ਅਫ਼ਜ਼ਲ ਅਹਿਸਨ ਰੰਧਾਵਾ
ਮੈਂ ਕਿਹੜੀ ਕਹਾਣੀ ਲਿਖਾਂ? ਜਦੋਂ ਵੀ ਮੈਂ ਕਹਾਣੀ ਲਿਖਣ ਬਾਰੇ ਸੋਚਦਾ ਹਾਂ ਤਾਂ ਕਿੰਨੀਆਂ ਹੀ ਕਹਾਣੀਆਂ ਮੈਨੂੰ ਚੁਫ਼ੇਰਿਓਂ ਘੇਰ ਲੈਂਦੀਆਂ ਹਨ। ਕਿਸੇ ਕਹਾਣੀ ਦੇ ਹੱਥ ਸਖ਼ਤ ਮਿਹਨਤ ਸਦਕਾ ਖੁਰਦਰੇ ਹੋ ਗਏ ਹਨ, ਕਿਸੇ ਕਹਾਣੀ ਦੇ ਵਾਲ ਮਿੱਟੀ ਵਿਚ ਮਿੱਟੀ ਹੋ ਗਏ ਹਨ, ਕਿਸੇ ਕਹਾਣੀ ਦੇ ਸਿਰ ’ਤੇ ਚੁੰਨੀ ਨਹੀਂ, ਕਿਸੇ ਕਹਾਣੀ ਦਾ ਮੱਖਣ ਵਰਗਾ ਸਰੀਰ ਜਹਾਜ਼ ਦੀ ਸਟੈਫਿੰਗ ਨਾਲ ਛਲਣੀ ਹੋ ਗਿਆ ਹੈ, ਕਿਸੇ ਕਹਾਣੀ ਦੇ ਸੁੰਦਰ ਹੀਰੇ ’ਤੇ ਬਾਰੂਦ ਦੀ ਸੜ੍ਹਾਂਦ ਅਤੇ ਖ਼ੂਨ ਦੇ ਧੱਬੇ ਹਨ। ਕਿਸੇ ਕਹਾਣੀ ਦੀ ਬਾਂਹ ਕਟ ਗਈ ਹੈ, ਕਿਸੇ ਦੀ ਲੱਤ ਨਹੀਂ, ਕਿਸੇ ਦਾ ਮਾਸ ਬੰਬ ਦੀ ਅੱਗ ਨਾਲ ਝੁਲਸ ਗਿਆ ਹੈ।
ਚਾਰੇ ਪਾਸੇ ਵੇਖਦਾ ਹਾਂ, ਮੇਰੀ ਕੋਈ ਵੀ ਕਹਾਣੀ ਮੁਕੰਮਲ ਨਹੀਂ। ਕਿਸੇ ਦਾ ਵੀ ਹੁਸਨ ਸਲਾਮਤ ਨਹੀਂ ਰਿਹਾ। ਕਿਸੇ ਦੇ ਕੱਪੜੇ ਵੀ ਪੂਰਾ ਸਰੀਰ ਢਕਣ ਦੇ ਸਮਰੱਥ ਨਹੀਂ। ਸਭ ਬਦਸੂਰਤੀ ਵੀ ਤਾਂ ਹੁਸਨ ਹੈ। ਸ਼ਾਇਰ ਅਤੇ ਲੇਖਕ ਸਦੀਆਂ ਤੋਂ ਹੁਸਨ ਵੰਡਦਾ ਅਤੇ ਉਹਦੀ ਪ੍ਰਸੰਸਾ ਕਰਦਾ ਆਇਆ ਹੈ ਤਾਂ ਫਿਰ ਮੈਂ ਕਿਉਂ ਬਦਸੂਰਤੀ ਨੂੰ ਹੁਸਨ ਦੀ ਝੂਠੀ ਚਾਦਰ ਵਿੱਚ ਲਪੇਟ ਕੇ ਲੋਕਾਂ ਨੂੰ ਵਿਖਾਉਂਦਾ ਰਹਾਂ? ਚਾਦਰ ਲਾਹ ਕੇ ਕਿਉਂ ਨਹੀਂ ਵਿਖਾਉਂਦਾ? ਪਰ ਇਹਦੀ ਵੀ ਕੀ ਲੋੜ ਹੈ ਅਤੇ ਇਨ੍ਹਾਂ ਦੇ ਪੈਰ ਵੀ ਜ਼ਮੀਨ ’ਤੇ ਹਨ। ਇਨ੍ਹਾਂ ਦੀ ਬਦਸੂਰਤੀ ਵਿੱਚ ਵੀ ਮਿੱਟੀ ਦੀ ਪੀੜ ਹੈ, ਇਹੀ ਪੀੜ ਇਨ੍ਹਾਂ ਨੂੰ ਬਦਸੂਰਤ ਬਣਾ ਦਿੰਦੀ ਹੈ। ਹੁਣ ਮੈਂ ਬਦਸੂਰਤ ਸ਼ਬਦ ਨਹੀਂ ਲਿਖਾਂਗਾ। ਕਿਉਂਕਿ ਮਿੱਟੀ ਦਾ ਜ਼ਖ਼ਮ… ਮਿੱਟੀ ਦਾ ਦੁੱਖ… ਮਿੱਟੀ ਦੀ ਛੋਹ ਕਦੇ ਵੀ ਬਦਸੂਰਤ ਨਹੀਂ ਸਗੋਂ ਖ਼ੂਬਸੂਰਤ ਹੈ।
ਮਿੱਟੀ ਇਨਸਾਨ ਦੇ ਜਨਮ ਤੋਂ ਪਹਿਲਾਂ ਵੀ ਅਜਿਹੀ ਹੀ ਸੀ। ਸਗੋਂ ਇਨਸਾਨ ਨੇ ਮਿੱਟੀ ਨੂੰ ਜ਼ਖ਼ਮ ,ਦੁੱਖ, ਦਰਦ ਅਤੇ ਬਦਸੂਰਤੀ ਹੀ ਦਿੱਤੀ ਹੈ। ਇਨਸਾਨ ਦੀ ਸੂਰਤ ਵੇਖੇ ਬਿਨਾ ਮਿੱਟੀ ਨੇ ਹਮੇਸ਼ਾ ਉਹਨੂੰ ਆਸਰਾ ਦਿੱਤਾ ਅਤੇ ਦਿੰਦੀ ਰਹੇਗੀ… ਇਨਸਾਨ… ਮਿੱਟੀ ਅਤੇ ਆਸਰਾ। ਪਰ ਇਨਸਾਨ ਤੋਂ ਮਿੱਟੀ ਦਾ ਆਸਰਾ ਖੋਹਣ ਵਾਲਾ ਕੌਣ ਹੈ? ਮੇਰੇ ਕੋਲੋਂ ਮੇਰੀ ਪੱਗ ਅਤੇ ਜੁੱਤੇ ਕਿਸ ਨੇ ਖੋਹ ਲਏ? ਜੋ ਮੈਂ ਆਪਣੀ ਫ਼ਸਲ ਵੇਚ ਕੇ ਲਿਆਇਆ ਸੀ? ਫ਼ਸਲ ਜਿਸ ਨੂੰ ਮੈਂ ਆਪਣਾ ਪਸੀਨਾ ਵਹਾ ਕੇ, ਮਿੱਟੀ ਵਿਚ ਰਲਾ ਕੇ, ਮਿੱਟੀ ਵਿਚੋਂ ਪੈਦਾ ਕੀਤੀ ਸੀ। ਕਿਸੇ ਮਸ਼ੀਨ ਨੇ ਨਿਚੋੜ ਲਿਆ ਮੇਰੇ ਅੰਦਰੋਂ ਸਾਰਾ ਖੂਨ ਜਿਸ ਨਾਲ ਮੈਂ ਆਪਣਾ ਅਤੇ ਆਪਣੇ ਬਾਲ ਬੱਚਿਆਂ ਦਾ ਪੇਟ ਭਰਨ ਦੇ ਸੁਪਨੇ ਲਏ ਸਨ। ਮੇਰਾ ਪੇਟ ਖਾਲੀ ਕਿਉਂ ਹੈ? ਆਪਣਾ ਸਾਰਾ ਖ਼ੂਨ ਮਸ਼ੀਨ ਨੂੰ ਦੇ ਦੇਣ ਮਗਰੋਂ ਵੀ ਮੇਰੇ ਬੱਚੇ ਭੁੱਖੇ ਕਿਉਂ ਹਨ? ਮੇਰੀ ਮਿੱਟੀ ’ਤੇ ਲਕੀਰਾਂ ਕਿਸ ਨੇ ਖਿੱਚ ਦਿੱਤੀਆਂ ਪਰ ਕਿਉਂ? ਮਿੱਟੀ ਜੇਕਰ ਪੂਜਣਯੋਗ ਹੈ ਤਾਂ ਫੇਰ ਉਸ ਦੇ ਸੀਨੇ ਨੂੰ ਜ਼ਖ਼ਮੀ ਕਰ ਕੇ ਖ਼ੂਨ ਵਹਾ ਕੇ ਉਹਦਾ ਸਰੀਰ ਕਿਉਂ ਛੱਲਣੀ ਕੀਤਾ ਜਾਂਦਾ ਹੈ? ਰੱਬ ਜੇਕਰ ਆਸਰਾ ਹੈ ਤਾਂ ਫੇਰ ਇਨਸਾਨ ਤੋਂ ਉਹਦਾ ਆਸਰਾ ਕਿਉਂ ਖੋਹਿਆ ਜਾਂਦਾ ਹੈ? ਰੱਬ, ਮਿੱਟੀ ਇਨਸਾਨ ਜੇਕਰ ਇਕ ਚੋਕੋਰ ਹੈ ਤਾਂ ਉਹ ਕਿਹੜਾ ਹੱਥ ਹੈ ਜਿਹੜਾ ਇਨ੍ਹਾਂ ਲਕੀਰਾਂ ਨੂੰ ਪੂੰਝ ਕੇ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ। ਨਾਜ਼ੀ ਆਕਸਫੋਰਡ ਦੇ ਲਹਿਜੇ ਵਿਚ ਅੰਗਰੇਜ਼ੀ ਬੋਲਦੀ ਹੈ, ਮੂੰਹ ਤੋਂ ਪੰਜਾਬੀ ਬੋਲੀ ਸੁਣ ਕੇ ਮੇਰੇ ਵੱਲ ਮੋਟੀ ਸ਼ਰਬਤੀ ਅੱਖ ਨਾਲ ਸਵਾਲੀਆ ਅੰਦਾਜ਼ ਨਾਲ ਵੇਖਦੀ ਹੈ।
ਮੈਂ ਉਹਨੂੰ ਕੀ ਜਵਾਬ ਦੇਵਾਂ? ਕਹਿੰਦਾ ਹਾਂ, ‘‘ਰੱਬ ਦੇ ਘਰ ਤਾਂ ਹੋਰ ਬੇਸ਼ੁਮਾਰ ਕੰਮ ਨੇ। ਦੁਨੀਆ ਬਹੁਤ ਵੱਡੀ ਹੋ ਗਈ ਹੈ। ਸਮੱਸਿਆਵਾਂ ਵਧ ਗਈਆਂ ਹਨ, ਤੇ ਉਹ ਵਿਹਲਾ ਨਹੀਂ। ਫੇਰ ਆਸਰਾ? ਆਸਰਾ ਕੀਹਦਾ ਅਤੇ ਕਿਹੋ ਜਿਹਾ?’’ ਟਹਿਲ ਸਿੰਘ ਠੀਕ ਕਿਹਾ ਕਰਦੇ ਸਨ, ‘‘ਪੁੱਤਰ ਆਪਾਂ ਕਹਾਣੀਆਂ ਤਾਂ ਹੀ ਹਾਂ। ਪਰ ਅਸਾਂ ਨੂੰ ਲਿਖਣ ਵਾਲਾ ਕੋਈ ਨਹੀਂ।’’
“ਹਾਂ ਚਾਚਾ ਟਹਿਲ ਸਿੰਘ, ਤੁਸੀਂ ਠੀਕ ਕਹਿੰਦੇ ਸੀ। ਕੱਲ੍ਹ ਦੀ ਗੱਲ ਹੈ, ਜਦੋਂ ਤੁਸੀਂ ਏਥੇ, ਇਸ ਮਿੱਟੀ ਦੇ ਪੁੱਤਰ ਦੇ ਰੂਪ ਵਿਚ ਇਸ ਮਿੱਟੀ ਵਿਚੋਂ ਉਪਜੇ ਸੋਨੇ ਨਾਲ ਮੌਜਾਂ ਕਰਦੇ ਸੀ। ਇਹ ਮਿੱਟੀ ਤੁਹਾਨੂੰ ਲਾਡਲੇ ਪੁੱਤਰਾਂ ਵਾਂਗ ਪਿਆਰ ਕਰਦੀ ਸੀ, ਹਵਾ ਤੋਂ ਵੀ ਤੇਜ਼ ਭੱਜਣ ਵਾਲੀਆਂ ਤੇਰੀਆਂ ਘੋੜੀਆਂ ਦੀ ਚਰਚਾ ਪੂਰੇ ਇਲਾਕੇ ਵਿਚ ਸੀ। ਤੁਹਾਡੇ ਖ਼ੂਬਸੂਰਤ ਪਸ਼ੂ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਸੀ। ਤੁਹਾਡੀਆਂ ਮੱਝਾਂ ਦੀ ਬਰਾਬਰੀ ਕਰਨ ਵਾਲੀਆਂ ਮੱਝਾਂ ਸਾਰੇ ਪੰਜਾਬ ਵਿਚ ਕਿਧਰੇ ਵੀ ਨਹੀਂ ਸਨ। ਤੁਹਾਡੇ ਦਲ੍ਹਾਣ, ਰੰਗਦਾਰ ਮੰਜੇ, ਮੰਜੀਆਂ ਅਤੇ ਪੇਟੀਆਂ ਰੰਗ ਬਿਰੰਗੀਆਂ ਫੁਲਕਾਰੀਆਂ, ਰਜਾਈਆਂ, ਖੇਸਾਂ ਨਾਲ ਭਰੇ ਹੋਏ ਸਨ। ਤੁਹਾਡੇ ਦਰ ਤੋਂ ਕੋਈ ਸਵਾਲੀ ਖਾਲੀ ਨਹੀਂ ਜਾਂਦਾ ਸੀ। ਵੱਡੇ ਸਰਦਾਰ ਹੋ ਕੇ ਵੀ ਤੁਸੀਂ ਆਪਣੇ ਸੀਰੀਆਂ ਦੇ ਪੁੱਤਰਾਂ ਨੂੰ ਵੀ ਆਪਣਾ ਸਮਝਦੇ ਸੀ। ਹਰੇਕ ਦੇ ਦੁੱਖ ਵਿਚ ਤੁਸੀਂ ਸ਼ਰੀਕ ਹੁੰਦੇ ਸੀ।
ਆਪ ਭੈਣੀ ਸਾਹਿਬ ਵਾਲੇ ਗੁਰਦੁਆਰੇ ਵਾਲੇ ਬਰੋਟੇ ਦੇ ਥੱਲੇ ਸੰਗਤ ਨਾਲ ਬੈਠੇ ਸੀ। ਤੁਹਾਡੀ ਹਵੇਲੀ ਵਿਚ ਸੈਂਕੜੇ ਮਹਿਮਾਨਾਂ ਵਾਸਤੇ ਭੋਜਨ ਤਿਆਰ ਹੋ ਰਿਹਾ ਸੀ। ਬੇਸਮਝ ਮੁੰਡੇ ਲੁਕ ਛੁਪ ਕੇ ਬੋਲੀਆਂ ਪਾ ਰਹੇ ਸਨ।
ਪਿੰਡ ਵਿਚ ਮੇਲਾ ਲੱਗਿਆ ਹੋਇਆ ਸੀ। ਅਸੀਂ ਨਿੱਕੇ ਨਿੱਕੇ ਜੁਆਕ ਬਾਬਾ ਜੀ ਦੇ ਦਰਸ਼ਨਾਂ ਲਈ ਗਏ ਸਾਂ। ਤੁਸੀਂ ਮੈਨੂੰ ਅਤੇ ਪਾਲ ਸਿੰਘ ਨੂੰ ਫੜ ਕੇ ਬਾਬਾ ਜੀ ਦੇ ਅੱਗੇ ਖੜ੍ਹਾ ਕਰ ਦਿੱਤਾ ਸੀ। “ਇਹ ਮੇਰੇ ਪੁੱਤਰ ਨੇ।’’ ਤੁਸੀਂ ਕਿਹਾ ਸੀ।
ਪਾਲ ਦਾ ਸਿਰ ਨੰਗਾ ਸੀ, ਤੇ ਉਹਨੇ ਛੋਟਾ ਜਿਹਾ ਜੂੜਾ ਕਸ ਕੇ ਬੰਨ੍ਹਿਆ ਹੋਇਆ ਸੀ। ਬਾਬਾ ਜੀ ਨੇ ਪਹਿਲਾਂ ਉਹਦੇ ਸਿਰ ’ਤੇ ਹੱਥ ਫੇਰਿਆ ਸੀ ਅਤੇ ਫਿਰ ਤੁਹਾਡੇ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਸੀ। ਜਿਵੇਂ ਪੁੱਛ ਰਹੇ ਹੋਣ ਕਿ ਇਹ ਦੂਜਾ ਮੁਸਲਮਾਨ ਮੁੰਡਾ ਕੌਣ ਹੈ? ਅਤੇ ਤੁਸੀਂ ਕਿਹਾ ਸੀ ਕਿ ਮੇਰੇ ਭਰਾ ਦਾ ਬੇਟਾ ਹੈ। ਫੇਰ ਬਾਬਾ ਜੀ ਨੇ ਹੱਸ ਕੇ ਦੋਵੇਂ ਹੱਥਾਂ ਨਾਲ ਮੇਰੇ ਸਿਰ ’ਤੇ ਪਿਆਰ ਦਿੱਤਾ ਸੀ ਤੇ ਅਸੀਸਾਂ ਵੀ ਦਿੱਤੀਆਂ ਸਨ।
…ਫੇਰ ਚਾਚਾ, ਤੇਰੀ ਖ਼ੂਬਸੂਰਤ ਘੋੜੀ ਨੇ ਜੋ ਤੁਸੀਂ ਉਸ ਜ਼ਮਾਨੇ ਵਿਚ ਮਹਾਰਾਜਾ ਕਪੂਰਥਲਾ ਤੋਂ ਦਸ ਹਜ਼ਾਰ ਵਿਚ ਲਈ ਸੀ, ਬੜੀਆਂ ਆਸਾਂ ਤੇ ਉਮੀਦਾਂ ਮਗਰੋਂ ਇਕ ਵਛੇਰੀ ਨੂੰ ਜਨਮ ਦਿੱਤਾ ਸੀ। ਉਹ ਵਛੇਰੀ ਵਿੱਚ ਜਿਵੇਂ ਤੁਹਾਡੀ ਜਾਨ ਸੀ। ਮੈਨੂੰ ਬਹੁਤ ਦੇਰ ਮਗਰੋਂ ਪਤਾ ਚੱਲਿਆ ਕਿ ਵਛੇਰੀ ਬੇਸ਼ਕੀਮਤੀ ਸੀ। ਉਸ ਸਮੇਂ ਵਛੇਰੀ ਲਗਭਗ ਛੇ ਮਹੀਨੇ ਦੀ ਸੀ। ਜਦੋਂ ਮੈਂ ਖੇਡਦਾ ਹੋਇਆ ਤੁਹਾਡੇ ਘਰ ਗਿਆ ਸੀ। ਸੋਨੇ ਵਰਗੇ ਦਿਲ ਵਾਲੀ ਚਾਚੀ ਨੇ ਮੈਨੂੰ ਦੋਹੇਂ ਬਾਹਾਂ ਵਿਚ ਘੁੱਟ ਕੇ ਪਿਆਰ ਕੀਤਾ ਸੀ ਅਤੇ ਮੇਰੇ ਸਿਰ ’ਤੇ ਹੱਥ ਫੇਰਿਆ ਸੀ। ਮੱਥਾ ਚੁੰਮ ਕੇ ਗੋਦੀ ਵਿਚ ਬਿਠਾ ਲਿਆ ਸੀ, ਇਕ ਰੋਟੀ ਦੀ ਚੂਰੀ ਬਣਾ ਕੇ ਸ਼ੱਕਰ ਪਾ ਕੇ ਮੈਨੂੰ ਖਵਾਉਣ ਲੱਗੀ ਸੀ। ਏਨੇ ਵਿਚ ਪਾਲ ਆ ਗਿਆ ਸੀ। ਅਸੀਂ ਖੇਡਦੇ ਖੇਡਦੇ ਹਵੇਲੀ ਵਿਚ ਆ ਗਏ ਸਾਂ। ਭਰਾ ਰਤਨ ਸਿੰਘ ਉਸ ਸਮੇਂ ਹਵੇਲੀ ਵਿਚ ਸੀ। ਉਹਦੀ ਬਾਂਦਰੀ ਬੰਦਿਆਂ ਵਾਂਗ ਘੁਲਾੜੀ ਵਿਚ ਗੰਨੇ ਲਾ ਰਹੀ ਸੀ। ਭਰਾ ਸੋਡਾ ਪਾ ਕੇ ਉੱਬਲ ਰਹੇ ਰਸ ਤੋਂ ਮੈਲ ਲਾਹ ਰਿਹਾ ਸੀ। ਮੈਨੂੰ ਹੁਣ ਤੱਕ ਯਾਦ ਹੈ ਭਰਾ ਦਾ ਗੁੜ ਸਾਰੇ ਪਿੰਡ ਵਿਚੋਂ ਸਾਫ਼ ਅਤੇ ਚਿੱਟਾ ਹੁੰਦਾ ਸੀ। ਨਿੱਕੂ ਕਸਾਈ ਧੌਂਕਣੀ ਨਾਲ ਹਵਾ ਦੇ ਰਿਹਾ ਸੀ। ਧੌਂਕਣੀ ਦੇ ਧੂੰਏ ਅਤੇ ਗੁੜ ’ਚੋਂ ਉੱਠ ਰਹੀ ਭਾਫ਼ ਵਿਚ ਭਰਾ ਲੁਕਿਆ ਜਿਹਾ ਪ੍ਰਤੀਤ ਹੁੰਦਾ ਸੀ, ਪਰ ਉਸ ਨੇ ਪਾਲ ਤੇ ਮੈਨੂੰ ਵੇਖ ਲਿਆ ਸੀ।
“ਰਸ ਪੀ।’’
“ਗੁੜ ਖਾ।’’
“ਗੰਨੇ ਚੂਪ ਲੈ।’’
“ਬਹਿ ਜਾ… ਉਏ ਮੁੰਡਿਆ, ਵੀਰ ਦੀ ਮੰਜੀ ਜ਼ਰਾ ਧੁੱਪ ’ਚ ਡਾਹ ਦੇ।’’
ਭਰਾ ਰਤਨ ਸਿੰਘ ਨੇ ਇਕਦਮ ਹੀ ਕਿੰਨੇ ਸਾਰੇ ਹੁਕਮ ਦੇ ਦਿੱਤੇ, ਮੈਨੂੰ। ਪਰ ਮੇਰਾ ਧਿਆਨ ਉਸ ਵਛੇਰੀ ਵੱਲ ਚਲਾ ਗਿਆ ਜਿਹੜੀ ਕਿ ਬਹੁਤ ਸੁੰਦਰ ਤਸਵੀਰ ਜਿਹੀ ਜਾਪ ਰਹੀ ਸੀ। ਫੇਰ ਪਤਾ ਨਹੀਂ ਕਿਧਰੋਂ ਟਹਿਲ ਸਿੰਘ ਆ ਗਿਆ, ਪਤਾ ਨਹੀਂ ਕਿਹੜੇ ਮੂਰਖਪੁਣੇ ਵਿਚ ਮੈਂ ਉਹਦੀ ਗੋਦੀ ਚੜ੍ਹ ਗਿਆ। ਮੈਂ ਵਛੇਰੀ ’ਤੇ ਚੜ੍ਹਣ ਦੀ ਜ਼ਿੱਦ ਕੀਤੀ। ਸੱਤ ਸਾਲ ਦੇ ਬੱਚੇ ਵਿਚ ਸਮਝ ਹੀ ਕਿੰਨੀ ਕੁ ਹੁੰਦੀ ਹੈ? ਪਰ ਚਾਚਾ, ਤੁਸੀਂ ਮੈਨੂੰ ਇਕ ਵਾਰ ਵੀ ਮਨ੍ਹਾ ਨਹੀਂ ਕੀਤਾ ਅਤੇ ਨਾ ਹੀ ਸਮਝਾਇਆ। ਉਸ ਮਾਸੂਮ ਤੇ ਬੇਸ਼ਕੀਮਤੀ ਵਛੇਰੀ ਨੂੰ ਫੜ ਕੇ ਲਗਾਮ ਨੂੰ ਗੰਢਾਂ ਦੇ ਕੇ, ਲਗਾਮ ਛੋਟੀ ਕਰ ਕੇ ਕਸ ਦਿੱਤੀ। ਜੋ ਬੰਦਾ ਉੱਥੇ ਹਾਜ਼ਰ ਸੀ, ਹੈਰਾਨੀ ਨਾਲ ਬੁੱਤ ਬਣ ਕੇ ਵੇਖਦਾ ਰਿਹਾ। ਭਰਾ ਪੱਕੇ ਹੋਏ ਗੁੜ ਨੂੰ ਛੱਡ ਕੇ ਖੜ੍ਹਾ ਹੋ ਗਿਆ। ਹਰ ਬੰਦਾ, ਚਾਚਾ ਜੀ ਤੁਹਾਡੇ ਵੱਲ ਵੇਖ ਰਿਹਾ ਸੀ। ਇਕ ਬੱਚੇ ਦੇ ਮੂਰਖਪੁਣੇ ਨਾਲ ਤੁਸੀਂ ਵੀ ਬੱਚੇ ਬਣ ਗਏ ਸੀ। ਤੁਹਾਡੇ ਕੰਮਾਂ ਵਿਚ ਦਖ਼ਲ ਦੇਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ। ਫੇਰ ਤੁਸੀਂ ਮੋਢੇ ਵਾਲੀ ਚਾਦਰ ਲਾਹ ਕੇ, ਟੱਪ ਰਹੀ, ਨੱਚ ਰਹੀ, ਘਬਰਾਈ ਹੋਈ ਪਰੇਸ਼ਾਨ ਤੇ ਨਿਢਾਲ ਹੋਈ ਵਛੇਰੀ ’ਤੇ ਪਾ ਦਿੱਤੀ ਅਤੇ ਕਾਠੀ ਕਸ ਦਿੱਤੀ।
ਅੱਜ ਸੋਚਦਾ ਹਾਂ ਕਿ ਛੇ ਮਹੀਨੇ ਦੀ ਦੁੱਧ ਚੁੰਘਦੀ ਕੋਮਲ ਵਛੇਰੀ ਦੀ ਜਾਨ ਵਾਸਤੇ ਏਨਾ ਹੀ ਦੁੱਖ ਅਤੇ ਸਦਮਾ ਕਾਫ਼ੀ ਸੀ। ਪਰ ਚਾਚਾ ਫੇਰ ਤੁਸੀਂ ਮੈਨੂੰ ਉਸ ਉੱਪਰ ਬਿਠਾ ਕੇ ਉਹਨੂੰ ਅੱਗੋਂ ਫੜ ਕੇ ਹਵੇਲੀ ਦੇ ਚੱਕਰ ਲਵਾਏ। …ਫੇਰ ਵਛੇਰੀ ਦੁੱਖ ਅਤੇ ਸਦਮੇ ਤੋਂ ਨਿਢਾਲ ਹੋ ਕੇ ਡਿੱਗ ਕੇ ਮਰ ਗਈ। ਮਹਾਰਾਜਾ ਕਪੂਰਥਲਾ ਦੀ ਲਾਡਲੀ ਘੋੜੀ ਦੀ ਸੁੰਦਰ ਵਛੇਰੀ ਜਿਸ ਨੂੰ ਤੁਸੀਂ ਕਿੰਨੀਆਂ ਉਮੀਦਾਂ ਤੇ ਸੱਧਰਾਂ ਨਾਲ ਹਾਸਲ ਕੀਤਾ ਸੀ ਪਰ ਤੁਹਾਡੇ ਮੱਥੇ ’ਤੇ ਇਕ ਵੀ ਸ਼ਿਕਨ ਨਹੀਂ ਉੱਭਰੀ ਸੀ। ਕਿਸੇ ਨੇ ਵੀ ਉਫ਼ ਤੱਕ ਨਹੀਂ ਕੀਤੀ ਸੀ। ਸਿਵਾਏ ਮੇਰੇ ਅਤੇ ਅੱਬਾ ਦੇ… ਜਦੋਂ ਉਨ੍ਹਾਂ ਸੁਣਿਆ ਤਾਂ ਉਹ ਮੈਨੂੰ ਅਤੇ ਤੁਹਾਨੂੰ ਦੋਵਾਂ ਨੂੰ ਗੁੱਸੇ ਹੋਏ ਸੀ, ਪਰ ਤੁਸੀਂ ਹੱਸਦੇ ਰਹੇ।
ਚਾਚਾ, ਅੱਜ ਮੈਂ ਬਾਲਗ ਹਾਂ, ਸਿਆਣਾ ਹਾਂ। ਠੋਕਰਾਂ ਖਾ ਖਾ ਕੇ ਪੱਥਰ ਵਾਂਗ ਗੋਲ ਹੋ ਗਿਆ ਹਾਂ। ਲੋਕਾਂ ਨੂੰ ਪਰਖਣ ਅਤੇ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ। ਅੱਜ ਉਹ ਗੱਲਾਂ ਸੁਪਨਿਆਂ ਦੀਆਂ ਗੱਲਾਂ ਲਗਦੀਆਂ ਹਨ, ਗੁਆਚੇ ਹੋਏ ਸੁਪਨੇ। ਕਿੰਨਾ ਬਦਕਿਸਮਤ ਹੁੰਦਾ ਹੈ ਉਹ ਮਨੁੱਖ ਜਿਸ ਦੇ ਸੁਪਨੇ ਖੋ ਜਾਂਦੇ ਨੇ। ਅੱਜ ਸੋਚਦਾ ਹਾਂ ਚਾਚਾ, ਤੁਸੀਂ ਮੇਰੇ ਪਿਤਾ ਦੇ ਪਗਵੱਟ ਭਰਾ ਸੀ। ਉਨ੍ਹਾਂ ਦੇ ਸਕੇ ਭਰਾ ਤੇ ਨਹੀਂ ਸੀ। ਪਰ ਜਿੰਨਾ ਪਿਆਰ ਤੁਸੀਂ ਮੈਨੂੰ ਦਿੱਤਾ, ਓਨਾ ਪਿਆਰ ਤਾਂ ਕਿਸੇ ਸਕੇ ਚਾਚੇ ਨੇ ਵੀ ਨਹੀਂ ਦਿੱਤਾ ਹੋਣਾ। ਕਹਿੰਦੇ ਨੇ ਖ਼ੂਨ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਪਰ ਫੇਰ ਵੀ ਤੁਸੀਂ ਮੈਨੂੰ ਸਕਿਆਂ ਤੋਂ ਵੱਧ ਪਿਆਰੇ ਸੀ। ਮੈਂ ਤੁਹਾਨੂੰ ਤੁਹਾਡੇ ਪਾਲ ਤੋਂ ਵੀ ਵੱਧ ਪਿਆਰਾ ਵੱਧ ਲਾਡਲਾ ਅਤੇ ਵੱਧ ਨਜ਼ਦੀਕ ਕਿਉਂ ਸੀ?
ਫੇਰ ਅਜਿਹੀ ਨੇਰ੍ਹੀ ਆਈ ਜਿਹੜੀ ਇਨਸਾਨ ਨੂੰ ਬੇਘਰ ਤੇ ਜ਼ਮੀਨ ਨੂੰ ਸੁੰਨਸਾਨ ਬਣਾ ਕੇ ਚਲੀ ਗਈ। ਰਾਵੀ ਅਤੇ ਬਸੰਤਰ ਚੜ੍ਹ ਕੇ ਭਿਆਨਕ ਹੋ ਗਈਆਂ ਅਤੇ ਉਨ੍ਹਾਂ ਦੀਆਂ ਲਹਿਰਾਂ ਗੁੱਸੇ ਵਿਚ ਮੂੰਹ ਤੋਂ ਅੱਗ ਉਗਲਦੀਆਂ ਬਾਹਰ ਆ ਗਈਆਂ। ਹਰ ਪਾਸੇ ਪਾਣੀ ਫੈਲਿਆ ਹੋਇਆ ਸੀ। ਤੁਸੀਂ ਵਸਦੀ ਰਸਦੀ ਹਵੇਲੀ ਤੇ ਭਰੇ ਭਰਾਏ ਘਰ ਵਿਚੋਂ ਬਸ ਦੋ ਚਾਰ ਚੀਜ਼ਾਂ ਲਈਆਂ ਫੇਰ ਮੇਰੇ ਚਾਚੇ, ਤਾਏ ਤੇ ਅੱਬਾ ਉਸ ਗੱਡੀ ਨੂੰ ਬਰਛੇ ਤੇ ਬੰਦੂਕਾਂ ਦੇ ਪਹਿਰੇ ਵਿਚ ਲੈ ਕੇ ਚੱਲ ਪਏ ਸਨ। ਗੱਡੀ ਵਿਚ ਚਾਚੀ, ਪਾਲ, ਭੈਣ ਰੱਤੋ ਤੇ ਤੁਸੀਂ ਸੀ। ਅਸੀਂ ਤੁਹਾਡੀ ਹਿਫ਼ਾਜ਼ਤ ਵਾਸਤੇ ਹੈਰਾਨ ਹੋਏ ਪੁਲ ਤੱਕ ਗਏ ਸਾਂ। ਤੁਸੀਂ ਵੀ ਨਿਢਾਲ ਹੋ ਗਏ ਸੀ ਤੇ ਤੁਹਾਨੂੰ ਛੱਡਣ ਵਾਲੇ ਵੀ। ਰਾਹ ਵਿਚ ਲੁੱਟਮਾਰ, ਕਤਲ ਤੇ ਹਮਲੇ ਦਾ ਖ਼ੌਫ਼। ਪੁਲ ’ਤੇ ਪਹੁੰਚ ਕੇ ਜਦੋਂ ਮੇਰੇ ਅੱਬਾ ਅਤੇ ਤੁਸੀਂ ਇਕ ਦੂਜੇ ਨੂੰ ਬਾਹਾਂ ਵਿਚ ਘੁੱਟਿਆ ਤਾਂ ਦੋਵੇਂ ਜਾਰੋਜ਼ਾਰ ਰੋਣ ਲੱਗੇ। ਤੁਸੀਂ ਜਾਂਦੇ ਜਾਂਦੇ ਪਿੱਛੇ ਮੁੜ ਕੇ ਵੇਖ ਰਹੇ ਸੀ ਅਤੇ ਆਪ ਨੂੰ ਇੰਝ ਕਰਦੇ ਵੇਖ, ਮੇਰੇ ਪਿਤਾ ਬੱਚਿਆਂ ਵਾਂਗ ਤੜਫ਼ ਤੜਫ਼ ਕੇ ਰੋਏ ਸਨ। ਤੁਸੀਂ ਅੱਗੇ ਚੱਲ ਕੇ ਕਾਫ਼ਲੇ ਵਿਚ ਗੁਆਚ ਗਏ ਸੀ ਤੇ ਅਸੀਂ ਕਿਉਂ ਸ਼ਾਮ ਤੱਕ ਪੁਲ ’ਤੇ ਖੜ੍ਹੇ ਰੋਂਦੇ ਰਹੇ ਸੀ। ਉਸ ਸਮੇਂ ਮੈਂ ਅੱਠ ਸਾਲ ਦਾ ਸੀ। ਹੁਣ ਅਠੱਤੀ ਦਾ ਹਾਂ। ਮੈਂ ਔਖੀ ਤੋਂ ਔਖੀ ਘੜੀ ਵਿਚ ਆਪਣੇ ਪਿਤਾ ਨੂੰ ਰੋਂਦੇ ਹੋਏ ਨਹੀਂ ਵੇਖਿਆ ਸੀ। ਸਿਵਾਏ ਉਸ ਦਿਨ ਤੋਂ। ਹੁਣ ਤਾਂ ਬਸ ਤੁਹਾਡੇ ਨਾਮ ਤੋਂ ਉਨ੍ਹਾਂ ਦੀਆਂ ਅੱਖਾਂ ਬੁਝ ਜਾਂਦੀਆਂ ਹਨ।
ਤੇ ਅੱਜ ਮੁਕੇਰੀਆਂ ਦੇ ਕਿਸੇ ਪਿੰਡ ਵਿਚ ਸ਼ਰਨਾਰਥੀ ਟਹਿਲ ਸਿੰਘ ਪਤਾ ਨਹੀਂ ਕਿੰਨਾ ਖ਼ੁਸ਼ ਹੈ? ਹੁਣ ਪਤਾ ਨਹੀਂ ਪਾਲ ਸਿੰਘ ਮੇਰੇ ਵਾਂਗ ਅੱਧੇ ਕੁ ਧੌਲਿਆਂ ਵਾਲੇ ਸਿਰ ਵਿਚ ਆਪਣੀਆਂ ਬਦਾਮੀ ਅੱਖਾਂ ਵਿਚ ਕੋਈ ਸੁਪਨਾ ਵੇਖਦਾ ਹੈ ਜਾਂ ਨਹੀਂ? ਚਾਚਾ ਟਹਿਲ ਸਿੰਘ ਕਿਹਾ ਕਰਦਾ ਸੀ, “ਅਸੀਂ ਸਭ ਕਹਾਣੀਆਂ ਹਾਂ ਪਰ ਸਾਨੂੰ ਲਿਖਣ ਵਾਲਾ ਕੋਈ ਨਹੀਂ।
ਚਾਚਾ ਦੇਖ ਲੈ, ਮੈਨੂੰ ਤੇਰੀ ਕਹਾਣੀ ਯਾਦ ਹੈ ਅਤੇ ਮੈਂ ਕਿਸੇ ਦਿਨ ਇਹਨੂੰ ਲਿਖਾਂਗਾ ਵੀ। ਅੱਜ ਤਾਂ ਮੇਰੇ ਚਾਰੇ ਪਾਸੇ ਕਹਾਣੀਆਂ ਘੇਰਾ ਬੰਨ੍ਹ ਕੇ ਖੜ੍ਹੀਆਂ ਹਨ, ਪਰ ਹਰ ਪਾਸੇ ਕਿਆਮਤ ਵਾਲਾ ਰੌਲਾ ਹੈ। ਮੇਰੀਆਂ ਕਹਾਣੀਆਂ ਲਹੂ ਲੁਹਾਣ ਹਨ। ਉਨ੍ਹਾਂ ਦੇ ਸਿਰ ਨੰਗੇ, ਵਾਲ ਉਲਝੇ ਤੇ ਸਰੀਰ ਜ਼ਖ਼ਮੀ ਹੈ। ਮੇਰੇ ਹੱਥ ਵਿਚ ਟੁੱਟੀ ਹੋਈ ਕਲਮ ਅਤੇ ਟੁੱਟਿਆ ਹੋਇਆ ਬਰਤਨ ਹੈ ਜਿਸ ਵਿਚ ਮੈਂ ਆਪਣੀਆਂ ਕਹਾਣੀਆਂ ਵਾਸਤੇ ਖ਼ੁਸ਼ੀ ਲੈਣ ਲਈ ਘਰੋਂ ਨਿਕਲਿਆ ਸੀ। ਮੇਰੀਆਂ ਅੱਖਾਂ ਵਿਚ ਹੰਝੂ ਹਨ ਤੇ ਮੈਂ ਆਪਣਾ ਰਾਹ ਵੀ ਨਹੀਂ ਵੇਖ ਸਕਦਾ। ਮੇਰਾ ਹਾਲ ਮੇਰੀਆਂ ਕਹਾਣੀਆਂ ਵਰਗਾ ਹੈ ਤੇ ਮੈਂ ਅਕਸਰ ਸੋਚਦਾ ਹਾਂ ਕਿ ਮੈਂ ਕਹਾਣੀ ਕਿਵੇਂ ਲਿਖਾਂ?
– ਪੰਜਾਬੀ ਰੂਪ: ਹਰਿੰਦਰ ਸਿੰਘ ਗੋਗਨਾ
ਸੰਪਰਕ: 98723-25960