ਰਾਮ ਸਰੂਪ ਜੋਸ਼ੀ
ਭਰ ਗਰਮੀ ਦੀ ਤਪਦੀ ਦੁਪਹਿਰ ਸੀ। ਸਕੂਲ ਤੋਂ ਆ ਕੇ ਰੋਟੀ ਖਾ ਕੇ ਲੇਟਿਆ ਹੀ ਸਾਂ ਕਿ ਪਤਾ ਲੱਗਿਆ ਪਿੰਡ ਵਿਚ ਨਸੀਬ ਸਿੰਘ ਦੋਧੀ ਦੇ ਘਰ ਪੁਲੀਸ ਦੀ ਜੀਪ ਆਈ ਹੈ। ਉਨ੍ਹਾਂ ਦਿਨਾਂ ਵਿਚ ਪਿੰਡ ’ਚ ਪੁਲੀਸ ਦਾ ਆਉਣਾ ਡਰ ਤੇ ਸਹਿਮ ਪੈਦਾ ਕਰਦਾ ਸੀ। ਜੋ ਵੀ ਸੁਣਦਾ, ਕਾਰਨ ਜਾਣਨ ਦੀ ਉਤਸੁਕਤਾ ਨਾਲ ਉਧਰ ਨੂੰ ਜਾ ਰਿਹਾ ਸੀ। ਨਸੀਬ ਸਿੰਘ ਹੋਰਾਂ ਦੇ ਅਤੇ ਮੇਰੇ ਨਾਨਕੇ ਪਿੰਡ ਲਾਗੇ ਲਾਗੇ ਹੋਣ ਕਾਰਨ ਅਸੀਂ ਇਕ ਦੂਜੇ ਨੂੰ ਮਸੇਰ ਕਹਿ ਕੇ ਹੀ ਬੁਲਾਉਂਦੇ ਸਾਂ। ਮੈਂ ਵੀ ਉਨ੍ਹਾਂ ਦੇ ਘਰ ਵੱਲ ਚੱਲ ਪਿਆ।
ਰਾਹ ਵਿਚ ਦਲਿਤ ਸਿੱਖਾਂ ਦਾ ਘਰ ਸੀ। ਜਵਾਨੀ ਵੇਲੇ ਉਸ ਘਰ ਦਾ ਮਾਲਕ ਤੂੰਬੀ ਨਾਲ ਗਾਉਂਦਾ ਵੀ ਰਿਹਾ ਸੀ। ਇਸ ਕਰਕੇ ਉਹ ਬਹੁਤੀ ਵੇਰ ਆਪਣੀ ਗੱਲ ’ਚ ਕਿਸੇ ਕਹਾਵਤ ਜਾਂ ਮੁਹਾਵਰੇ ਦਾ ਪ੍ਰਯੋਗ ਸੁਤੇਸਿੱਧ ਹੀ ਕਰ ਜਾਂਦਾ ਸੀ। ਜਦੋਂ ਮੈਂ ਉਨ੍ਹਾਂ ਦੇ ਘਰ ਕੋਲ ਦੀ ਲੰਘਣ ਲੱਗਾ ਤਾਂ ਮੇਰੇ ਕੰਨੀਂ ਉਸ ਦੀ ਪਤਨੀ ਦੀ ਆਵਾਜ਼ ਪਈ। ਉਹ ਆਪਣੇ ਪਤੀ ਨੂੰ ਪੁੱਛ ਰਹੀ ਸੀ, ‘‘ਹੈਂ ਜੀ, ਪੁਲੀਸ ਤਾਂ ਦੋਧੀ ਦੇ ਆਈ ਹੈ ਪਰ ਉਸ ਨੇ ਮੀਤੋ ਤੇ ਗੁੰਮੇ ਨੂੰ ਕਿਉਂ ਜੀਪ ’ਚ ਬਿਠਾ ਲਿਆ?’’ ਉਹ ਕਹਿ ਰਿਹਾ ਸੀ, ‘‘ਅਮਰ ਕੁਰੇ, ਕਊਆ ਕਿਸੀ ਸੇ ਕਿਆ ਲੇਤਾ ਹੈ, ਕੋਇਲ ਕਿਸੀ ਕੋ ਕਿਆ ਦੇਤੀ ਹੈ? ਜ਼ੁਬਾਨ ਦਾ ਰਸ ਹੈ, ਪੁਲੀਸ ਨੇ ਦੋਧੀ ਦਾ ਘਰ ਪੁੱਛਿਆ ਸੀ, ਗੁੰਮਾਂ ਕਹਿੰਦਾ, ‘ਮੈਂ ਚੌਕੀਦਾਰ ਹਾਂ?’ ਉਨ੍ਹਾਂ ਫੜ ਕੇ ਜੀਪ ’ਚ ਬਿਠਾ ਲਿਆ। ਬਈ ਤੂੰ ਘਰ ਦੱਸਦੇ ਜਾਂ ਸਿੱਧਾ ਕਹਿ ਕਿ ਮੈਨੂੰ ਤਾਂ ਜੀ ਪਤਾ ਨਹੀਂ।’’ ਮੈਂ ਉਨ੍ਹਾਂ ਦੀ ਕੰਧ ਕੋਲ ਖੜ੍ਹ ਕੇ ਇਹ ਵਾਰਤਾਲਾਪ ਸੁਣੀ। ਬੜੀ ਪਤੇ ਦੀ ਗੱਲ ਕਹਿ ਗਿਆ ਸੀ। ਗੁਰਬਾਣੀ ਵਿਚ ਵੀ ਆਉਂਦਾ ਹੈ ਕਿ ਕਾਂ ਬੋਲਿਆ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੇ ਕੋਇਲ ਦੇ ਬੋਲ ਸਭ ਨੂੰ ਖ਼ੁਸ਼ੀਆਂ ਤੇ ਰਸ ਪ੍ਰਦਾਨ ਕਰਦੇ ਹਨ।
ਨਿੱਕੇ ਹੁੰਦਿਆਂ ਬੇਬੇ ਤੋਂ ਇਕ ਬਾਤ ਸੁਣਿਆ ਕਰਦੇ ਸਾਂ। ਉਸ ਨੇ ਦੱਸਣਾ ਕਿ ਪਹਿਲੇ ਸਮਿਆਂ ’ਚ ਲੋਕ ਤੀਰਥ ਯਾਤਰਾ ਲਈ ਪੈਦਲ ਹੀ ਜਾਂਦੇ ਸਨ। ਕਈ ਦਿਨਾਂ ਦੇ ਸਫ਼ਰ ਲਈ ਘਰੋਂ ਪੰਜੀਰੀ, ਚਾਵਲ ਤੇ ਦਾਲ ਨਾਲ ਲੈ ਜਾਂਦੇ ਸਨ। ਜਿੱਥੇ ਕਿਤੇ ਰਾਤ ਪੈਂਦੀ ਕਿਸੇ ਘਰ ’ਚ ਟਿਕਾਣਾ ਕਰ ਕੇ ਖਿਚੜੀ ਰਿੰਨ੍ਹ ਲੈਂਦੇ ਤੇ ਦਿਨ ਸਮੇਂ ਪੰਜੀਰੀ ਖਾ ਲੈਂਦੇ। ਇਕ ਅਜਿਹੇ ਹੀ ਮੁਸਾਫ਼ਿਰ ਨੂੰ ਕਿਸੇ ਪਿੰਡ ਵਿਚ ਰਾਤ ਪੈ ਗਈ। ਚਾਰ ਪੰਜ ਕੁ ਬੰਦੇ ਬੈਠੇ ਗੱਲਾਂ ਕਰ ਰਹੇ ਸਨ। ਮੁਸਾਫ਼ਿਰ ਨੇ ਰਾਤ ਕੱਟਣ ਲਈ ਕਿਹਾ। ਇਕ ਬੰਦਾ ਕਹਿਣ ਲੱਗਾ ਕਿ ਉਹ ਸਾਹਮਣੇ ਘਰ ਵਿਚ ਇਕ ਮਾਈ ਤੇ ਉਸ ਦਾ ਪੁੱਤਰ ਹੀ ਰਹਿੰਦੇ ਹਨ, ਉਨ੍ਹਾਂ ਕੋਲ ਥਾਂ ਵੀ ਹੈ। ਮੁਸਾਫ਼ਿਰ ਨੇ ਉਸ ਘਰ ਪੁੱਜ ਕੇ ਰਾਤ ਕੱਟਣ ਲਈ ਕਿਹਾ। ਮਾਈ ਕਹਿੰਦੀ, ‘‘ਪੁੱਤਰਾ, ਉਧਰ ਬੈਠ, ਮੈਂ ਰੋਟੀ ਪਕਾ ਦਿੰਦੀ ਹਾਂ।’’ ਉਹ ਕਹਿਣ ਲੱਗਾ, ‘‘ਨਹੀਂ ਮਾਂ, ਮੇਰੇ ਕੋਲ ਦਾਲ ਚਾਵਲ ਹਨ, ਮੈਂ ਆਪ ਹੀ ਖਿਚੜੀ ਬਣਾ ਲਵਾਂਗਾ। ਤੁਸੀਂ ਕੋਈ ਭਾਂਡਾ ਦੇ ਦਿਓ ਅਤੇ ਦੱਸੋ ਕਿ ਚੁੱਲ੍ਹਾ ਕਿੱਥੇ ਹੈ।’’ ਮਾਤਾ ਨੇ ਭਾਂਡਾ ਦੇ ਦਿੱਤਾ ਤੇ ਉਹ ਆਪ ਚੁੱਲ੍ਹੇ ਮੂਹਰੇ ਬੈਠ ਕੇ ਖਿਚੜੀ ਬਣਾਉਣ ਲੱਗਾ। ਅੱਗ ਦੇ ਨਿੱਘ ਨੇ ਥਕੇਵਾਂ ਉਤਾਰ ਦਿੱਤਾ। ਮਾਈ ਦਰਵਾਜ਼ੇ ਅੱਗੇ ਜਾ ਕੇ ਅਵਾਜ਼ਾਂ ਮਾਰਨ ਲੱਗੀ, ‘‘ਚੰਦ, ਪੁੱਤਰ ਆ ਜਾ ਹਨੇਰਾ ਹੋ ਗਿਆ ਹੈ।’’
ਪੁੱਤਰ ਦੇ ਆ ਜਾਣ ’ਤੇ ਦੋਵੇਂ ਮਾਂ ਪੁੱਤ ਗੱਲਾਂ ਕਰਨ ਲੱਗੇ। ਗੱਲਾਂ ਸੁਣ ਕੇ ਯਾਤਰੀ ਵੀ ਉਨ੍ਹਾਂ ਕੋਲ ਚਲਾ ਗਿਆ। ਕਾਲੇ ਰੰਗ ਦਾ ਮੁੰਡਾ ਇਕ ਅੱਖ ਮੀਚ ਕੇ ਝਾਕਦਾ ਸੀ। ਮੂੰਹ ਉੱਤੇ ਚੇਚਕ ਦੇ ਦਾਗ ਸਨ। ਉਹ ਪੁੱਛਣ ਲੱਗਾ, ‘‘ਮਾਤਾ, ਤੇਰਾ ਚੰਦ ਪੁੱਤਰ ਆਇਆ ਨਹੀਂ?’’ ਉਹ ਕਹਿਣ ਲੱਗੀ, ‘‘ਇਹੋ ਤਾਂ ਮੇਰਾ ਚੰਦ ਪੁੱਤ ਹੈ।’’ ਯਾਤਰੀ ਨੇ ਬਿਨਾਂ ਕੁਝ ਸੋਚੇ ਸਮਝੇ ਕਹਿ ਦਿੱਤਾ, ‘‘ਹੈ ਤਾਂ ਚੰਦ ਹੀ ਪਰ ਗ੍ਰਹਿਣ ਲੱਗਾ ਹੋਇਆ ਹੈ।’’ ਸੁਣਦੇ ਸਾਰ ਮਾਂ ਅੱਗ ਬਗੂਲਾ ਹੋ ਗਈ। ਉਸ ਨੇ ਅਧਰਿਝੀ ਖਿਚੜੀ ਦੀ ਪਤੀਲੀ ਚੁੱਕ ਕੇ ਕਿਹਾ, ‘‘ਡੋਲ੍ਹਣ ਲੱਗੀ ਹਾਂ ਨਹੀਂ ਤਾਂ ਆਪਣੇ ਪਰਨੇ ’ਚ ਪੁਆ ਅਤੇ ਇੱਥੋਂ ਦਫ਼ਾ ਹੋ ਜਾ।’’ ਮਿੰਨਤਾਂ ਕਰਨ ’ਤੇ ਵੀ ਜਦੋਂ ਉਹ ਨਾ ਮੰਨੀ ਤਾਂ ਮਜਬੂਰੀਵੱਸ ਅਧਰਿਝੀ ਖਿਚੜੀ ਪਰਨੇ ’ਚ ਪੁਆ ਕੇ ਉਸ ਦੇ ਘਰ ’ਚੋਂ ਬਾਹਰ ਹੋ ਗਿਆ। ਪਰਨੇ ’ਚੋਂ ਪਾਣੀ ਚੋ ਰਿਹਾ ਸੀ। ਕਿਸੇ ਨੇ ਪੁੱਛਿਆ, ‘‘ਇਹ ਕੀ ਟਪਕ ਰਿਹਾ ਹੈ?’’ ਯਾਤਰੀ ਨੇ ਸ਼ਰਮਿੰਦਾ ਹੋ ਕੇ ਕਿਹਾ, ‘‘ਇਹ ਮੇਰੀ ਜੀਭ ਦਾ ਰਸ ਚੋਅ ਰਿਹਾ ਹੈ।’’
ਹਰ ਕਿਸੇ ਦਾ ਜੀਵਨ ਵਿਚ ਕੌੜੇ ਤੇ ਮਿੱਠੇ ਬੋਲ ਬੋਲਣ ਵਾਲਿਆਂ ਨਾਲ ਵਾਹ ਪੈਂਦਾ ਹੈ। ਕੌੜੇ ਬੋਲ ਨਾ ਸਿਰਫ਼ ਸੁਣਨ ਵਾਲੇ ਲਈ ਚੁਭਵੇਂ ਤੇ ਕਸ਼ਟਦਾਇਕ ਹੁੰਦੇ ਹਨ ਸਗੋਂ ਬੋਲਣ ਵਾਲੇ ਦੇ ਤਨ ਮਨ ਨੂੰ ਵੀ ਨੀਵੇਂ ਪੱਧਰ ’ਤੇ ਲੈ ਆਉਂਦੇ ਹਨ ਅਤੇ ਬਹੁਤ ਵੇਰ ਸ਼ਰਮਿੰਦਗੀ ਤੇ ਪਛਤਾਵੇ ਦਾ ਕਾਰਨ ਬਣਦੇ ਹਨ। ਮਨੁੱਖੀ ਜੀਵਨ ’ਚ ਮਿੱਠੇ ਤੇ ਸੋਹਣੇ ਸੋਹਣੇ ਬੋਲਾਂ ਦੀ ਆਪਣੀ ਹੀ ਵਿਲੱਖਣ ਥਾਂ ਹੈ। ਕਿਸੇ ਦੇ ਪਿਆਰ ਤੇ ਪ੍ਰਸ਼ੰਸਾ ਭਰੇ ਸ਼ਬਦ ਧੀਮੀ ਚਾਲੇ ਤੁਰੇ ਜਾਂਦੇ ਮਨੁੱਖ ਨੂੰ ਛੜੱਪੇ ਮਾਰਨ ਲਾ ਦਿੰਦੇ ਹਨ। ਇਹ ਬੋਲਣ ਵਾਲੇ ਦੇ ਚੰਗੇ ਸੰਸਕਾਰਾਂ ਤੇ ਮਾਨਸਿਕ ਮਹਾਨਤਾ ਦੇ ਸੂਚਕ ਤਾਂ ਹੁੰਦੇ ਹੀ ਹਨ, ਨਾਲ ਹੀ ਸੁਣਨ ਵਾਲੇ ਉੱਤੇ ਜਾਦੂਮਈ ਪ੍ਰਭਾਵ ਪਾ ਕੇ ਜੀਵਨ ਨੂੰ ਨਸ਼ਿਆਉਣ ਦਾ ਕੰਮ ਕਰਦੇ ਹਨ।
ਮੈਂ ਆਪਣੇ ਜੀਵਨ ਦੀਆਂ ਅਜਿਹੀਆਂ ਹੀ ਦੋ ਘਟਨਾਵਾਂ ਸਾਂਝੀਆਂ ਕਰ ਰਿਹਾ ਹਾਂ। ਅਸੀਂ ਪਿੰਡ ਤੋਂ ਮੁਹਾਲੀ ਆ ਗਏ ਸਾਂ। ਬਹੁਤਾ ਕਰਕੇ ਮੈਂ ਸਕੂਟਰ ਉੱਤੇ ਹੀ ਸਫ਼ਰ ਕਰਦਾ ਸਾਂ। ਇਕ ਦਿਨ ਖਰੜ ਮੀਟਿੰਗ ਸੀ। ਮੀਟਿੰਗ ਦਾ ਸਮਾਂ ਸ਼ਾਮ ਵੇਲੇ ਰੱਖਿਆ ਹੋਣ ਕਾਰਨ ਡਰ ਸੀ ਕਿ ਵਾਪਸੀ ਵੇਲੇ ਹਨੇਰਾ ਹੋ ਸਕਦਾ ਸੀ। ਮੈਂ ਜੀਵਨ ਭਰ ਹਨੇਰੇ ਵਿਚ ਸਾਈਕਲ ਜਾਂ ਸਕੂਟਰ ਉੱਤੇ ਸਫ਼ਰ ਕਰਨ ਤੋਂ ਸੰਕੋਚ ਹੀ ਕਰਦਾ ਰਿਹਾ ਸੀ। ਫ਼ੈਸਲਾ ਕੀਤਾ ਕਿ ਬੱਸ ਰਾਹੀਂ ਜਾਇਆ ਜਾਵੇ। ਕੁੰਭੜਾ ਚੌਂਕ ਤੋਂ ਬੱਸ ਲੈ ਲਈ। ਟਿਕਟ ਲੈਣ ਸਮੇਂ ਪਹਿਲੀ ਵਾਰ ਪਤਾ ਲੱਗਿਆ ਕਿ ਮੁਹਾਲੀ ਤੋਂ ਖਰੜ ਦਾ ਕਿਰਾਇਆ ਪੰਜ ਰੁਪਏ ਸੀ। ਮੀਟਿੰਗ ਲੰਮੀ ਹੋ ਗਈ ਅਤੇ ਹਨੇਰਾ ਵੀ ਹੋ ਗਿਆ। ਪਤਾ ਲੱਗਿਆ ਕਿ ਖਾਲਸਾ ਸਕੂਲ ਦੇ ਸਾਹਮਣੇ ਤੋਂ ਹੀ ਬਸ ਮਿਲ ਜਾਣੀ ਸੀ। ਇੰਞ ਹੀ ਹੋਇਆ, ਬੱਸ ਆਈ ਤੇ ਮੈਂ ਉਸ ਵਿਚ ਚੜ੍ਹ ਗਿਆ। ਕੰਡਕਟਰ ਟਿਕਟ ਦੇਣ ਲਈ ਮੇਰੇ ਕੋਲ ਆਇਆ ਹੀ ਸੀ ਕਿ ਮੈਂ ਪਹਿਲਾਂ ਹੀ ਪੰਜ ਰੁਪਏ ਦਾ ਹੱਥ ਵਿਚ ਫੜਿਆ ਨੋਟ ਉਸ ਨੂੰ ਫੜਾ ਦਿੱਤਾ। ਉਹ ਕਹਿਣ ਲੱਗਾ, ‘‘ਇਕ ਰੁਪਿਆ ਹੋਰ ਦੇ, ਛੇ ਰੁਪਏ ਲੱਗਦੇ ਹਨ।’’ ‘‘ਪਰ ਮੈਂ ਤਾਂ ਦੁਪਹਿਰੇ ਮੁਹਾਲੀ ਤੋਂ ਪੰਜ ਰੁਪਏ ’ਚ ਖਰੜ ਆਇਆ ਸੀ,’’ ਮੈਂ ਕਿਹਾ। ਕੰਡਕਟਰ ਸਹਿਜ ਨਾਲ ਦੱਸਣ ਦੀ ਥਾਂ ਗੁੱਸੇ ਨਾਲ ਬੋਲਿਆ, ‘‘ਉਸ ਪਾਸੇ ਪੰਜ ਰੁਪਏ ਲੱਗਦੇ ਹਨ ਤੇ ਇਸ ਪਾਸੇ ਜਾਣ ਲਈ ਛੇ। ਬੱਸ ਰੋਕ ਦਿੰਦਾ ਹਾਂ ਉਤਰ ਕੇ ਓਧਰ ਦੀ ਚਲਾ ਜਾਵੀਂ।’’ ਮੈਂ ਕਿਹਾ, ‘‘ਹਨੇਰਾ ਹੈ ਤੇ ਕਾਫ਼ੀ ਅੱਗੇ ਵੀ ਆ ਗਏ ਹਾਂ। ਮੇਰਾ ਮਤਲਬ ਇਹ ਨਹੀਂ ਸੀ।’’ ਇਹ ਕਹਿੰਦਿਆਂ ਮੈਂ ਦਸ ਰੁਪਏ ਦਾ ਨੋਟ ਦੇ ਦਿੱਤਾ। ਉਹ ਕਹਿਣ ਲੱਗਾ, ‘‘ਇਕ ਰੁਪਿਆ ਖੁੱਲ੍ਹਾ ਚਾਹੀਦਾ ਹੈ।’’ ਮੇਰੇ ਇਹ ਕਹਿਣ ’ਤੇ ਕਿ ਖੁੱਲ੍ਹਾ ਰੁਪਿਆ ਮੇਰੇ ਪਾਸ ਨਹੀਂ ਹੈ, ਉਸ ਨੇ ਬੜਾ ਰੁੱਖਾ ਹੋ ਕੇ ਕਿਹਾ, ‘‘ਫੇਰ ਮੈਂ ਕਿ ਕਰਾਂ?’’ ਮੈਂ ਹੱਲ ਸੁਝਾਇਆ, ‘‘ਭਰਾਵਾ, ਤੂੰ ਮੇਰੇ ਚਾਰ ਰੁਪਏ ਨਾ ਮੋੜੀਂ, ਹੋਰ ਕੀ ਹੱਲ ਹੈ।’’ ਕੰਡਕਟਰ ਲਾਜਵਾਬ ਜਿਹਾ ਹੋ ਕੇ ਮੇਰੇ ਦਸ ਰੁਪਏ ਲੈ ਕੇ ਅੱਗੇ ਚਲਾ ਗਿਆ।
ਉਸ ਸਮੇਂ ਖਰੜ ਤੋਂ ਲਾਂਡਰਾਂ ਤੱਕ ਉਜਾੜ ਹੀ ਪਿਆ ਸੀ। ਰਸਤੇ ਵਿਚ ਸੰਤੇ ਮਾਜਰਾ ਪਿੰਡ ਹੀ ਸੀ। ਉੱਥੋਂ ਅੱਠ ਦਸ ਤੀਵੀਆਂ ਤੇ ਦੋ ਕੁ ਪੁਰਸ਼ ਬੱਸ ’ਚ ਚੜ੍ਹ ਗਏ। ਬੱਸ ਸ਼ਾਇਦ ਆਖ਼ਰੀ ਸੀ ਅਤੇ ਇੰਨੀਆਂ ਸਵਾਰੀਆਂ ਕਿਸੇ ਸਮਾਗਮ ’ਚੋਂ ਆਈਆਂ ਲੱਗਦੀਆਂ ਸਨ। ਸ਼ਾਇਦ ਉਨ੍ਹਾਂ ਕੋਲੋਂ ਖੁੱਲ੍ਹੇ ਪੈਸੇ ਮਿਲ ਗਏ ਸਨ। ਕੰਡਕਟਰ ਨੇ ਬਿਨਾਂ ਮੰਗਿਆਂ ਮੈਨੂੰ ਚਾਰ ਰੁਪਏ ਮੋੜ ਕੇ ਕਿਹਾ, ‘‘ਕੁਝ ਸ਼ਰਮ ਕਰਿਆ ਕਰੋ।’’ ਮੈਂ ਹਲੂਣਿਆ ਗਿਆ ਅਤੇ ਉਸ ਨੂੰ ਤੁਰਨ ਲੱਗੇ ਨੂੰ ਬਾਂਹ ਤੋਂ ਫੜ ਕੇ ਰੋਕ ਲਿਆ। ਮੈਂ ਕਿਹਾ, ‘‘ਕਹਿਣ ਦੀ ਤਾਂ ਤੁਸੀਂ ਪਹਿਲਾਂ ਹੀ ਕੋਈ ਕਸਰ ਨਹੀਂ ਛੱਡੀ ਪਰ ਫੇਰ ਵੀ ਜੇ ਕੁਝ ਹੋਰ ਕਹਿਣਾ ਹੈ ਤਾਂ ਕਹੋ। ਨਹੀਂ ਤਾਂ ਮੈਥੋਂ ਸੁਣੋ,’’ ਇਹ ਕਹਿ ਕੇ ਮੈਂ ਸੀਟ ਤੋਂ ਖੜ੍ਹਾ ਹੋ ਗਿਆ। ਸਾਰੀਆਂ ਸਵਾਰੀਆਂ ਨੂੰ ਚੁੱਪ ਕਰਾ ਕੇ ਸੰਬੋਧਨ ਕਰ ਕੇ ਸਾਰੀ ਗੱਲ ਸੁਣਾਈ। ਨਾਲ ਹੀ ਇਹ ਵੀ ਪੁੱਛਿਆ, ‘‘ਤੁਸੀਂ ਹੀ ਦੱਸੋ, ਇਸ ਵਿਚ ਬੇਸ਼ਰਮੀ ਦੀ ਕਿਹੜੀ ਗੱਲ ਹੈ।’’ ਸਾਰੀਆਂ ਸਵਾਰੀਆਂ ਉਸ ਨੂੰ ਬੁਰਾ ਭਲਾ ਕਹਿ ਰਹੀਆਂ ਸਨ। ਕੋਈ ਕਹਿੰਦਾ ਸੀ ਇਹ ਤਾਂ ਇਸ ਤਰ੍ਹਾਂ ਸਮਝਦੇ ਹਨ ਜਿਵੇਂ ਬੱਸ ਇਨ੍ਹਾਂ ਦੀ ਆਪਣੀ ਹੋਵੇ, ਕੋਈ ਕਹੇ ਇਹ ਕਿਸੇ ਦੀ ਉਮਰ ਵੱਲ ਵੀ ਨਹੀਂ ਦੇਖਦੇ, ਹਰ ਕਿਸੇ ਨਾਲ ਖਰ੍ਹਵੇ ਢੰਗ ਨਾਲ ਹੀ ਪੇਸ਼ ਆਉਂਦੇ ਹਨ। ਜਦੋਂ ਸਾਰੇ ਉਸ ਦੀ ਨਿਖੇਧੀ ਕਰ ਰਹੇ ਸਨ ਤਾਂ ਫੇਰ ਮੈਂ ਸਭ ਨੂੰ ਚੁੱਪ ਕਰਵਾ ਕੇ ਕਿਹਾ, ‘‘ਸੁਹਾਣੇ ਦਾ ਥਾਣਾ ਸੜਕ ਦੇ ਬਿਲਕੁਲ ਕੰਢੇ ’ਤੇ ਹੈ। ਮੈਂ ਉੱਥੇ ਉਤਰ ਕੇ ਇਸ ਦੀ ਸ਼ਿਕਾਇਤ ਕਰਾਂਗਾ, ਤੁਸੀਂ ਮੇਰਾ ਸਾਥ ਦੇਣਾ। ਆਪਾਂ ਘੱਟੋ ਘੱਟ ਇੱਕ ਬੰਦੇ ਨੂੰ ਤਾਂ ਬੰਦਾ ਬਣਾ ਦਈਏ।’’ ਸਥਿਤੀ ਵਿਗੜਦੀ ਦੇਖ ਕੇ ਕੰਡਕਟਰ ਸਾਹਿਬ ਬਹੁਤ ਸਹਿਮ ਗਏ। ਉਹ ਆਪਣੀ ਗ਼ਲਤੀ ਮੰਨ ਕੇ ਮੁਆਫ਼ੀ ਮੰਗਣ ਲੱਗੇ। ਪੰਜਾਬ ਦੀਆਂ ਦਰਿਆਦਿਲ ਸਵਾਰੀਆਂ ਜਿਹੜੀਆਂ ਕੁਝ ਮਿੰਟ ਪਹਿਲਾਂ ਉਸ ਵੱਲ ਝਈਆਂ ਲੈ ਲੈ ਪੈਂਦੀਆਂ ਸਨ, ਹੁਣ ਝੱਟ ਹੀ ਮੈਨੂੰ ਸੰਬੋਧਨ ਕਰ ਕੇ ਕਹਿ ਰਹੀਆਂ ਸਨ, ‘‘ਛੱਡੋ ਭਰਾ ਜੀ, ਮੁਆਫ਼ੀ ਹੀ ਮੰਗ ਲਈ, ਖ਼ਤਮ ਕਰੋ।’’ ਮੈਂ ਆਪ ਵੀ ਇਹੋ ਸੋਚਦਾ ਸਾਂ ਪਰ ਸੁਹਾਣੇ ਦਾ ਥਾਣਾ ਲੰਘ ਜਾਣ ਪਿੱਛੋਂ ਹੀ ਕੰਡਕਟਰ ਦੀ ਜਾਨ ’ਚ ਜਾਨ ਆਈ। ਕੁੰਭੜਾ ਚੌਂਕ ’ਚ ਉਤਰਨ ਲੱਗਿਆ ਮੈਂ ਮੁਸਕਰਾ ਪਿਆ ਤੇ ਉਸ ਵੱਲ ਵੇਖਿਆਂ ਜਾਪਦਾ ਸੀ ਜਿਵੇਂ ਮੇਰੀਆਂ ਅੱਖਾਂ ਕਹਿ ਰਹੀਆਂ ਸਨ, ‘‘ਮੁਆਫ਼ ਕੀਤਾ, ਸਿਆਣਾ ਬਣ’’ ਤੇ ਉਸ ਦੀਆਂ ਅੱਖਾਂ ਕਹਿ ਰਹੀਆਂ ਹੋਣ, ‘‘ਧੰਨਵਾਦ।’’
ਕੁਝ ਮਹੀਨਿਆਂ ਪਿੱਛੋਂ ਮੈਂ ਇਕ ਵਿਆਹ ’ਚ ਸ਼ਾਮਿਲ ਹੋਣ ਲਈ ਮੋਰਿੰਡੇ ਜਾਣਾ ਸੀ। ਸਾਥੀ ਉੱਥੇ ਉਡੀਕਦੇ ਸਨ। ਮੈਂ ਹੀ ਕਹਿ ਦਿੱਤਾ ਸੀ ਕਿ ਮੈਂ ਬੱਸ ਉੱਤੇ ਆ ਜਾਵਾਗਾ, ਫੇਰ ਆਪਾਂ ਸਾਰੇ ਕਾਰ ਰਾਹੀਂ ਵਿਆਹ ਵਾਲੇ ਪਿੰਡ ਚੱਲਾਂਗੇ। ਬੱਸ ਫੜਨ ਲਈ ਸੈਕਟਰ 71 ਦੀਆਂ ਲਾਈਟਾਂ ’ਤੇ ਚਲਾ ਗਿਆ। ਤਿੰਨ ਸਵਾਰੀਆਂ ਹੋਰ ਵੀ ਪਹਿਲਾਂ ਹੀ ਖੜ੍ਹੀਆਂ ਸਨ। ਜਲੰਧਰ ਜਾਣ ਵਾਲੀ ਬੱਸ ਆਈ ਤੇ ਤਿੰਨੇ ਸਵਾਰੀਆਂ ਚੜ੍ਹ ਗਈਆਂ। ਕੰਡਕਟਰ ਪਿਛਲੀਆਂ ਪੌੜੀਆਂ ’ਤੇ ਖੜ੍ਹਾ ਸੀ। ਉਸ ਨੇ ਬਾਹਰ ਨੂੰ ਗਰਦਨ ਕੱਢ ਕੇ ਮੈਨੂੰ ਵੀ ਚੜ੍ਹ ਜਾਣ ਲਈ ਕਿਹਾ। ਮੈਂ ਉੱਤਰ ਦਿੱਤਾ, ‘‘ਨਹੀਂ ਬੇਟਾ, ਮੈਂ ਤਾਂ ਮੋਰਿੰਡੇ ਜਾਣਾ ਹੈ, ਉਸ ਪਾਸੇ ਵੱਲ ਜਾਣ ਵਾਲੀ ਬੱਸ ਫੜਾਂਗਾ।’’ ਉਸ ਨੇ ਨਿੱਕੀਆਂ ਨਿੱਕੀਆਂ ਭੂਰੀਆਂ ਮੁੱਛਾਂ ਵਿੱਚੋਂ ਮੁਸਕਰਾਹਟ ਦੀ ਬੁਛਾੜ ਕਰਦਿਆਂ ਕਿਹਾ, ‘‘ਸਾਡੇ ਨਾਲ ਖਰੜ ਤੱਕ ਤਾਂ ਚੱਲੋ।’’ ਉਸ ਦੇ ਅੰਦਾਜ਼ ਦਾ ਮੇਰੇ ਉੱਤੇ ਅਜਿਹਾ ਜਾਦੂ ਭਰਿਆ ਅਸਰ ਹੋਇਆ ਕਿ ਮੈਂ ਵੀ ਮੁਸਕਰਾ ਕੇ ਬੱਸ ਚੜ੍ਹ ਗਿਆ। ਮੁਹਾਲੀ ਲੰਘ ਜਾਣ ਪਿੱਛੋਂ ਉਸ ਨੇ ਟਿਕਟ ਕੱਟਣੇ ਸ਼ੁਰੂ ਕੀਤੇ। ਹਰ ਕਿਸੇ ਨਾਲ ਬੜੇ ਸਲੀਕੇ ਨਾਲ ਗੱਲਾਂ ਕਰਦਾ ਤੇ ਟਿਕਟ ਕੱਟਦਾ ਮੇਰੇ ਕੋਲ ਪੁੱਜ ਗਿਆ ਤੇ ਕਹਿਣ ਲੱਗਾ, ‘‘ਹਾਂ ਜੀ, ਖਰੜ।’’ ਮੈਂ ਕਿਹਾ, ‘‘ਪੁੱਤਰ, ਇਕ ਵਿਆਹ ’ਚ ਸ਼ਾਮਿਲ ਹੋਣ ਦੀ ਮਜਬੂਰੀ ਹੈ। ਨਹੀਂ ਤਾਂ ਮੇਰਾ ਜੀਅ ਕਰਦਾ ਸੀ ਕਿ ਤੇਰੇ ਵਰਗੇ ਪਿਆਰੇ ਤੇ ਬੁੱਕਾਂ ਭਰ ਭਰ ਖ਼ੁਸ਼ੀ ਵੰਡਣ ਵਾਲੇ ਬੇਟੇ ਨਾਲ ਜਲੰਧਰ ਤੱਕ ਹੀ ਚਲਿਆ ਜਾਂਦਾ।’’ ਨਾ ਉਸ ਨੇ ਮੈਨੂੰ ਕੁਝ ਦਿੱਤਾ ਸੀ ਅਤੇ ਨਾ ਹੀ ਮੈਂ ਉਸ ਨੂੰ ਕੁਝ ਦਿੱਤਾ ਸੀ। ਮੁਸਕਰਾਹਟ ਤੇ ਸਲੀਕੇ ਦੀਆਂ ਰੇਸ਼ਮੀ ਤੰਦਾਂ ਨੇ ਸਾਡੇ ਵਿਚ ਸਾਂਝ ਦਾ ਮਨੁੱਖੀ ਰਿਸ਼ਤਾ ਪੈਦਾ ਕਰ ਦਿੱਤਾ ਸੀ।
ਸਿਆਣੇ ਕਹਿੰਦੇ ਹਨ ਕਿ ਜਿੱਥੇ ਕਿਤੇ ਧੂੰਆਂ ਉੱਠਦਾ ਹੋਵੇ ਜ਼ਰੂਰ ਅੱਗ ਲੱਗੀ ਹੋਵੇਗੀ ਅਤੇ ਜੇ ਕਿਸੇ ਪਾਸੇ ਤੋਂ ਹਵਾ ਦੇ ਠੰਢੇ ਬੁੱਲੇ ਆਉਣ ਤਾਂ ਉਸ ਪਾਸੇ ਵਰਖਾ ਹੋ ਰਹੀ ਹੋਵੇਗੀ। ਕੌੜੇ ਜਾਂ ਮਿੱਠੇ ਬੋਲ ਸਾਡੀ ਮਨੋਦਸ਼ਾ ਦਾ ਪ੍ਰਗਟਾਵਾ ਹੁੰਦੇ ਹਨ।
ਹੁਣ ਵੀ ਜਦੋਂ ਕੋਈ ਬੱਸ ਦੇਖਦਾ ਹਾਂ ਤਾਂ ਨਿਗ੍ਹਾ ਆਪਣੇ ਆਪ ਕੰਡਕਟਰ ਸੀਟ ਵੱਲ ਇਸ ਆਸ ਨਾਲ ਚਲੀ ਜਾਂਦੀ ਹੈ ਕਿ ਸ਼ਾਇਦ ਉਹ ਮੁਸਕਾਉਂਦਾ ਪਿਆਰਾ ਚਿਹਰਾ ਹੀ ਦਿਸ ਪਵੇ ਜਿਸ ਦੇ ਮਿੱਠੇ ਪਿਆਰੇ ਬੋਲ ਮੇਰੀ ਅਭੁੱਲ ਯਾਦ ਬਣੇ ਹੋਏ ਹਨ।
ਸੰਪਰਕ: 94173-00018