿੱਤਾ ਗਿਆ) ਦੀ ਟੀਮ, ਜੋ ਨੰਗੇ ਪੈਰੀਂ ਖੇਡਦੀ ਸੀ, ਮਧਲੇ ਪੱਧਰ ਦੀ ਸੀ। ਉਸ ਦੇ ਸਿਰਫ਼ ਦੋ ਹੀ ਖਿਡਾਰੀ ਉੱਚ ਸਤਰ ਦੇ ਸਨ। ਉਨ੍ਹਾਂ ਵਿੱਚੋਂ ਇੱਕ ਰਾਣਾ ਆਸਿਫ਼ ਸੀ ਜੋ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਰਾਈਟ ਆਊਟ ਖੇਡਦਾ ਸੀ। ਉਸ ਦੇ ਦਾਦੇ ਰਾਣਾ ਮੁਹੰਮਦ ਅਲੀ ਨੇ ਸਕੂਲ ਬਣਾਉਣ ਲਈ ਜ਼ਮੀਨ ਦਾਨ ਕੀਤੀ ਸੀ ਜਦੋਂਕਿ ਲਾਲਾ ਹਰਚਰਨ ਦਾਸ ਨੇ ਆਪਣਾ ਘਰ ਵੇਚ ਕੇ ਪੈਸੇ ਸਕੂਲ ਦੀ ਇਮਾਰਤ ਬਣਾਉਣ ਲਈ ਦਾਨ ਕੀਤੇ ਸਨ। ਉਸ ਨੇ ਰਾਣਾ ਮੁਹੰਮਦ ਅਲੀ ਨੂੰ ਕਿਹਾ ਸੀ, ‘‘ਤੁਸੀਂ ਜ਼ਮੀਨ ਦੇ ਦਿਓ; ਮੈਂ ਆਪਣਾ ਘਰ ਵੇਚ ਕੇ ਸਕੂਲ ਬਣਾਉਣ ਲਈ ਪੈਸੇ ਦੇਵਾਂਗਾ।’’ ਦੂਜਾ ਖਿਡਾਰੀ ਛੇਵੀਂ ਜਮਾਤ ਵਿੱਚ ਪੜ੍ਹਦਾ ਕਰਮ ਸਿੰਘ ਕਰਮਾ ਸੀ। ਉਹ ਅੰਦਰੋਂ-ਖੱਬੇ ਖੇਡਦਾ ਸੀ। ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਖੇਡਣਾ ਉਸ ਲਈ ਵੱਡੀ ਪ੍ਰਾਪਤੀ ਸੀ।
ਇਹ ਧਿਆਨ ਦੇਣ ਯੋਗ ਹੈ ਕਿ ਹਿੰਦੂ-ਮੁਸਲਿਮ ਹਾਈ ਸਕੂਲ ਦੇਸ਼ ਵਿਚ ਅਜਿਹੇ ਵਿਲੱਖਣ ਨਾਂ ਵਾਲਾ ਇੱਕੋ-ਇੱਕ ਸਕੂਲ ਸੀ। ਕੋਈ ਹੈਰਾਨੀ ਦੀ ਗੱਲ ਨਹੀਂ, ਮਹਾਤਮਾ ਗਾਂਧੀ ਨੇ ਇਸ ਬਾਰੇ ਸੁਣਿਆ ਤੇ ਉਹ ਦੂਰ-ਦੁਰਾਡੇ ਦੇ ਪਿੰਡ ਵਿੱਚ ਸਥਿਤ ਹੋਣ ਦੇ ਬਾਵਜੂਦ ਇਸ ਦਾ ਦੌਰਾ ਕਰਨ ਆਏ।
ਖ਼ਾਲਸਾ ਹਾਈ ਸਕੂਲ, ਮਾਹਿਲਪੁਰ ਅਤੇ ਹਿੰਦੂ-ਮੁਸਲਿਮ ਹਾਈ ਸਕੂਲ, ਹਰਿਆਣਾ ਵਿਚਕਾਰ ਮੁਕਾਬਲਾ ਹੁਸ਼ਿਆਰਪੁਰ ਸ਼ਹਿਰ ਦੇ ਵੱਡੇ, ਖੁੱਲ੍ਹੇ ਮੈਦਾਨ ਵਿੱਚ ਹੋਇਆ।
ਸ਼ੁਰੂ ਵਿੱਚ ਹੀ ਸਾਡੀ ਹਿੰਦੂ-ਮੁਸਲਿਮ ਸਕੂਲ ਦੀ ਟੀਮ ਖਾਲਸਾ ਹਾਈ ਸਕੂਲ ਦੀ ਟੀਮ ਦੇ ਉੱਚੇ-ਲੰਮੇ, ਤਕੜੇ ਖਿਡਾਰੀਆਂ ਦੇ ਦਬਾਅ ਹੇਠ ਆ ਗਈ ਸੀ। ਗੇਂਦ ਮੈਦਾਨ ਦੇ ਕੇਂਦਰ ਤੋਂ ਪਾਰ ਨਹੀਂ ਜਾਂਦੀ ਸੀ ਤੇ ਅੱਧਾ ਸਮਾਂ ਹੋਣ ਤੋਂ ਪਹਿਲਾਂ ਹੀ ਸਾਡੇ ਵਿਰੁੱਧ ਦੋ ਗੋਲ ਹੋ ਗਏ ਸਨ। ਅੱਧੀ ਛੁੱਟੀ ਦੌਰਾਨ ਸਾਡੇ ਫੁੱਟਬਾਲ ਇੰਚਾਰਜ ਮਾਸਟਰ ਨਿਆਜ਼ ਸਾਹਿਬ ਜੋ ਕਿ ਖ਼ੁਦ ਕੌਮਾਂਤਰੀ ਪੱਧਰ ਦੇ ਖਿਡਾਰੀ ਸਨ, ਨੇ ਟੀਮ ਨੂੰ ਨਿਰਾਸ਼ ਨਾ ਹੋਣ ਅਤੇ ਖੇਡਣਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਕਿ ਨਤੀਜਾ ਵੱਧ ਤੋਂ ਵੱਧ ਹਾਰ ਹੀ ਹੋਵੇਗਾ, ਫਿਰ ਕੀ ਹੋਇਆ!
ਸਾਡੀ ਟੀਮ ਦਾ ਗੋਲਚੀ ਬਿਲਕੁਲ ਨਾਤਜ਼ਰਬੇਕਾਰ ਸੀ। ਇਸ ਲਈ ਰਾਣਾ ਆਸਿਫ਼ ਨੂੰ ਗੋਲਚੀ ਬਣਾਇਆ ਗਿਆ। ਫਿਰ ਵੀ ਸਾਡੇ ਖ਼ਿਲਾਫ਼ ਗੋਲ ਹੁੰਦੇ ਹੀ ਰਹੇ। ਜਦੋਂ ਛੇਵਾਂ ਗੋਲ ਹੋਇਆ ਤਾਂ ਰਾਣਾ ਆਸਿਫ਼ ਰੋਣ ਲੱਗ ਪਿਆ। ਨਿਆਜ਼ ਸਾਹਿਬ ਨੇ ਇਹ ਕਹਿੰਦਿਆਂ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ- ‘‘ਰੋਣ ਦੀ ਕੋਈ ਲੋੜ ਨਹੀਂ। ਆਖ਼ਰ ਇਹ ਸਿਰਫ਼ ਫੁੱਟਬਾਲ ਮੈਚ ਵਿੱਚ ਹਾਰ ਹੀ ਤਾਂ ਹੈ। ਅਸਲ ਗੱਲ ਹੈ ਸੱਚੀ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨਾ। ਬਾਕੀ ਸਭ ਗ਼ੈਰਜ਼ਰੂਰੀ ਹੈ।’’
ਅਗਲੇ ਦਿਨ ਖਾਲਸਾ ਹਾਈ ਸਕੂਲ ਮਾਹਿਲਪੁਰ ਅਤੇ ਸਰਕਾਰੀ ਹਾਈ ਸਕੂਲ ਬੱਦੋਂ ਵਿਚਕਾਰ ਮੈਚ ਸੀ, ਪਰ ਅਸੀਂ ਹਾਰਨ ਦੇ ਬਾਵਜੂਦ ਉਹ ਮੈਚ ਵੇਖਣ ਲਈ ਡਟੇ ਰਹੇ, ਅਸੀਂ ਤਾਂ ਹਾਰੇ ਹੀ ਹੋਏ ਸਾਂ।
ਨਿਆਜ਼ ਸਾਹਿਬ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਬੱਦੋਂ ਦੀ ਟੀਮ ਦੀ ਖੇਡ ਵੇਖਣੀ ਵੀ ਜ਼ਰੂਰੀ ਹੈ।
ਦੋਵੇਂ ਟੀਮਾਂ ਮੈਦਾਨ ਵਿੱਚ ਜੁੜੀਆਂ ਤੇ ਮੈਚ ਸ਼ੁਰੂ ਹੋ ਗਿਆ। ਆਮ ਖ਼ਿਆਲ ਸੀ ਕਿ ਮਾਹਿਲਪੁਰ ਦੀ ਟੀਮ ਸਭ ਤੋਂ ਮਜ਼ਬੂਤ ਹੈ। ਬੜੇ ਉਤਸ਼ਾਹ ਦਾ ਮਾਹੌਲ ਸੀ। ਸੀਟੀ ਵੱਜੀ ਤੇ ਮੈਚ ਸ਼ੁਰੂ ਹੋ ਗਿਆ।
ਬੱਦੋਂ ਦੀ ਟੀਮ ਦਾ ਕਪਤਾਨ ਜੱਗਾ ਸੀ। ਉਹ ਸੈਂਟਰ ਹਾਫ ਪੁਜ਼ੀਸ਼ਨ ’ਤੇ ਖੇਡਦਾ ਸੀ। ਉਸ ਨੇ ਬੂਟ ਪਾਏ ਹੋਏ ਸਨ। ਉਸ ਨੇ ਉੱਚੀ ਕਿੱਕ ਨਹੀਂ ਮਾਰੀ ਅਤੇ ਜ਼ਿਆਦਾਤਰ ਨੀਵੇਂ ਪੱਧਰ ਦੇ ਪਾਸ ਦਿੱਤੇ। ਜਦੋਂ ਉਸ ਨੂੰ ਲੱਗਾ ਕਿ ਟੀਮ ਵਿੱਚ ਤਾਲਮੇਲ ਦੀ ਕਮੀ ਹੈ ਤਾਂ ਉਸ ਨੇ ਆਪਣੇ ਬੂਟ ਉਤਾਰ ਦਿੱਤੇ ਅਤੇ ਸੈਂਟਰ ਫਾਰਵਰਡ ਵਜੋਂ ਖੇਡਣਾ ਸ਼ੁਰੂ ਕਰ ਦਿੱਤਾ। ਨੰਗੇ ਪੈਰੀਂ ਖੇਡਣ ਦਾ ਮਤਲਬ ਹੈ ਗੇਂਦ ’ਤੇ ਬਿਹਤਰ ਕਾਬੂ ਹੋਣਾ। ਸੈਂਟਰ ਫਾਰਵਰਡ ਦੇ ਖਿਡਾਰੀ ਨੂੰ ਸੈਂਟਰ ਹਾਫ ’ਤੇ ਰੱਖਿਆ ਗਿਆ ਸੀ।
ਜੱਗੇ ਦੀ ਦਿੱਖ ਅਤੇ ਕੱਦ ਔਸਤ ਸੀ ਅਤੇ ਉਹ ਆਪਣੀ ਟੀਮ ਵਿੱਚ ਕਿਸੇ ਵੀ ਅਰਥ ਵਿੱਚ ਬੇਮਿਸਾਲ ਨਹੀਂ ਸੀ। ਨਾ ਹੀ ਉਹ ਆਪਣੇ ਵਿਹਾਰ ਜਾਂ ਸ਼ਖ਼ਸੀਅਤ ਕਾਰਨ ਆਪਣੀ ਟੀਮ ਵਿੱਚ ਦੂਜਿਆਂ ਤੋਂ ਵੱਖਰਾ ਸੀ। ਉਹ ਪੱਕੇ ਰੰਗ ਦਾ ਸੀ। ਉਸ ਦੇ ਨਕਸ਼ ਕੋਈ ਖ਼ਾਸ ਸੋਹਣੇ ਨਹੀਂ, ਪਰ ਸਾਧਾਰਨ ਸਨ। ਉਸ ਦਾ ਚਿਹਰਾ ਉਸ ਦੀਆਂ ਭਾਵਨਾਵਾਂ ਨੂੰ ਪ੍ਰਦਰਸ਼ਿਤ ਨਹੀਂ ਕਰਦਾ ਸੀ ਕਿ ਉਹ ਗੁੱਸੇ ਵਿਚ ਹੈ ਜਾਂ ਖ਼ੁਸ਼। ਉਹ ਟੀਮ ਵਿੱਚ ਬਾਕੀਆਂ ਵਿੱਚੋਂ ਬਸ ਇੱਕ ਜਣਾ ਹੀ ਸੀ ਜਿਸ ਵੱਲ ਕੋਈ ਵੀ ਆਮ ਤੌਰ ’ਤੇ ਧਿਆਨ ਨਾ ਦੇਵੇ।
ਜੱਗਾ ਸੈਂਟਰ ਫਾਰਵਰਡ ’ਤੇ ਨੰਗੇ ਪੈਰੀਂ ਖੇਡ ਰਿਹਾ ਸੀ ਜਦੋਂਕਿ ਰਾਈਟ ਆਊਟ ਅਤੇ ਲੈਫਟ ਆਊਟ ਦੋਵੇਂ ਗੇਂਦ ਨੂੰ ਗੋਲ ਵੱਲ ਸੁੱਟ ਰਹੇ ਸਨ। ਕਿਸੇ ਨੇ ਜੱਗੇ ਨੂੰ ਫੁੱਲਬੈਕਾਂ ਦੀਆਂ ਜੋਸ਼ੀਲੀਆਂ ਹਰਕਤਾਂ ਵਿੱਚ ਹਿੱਸਾ ਲੈਂਦੇ ਨਹੀਂ ਦੇਖਿਆ। ਫੁੱਲਬੈਕ ਜੇਤੂ ਅੰਦਾਜ਼ ਵਿਚ ਗੇਂਦ ਨੂੰ ਕਿੱਕਾਂ ਮਾਰ ਕੇ ਮੈਦਾਨ ’ਚੋਂ ਬਾਹਰ ਵਗਾਹ ਮਾਰ ਰਹੇ ਸਨ। ਮੈਚ ਅਤਿ ਉਤੇਜਨਾ ’ਤੇ ਪਹੁੰਚ ਗਿਆ ਸੀ ਤੇ ਖਿਡਾਰੀ ਪਸੀਨਾ ਵਹਾ ਰਹੇ ਸਨ। ਉਨ੍ਹਾਂ ਵਿੱਚੋਂ ਕਈ ਆਪਣੇ ਹੱਥ ਪੱਟਾਂ ’ਤੇ ਟਿਕਾ ਕੇ ਲੰਮੇ ਸਾਹ ਲੈ ਰਹੇ ਸਨ।
ਗੇਂਦ ਗੋਲ ਵੱਲ ਤੇਜ਼ੀ ਨਾਲ ਵਧਦੀ ਪਰ ਫੁੱਲਬੈਕਾਂ ਕਰਕੇ ਗੋਲ ਨਾ ਹੁੰਦਾ। ਦਰਸ਼ਕ ਬਹੁਤ ਉਤਸ਼ਾਹਿਤ ਸਨ। ਫਿਰ ਅਚਾਨਕ ਗੇਂਦ ਅੰਦਰਲੇ-ਸੱਜੇ ਕੋਲ ਆਈ ਜਿਸ ਨੇ ਉਹ ਸੈਂਟਰ-ਫਾਰਵਰਡ ’ਤੇ ਖੇਡ ਰਹੇ ਜੱਗੇ ਵੱਲ ਮੋੜੀ। ਉਸ ਨੇ ਗੋਲ ਕਰ ਦਿੱਤਾ। ਇਸ ਨੇ ਦਰਸ਼ਕਾਂ ਵਿੱਚ ਬਹੁਤ ਰੌਲਾ-ਰੱਪਾ ਅਤੇ ਹਲਚਲ ਪੈਦਾ ਕੀਤੀ। ਦੋਵੇਂ ਟੀਮਾਂ ਹੁਣ ਦੁੱਗਣੇ ਜੋਸ਼ ਨਾਲ ਖੇਡਣ ਲੱਗੀਆਂ। ਥੋੜ੍ਹੀ ਦੇਰ ਬਾਅਦ ਅੱਧੇ ਸਮੇਂ ਲਈ ਸੀਟੀ ਵੱਜ ਗਈ।
ਅੱਧੇ ਸਮੇਂ ਦਾ ਆਪਣਾ ਮਜ਼ਾ ਹੈ। ਦਰਸ਼ਕ ਆਰਾਮ ਨਾਲ ਇੱਧਰ-ਉੱਧਰ ਘੁੰਮਦੇ ਹਨ। ਕਈਆਂ ਨੇ ਸੰਤਰੇ ਅਤੇ ਹੋਰ ਫ਼ਲ ਖਰੀਦਣੇ ਸ਼ੁਰੂ ਕਰ ਦਿੱਤੇ ਜਦੋਂਕਿ ਕਈਆਂ ਨੇ ਆਪਸ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ ਮੌਕੇ ਰਾਖਵੇਂ ਖਿਡਾਰੀ, ਕੋਚ ਅਤੇ ਹੋਰ ਅਧਿਕਾਰੀ ਮੈਦਾਨ ਵਿੱਚ ਖਿਡਾਰੀਆਂ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ। ਉਹ ਖਿਡਾਰੀਆਂ ਨੂੰ ਫ਼ਲ ਖਾਣ ਨੂੰ ਦਿੰਦੇ ਹਨ ਜੋ ਉਨ੍ਹਾਂ ਨੂੰ ਨਵੇਂ ਸਿਰਿਓਂ ਤਾਕਤ ਹਾਸਲ ਕਰਨ ਵਿੱਚ ਮਦਦ ਕਰਦੇ ਹਨ।
ਇਹ ਵੀ ਵੇਖਿਆ ਗਿਆ ਕਿ ਦੂਜੀਆਂ ਟੀਮਾਂ ਦੇ ਤਜ਼ਰਬਾਕਾਰ ਖਿਡਾਰੀ ਕੋਈ ਸੁਝਾਅ ਜਾਂ ਸਲਾਹ ਨਾ ਦਿੰਦਿਆਂ ਇਹ ਸਵਾਲ ਕਰ ਰਹੇ ਸਨ ਕਿ ਕਈ ਖਿਡਾਰੀਆਂ ਨੇ ਗੇਂਦ ਨੂੰ ਦੂਜਿਆਂ ਵੱਲ ਪਾਸ ਦੇਣ ਦੀ ਬਜਾਏ ਫੜੀ ਕਿਉਂ ਰੱਖਿਆ। ਕਈ ਕਹਿ ਰਹੇ ਸਨ- ‘‘ਮੈਂ ਦੇਖਿਆ ਸੀ ਤੂੰ ਸਿਰ ਨਾਲ ਗੇਂਦ ਬੁੜ੍ਹਕਾਉਣ ਤੋਂ ਡਰਦਾ ਸੀ।’’ ਕੋਈ ਹੋਰ ਕਹਿ ਰਿਹਾ ਸੀ, ‘‘ਤੁਹਾਨੂੰ ਵਿਰੋਧੀ ਟੀਮ ਦੇ ਫਲਾਣੇ ਖਿਡਾਰੀ ਦੇ ਆਲੇ-ਦੁਆਲੇ ਆਪਣੇ ਖਿਡਾਰੀ ਤਾਇਨਾਤ ਕਰਨੇ ਚਾਹੀਦੇ ਸਨ।’’ ਇੱਕ ਹੋਰ ਦਾ ਕਹਿਣਾ ਸੀ- ‘‘ਅੱਧਾ-ਸੱਜਾ ਸਾਨੂੰ ਲੈ ਬੈਠੇਗਾ, ਉਹ ਬਾਹਰਲੇ ਸੱਜੇ ਨੂੰ ਖੁੱਲ੍ਹ ਦੇ ਰਿਹਾ ਸੀ ਬਜਾਇ ਇਸ ਦੇ ਕਿ ਉਸ ਦੇ ਪਿੱਛੇ ਪਿਆ ਰਹੇ।’’ ਫਿਰ ਕਈ ਲੋਕਾਂ ਨੂੰ ਸ਼ਿਕਾਇਤ ਕਰਦੇ ਵੀ ਸੁਣਿਆ, ‘‘ਰੈਫਰੀ ਫਾਊਲ ਦੀ ਸੀਟੀ ਕਿਉਂ ਨਹੀਂ ਵਜਾਉਂਦਾ? ਉਦੋਂ ਹੀ ਵਜਾਵੇਗਾ ਜਦੋਂ ਕੋਈ ਖਿਡਾਰੀ ਉਹਦੀ ਲੱਤ ਤੋੜ ਦੇਵੇ? ਸਾਨੂੰ ਵਿਰੋਧ ਕਰਨਾ ਚਾਹੀਦਾ ਹੈ।’’ ਅਚਾਨਕ ਰੈਫਰੀ ਨੇ ਸੀਟੀ ਵਜਾਈ। ਦੋਵੇਂ ਧਿਰਾਂ ਮੈਦਾਨ ਵਿੱਚ ਇੱਕ ਦੂਜੇ ਵੱਲ ਆਹਮੋ-ਸਾਹਮਣੇ ਸਨ। ਸੂਰਜ ਦੀ ਸਥਿਤੀ ਬਦਲ ਗਈ ਸੀ ਅਤੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਸੂਰਜ ਦੀ ਲਿਸ਼ਕੋਰ ਪੈਣ ਲੱਗੀ ਸੀ।
ਜੱਗਾ ਹੁਣ ਹਾਫ-ਬੈਕ ਖੇਡ ਰਿਹਾ ਸੀ। ਉਸ ਨੇ ਬੂਟ ਪਾਏ ਹੋਏ ਸਨ। ਮਾਹਿਲਪੁਰ ਦਾ ਸੱਜਾ ਗੇਂਦ ਲੈ ਕੇ ਤੇਜ਼ੀ ਨਾਲ ਭੱਜ ਰਿਹਾ ਸੀ ਜਿਸ ਨੂੰ ਜੱਗੇ ਨੇ ਆਸਾਨੀ ਨਾਲ ਉਸ ਤੋਂ ਖੋਹ ਕੇ ਆਪਣੀ ਟੀਮ ਦੇ ਇੱਕ ਖਿਡਾਰੀ ਵੱਲ ਰੋੜ੍ਹ ਦਿੱਤਾ। ਮਾਹਿਲਪੁਰ ਦੀ ਟੀਮ ਜੱਗੇ ਦੀ ਟੀਮ ਨੂੰ ਦਬਾਅ ਵਿੱਚ ਰੱਖਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਸੀ ਤਾਂ ਜੋ ਉਹ ਗੋਲ ਬਰਾਬਰ ਕਰ ਸਕੇ। ਜਦੋਂ ਗੇਂਦ ਖ਼ਤਰਨਾਕ ਡੀ ਜ਼ੋਨ ਵਿੱਚ ਦਾਖਲ ਹੋ ਗਈ ਤਾਂ ਵੀ ਜੱਗਾ ਸ਼ਾਂਤ ਰਿਹਾ। ਉਹ ਨੇ ਇਸ ਨੂੰ ਆਪਣੀ ਟੀਮ ਦੇ ਦੋਵਾਂ ਬਾਹਰਲਿਆਂ ਵੱਲ ਕਿੱਕ ਕੀਤਾ। ਦੋ ਵਾਰ ਉਸ ਨੇ ਗੇਂਦ ਨੂੰ ਇੰਨੀ ਉੱਚੀ ਕਿੱਕ ਮਾਰੀ ਕਿ ਮੈਦਾਨ ਤੋਂ ਬਾਹਰ ਚਲੀ ਗਈ। ਉਹ ਅਜਿਹਾ ਇਸ ਲਈ ਕਰ ਰਿਹਾ ਸੀ ਕਿਉਂਕਿ ਜਾਂ ਤਾਂ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ, ਜਾਂ ਉਹ ਸਮਾਂ ਲੰਘਾ ਰਿਹਾ ਸੀ ਤਾਂ ਜੋ ਮੈਚ ਖ਼ਤਮ ਹੋ ਜਾਵੇ। ਦੋਵੇਂ ਟੀਮਾਂ ਹੁਣ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਸਨ ਪਰ ਅਸਫ਼ਲ ਰਹੀਆਂ ਸਨ। ਕੁਝ ਲੋਕ ਆਪਣੀਆਂ ਘੜੀਆਂ ਵੱਲ ਦੇਖ ਅਤੇ ਟਿੱਪਣੀਆਂ ਕਰ ਰਹੇ ਸਨ। ਕੁਝ ਕਹਿ ਰਹੇ ਸਨ, ‘‘ਇੰਨਾ ਸਮਾਂ ਬਾਕੀ ਹੈ, ਲੱਗਦਾ ਹੈ ਕੋਈ ਹੋਰ ਗੋਲ ਨਹੀਂ ਹੋਵੇਗਾ।’’ ਹੋਰਨਾਂ ਨੇ ਕਿਹਾ, ‘‘ਕਿਉਂ ਨਹੀਂ? ਖੇਡ ਅਚਾਨਕ ਬਦਲ ਸਕਦੀ ਹੈ, ਬੱਸ ਦੇਖਦੇ ਰਹੋ।’’
ਫਿਰ ਸੀਟੀ ਵੱਜ ਗਈ। ਮੈਚ ਖ਼ਤਮ ਹੋ ਗਿਆ ਤੇ ਭੀੜ ਪੂਰੀ ਤਰ੍ਹਾਂ ਅਚੰਭੇ ਵਿੱਚ ਸੀ। ਅਣਹੋਣੀ ਹੋਈ ਸੀ। ਮਾਹਿਲਪੁਰ ਹਾਰ ਗਿਆ ਸੀ। ਲੰਮੇ ਕੱਦਾਂ ਵਾਲੇ ਵਡੇਰੀ ਉਮਰ ਵਾਲੇ ਨੌਜਵਾਨ ਖਿਡਾਰੀ ਰੋਣ ਲੱਗ ਪਏ। ਦਰਸ਼ਕ ਰਲੀਆਂ-ਮਿਲੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਸਨ। ‘‘ਇਹ ਕਿਵੇਂ ਹੋ ਸਕਦਾ ਹੈ!’’ ਕਈਆਂ ਨੇ ਕਿਹਾ। ਦੂਜਿਆਂ ਨੇ ਟਿੱਪਣੀ ਕੀਤੀ, ‘‘ਇਹ ਕੋਈ ਚਮਤਕਾਰ ਹੈ।’’ ਕਈ ਖ਼ੁਸ਼ ਸਨ ਕਿ ਮਾਹਿਲਪੁਰ ਹਾਰ ਗਿਆ ਸੀ। ਈਰਖਾ ਅਤੇ ਸਾੜਾ ਅਜਿਹੇ ਮੌਕਿਆਂ ’ਤੇ ਚੁੱਪਚਾਪ ਅਸਰ ਪਾਉਂਦੇ ਹਨ। ਬੱਦੋਂ ਦੀ ਟੀਮ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਥੋੜ੍ਹੀ ਦੇਰ ਲਈ ਭੰਗੜਾ ਪਾ ਕੇ ਕੀਤਾ।
ਜੱਗੇ ਦੇ ਚਿਹਰੇ ’ਤੇ ਨਾ ਖ਼ੁਸ਼ੀ ਸੀ ਨਾ ਗ਼ਮ; ਉਹ ਚੁੱਪਚਾਪ ਮੈਦਾਨ ’ਚੋਂ ਬਾਹਰ ਚਲਾ ਗਿਆ। ਮੈਦਾਨ ਤੋਂ ਬਾਹਰ ਨਿਕਲਣ ਵਾਲੀ ਭੀੜ ਮੇਲੇ ਵਰਗੇ ਰਉਂ ਵਿੱਚ ਸੀ। ਕਈਆਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਗ਼ੈਰਮਾਮੂਲੀ ਮੈਚ ਕਦੇ ਨਹੀਂ ਦੇਖਿਆ; ਹੋਰਾਂ ਨੇ ਟਿੱਪਣੀ ਕੀਤੀ ਕਿ ਇਹ ਸਭ ਤੋਂ ਯਾਦਗਾਰੀ ਮੈਚ ਸੀ।
ਹੁਣ, ਸੱਚਾਈ ਇਹ ਹੈ ਕਿ ਜੱਗੇ ਜਿਹੀ ਯੋਗਤਾ ਵਾਲੇ ਲੋਕ ਬਹੁਤ ਘੱਟ ਹਨ। ਉਸ ਨੇ ਮਾਹਿਲਪੁਰ ਦੀ ਮਾਣਮੱਤੀ ਟੀਮ ਨੂੰ ਸ਼ਰ੍ਹੇਆਮ ਰੋਣ ਲਈ ਮਜਬੂਰ ਕਰ ਦਿੱਤਾ। ਉਹ ਜੰਗ ਦੇ ਮੈਦਾਨ ਵਿੱਚ ਤਾਇਨਾਤ ਇੱਕ ਗੁਪਤ ਹਥਿਆਰ ਦੀ ਤਰ੍ਹਾਂ ਸੀ ਜੋ ਦੁਸ਼ਮਣ ਨੂੰ ਅਚਾਨਕ ਦੰਗ ਕਰ ਦਿੰਦਾ ਹੈ। ਬੱਦੋਂ ਦੀ ਟੀਮ ਹੁਣ ਫੁੱਟਬਾਲ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਚੈਂਪੀਅਨ ਸੀ।
ਪਰ ਜੱਗੇ ਦਾ ਕੀ ਬਣਿਆ? ਕੀ ਉਸ ਨੇ ਫੁੱਟਬਾਲ ਖੇਡਣੀ ਜਾਰੀ ਰੱਖੀ, ਕੋਈ ਕੰਮ-ਕਾਰ ਸ਼ੁਰੂ ਕਰ ਲਿਆ ਜਾਂ ਸ਼ਾਇਦ ਥੋੜ੍ਹੀ ਬਹੁਤ ਜ਼ਮੀਨ ’ਤੇ ਖੇਤੀ-ਵਾਹੀ ’ਚ ਪੈ ਗਿਆ? ਮੈਨੂੰ ਨਹੀਂ ਪਤਾ।
ਵੰਡ ਕਾਰਨ ਸਾਡਾ ਪਰਿਵਾਰ ਹਰਿਆਣੇ ਤੋਂ ਉੱਜੜ ਕੇ ਪਾਕਿਸਤਾਨ ਆ ਗਿਆ। ਕਦੇ-ਕਦਾਈਂ ਜਦੋਂ ਮੈਂ ਉਨ੍ਹਾਂ ਦਿਨਾਂ ਅਤੇ ਆਪਣੇ ਦੋਸਤਾਂ ਨੂੰ ਯਾਦ ਕਰਦਾ ਹਾਂ ਤਾਂ ਚੁੱਪਚਾਪ ਹੰਝੂ ਕੇਰ ਲੈਂਦਾ ਹਾਂ। ਪਿਛਲੇ 75 ਸਾਲਾਂ ਤੋਂ ਆਪਣੇ ਪਿਆਰੇ ਦੋਸਤਾਂ ਦੇ ਅਕਸ ਮੈਂ ਆਪਣੀ ਯਾਦ ਵਿੱਚ ਜ਼ਿੰਦਾ ਰੱਖੇ ਹੋਏ ਹਨ। ਇਨ੍ਹਾਂ ਵਿੱਚ ਹੁਸ਼ਿਆਰਪੁਰ ਦੇ ਮੈਰਾਡੋਨਾ: ਜੱਗਾ ਅਤੇ ਕਰਮੇ ਦੇ ਅਕਸ ਵੀ ਹਨ। ਜੱਗੇ ਨੂੰ ਕੀ ਪਤਾ ਕਿ ਅੱਜ ਵੀ ਮੈਂ ਉਸ ਨੂੰ ਯਾਦ ਕਰਦਾ ਹਾਂ!
* ਸਾਬਕਾ ਮੈਂਬਰ, ਸੂਬਾਈ ਅਸੈਂਬਲੀ, ਪਾਕਿਸਤਾਨ ਪੀਪਲਜ਼ ਪਾਰਟੀ, ਓਕਾੜਾ, ਪਾਕਿਸਤਾਨ।
– ਪੰਜਾਬੀ ਰੂਪ: ਕੰਵਲ ਧਾਲੀਵਾਲ